ਆਮ ਆਦਮੀ ਪਾਰਟੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰੇਗੀ ਕਿ ਸੂਬੇ ਦੀ ਸੱਤਾਧਾਰੀ ਧਿਰ ਵਲੋਂ ਸੰਸਦੀ ਚੋਣਾਂ ਦੌਰਾਨ ‘ਆਪ’ ਦੇ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖਤ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਖ਼ੁਲਾਸਾ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਭਗਵੰਤ ਮਾਨ ਨੇ ਕੀਤਾ। ਉਹ ਅੱਜ ਇੱਥੇ ‘ਆਪ’ ਦੇ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਲਈ ਪੁੱਜੇ ਸਨ। ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਦੀ ਪ੍ਰਕਿਰਿਆ ਮੁਕੰਮਲ ਕਰਨ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਮਾਨ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਉਨ੍ਹਾਂ ਦੇ ਦੋ ਵਿਧਾਇਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਖ਼ਰੀਦਣ ਦਾ ਯਤਨ ਕੀਤਾ ਹੈ। ਇਸ ਸਬੰਧ ਵਿਚ ਆਪ ਵਲੋਂ ਜਲਦੀ ਹੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੀ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਫੇਲ੍ਹ ਸਾਬਤ ਹੋਈ ਹੈ। ਹੁਣ ਜਦੋਂ ਕਾਂਗਰਸੀ ਉਮੀਦਵਾਰ ਵੋਟਾਂ ਮੰਗਣ ਲਈ ਲੋਕਾਂ ਕੋਲ ਜਾ ਰਹੇ ਹਨ ਤਾਂ ਨੌਜਵਾਨ ਉਨ੍ਹਾਂ ਕੋਲੋਂ ਨੌਕਰੀਆਂ ਤੇ ਬੇਰੁਜ਼ਗਾਰੀ ਭੱਤੇ ਬਾਰੇ ਪੁੱਛ ਰਹੇ ਹਨ। ਨਸ਼ੇ ਖ਼ਤਮ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਇਹ ਸਵਾਲ ਪੁੱਛਣ ਵਾਲੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਬੇਅਦਬੀ ਤੇ ਬਰਗਾੜੀ ਮੁੱਦੇ ਕਾਰਨ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਹੀ ਤਿਆਗ ਚੁੱਕੇ ਹਨ। ਅਜਿਹੀ ਸਥਿਤੀ ਵਿਚ ਲੋਕਾਂ ਕੋਲ ਸਿਰਫ਼ ‘ਆਪ’ ਹੀ ਇਕ ਚੰਗੀ ਸਿਆਸੀ ਪਾਰਟੀ ਵਜੋਂ ਰਹਿ ਗਈ ਹੈ। ਸ੍ਰੀ ਧਾਲੀਵਾਲ ਆਪਣੇ ਨਾਮਜ਼ਦਗੀ ਪੱਤਰ ਦਾ ਇਕ ਸੈੱਟ ਪਹਿਲਾਂ ਵੀ ਚੋਣ ਅਧਿਕਾਰੀ ਕੋਲ ਦਾਖ਼ਲ ਕਰਵਾ ਚੁੱਕੇ ਹਨ।
INDIA ‘ਆਪ’ ਦੇ ਵਿਧਾਇਕਾਂ ਨੂੰ ਪੈਸੇ ਦੇ ਕੇ ਖ਼ਰੀਦਣ ਦਾ ਮਾਮਲਾ ਚੋਣ ਕਮਿਸ਼ਨ...