ਸਿਵਲ ਹਸਪਤਾਲ ’ਚ ਲੱਖਾਂ ਦਾ ਘੁਟਾਲਾ, ਰਿਕਾਰਡ ਗਾਇਬ

ਸਥਾਨਕ ਵਿਜੀਲੈਂਸ ਬਿਓਰੋ ਵੱਲੋਂ ਸਿਹਤ ਵਿਭਾਗ ਦੇ ਇੱਕ ਮੁਅੱਤਲ ਸੀਨੀਅਰ ਸਹਾਇਕ ਖ਼ਿਲਾਫ਼ ਗਬਨ ਅਤੇ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਰੀਬ 20 ਸਾਲ ਤੋਂ ਚੱਲ ਰਹੇ ਇਸ ਧੰਦੇ ਦਾ ਪੁਰਾਣਾ ਰਿਕਾਰਡ ਗਾਇਬ ਹੈ। ਸਿਹਤ ਵਿਭਾਗ ਦੀ ਮੁਢਲੀ ਜਾਂਚ’ਚ 40.53 ਲੱਖ ਰੁਪਏ ਦਾ ਘੁਟਾਲਾ ਸਾਬਤ ਹੋਣ ਬਾਅਦ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮੁਲਜ਼ਮ ਨੇ ਘੁਟਾਲੇ ’ਚੋਂ 14 ਲੱਖ ਰੁਪਏ ਦੀ ਰਾਸ਼ੀ ਵੀ ਜਮਾਂ ਕਰਵਾ ਦਿੱਤੀ ਹੈ। ਵਿਜੀਲੈਂਸ ਬਿਉਰੋ ਵੱਲੋਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਹੋਣ ਨਾਲ ਸਿਹਤ ਵਿਭਾਗ ’ਚ ਤਰਥੱਲੀ ਮੱਚ ਗਈ ਹੈ। ਐੱਸਐੱਸਪੀ ਵਿਜੀਲੈਂਸ ਬਿਉਰੋ ਹਰਗੋਬਿੰਦ ਸਿੰਘ ਨੇ ਸਿਹਤ ਵਿਭਾਗ ਤੇ ਪ੍ਰਮੁੱਖ ਸਕੱਤਰ(ਵਿੱਤ) ਦੀ ਨਿਗਰਾਨੀ ਵਿਸੇਸ਼ ਆਡਿਟ ਟੀਮ ਦੀ ਮੁਢਲੀ ਪੜਤਾਲ ਬਾਅਦ ਸਿਵਲ ਹਸਪਤਾਲ,ਮੋਗਾ ਵਿਚ ਲੰਬੇ ਅਰਸੇ ਤੋਂ ਤਾਇਨਾਤ ਅਤੇ ਇਸ ਘਪਲੇ ’ਚ ਮੁਅੱਤਲ ਕਲਰਕ ਗੁਰਪਤਾਪ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 409 ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਇਸ ਕੇਸ ਦੀ ਅਗੇਲਰੀ ਜਾਂਚ ਹਰਜਿੰਦਰ ਸਿੰਘ ਡੀਐੱਸਪੀ ਵਿਜੀਲੈਂਸ ਬਿਉਰੋ ਵੱਲੋਂ ਕੀਤੀ ਜਾ ਰਹੀ ਹੈ। ਇਸ ਘੁਟਾਲੇ ਦੀ ਤਤਕਾਲੀ ਸਹਾਇਕ ਸਿਵਲ ਸਰਜਨ ਡਾ.ਅਰੁਣ ਗੁਪਤਾ ਦੀ ਨਿਗਰਾਨੀ ਹੇਠ 4 ਮੈਂਬਰੀ ਟੀਮ ਵੱਲੋਂ 5 ਸਾਲਾਂ ਦੇ ਪੇ-ਬਿੱਲਾਂ ਦੀ ਮੁਢਲੀ ਜਾਂਚ’ਚ 40.53 ਲੱਖ ਰੁਪਏ ਦਾ ਘੁਟਾਲਾ ਸਾਬਤ ਹੋਣ ਬਾਅਦ ਮੁਲਜ਼ਮ ਨੂੰ ਵਿਭਾਗ ਨੇ ਮੁਅੱਤਲ ਕਰਕੇ ਉਸਦਾ ਹੈੱਡ ਕੁਆਰਟਰ ਲੁਧਿਆਣਾ ਬਣਾ ਦਿੱਤਾ ਗਿਆ ਸੀ। । ਮੁਲਜ਼ਮ ਨੇ ਜਨਵਰੀ ਮਹੀਨੇ ’ਚ 14 ਲੱਖ ਰੁਪਏ ਦੀ ਰਾਸ਼ੀ ਜਮਾਂ ਕਰਵਾ ਦਿੱਤੀ ਗਈ ਹੈ। ਪ੍ਰਮੁੱਖ ਸਕੱਤਰ(ਵਿੱਤ) ਦੀ ਨਿਗਰਾਨੀ ਵਿਸੇਸ਼ ਆਡਿਟ ਟੀਮ ਮੈਂਬਰ ਅਸ਼ੋਕ ਕੁਮਾਰ ਅਤੇ ਹੇਮੰਤ ਰਾਏ (ਸਹਾਇਕ ਕੰਟਰੋਲਰ ਵਿੱਤ ਤੇ ਲੇਖਾ) ਨੇ ਕੀਤੀ। ਆਡਿਟ ਟੀਮ ਨੇ ਰਿਪੋਰਟ’ਚ ਘੁਟਾਲੇ ਦਾ ਖੁਲਾਸਾ ਕਰਨ ਤੋਂ ਇਲਾਵਾ ਕਿਹਾ ਕਿ ਮੁਲਜ਼ਮ ਗੁਰਪ੍ਰਤਾਪ ਸਿੰਘ ਮੁਅੱਤਲ ਸੀਨੀਅਰ ਸਹਾਇਕ ਵੱਲੋਂ ਗਲਤ ਤਰੀਕੇ ਨਾਲ ਡਰਾਅ ਕਰਵਾਈਆਂ ਗਈਆਂ ਕੁਝ ਰਾਸ਼ੀ ਆਪਣੇ ਤੇ ਆਪਣੀ ਪਤਨੀ ਕਮਲਜੀਤ ਕੌਰ ਦੇ ਸੰਯੁਕਤ ਤੇ ਅਲੱਗ ਤਿੰਨ ਬੈਂਕ ਖਾਤਿਆ’ਚ ਜਮ੍ਹਾਂ ਹੋਈ ਹੈ। ਇਸ ਤੋਂ ਇਲਾਵਾ ਆਮਦਨ ਕਰ,ਜੀਪੀਫੰਡ ਤੇ ਜੀਆਈਐੱਸ ਦੀ ਰਾਸ਼ੀ ’ਚ ਵੀ ਘਪਲਾ ਕੀਤਾ ਗਿਆ ਹੈ। ਮੁਲਜ਼ਮ ਨੇ ਬਹੁਤ ਹੀ ਚਲਾਕੀ ਨਾਲ ਮੁਲਾਜ਼ਮਾਂ ਦੀ ਤਨਖਾਹਾਂ,ਤੇ ਸੇਵਾ ਮੁਕਤ ਮੁਲਾਜ਼ਮਾਂ ਦਾ ਏਰੀਅਰ ਤੇ ਮੈਡੀਕਲ ਬਿੱਲ ਆਦਿ ’ਚ ਛੇੜਛਾੜ ਕਰਕੇ ਖਜ਼ਾਨੇ ’ਚੋਂ ਰਕਮ ਵੱਧ ਕਢਵਾਈ ਗਈ ਹੈ। ਆਡਿਟ ਰਿਪੋਰਟ ਮੁਤਾਬਕ ਪੇ ਬਿੱਲਾਂ ਦਾ ਰਿਕਾਰਡ ਵੀ ਗਾਇਬ ਹੈ ਅਤੇ ਇੱਕ ਦਰਜਨ ਤੋਂ ਵੱਧ ਮੁਲਾਜ਼ਮਾਂ ਦੀਆਂ ਸੇਵਾ ਪੱਤਰੀਆਂ ਵੀ ਨਹੀਂ ਮਿਲੀਆਂ। ਇਸ ਘੁਟਾਲੇ ਬਾਰੇ ਕਿਸੇ ਭੇਤੀ ਨੇ ਇੱਕ ਵਿਅਕਤੀ ਦੇ ਨਾਮ ਲਿਖਕੇ ਅਤੇ ਕੁਝ ਗੁਮਨਾਮ ਸ਼ਿਕਾਇਤਾਂ ਮੁੱਖ ਮੰਤਰੀ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੀਤੀਆਂ ਸਨ। ਇਸ ਸ਼ਿਕਾਇਤ ’ਚ ਇੱਕ ਹੋਰ ਕਲਰਕ ਦਾ ਜ਼ਿਕਰ ਕੀਤਾ ਗਿਆ ਸੀ ਪਰ ਜਾਂਚ ਦੌਰਾਨ ਉਸਨੇ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤੀ ਲੈ ਲਈ। ਇਨ੍ਹਾਂ ਫ਼ਰਜ਼ੀ ਪੇ ਬਿੱਲਾਂ ਉੱਤੇ ਅੱਖਾਂ ਮੀਚ ਕੇ ਦਸਤਖ਼ਤ ਕਰਨ ਵਾਲੇ ਮੌਜੂਦਾ ਤੇ ਸੇਵਾ ਮੁਕਤ ਸਿਹਤ ਵਿਭਾਗ ਦੇ ਅੱਧੀ ਦਰਜਨ ਅਧਿਕਾਰੀ ਵਿਜੀਲੈਂਸ ਦੇ ਸ਼ਿਕੰਜੋਂ ’ਚੋਂ ਬਚਣ ਲਈ ਹੱਥ ਮਾਰ ਰਹੇ ਹਨ।

Previous articleਵਾਡਰਾ ਦੀ ਜ਼ਮਾਨਤ ਬਾਰੇ ਸੁਣਵਾਈ ਅੱਜ
Next articleਹਿਰਾਸਤੀ ਮੌਤ: ਲੰਬੀ ਵਿੱਚ ਪੁਲੀਸ ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ