ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ‘ਆਦਰਸ਼ ਮੁੱਖ ਮੰਤਰੀ’ ਪੁਰਸਕਾਰ

ਭਾਰਤੀ ਵਿਦਿਆਰਥੀ ਸੰਸਦ (ਬੀ.ਸੀ.ਐਸ.) ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿੱਚ ਵਧੀਆ ਸ਼ਾਸਨ ਤੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਵਾਸਤੇ ਕੀਤੀਆਂ ਪਹਿਲਕਦਮੀਆਂ ਲਈ ‘ਆਦਰਸ਼ ਮੁੱਖ ਮੰਤਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਇੱਥੇ ਬੀ.ਸੀ.ਐਸ. ਦੇ ਚਾਰ ਰੋਜ਼ਾ ਕੌਮੀ ਸੰਮੇਲਨ ਦੇ ਆਖਰੀ ਦਿਨ ਕੈਪਟਨ ਅਮਰਿੰਦਰ ਸਿੰਘ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪੁਰਸਕਾਰ ਭੇਟ ਕੀਤਾ। ਇਸ ਮੌਕੇ ਕੇਂਦਰੀ ਖੇਡ ਤੇ ਯੁਵਕ ਮਾਮਲਿਆਂ ਬਾਰੇ ਰਾਜ ਮੰਤਰੀ ਕਿਰਨ ਰਿਜੀਜ਼ੂ, ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਨਟਵਰ ਸਿੰਘ, ਪਦਮ ਵਿਭੂਸ਼ਣ ਡਾ. ਕਰਨ ਸਿੰਘ ਸ਼ਾਮਲ ਸਨ। ਮੁੱਖ ਮਹਿਮਾਨ ਤੇ ਹੋਰ ਸ਼ਖਸੀਅਤਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਵਿਕਾਸ ਦੇ ਰਾਹ ’ਤੇ ਪਾਉਣ ਲਈ ਸਾਫ-ਸੁਥਰਾ ਸ਼ਾਸਨ ਮੁਹੱਈਆ ਕਰਵਾਇਆ। ਉਨ੍ਹਾਂ ਨਾਗਰਿਕ ਕੇਂਦਰਿਤ ਨੀਤੀਆਂ ਰਾਹੀਂ ਲੋਕਾਂ ਦੀ ਸਮਾਜਿਕ ਤੇ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ, ਕਿਸਾਨ ਕਰਜ਼ਾ ਮੁਆਫੀ ਸਕੀਮ, ਕੁਦਰਤੀ ਖੇਤੀ ਦਾ ਆਰੰਭ, ਸੂਬੇ ਵਿੱਚ ਖੇਤੀਬਾੜੀ ਵਿਕਾਸ, ਨਸ਼ਿਆਂ ਦੀ ਲਾਹਨਤ ਨੂੰ ਨੱਥ ਪਾ ਕੇ ਪੰਜਾਬ ਦੇ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਪਾਸੇ ਲਾਉਣ ਲਈ ਯਤਨ ਕੀਤੇ। ਸਨਮਾਨ ਹਾਸਲ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਦੀ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਪਾਉਣ। ਉਨ੍ਹਾਂ ਸਿਆਸਤ ਵਿੱਚ ਕੁੱਦਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਕਤੀ ਤੇ ਠਾਠ-ਬਾਠ ਲਈ ਹੀ ਸੱਤਾ ਵਿੱਚ ਨਾ ਆਉਣ ਸਗੋਂ ਮੁਲਕ ਦੀ ਸੇਵਾ ਅਤੇ ਆਪਣੇ ਸੂਬੇ ਨੂੰ ਹੋਰ ਵਧੀਆ ਬਣਾਉਣ ਲਈ ਰਾਜਨੀਤੀ ਵਿੱਚ ਸਰਗਰਮ ਹੋਣ। ਕੈਪਟਨ ਨੇ ਕਿਹਾ ਕਿ ਇਕ ਪਾਸੇ ਗੁਆਂਢੀ ਮੁਲਕ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਨਸ਼ਿਆਂ ਦੀ ਤਸਕਰੀ ਵੱਡੀ ਚੁਣੌਤੀ ਹੈ ਤੇ ਦੂਜੇ ਪਾਸੇ ਖੇਤੀਬਾੜੀ ਦੀ ਮੰਦਹਾਲੀ ਹੈ ਜੋ ਸੂਬੇ ਦੀ ਆਰਥਿਕਤਾ ਦਾ ਮੁੱਖ ਸਹਾਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਅੰਦਰੂਨੀ ਅਤੇ ਬਾਹਰੀ ਹਮਲਿਆਂ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਚੰਗੇ ਮੌਕਿਆਂ ਦੀ ਭਾਲ ਵਿੱਚ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਵਾ ਕੇ ਇਸ ਰੁਝਾਨ ਨੂੰ ਫੌਰੀ ਠੱਲ੍ਹ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Previous articleਰਾਏਪੁਰ ’ਚ ਸੰਘਰਸ਼ ਲਈ ਬਣੀ ਰਾਇ
Next articleਆਪਣੇ ਅੰਦਰਲੇ ਵਿਦਿਆਰਥੀ ਨੂੰ ਮਰਨ ਨਹੀਂ ਦੇਣਾ ਚਾਹੀਦਾ: ਮੋਦੀ