ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਦੌਰਾਨ ਹਿੰਮਤ ਤੇ ਮਜ਼ਬੂਤ ਇਰਾਦਿਆਂ ਨਾਲ ਜੁੜੀਆਂ ਕਹਾਣੀਆਂ ਸੁਣਾਉਂਦਿਆਂ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਕਿ ਟੀਚਿਆਂ ਦੀ ਪ੍ਰਾਪਤੀ ’ਚ ‘ਉਮਰ ਤੇ ਅੰਗਹੀਣਤਾ’ ਕਦੇ ਅੜਿੱਕਾ ਨਹੀਂ ਬਣ ਸਕਦੇ। ਮਹੀਨਾਵਾਰ ਰੇਡੀਓ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨੇ ਕੇਰਲਾ ਦੀ 105 ਸਾਲਾ ਬਿਰਧ ਔਰਤ ਦਾ ਜ਼ਿਕਰ ਕੀਤਾ, ਜਿਸ ਨੇ ਹਾਲ ਹੀ ਵਿਚ ‘ਲੈਵਲ 4’ ਦੀ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਯੂਪੀ ਦੇ ਉਸ ਦਿਵਿਆਂਗ ਨੌਜਵਾਨ ਦਾ ਵੀ ਜ਼ਿਕਰ ਕੀਤਾ ਜਿਸ ਨੇ ਆਪਣਾ ਉਦਯੋਗ ਲਾਇਆ ਹੈ। ਇਸ ਤੋਂ ਇਲਾਵਾ 12 ਸਾਲਾ ਉਸ ਲੜਕੀ ਦੀ ਕਹਾਣੀ ਵੀ ਮੋਦੀ ਨੇ ਬਿਆਨੀ ਜਿਸ ਨੇ ਦੱਖਣੀ ਅਮਰੀਕਾ ’ਚ ਪਰਬਤ ਸਰ ਕੀਤਾ ਹੈ। 105 ਸਾਲਾ ਭਾਗੀਰਥੀ ਅੰਮਾ ਦਾ ਹਵਾਲਾ ਦਿੰਦਿਆਂ ਮੋਦੀ ਨੇ ਕਿਹਾ ਕਿ ਜ਼ਿੰਦਗੀ ਵਿਚ ਤਰੱਕੀ ਕਰਨ ਲਈ ਪਹਿਲਾਂ ਖ਼ੁਦ ਨੂੰ ਵਿਕਸਤ ਕਰਨਾ ਜ਼ਰੂਰੀ ਹੈ, ਪ੍ਰਾਪਤੀ ਦੀ ਪਹਿਲੀ ਸ਼ਰਤ ਇਹ ਹੈ ਕਿ ਸਾਡੇ ਅੰਦਰਲਾ ਵਿਦਿਆਰਥੀ ਕਦੇ ਮਰਨਾ ਨਹੀਂ ਚਾਹੀਦਾ। 12 ਸਾਲਾ ਕਾਮਿਆ ਕਾਰਤੀਕੇਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਸਰੀਰਕ ਚੁਸਤੀ ਤੇ ਮਜ਼ਬੂਤੀ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ‘ਜੋ ਮੁਲਕ ਫਿੱਟ ਹੈ, ਉਹੀ ਹਿੱਟ ਹੈ।’ ਮੋਦੀ ਨੇ ਲੋਕਾਂ ਨੂੰ ਜ਼ਿੰਦਗੀ ਵਿਚ ਅਜਿਹੀਆਂ ਹਿੰਮਤੀ ਤੇ ਰੁਮਾਂਚ ਭਰਪੂਰ ਗਤੀਵਿਧੀਆਂ ਲਈ ਪ੍ਰੇਰਿਆ। ਮੋਦੀ ਨੇ ਮੁਰਾਦਾਬਾਦ ਦੇ ਸਲਮਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਵਿਸ਼ੇਸ਼ ਲੋੜਾਂ ਵਾਲਾ ਨੌਜਵਾਨ ਹੈ, ਪਰ ਉਸ ਨੇ ਸਾਰੀਆਂ ਮੁਸ਼ਕਲਾਂ ਤੋਂ ਪਾਰ ਪਾ ਕੇ ਚੱਪਲ ਨਿਰਮਾਣ ਯੂਨਿਟ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਲਮਾਨ ਨੂੰ ਖ਼ੁਦ ਤਾਂ ਚੱਲਣ ਵਿਚ ਮੁਸ਼ਕਲ ਆਉਂਦੀ ਹੈ, ਪਰ ਦੂਜਿਆਂ ਦੇ ਰਾਹ ਆਸਾਨ ਕਰਨ ਲਈ ਉਸ ਨੇ ਇਹ ਸਨਅਤ ਲਾਈ ਹੈ। ਉਸ ਨੇ 30 ਹੋਰ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਚੱਪਲਾਂ ਤੇ ਕੱਪੜੇ ਧੋਣ ਵਾਲਾ ਪਾਊਡਰ ਬਣਾਉਣ ਦੀ ਸਿਖ਼ਲਾਈ ਵੀ ਦਿੱਤੀ ਹੈ। ਮੋਦੀ ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਪਿੰਡ ਅਜਰਕ ਦਾ ਵੀ ਜ਼ਿਕਰ ਕੀਤਾ। 2001 ਵਿਚ ਭੁਚਾਲ ਆਉਣ ਕਾਰਨ ਲੋਕ ਪਿੰਡ ਛੱਡ ਰਹੇ ਸਨ, ਪਰ ਇਸਮਾਈਲ ਖੱਤਰੀ ਨੇ ਰੁਕਣ ਦਾ ਫ਼ੈਸਲਾ ਕੀਤਾ ਤੇ ਰਵਾਇਤੀ ਕਲਾ ‘ਅਜਰਕ ਪ੍ਰਿੰਟ’ ਦੀ ਬਿਹਤਰੀ ਲਈ ਯਤਨ ਕੀਤੇ। ਹੁਣ ਇਸ ਕਲਾ ਨੂੰ ਮੌਜੂਦਾ ਫ਼ੈਸ਼ਨ ਰੁਝਾਨ ਨਾਲ ਮੇਲ ਕੇ ਵਰਤਿਆ ਜਾ ਰਿਹਾ ਹੈ।