ਸ਼ਬਦਾਂ ਦੀ ਪਰਵਾਜ਼:8. ‘ਗੁਆਂਢ’ ਸ਼ਬਦ ਕਿਵੇਂ ਬਣਿਆ?

ਜਸਵੀਰ ਸਿੰਘ ਪਾਬਲਾ

ਸਮਾਜ ਵੀਕਲੀ

(‘गवांढ’ शब्द कैसे बना?)

ਕੁਝ ਸਮਾਂ ਪਹਿਲਾਂ ਪੰਜਾਬੀ ਦੇ ਇੱਕ ਨਿਰੁਕਤਕਾਰ ਦਾ ‘ਗੁਆਂਢ’ ਸ਼ਬਦਾਂ ਦੀ ਵਿਉਤਪਤੀ ਸੰਬੰਧੀ ਇੱਕ ਲੇਖ ਪੜ੍ਹਿਆ ਜਿਸ ਵਿੱਚ ਉਹਨਾਂ ਨੇ ਇਹ ‘ਇੰਕਸ਼ਾਫ’ ਕੀਤਾ ਸੀ ਕਿ ਗੁਆਂਢ ( ਹਿੰਦੀ ਵਿੱਚ ਗਵਾਂਢ) ਸ਼ਬਦ ‘ਗਰਾਮ+ਅਰਧ’ ਸ਼ਬਦਾਂ ਤੋਂ ਬਣਿਆ ਹੈ ਜਿਸ ਦਾ ਭਾਵ ਹੈ- ਪਿੰਡ ਦਾ ਅੱਧ। ਇਸ ਦੀ ਵਿਆਖਿਆ ਕਰਦਿਆਂ ਉਹਨਾਂ ਨੇ ‘ਸਮਝਾਇਆ’ ਕਿ ਪਹਿਲਾਂ-ਪਹਿਲ ਪਿੰਡ ਦੇ ਅੱਧ-ਵਿਚਕਾਰ ਵੱਸਦੇ ਘਰਾਂ ਨੂੰ ਵੀ ਗੁਆਂਢ ਜਾਂ ਗੁਆਂਢੀ ਹੀ ਆਖਿਆ ਜਾਂਦਾ ਸੀ। ਇੱਥੋਂ ਤੱਕ ਕਿ ਪਿੰਡ ਦੀ ਜੂਹ ਵਿੱਚ ਵੱਸਦੇ ਘਰਾਂ ਨੂੰ ਵੀ ਆਪਣੇ ਗੁਆਂਢ ਵਿੱਚ ਹੀ ਸ਼ੁਮਾਰ ਕੀਤਾ ਜਾਂਦਾ ਸੀ ਅਤੇ ਇਹ ਕਿ ਹੌਲ਼ੀ- ਹੌਲ਼ੀ ਸਮੇਂ ਦੇ ਨਾਲ਼ ਅਰਧ ਸ਼ਬਦ ਦੇ ਅਰਥ ਆਪਣੇ ਘਰ ਦੇ ਲਾਗਲੇ ਘਰਾਂ ਤੱਕ ਸਿਮਟ ਗਏ।

ਜਦਕਿ ਇਸ ਤੋਂ ਉਲਟ ਇਹ ਸ਼ਬਦ ਜਦੋਂ ਤੋਂ ਬਣੇ ਹਨ ਇਹਨਾਂ ਦੇ ਅਰਥ ਆਪਣੇ-ਆਪ ਵਿੱਚ ਪੂਰੀ ਤਰ੍ਹਾਂ ਮੁਕੰਮਲ ਹਨ ਅਤੇ ਇਹਨਾਂ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਹੈ ਪਰ ਸਦਕੇ ਜਾਈਏ ਅਜਿਹੇ ਨਿਰੁਕਤਕਾਰਾਂ ਦੇ ਹੁਨਰ ਤੋਂ ਜਿਹੜੇ ਭੋਲ਼ੇ-ਭਾਲ਼ੇ ਪਾਠਕਾਂ ਨੂੰ ਗੁਆਂਢ ਜਾਂ ਇਹੋ-ਜਿਹੇ ਹੋਰ ਅਨੇਕਾਂ ਸ਼ਬਦਾਂ ਬਾਰੇ ਆਪਣੇ ਸ਼ਬਦ-ਜਾਲ਼ ਵਿੱਚ ਫਸਾ ਕੇ ਮਨ-ਚਿਤਵੇ ਅਰਥ ਦੇਣ ਵਿੱਚ ਬੜੀ ਅਸਾਨੀ ਨਾਲ਼ ਉਹਨਾਂ ਨੂੰ ਝਕਾਨੀ ਦੇਣ ਵਿੱਚ ਸਫਲਤਾ ਪ੍ਰਾਪਤ ਕਰ ਲੈਂਦੇ ਹਨ ਅਤੇ ਪਾਠਕਾਂ ਨੂੰ ਹੁਣ ਤੱਕ ਲਗਾਤਾਰ ਇਹੋ-ਜਿਹੀਆਂ ਝਕਾਨੀਆਂ ਦਿੰਦੇ ਵੀ ਆ ਰਹੇ ਹਨ। ਇਹ ਵਰਤਾਰਾ ਕੇਵਲ ਪੰਜਾਬੀ ਵਿੱਚ ਹੀ ਨਹੀਂ ਸਗੋਂ ਹਿੰਦੀ ਭਾਸ਼ਾ ਵਿੱਚ ਵੀ ਬਖ਼ੂਬੀ ਦੇਖਣ ਨੂੰ ਮਿਲ਼ ਰਿਹਾ ਹੈ।

ਇਹਨਾਂ ਸਤਰਾਂ ਨੂੰ ਪੜ੍ਹਨ ਉਪਰੰਤ ਜਦੋਂ ਮੈਂ ਸ੍ਰੀ ਜੀ ਐੱਸ ਰਿਆਲ ਜੀ ਦਾ ਨਿਰੁਕਤ-ਕੋਸ਼ ਫਰੋਲ਼ਿਆ ਤਾਂ ਉਸ ਵਿੱਚ ਵੀ ਉਹਨਾਂ ਨੇ ਪ੍ਰਸਿੱਧ ਵਿਦਵਾਨ ‘ਟਰਨਰ’ ਦੇ ਹਵਾਲੇ ਨਾਲ਼ “ਗ੍ਰਾਮਾਰਧ’ ਸ਼ਬਦ ਦਾ ਅਰਥ ਪਿੰਡ ਦਾ ਪੜੋਸ (ਗ੍ਰਾਮ ਸ਼ਬਦ ਦਾ ਅਰਥ ਪਿੰਡ ਅਤੇ ਅਰਧ ਸ਼ਬਦ ਦਾ ਅਰਥ ‘ਪਾਸਾ’) ਤੇ “ਅਰਧ (ਪਾਸ) ਲਈ ਦੇਖੋ: ਪੁਆਧ” ਲਿਖਿਆ ਹੋਇਆ ਸੀ ਜਿਸ ਤੋਂ ਕੋਈ ਵੀ ਗੱਲ ਸਪਸ਼ਟ ਨਹੀਂ ਹੋ ਰਹੀ ਸੀ ਜਦਕਿ ਸੰਸਕ੍ਰਿਤ-ਕੋਸ਼ਾਂ ਵਿੱਚ ‘ਗ੍ਰਾਮਾਰਧ’ ਸ਼ਬਦ ਦਾ ਅਰਥ- ‘ਪਿੰਡ ਦਾ ਅੱਧ’ ਹੀ ਲਿਖਿਆ ਹੋਇਆ ਹੈ। ਮੈਂ ਸਮਝ ਗਿਆ ਕਿ ਇਸ ਸੱਜਣ ਨੇ ਰਿਆਲ ਜੀ ਦੀਆਂ ਲਿਖਤਾਂ ਪੜ੍ਹ ਕੇ ਹੀ ਅਜਿਹਾ ਲਿਖਿਆ ਹੈ।

‘ਗ੍ਰਾਮਾਰਧ’ ਸ਼ਬਦ ਦਾ ਅਰਥ ਤਾਂ ਪਿੰਡ ਦਾ ਅੱਧ ਹੀ ਬਣਦਾ ਹੈ।ਅਰਧ ਸ਼ਬਦ ਦਾ ਅਰਥ ਉਪਰੋਕਤ ਅਨੁਸਾਰ ਨੇੜੇ ਜਾਂ ਪਾਸ ਕਿਸੇ ਤਰ੍ਹਾਂ ਵੀ ਮੰਨਣਯੋਗ ਨਹੀਂ ਹੈ। ‘ਗ੍ਰਾਮਾਰਧ’ ਸ਼ਬਦ ਦੇ ਅਰਥ ਤਾਂ ਕਿਸੇ ਦਾ ਗੁਆਂਢੀ ਜਾਂ ਪੜੋਸੀ ਵੀ ਉੱਕਾ ਹੀ ਨਹੀਂ ਬਣਦੇ। ਰਿਆਲ ਜੀ ਨੇ ਵੀ ਪਾਸਾ ਜਾਂ ਪਾਸ ਸ਼ਬਦ ਦੇ ਅਰਥਾਂ ਦੀ ਕੋਈ ਵਿਆਖਿਆ ਜਾਂ ਉਹਨਾਂ ਦੇ ਅਰਥ ਸਮਝਾਉਣ ਦੀ ਲੋੜ ਨਹੀਂ ਸਮਝੀ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਖ਼ੁਦ ਵੀ ਇਸ ਸ਼ਬਦ ਦੀ ਵਿਉਤਪਤੀ ਸੰਬੰਧੀ ਸ਼ਸ਼ੋਪੰਜ ਵਿੱਚ ਹਨ ਅਤੇ ਇਸ ਦੀ ਵਿਆਖਿਆ ਕਰਨ ਤੋਂ ਹਿਚਕਚਾ ਰਹੇ ਹਨ, ਨਹੀਂ ਤਾਂ ਉਹ ਇਸ ਦੇ ਅਰਥਾਂ ਨੂੰ ਗੁਆਂਢ ਸ਼ਬਦ ਦੀ ਵਿਆਖਿਆ ਕਰਨ ਹਿਤ ਜ਼ਰੂਰ ਇਸਤੇਮਾਲ ਕਰਦੇ।

ਸੋ, ਰਿਆਲ ਜੀ ਅਨੁਸਾਰ ਵੀ ‘ਗਵਾਂਢ’ ਸ਼ਬਦ ਵਿਚਲੇ ‘ਆਂਢ’ ਸ਼ਬਦ ਦੇ ਅਰਥ ‘ਪਿੰਡ ਦਾ ਅੱਧ’ ਜਾਂ ‘ਪਿੰਡ ਦੇ ਪਾਸ’ ਜਾਂ ‘ਪਾਸਾ’ ਹੀ ਬਣਦੇ ਹਨ, ਘਰ ਦੇ ਲਾਗੇ ਜਾਂ ਨੇਡ਼ੇ ਦੇ ਘਰ ਨਹੀਂ। ਉਂਞ ਵੀ ਸੋਚਣ ਵਾਲ਼ੀ ਗੱਲ ਇਹ ਹੈ ਕਿ ਅਰਧ ਸ਼ਬਦ ਦੇ ਅਰਥ ‘ਪਾਸ’ ਕਿਵੇਂ ਬਣ ਗਏ? ਸ਼ਾਇਦ ਆਪਣੇ ਮੰਤਵ ਤੱਕ ਪਹੁੰਚਣ ਲਈ ਸ਼ਬਦਾਂ ਅਤੇ ਉਹਨਾਂ ਦੇ ਅਰਥਾਂ ਨਾਲ਼ ਇੱਥੇ ਸਰਾਸਰ ਧੱਕਾ ਕੀਤਾ ਗਿਆ ਹੈ। ਸਿਤਮ ਦੀ ਗੱਲ ਇਹ ਹੈ ਕਿ “ਭਾਸ਼ਾ-ਵਿਭਾਗ, ਪੰਜਾਬ” ਦੇ ਕੋਸ਼ਾਂ ਅਨੁਸਾਰ ਇਸ ਨੂੰ ਉਪਰੋਕਤ ਵਿਦਵਾਨਾਂ ਦੀ ਵਿਚਾਰਧਾਰਾ ਦੇ ਉਲਟ ‘ਗ੍ਰਾਮਾਰਧ’ ਤੋਂ ਨਹੀਂ ਸਗੋਂ ‘ਗ੍ਰਾਮਾਂਤ’ (ਪਿੰਡ+ਅੰਤ= ਪਿੰਡ ਦਾ ਅੰਤ) ਸ਼ਬਦ ਤੋਂ ਬਣਿਆ ਦਰਸਾਇਆ ਗਿਆ ਹੈ। ਜੇਕਰ ਉਪਰੋਕਤ ਅਨੁਸਾਰ ‘ਗ੍ਰਾਮਾਰਧ’ ਨੂੰ ‘ਪੜੋਸ’ ਜਾਂ ‘ਗੁਆਂਢ’ ਨਹੀਂ ਮੰਨਿਆ ਜਾ ਸਕਦਾ ਤਾਂ ‘ਗ੍ਰਾਮਾਂਤ’ (ਪਿੰਡ ਦਾ ਅੰਤ) ਨੂੰ ਕਿਸੇ ਘਰ ਦਾ ਗੁਆਂਢੀ ਕਿਵੇਂ ਮੰਨਿਆ ਜਾ ਸਕਦਾ ਹੈ?

ਇੱਕ ਹੀ ਸ਼ਬਦ ਦੀ ਸ਼ਬਦ-ਵਿਉਤਪਤੀ ਸੰਬੰਧੀ ਵੱਖ-ਵੱਖ ਵਿਦਵਾਨਾਂ ਅਤੇ ਸ਼ਬਦ-ਕੋਸ਼ਾਂ ਦੀ ਵਿਆਖਿਆ ਜਾਂ ਵਿਚਾਰਧਾਰਾਵਾਂ ਵਿਚਕਾਰ ਆਖ਼ਰ ਏਨਾ ਫ਼ਰਕ ਕਿਉਂ ਹੈ? ਮੇਰੀ ਜਾਚੇ ਇਸ ਦਾ ਇੱਕੋ-ਇੱਕ ਕਾਰਨ, ਜਿਵੇਂਕਿ ਮੈਂ ਆਪਣੇ ਪਿਛਲੇ ਲੇਖਾਂ ਵਿੱਚ ਵੀ ਦੱਸਿਆ ਹੈ; ਇਹੋ ਹੀ ਹੈ ਕਿ ਅਸੀਂ ਅੱਜ ਤੱਕ ਧੁਨੀਆਂ ਦੇ ਅਰਥਾਂ ਨੂੰ ਵਾਚਣ ਅਤੇ ਮੰਨਣ ਤੋਂ ਪੂਰੀ ਤਰ੍ਹਾਂ ਇਨਕਾਰੀ ਹੋਏ ਬੈਠੇ ਹਾਂ ਤੇ ਸ਼ਬਦ-ਵਿਉਤਪਤੀ ਨੂੰ ਧੁਨੀਆਂ ਦੇ ਅਰਥਾਂ ਪੱਖੋਂ ਨਾ ਵਾਚਣ ਦੀ ਇਕ ਤਰ੍ਹਾਂ ਨਾਲ਼, ਜਿਵੇਂ ਅਸੀਂ ਸਹੁੰ ਹੀ ਖਾਧੀ ਹੋਈ ਹੈ। ਸ਼ਬਦ-ਵਿਉਤਪਤੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੇਵਲ ਧੁਨੀਆਂ ਅਤੇ ਉਹਨਾਂ ਦੇ ਅਰਥ ਹੀ ਦੱਸ ਸਕਦੇ ਹਨ; ਬਾਕੀ ਸਾਰੇ ਢੰਗ ਮਹਿਜ਼ ਤੀਰ-ਤੁੱਕੇ ਅਤੇ ਨਿਰੀਆਂ ਕਿਆਸ-ਅਰਾਈਆਂ ਹੀ ਹਨ।

ਉਪਰੋਕਤ ਨਿਰੁਕਤਕਾਰ ਕੇਵਲ ‘ਆਂਢ’ ਸ਼ਬਦ ਦੇ ਆਧਾਰ ‘ਤੇ ਹੀ ‘ਗੁਆਂਢ’ ਸ਼ਬਦ ਦੀ ਵਿਆਖਿਆ ਕਰ ਰਹੇ ਜਾਪਦੇ ਹਨ। ਉਹ ਆਂਢ ਸ਼ਬਦ ਦੇ ਭਾਵ ਵੀ ‘ਅੱਧਾ’ ਜਾਂ ‘ਆਧਾ’ ਹੀ ਗਰਦਾਨ ਰਹੇ ਹਨ ਤੇ ਗੁਆਂਢ ਸ਼ਬਦ ਨੂੰ ਸੰਸਕ੍ਰਿਤ-ਕੋਸ਼ਾਂ ਵਿਚਲੇ ‘ਗ੍ਰਾਮਾਰਧ’ ਤੋਂ ਵਿਗੜ ਕੇ ਬਣਿਆ ਸ਼ਬਦ ਸਮਝਦੇ ਹਨ। ਜੇਕਰ ‘ਆਂਢ’ ਸ਼ਬਦ ਉੱਤੇ ਬਿੰਦੀ ਨਾ ਹੁੰਦੀ, ਫਿਰ ਵੀ ਇਹ ਸਮਝਿਆ ਜਾ ਸਕਦਾ ਸੀ ਕਿ ਉਹ ਇਸ ਸ਼ਬਦ ਨੂੰ ਅਰਧ ਜਾਂ ਆਧ ਤੋਂ ਬਣਿਆ ਸਮਝਦੇ ਹੋਣਗੇ ਕਿਉਂਕਿ ਸਾਢੇ ਦੇ ਪਹਾੜਿਆਂ ਵਿੱਚ ਸਾਢੇ ਜਾਂ ਅੱਧੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਆਂਢ ਸ਼ਬਦ ਵਿੱਚ ਵਿੱਚ ਤਾਂ ਬਿੰਦੀ ਵੀ ਬਿਰਾਜਮਾਨ ਹੈ ਜਿਸ ਕਾਰਨ ਆਢ/ਆਢਾ ਅਤੇ ਆਂਢ/ਆਂਢਾ ਸ਼ਬਦਾਂ ਦੇ ਅਰਥਾਂ ਵਿੱਚ ਅੰਤਰ ਹੀ ਬਹੁਤ ਹੈ।

ਇਹ ਅੰਤਰ ਕੇਵਲ ਬਿੰਦੀ ਦੇ ਅਰਥ ਹੀ ਪਾ ਰਹੇ ਹਨ ਸ਼ਾਇਦ ਇਹੋ-ਜਿਹੇ ਅਨੇਕਾਂ ਹੋਰ ਲੋਕ ਵੀ ਬਿੰਦੀ ਨੂੰ ਐਵੇਂ ਇੱਕ ਨੁਕਤਾ ਮਾਤਰ ਹੀ ਸਮਝਦੇ ਹਨ ਪਰ ਇਹ ਕੇਵਲ ਇੱਕ ਨੁਕਤਾ ਹੀ ਨਹੀਂ ਹੈ ਸਗੋਂ ਆਪਣੇ-ਆਪ ਵਿੱਚ ਇੱਕ ਪੂਰੀ ਧੁਨੀ ਦੇ ਅਰਥ ਸਮੋਈ ਬੈਠੀ ਹੈ ਅਤੇ ਸ਼ਬਦ-ਬਣਤਰ ਵਿੱਚ ਇਸ ਦੀ ਅਹਿਮ ਭੂਮਿਕਾ ਹੈ। ਇਸ ਦੇ ਵਿਸ਼ੇਸ਼ ਅਰਥ ਹਨ (ਸ਼ਬਦ-ਬਣਤਰ ਵਿੱਚ ਇਸ ਦੇ ਅਰਥਾਂ, ਕਾਰਜ ਅਤੇ ਵਿਆਖਿਆ ਨਾਲ਼ ਸੰਬੰਧਿਤ ਇੱਕ ਵੱਖਰਾ ਲੇਖ ਲਿਖਿਆ ਜਾਵੇਗਾ)।

ਹੁਣ ਧੁਨੀਆਂ ਦੇ ਅਰਥਾਂ ਵਿੱਚ ਤਾਂ ਉਪਰੋਕਤ ਲੇਖਕਾਂ ਦਾ ਕੋਈ ਵਿਸ਼ਵਾਸ ਜਾਂ ਉਹਨਾਂ ਦਾ ਕੋਈ ਅਧਿਐਨ ਹੀ ਨਹੀਂ ਹੈ ਇਸ ਲਈ ਉਹ ਗ ਅਤੇ ਵ ਧਨੀਆਂ ਨੂੰ ਤਾਂ ਕਿਸੇ ਲੇਖੇ ਵਿੱਚ ਹੀ ਨਹੀਂ ਰੱਖ ਰਹੇ। ਉਹ ਇਹਨਾਂ ਦੋਂਹਾਂ ਧੁਨੀਆਂ ਨੂੰ ਕੇਵਲ ‘ਗਵਾਂਢ’ ਸ਼ਬਦ ਦੀ ਸਿਰਜਣਾ ਕਰਨ ਲਈ ਮਹਿਜ਼ ਖ਼ਾਨਾਪੂਰਤੀ ਵਜੋਂ ਭਰਤੀ ਕੀਤੀਆਂ ਹੋਈਆਂ ਧੁਨੀਆਂ ਹੀ ਸਮਝ ਰਹੇ ਹਨ ਜਾਂ ਫਿਰ ਗ ਤੇ ਵ ਧੁਨੀਆਂ ਦੇ ਭਾਵ ਗਾਂਵ ਜਾਂ ਗ੍ਰਾਮ ਹੀ ਸਮਝੀ ਬੈਠੇ ਹਨ ਜਦਕਿ ਇਸ ਸ਼ਬਦ ਵਿਚਲੀਆਂ ਸਾਰੀਆਂ ਧੁਨੀਆਂ ਤੇ ਉਹਨਾਂ ਦੇ ਅਰਥ ਰਲ਼ ਕੇ ਹੀ ਇਸ ਸ਼ਬਦ ਦੀ ਸਿਰਜਣਾ ਕਰ ਰਹੇ ਹਨ ਅਤੇ ਉਸ ਨੂੰ ਕੋਈ ਅਰਥ ਪ੍ਰਦਾਨ ਕਰ ਰਹੇ ਹਨ।

ਇੱਥੇ ਗ ਤੇ ਵ ਧੁਨੀਆਂ ਦੇ ਭਾਵ ਗਾਂਵ ਜਾਂ ਗ੍ਰਾਮ ਨਹੀਂ ਹਨ ਅਤੇ ਨਾ ਹੀ ਆਂਢ ਸ਼ਬਦ ਦੇ ਅਰਥ ਆਧਾ ਜਾਂ ਅੱਧਾ ਹੀ ਹਨ ਪਰ ਜਾਪਦਾ ਹੈ ਕਿ ਉਹ ਕੁਝ ਅਜਿਹੇ ਵਿਦਵਾਨਾਂ ਜਿਨ੍ਹਾਂ ਦਾ ਕਿ ਆਪਣਾ ਵੀ ਧੁਨੀਆਂ ਦੇ ਅਰਥਾਂ ਵਿੱਚ ਉੱਕਾ ਹੀ ਕੋਈ ਵਿਸ਼ਵਾਸ ਨਹੀਂ ਹੈ ਅਤੇ ਜਿਹੜੇ ਕਿ ਇਸ ਗੱਲ ਦਾ ਪ੍ਰਚਾਰ ਵੀ ਬੜੇ ਜ਼ੋਰਾਂ-ਸ਼ੋਰਾਂ ਨਾਲ਼ ਕਰ ਰਹੇ ਹਨ ਕਿ ਸ਼ਬਦ ਤਾਂ ਨਿਰੇ ਅਨਪੜ੍ਹ ਲੋਕਾਂ ਨੇ ਬਣਾਏ ਹਨ ਅਤੇ ਇਹ ਕਿ ਵਿਦਵਾਨਾਂ ਨੇ ਤਾਂ ਬਾਅਦ ਵਿੱਚ ਕੇਵਲ ਉਹਨਾਂ ਦੇ ਬਣਾਏ ਸ਼ਬਦਾਂ ਵਿੱਚੋਂ ਮੂਲ ਸ਼ਬਦ ਚੁਣ ਕੇ ਹੀ ਬਾਕੀ ਦੇ ਸ਼ਬਦ ਬਣਾਏ ਹਨ; ਤੋਂ ਡਰਦਿਆਂ ਹੀ ਅਜਿਹਾ ਕਰ ਰਹੇ ਹਨ।

ਕੀ ਇਸ ਸੰਬੰਧ ਵਿੱਚ ਅਜਿਹੇ ਲੋਕ ਦੱਸ ਸਕਣਗੇ ਕਿ ਪੁਰਾਤਨ ਸਮੇਂ ਵਿੱਚ ਜਦੋਂ “ਅਨਪੜ੍ਹ ਲੋਕ” ਸ਼ਬਦ-ਰਚਨਾ ਕਰ ਰਹੇ ਸਨ ਤਾਂ ਉਸ ਸਮੇਂ ਉਦੋਂ ਦੇ ਵਿਦਵਾਨ ਲੋਕ ਕੀ ਕਰ ਰਹੇ ਸਨ? ਕੀ ਉਹ ਇਸ ਗੱਲ ਦੀ ਇੰਤਜ਼ਾਰ ਵਿੱਚ ਸਨ ਕਿ ਪਹਿਲਾਂ ਅਨਪੜ੍ਹ ਲੋਕ ਸ਼ਬਦ ਬਣਾ ਲੈਣ, ਬਾਕੀ ਦੇ ਸ਼ਬਦ ਉਹ ਉਹਨਾਂ ਦੁਆਰਾ ਬਣਾਏ ਸ਼ਬਦਾਂ ਵਿੱਚੋਂ ਮੂਲ ਸ਼ਬਦ ਲੱਭ ਕੇ ਬਾਅਦ ਵਿੱਚ ਘੜ ਲੈਣਗੇ। ਇਹਨਾਂ ਲੋਕਾਂ ਦੀਆਂ ਇਹ ਕਿਹੋ-ਜਿਹੀਆਂ ਹਾਸੋ-ਹੀਣੀਆਂ ਅਤੇ ਗ਼ੈਰਵਿਗਿਆਨਕ ਦਲੀਲਾਂ ਹਨ?

ਯਾਦ ਰਹੇ ਕਿ ਸਾਡੇ ਮੁਢਲੇ ਸ਼ਬਦਕਾਰਾਂ ਨੇ ਸ਼ਬਦਾਂ ਵਿੱਚ ਧੁਨੀਆਂ ਨੂੰ ਬਹੁਤ ਹੀ ਵਿਗਿਆਨਿਕ ਅਤੇ ਭਾਸ਼ਾ-ਵਿਗਿਆਨਿਕ ਢੰਗ ਨਾਲ਼ ਬੀੜਿਆ ਹੋਇਆ ਹੈ ਜਿਨ੍ਹਾਂ ਵਿੱਚ ਧੁਨੀਆਂ ਅਤੇ ਉਹਨਾਂ ਦੇ ਅਰਥਾਂ ਦਾ ਮੇਲ਼ ਬਹੁਤ ਹੀ ਸੁਘੜਤਾ ਅਤੇ ਸਿਆਣਪ ਨਾਲ਼ ਕੀਤਾ ਗਿਆ ਹੈ। ਹਰ ਸ਼ਬਦ ਵਿੱਚ ਹਰ ਧੁਨੀ ਦੇ ਆਪਣੇ ਅਰਥ ਹਨ। ਸੰਸਕ੍ਰਿਤ ਮੂਲ ਦੇ ਕਿਸੇ ਵੀ ਸ਼ਬਦ ਵਿੱਚ ਕਿਸੇ ਵੀ ਧੁਨੀ ਦੀ ਬੇਲੋੜੀ ਵਰਤੋਂ ਨਹੀਂ ਕੀਤੀ ਗਈ ਹੈ। ਸਿਤਮ ਦੀ ਗੱਲ ਤਾਂ ਇਹ ਹੈ ਕਿ ਸਾਡੇ ਪ੍ਰਸਿੱਧ ਨਿਰੁਕਤਕਾਰ ਸ੍ਰੀ ਰਿਆਲ ਜੀ ਵੀ ਗ ਅਤੇ ਵ ਧੁਨੀਆਂ ਨੂੰ ਗਾਂਵ ਜਾਂ ਗ੍ਰਾਮ ਸ਼ਬਦਾਂ ਵਿਚਲੀਆਂ ਧੁਨੀਆਂ ਸਮਝ ਕੇ ਇਹਨਾਂ ਦੀ ਵੱਖਰੀ ਹੋਂਦ ਬਾਰੇ ਪੂਰੀ ਤਰ੍ਹਾਂ ਖ਼ਾਮੋਸ਼ ਹਨ। ਸ਼ਬਦਾਂ ਦੀ ਵਿਆਖਿਆ ਸਮੇਂ ਤਾਂ ਹਰ ਧੁਨੀ ਦੀ ਵਿਸਤ੍ਰਿਤ ਵਿਆਖਿਆ ਹੋਣੀ ਚਾਹੀਦੀ ਹੈ।

ਜਦੋਂ ਬਿੰਦੀ ਵਰਗੀ ਧੁਨੀ ਦੀ ਹੀ ਏਨਾ ਮਹੱਤਤਾ ਹੈ ਕਿ ਇਸ ਨੂੰ ਅਣਗੌਲ਼ਿਆਂ ਨਹੀਂ ਕੀਤਾ ਜਾ ਸਕਦਾ ਤਾਂ ਗ ਅਤੇ ਵ ਤਾਂ ਬਹੁਤ ਹੀ ਮਹੱਤਵਪੂਰਨ ਧੁਨੀਆਂ ਹਨ ਜਿਨ੍ਹਾਂ ਦੀ ਮਦਦ ਨਾਲ਼ ਸੈਂਕੜੇ ਹੀ ਸ਼ਬਦ ਹੋਂਦ ਵਿੱਚ ਆਏ ਹਨ ਤੇ ਜਿਨ੍ਹਾਂ ਦੇ ਆਪਣੇ ਵਿਸ਼ੇਸ਼ ਅਰਥ ਹਨ। ਫਿਰ ਇਹਨਾਂ ਦਾ ਸ਼ਬਦ-ਬਣਤਰ ਵਿੱਚ ਕੋਈ ਜ਼ਿਕਰ ਕਿਉਂ ਨਹੀਂ ਕੀਤਾ ਗਿਆ? ਅਜਿਹੇ ਲੋਕਾਂ ਦੇ ਵਿਸ਼ਲੇਸ਼ਣ ਅਨੁਸਾਰ ਕੇਵਲ ਏਨੀ ਕੁ ਸਮਝ ਜ਼ਰੂਰ ਪੈਂਦੀ ਹੈ ਕਿ ਇਹਨਾਂ ਵਿਦਵਾਨਾਂ/ਨਿਰੁਕਤਕਾਰਾਂ ਨੇ ਇਸ ਸ਼ਬਦ ਵਿੱਚ ਗ ਧੁਨੀ ਅਤੇ ਆਂਢ ਸ਼ਬਦ ਦੀ ਮੌਜੂਦਗੀ ਕਾਰਨ ਇਸ ਸ਼ਬਦ ਨੂੰ ਗ੍ਰਾਮਾਰਧ ਜਾਂ ਗ੍ਰਾਮਾਂਤ ਸਮਝ ਕੇ ਧੱਕੇ ਨਾਲ਼ ਹੀ ਤੋੜ-ਮਰੋੜ ਕੇ ਇਸ ਸ਼ਬਦ ਦੇ ਅਰਥ ਪਿੰਡ ਦੇ ਵਿਚਕਾਰ, ਪਿੰਡ ਦੇ ਲਾਗੇ, ਪਿੰਡ ਦੇ ਅੰਤ, ਪਿੰਡ ਦੀ ਸੀਮਾ ਜਾਂ ਪਿੰਡ ਦੀ ਜੂਹ ਆਦਿ ਕਰ ਦਿੱਤੇ ਹਨ ਤੇ ਫਿਰ ਗੁਆਂਢੀ ਜਾਂ ਪੜੋਸੀ ਅਾਦਿ ਬਣਾ ਦਿੱਤੇ ਹਨ।

ਇਹ ਅਰਥ ਮਹਿਜ਼ ਤੁੱਕੇਬਾਜ਼ੀ ਜਾਂ ਨਿਰੀ ਕਿਆਸ-ਅਰਾਈ ਤੋਂ ਵੱਧ ਹੋਰ ਕੁਝ ਵੀ ਨਹੀਂ ਹਨ। ਹਾਂ, ਜੇਕਰ ਉਹ ਗ ਧੁਨੀ ਦੇ ਅਰਥ ਗ੍ਰਾਮ ਦੀ ਥਾਂ ਗ੍ਰਹਿ (ਘਰ) ਵੀ ਕਰ ਦਿੰਦੇ ਤਾਂ ਵੀ ਗੱਲ ਕੁਝ ਪੱਲੇ ਪੈ ਸਕਦੀ ਸੀ। ਇਸ ਤਰ੍ਹਾਂ ਕਰਨ ਨਾਲ਼ ਜਿਹੜਾ ਸ਼ਬਦ ਬਣਨਾ ਸੀ, ਉਹ ਹੋਣਾ ਸੀ: ‘ਗ੍ਰਹਿਵਾਂਢ’ ਅਰਥਾਤ ਕਿਸੇ ਘਰ ਦੇ ਨਾਲ਼ ਜੁੜੇ ਹੋਏ ਘਰ। ਫਿਰ ਇਹ ਵੀ ਆਖਿਆ ਜਾ ਸਕਦਾ ਸੀ ਕਿ ਸ਼ਾਇਦ ਇਸ ਸ਼ਬਦ ਵਿੱਚੋਂ ਸਮੇਂ ਦੇ ਨਾਲ਼ ਰ ਤੇ ਹ ਧੁਨੀਆਂ ਕਿਸੇ ਕਾਰਨ ਇਸ ਵਿੱਚੋਂ ਖ਼ਾਰਜ ਹੋ ਗਈਆਂ ਹੋਣ। ਇਹ ਗੱਲ ਸੰਭਵ ਵੀ ਦਿਖਾਈ ਦੇਣੀ ਸੀ ਪਰ ਉਹ ਤਾਂ ਮਹਿਜ਼ ਅੰਦਾਜ਼ੇ ਨਾਲ਼ ਹੀ ਬੜੀ ਦੂਰੋਂ-ਦੂਰੋਂ ਸ਼ਬਦਾਂ ਨੂੰ ਘੇਰ ਕੇ ਲਿਆਉਂਦੇ ਹਨ ਅਤੇ ਫਿਰ ਉਹਨਾਂ ਵਿੱਚੋਂ ਮਨ-ਚਿਤਵੇ ਅਰਥ ਕੱਢਦੇ ਹਨ।

ਸੰਬੰਧਿਤ ਸ਼ਬਦ ਦੇ ਨੇੜੇ-ਤੇੜੇ ਤਾਂ ਕਿਤੇ ਉਹ ਰੁਕਦੇ ਜਾਂ ਢੁਕਦੇ ਹੀ ਨਹੀਂ ਹਨ। ਇਸੇ ਕਾਰਨ ਨਿਰੁਕਤਕਾਰੀ ਦਾ ਬਹੁਤਾ ਇਤਿਹਾਸ ਨਿਰੀ ਗੱਪਬਾਜ਼ੀ, ਕਿਆਫ਼ੇਬਾਜ਼ੀ ਜਾਂ ਤੀਰ-ਤੁੱਕਿਆਂ ਨਾਲ਼ ਹੀ ਭਰਿਆ ਪਿਆ ਹੈ।
ਗੁਆਂਢ ਸ਼ਬਦ ਦੀ ਉਪਰੋਕਤ ਢੰਗ ਨਾਲ਼ ਕੀਤੀ ਗਈ ਅਜੀਬੋ- ਗ਼ਰੀਬ ਕਿਸਮ ਦੀ ਵਿਆਖਿਆ ਦੇਖ ਕੇ ਬੜੀ ਹੈਰਾਨੀ ਹੋਈ। ਸ਼ਬਦ-ਕੋਸ਼ਾਂ ਅਨੁਸਾਰ ਗੁਆਂਢ ਸ਼ਬਦ ਦੇ ਅਰਥ ਹਨ- ਪੜੋਸ ਜਾਂ ਲਾਗੇ ਵੱਸਣ ਵਾਲ਼ੇ ਘਰ। ਆਓ, ਹੁਣ ਇਹ ਵੇਖੀਏ ਕਿ ਇਸ ਸ਼ਬਦ ਨੂੰ ਤਾਮੀਰ ਕਰਨ ਵਿੱਚ ਇਸ ਸ਼ਬਦ ਵਿਚਲੀਆਂ ਸਾਰੀਆਂ ਅਰਥਗਤ ਧੁਨੀਆਂ ਦੀ ਕੀ ਭੂਮਿਕਾ ਹੈ ਅਤੇ ਵੱਖ-ਵੱਖ ਧੁਨੀਆਂ ਮਿਲ਼ ਕੇ ਕਿਵੇਂ ਇਸ ਸ਼ਬਦ ਨੂੰ ਤੇ ਇਸ ਦੇ ਅਰਥਾਂ ਨੂੰ ਆਪਣੇ ਅੰਜਾਮ ਤੱਕ ਪਹੁੰਚਾਉਂਦੀਆਂ ਹਨ।

ਹਿੰਦੀ ਦਾ ਗਵਾਂਢ ਸ਼ਬਦ ਪੰਜਾਬੀ ਵਿਚ ਆ ਕੇ ਗੁਆਂਢ ਬਣ ਜਾਂਦਾ ਹੈ, ਜਿਵੇਂ: ਸਵਾਹ ਤੋਂ ਸੁਆਹ ਅਤੇ ਸਵਾਦ ਤੋਂ ਸੁਆਦ ਆਦਿ। ਇਹ ਸ਼ਬਦ ਗ+ਵ+ਆਂਢ ਧੁਨੀਆਂ/ਸ਼ਬਦਾਂ ਦੇ ਮੇਲ਼ ਨਾਲ਼ ਬਣਿਆ ਹੋਇਆ ਹੈ। ਇਸ ਸ਼ਬਦ ਵਿਚਲੀ ਪਹਿਲੀ ਧੁਨੀ ਗ ਦਾ ਅਰਥ ਹੈ- ਜਾਣਾ, ਅੱਗੇ ਵਧਣਾ ਅਤੇ ਵ ਧੁਨੀ ਦਾ ਭਾਵਹੈ- ਦੂਜੀ ਥਾਂ ਵੱਲ। ਆਂਢ ਸ਼ਬਦ ਦੇ ਕੋਸ਼ਗਤ ਅਰਥ ਹਨ- ਗੰਢ, ਗਿਰ੍ਹਾ, ਮੇਲ਼ ਆਦਿ। ਇਸੇ ਆਂਢ ਸ਼ਬਦ ਨਾਲ਼ ਬਣਿਆ ਇੱਕ ਮੁਹਾਵਰਾ ਵੀ ਹੈ- ਆਂਢ-ਸਾਂਢ (ਸ+ਆਂਢ) ਕਰਨਾ ਜਿਸ ਦੇ ਅਰਥ ਹਨ- ਮੇਲ਼ ਬਣਾਉਣਾ, ਜੋੜ ਗੰਢਣਾ। ਜ਼ਾਹਰ ਹੈ ਕਿ ਘਰ ਦੇ ਨਾਲ਼ ਲੱਗਦੇ ਦੂਜੇ ਘਰ ਗੰਢ ਦੇਣ ਵਾਂਗ ਹੀ ਇੱਕ-ਦੂਜੇ ਨਾਲ਼ ਜੁੜੇ ਹੋਏ ਹੁੰਦੇ ਹਨ। ਗੁਆਂਢ ਸ਼ਬਦ ਦੇ ਅਰਥਾਂ ਦਾ ਰਤਾ ਕੁ ਅਰਥ-ਵਿਸਤਾਰ ਕਰਨ ਲਈ ਅਰਥਾਤ ਨੇਡ਼ੇ-ਤੇਡ਼ੇ ਦੇ ਕੁਝ ਹੋਰ ਘਰਾਂ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਲਈ ਅਕਸਰ ਆਂਢ-ਗੁਆਂਢ ਸ਼ਬਦ-ਜੁੱਟ ਦੀ ਵਰਤੋਂ ਕਰ ਲਈ ਜਾਂਦੀ ਹੈ।

ਆਂਢ ਸ਼ਬਦ ਦੇ ਅਰਥ ਤਾਂ ਅਸੀਂ ਉੱਪਰ ਦੇਖ ਹੀ ਚੁੱਕੇ ਹਾਂ- ਬਿਲਕੁਲ ਨਾਲ਼ ਲੱਗਦੇ ਘਰ ਪਰ ਗੁਆਂਢ/ਗਵਾਂਢ ਸ਼ਬਦਾਂ ਦੇ ਅਰਥਾਂ ਅਨੁਸਾਰ ਇਸ ਸ਼ਬਦ ਵਿੱਚ ਗ ਤੇ ਵ ਦੀਆਂ ਧੁਨੀਆਂ ਸ਼ਾਮਲ ਹੋਣ ਕਾਰਨ ਇਹ ਘਰ ਆਪਣੇ ਘਰ ਤੋਂ ਅਗਾਂਹ ਜਾਂ ਪਿਛਾਂਹ ਵਾਲ਼ੇ ਅਰਥਾਤ ਸੱਜੇ-ਖੱਬੇ ਪਾਸਿਆਂ ਵਾਲ਼ੇ ਕੁਝ ਘਰ ਜਾਂ ਆਪਣੇ ਘਰ ਦੇ ਨਾਲ਼ ਜੁੜੇ ਹੋਏ ਪਿਛਲੇ ਪਾਸੇ ਵਾਲ਼ੇ ਨਾਲ਼ ਲੱਗਦੇ ਘਰ ਵੀ ਹੋ ਸਕਦੇ ਹਨ। ਗਵਾਂਢ ਸ਼ਬਦ ਵਿਚਲੇ ਗ ਅੱਖਰ ਤੋਂ ਭਾਵ ਹੈ- ਆਪਣੇ ਘਰ ਤੋਂ ਚੱਲ ਕੇ/ਸ਼ੁਰੂ ਹੋ ਕੇ ਅਤੇ ਵ ਧੁਨੀ ਦਾ ਭਾਵ ਹੈ- ਦੂਜੇ ਪਾਸੇ ਵੱਲ; ਅੱਗੇ ਜਾਂ ਪਿੱਛੇ ਵੱਲ ਜਾਣਾ/ਵਧਣਾ ਅਰਥਾਤ ਆਪਣੇ ਘਰ ਦੇ ਸੱਜੇ ਜਾਂ ਖੱਬੇ ਪਾਸੇ ਵਾਲ਼ੇ ਘਰ।

ਪਰ ਜਦੋਂ ਅਸੀਂ ਗੁਆਂਢ-ਮੱਥਾ ਸ਼ਬਦ-ਜੁੱਟ ਦੀ ਵਰਤੋਂ ਕਰਦੇ ਹਾਂ ਤਾਂ ਇਸ ਦਾ ਭਾਵ ਹੋ ਜਾਂਦਾ ਹੈ- ਆਪਣੇ ਘਰ ਦੇ ਨਾਲ਼ ਦੇ ਘਰ ਅਤੇ ਮੂਹਰਲੇ ਪਾਸੇ ਵਾਲ਼ੇ ਅਰਥਾਤ ਗਲ਼ੀ ਜਾਂ ਰਸਤਾ ਟੱਪ ਕੇ ਲਾਗੇ ਦੇ ਸਾਰੇ ਘਰ ਤੇ ਜਦੋਂ ‘ਗਲੀ-ਗੁਆਂਢ’ ਸ਼ਬਦ ਜੁੱਟ ਦੀ ਵਰਤੋਂ ਕਰਦੇ ਹਾਂ ਤਾਂ ਇਸ ਵਿੱਚ ਸਾਰੀ ਗਲ਼ੀ ਦੇ ਘਰ ਹੀ ਸ਼ਾਮਲ ਸਮਝੇ ਜਾਂਦੇ ਹਨ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਜੇਕਰ ਉਪਰੋਕਤ ਨਿਰੁਕਤਕਾਰਾਂ ਨੇ ਸ਼ਬਦ-ਕੋਸ਼ਾਂ ਵਿੱਚ ਘੱਟੋ-ਘੱਟ ‘ਅਾਂਢ’ ਸ਼ਬਦ ਦੇ ਅਰਥ ਹੀ ਵਾਚ ਲਏ ਹੁੰਦੇ ਤਾਂ ਉਹ ਗੁਆਂਢ ਸ਼ਬਦ ਦੀ ਪਰਿਭਾਸ਼ਾ ਜਾਂ ਇਸ ਦਾ ਵਿਸ਼ਲੇਸ਼ਣ ਕਰਨ ਵਿੱਚ ਕਦੇ ਵੀ ਪਿੰਡ ਦੇ ਅੱਧ-ਵਿਚਕਾਰ ਜਾਂ ਪਿੰਡ ਦੀ ਸੀਮਾ ਦੇ ਘਰਾਂ ਦੀ ਗੱਲ ਨਾ ਕਰਦੇ ਪਰ ਉਪਰੋਕਤ ਅਨੁਸਾਰ ਜਾਪਦਾ ਇਹ ਹੈ ਕਿ ਉਹ ਗਵਾਂਢ ਸ਼ਬਦ ਵਿੱਚ ਸ਼ਾਮਲ ‘ਗ’ ਧੁਨੀ ਦੇ ਅਰਥ ਗਰਾਮ ਅਤੇ ‘ਆਂਢ’ ਸ਼ਬਦ ਦੇ ਅਰਥ ‘ਅੱਧ’ ਕਰਨ ਉੱਤੇ ਹੀ ਅੜੇ ਹੋਏ ਹਨ ਅਤੇ ਇਸ ਪ੍ਰਕਾਰ ਉਹ ਲਕੀਰ ਦੇ ਫ਼ਕੀਰ ਬਣ ਕੇ ਅੱਗੇ ਤੋਂ ਅੱਗੇ ਇਹ ‘ਜਾਣਕਾਰੀਆਂ’ ਸਾਂਝੀਆਂ ਕਰਦੇ ਆ ਰਹੇ ਹਨ। –ਚੱਲਦਾ

ਜਸਵੀਰ ਸਿੰਘ ਪਾਬਲਾ,
ਲੰਗੜੋਆ,ਨਵਾਂਸ਼ਹਿਰ।

ਸੰਪਕਰ ਨੰਬਰ – 9930467030

Previous articleਇਨਕਲਾਬ ਦੇ ਰਾਹ ਤੁਰਿਆ ਗੀਤਕਾਰ ਮੂਲ ਚੰਦ ਰੰਚਣਾ ਵਾਲਾ ………
Next articleਕਿਸਾਨ ਜਥੇਬੰਦੀਆਂ ਦੇ ਜੀ.ਓ ਬਾਈਕਾਟ ਸੱਦੇ ਤਹਿਤ ਨਵੇਂ ਜੀ.ਓ ਟਾਵਰ ਦਾ ਚੱਲ ਰਿਹਾ ਕੰਮ ਕਰਵਾਇਆ ਬੰਦ