ਇੱਟ ਕੁੱਤੇ ਦਾ ਵੈਰ

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਇੱਕ ਵਾਰ ਦੀ ਗੱਲ ਹੈ ਇੱਕ ਰੁੱਖ ਦੇ ਉੱਤੇ ਇੱਕ ਗਾਲੜ੍ਹ ਤੇ ਤੋਤਾ ਰਹਿੰਦੇ ਸਨ। ਪਰ ਉਹ ਦੋਵੇਂ ਆਪਸ ਵਿੱਚ ਬਹੁਤ ਲੜਦੇ ਝਗੜਦੇ ਰਹਿੰਦੇ ਸਨ। ਰੁੱਖ ਉਹਨਾਂ ਨੂੰ ਬੜਾ ਸਮਝਾਉਂਦਾ ਕੇ ਪਿਆਰ ਨਾਲ਼ ਮਿਲਕੇ ਰਿਹਾ ਕਰੋ ਪਰ ਉਹ ਦੋਵੇਂ ਆਪਸ ਵਿੱਚ ਝਗੜਦੇ ਹੀ ਰਹਿੰਦੇ। ਰੁੱਖ ਉਹਨਾਂ ਦੀ ਰੋਜ਼ ਕਿੱਚ-ਕਿੱਚ ਤੋਂ ਬਹੁਤ ਪ੍ਰੇਸ਼ਾਨ ਰਹਿਣ ਲੱਗਾ। ਬਾਕੀ ਪੰਛੀ ਵੀ ਘੱਟ ਹੀ ਆਉਂਦੇ। ਰੁੱਖ ਨੂੰ ਬਹੁਤ ਦੁੱਖ ਲੱਗਦਾ ਕਿ ਐਨੇ ਮਿੱਠੇ ਫ਼ਲ ਫ਼ੁੱਲ ਹੋਣ ਦੇ ਬਾਵਜੂਦ ਪੰਛੀ ਚਹਿਚਹਾਉਂਦੇ ਨਹੀਂ ਉਦਾਸੇ ਮੁੜ ਜਾਂਦੇ ਹਨ।

ਇੱਕ ਦਿਨ ਉਸ ਪਾਸੇ ਦੀ ਇੱਕ ਮਨੁੱਖ ਲੰਘਿਆ ਜਾ ਰਿਹਾ ਸੀ। ਤਾਂ ਤੋਤੇ ਨੇ ਮਨੁੱਖੀ ਅਵਾਜ਼ ਕੱਢ ਕੇ ਉਸ ਨੂੰ ਬੁਲਾਇਆ। ਮਨੁੱਖ ਬੜਾ ਹੈਰਾਨ ਤੇ ਡਰਿਆ ਹੋਇਆ। ਅੱਗੇ ਪਿੱਛੇ ਝਾਕਿਆ ਪਰ ਉਸ ਨੂੰ ਕੋਈ ਨਜ਼ਰ ਨਾ ਆਇਆ। ਰੁੱਖ ਨੇ ਤੋਤੇ ਨੂੰ ਅਜਿਹਾ ਕਰਨ ਤੋਂ ਵਰਜਿਆ ਪਰ ਤੋਤਾ ਟੱਸ ਤੋਂ ਮਸ ਨਾ ਹੋਇਆ।ਤੋਤੇ ਨੇ ਫੇਰ ਮੂਰਖਤਾ ਭਰੀ ਅਵਾਜ਼ ਲਗਾਈ,ਤਾਂ ਮਨੁੱਖ ਉਸ ਪਾਸੇ ਨੂੰ ਹੋ ਤੁਰਿਆ ਜਿਸ ਬੰਨਿਓ ਅਵਾਜ਼ ਆ ਰਹੀ ਸੀ। ਤੇ ਅਚਾਨਕ ਉਸ ਨੂੰ ਫ਼ਲਦਾਰ ਰੁੱਖ ਉੱਪਰ ਤੋਤਾ ਨਜ਼ਰ ਆਇਆ ।ਤੋਤੇ ਨੇ ਟਾਹਣੀ ਹਿਲਾਈ ਤਾਂ ਮਿੱਠੇ-ਮਿੱਠੇ ਫ਼ਲ ਕਿਰ ਗਏ। ਮਨੁੱਖ ਨੇ ਫ਼ਲ ਖਾਧੇ ਤਾਂ ਬੜੇ ਸੁਆਦੀ ਲੱਗੇ। ਉਸ ਨੇ ਰੱਜ ਕੇ ਫ਼ਲ ਖਾਧੇ ਤੇ ਕੁੱਝ ਫ਼ਲ ਆਪਣੇ ਨਾਲ਼ ਲੈ ਗਿਆ। ਪਿੰਡ ਵਿੱਚ ਫ਼ਲਾਂ ਦੀ ਬਹੁਤ ਚਰਚਾ ਹੋਈ।

ਲੋਕ ਸੂਹਾਂ ਲੈ ਕੇ ਉਸ ਰਸਤੇ ਵੱਲ ਨੂੰ ਹੋ ਤੁਰੇ। ਦਿਨਾਂ ਵਿੱਚ ਹੀ ਰੁੱਖ ਰੁੰਡ ਮਰੁੰਡ ਹੋ ਗਿਆ। ਹੌਲੀ ਹੌਲੀ ਲੋਕਾਂ ਨੇ ਆਪਣੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਰੁੱਖ ਦੀਆਂ ਲੱਕੜਾਂ ਨੂੰ ਵਾਢਾ ਲਾ ਲਿਆ ,ਗਾਲੜ੍ਹ ਦਾ ਆਲ੍ਹਣਾ ਵੀ ਢਹਿ ਢੇਰੀ ਹੋ ਗਿਆ।ਤੋਤੇ ਨੇ ਤਾਂ ਉਸ ਦਿਨ ਰੱਜ ਕੇ ਜਸ਼ਨ ਮਨਾਏ।ਪਰ ਰੁੱਖ ਤੇ ਗਾਲੜ੍ਹ ਬੜੇ ਉਦਾਸ ਹੋਏ। ਉਹ ਕਹਾਵਤ ਵੀ ਉਲਟ ਹੁੰਦੀ ਜਾਪੀ ਕਿ ਉੱਜੜੇ ਬਾਗ਼ਾਂ ਦੇ ਗਾਲੜ੍ਹ ਪਟਵਾਰੀ। ਅੱਜ ਤੋਤਾ ਪਟਵਾਰੀ ਬਣਿਆ ਬੈਠਾ ਸੀ। ਗਾਲੜ੍ਹ ਬੇਚਾਰਾ ਕਦੇ ਆਲ੍ਹਣੇ ਵੱਲ ਤੇ ਕਦੇ ਰੁੱਖ ਵੱਲ ਨੂੰ ਭੱਜੇ। ਦੋਵੇਂ ਉਦਾਸੀ ਦੇ ਆਲਮ ਵਿੱਚ ਸਨ।ਤੋਤੇ ਦੀਆਂ ਤਾਂ ਜਿਵੇਂ ਵਾਸਾਂ ਖਿੜ ਗਈਆਂ। ਤੋਤਾ ਬਹੁਤ ਖੁਸ਼ ਸੀ ਕਿ ਉਸ ਦਾ ਆਲ੍ਹਣਾ ਤੇ ਬੱਚੇ ਤਾਂ ਰੁੱਖ ਦੀ ਖੋੜ੍ਹ ਵਿੱਚ ਹੋਣ ਕਰਕੇ ਬਚ ਗਏ।ਪਰ ਸਿਆਣੇ ਕਹਿੰਦੇ ਹਨ ਕਿ,
ਦੁਸ਼ਮਣ ਮਰੇ ਦੀ ਖੁਸ਼ੀ ਨਾ ਕਰੀਏ,
ਇੱਕ ਦਿਨ ਸੱਜਣਾ ਵੀ ਮਰ ਜਾਣਾ ।

ਕੁਝ ਦਿਨ ਹੀ ਲੰਘੇ ਸਨ ਕਿ ਮਨੁੱਖ ਨੇ ਆ ਰਹਿੰਦੇ ਰੁੱਖ ਨੂੰ ਵੀ ਚੀਰਾ ਮਾਰਿਆ। ਖੋੜ੍ਹ ਵਿੱਚੋਂ ਨਿਕਲੇ ਤੋਤੇ ਦੇ ਬੱਚਿਆਂ ਨੂੰ ਵੀ ਨਾਲ਼ ਹੀ ਲੈ ਤੁਰਿਆ।ਤੋਤੇ ਨੇ ਬੜਾ ਰੌਲਾ ਪਾਇਆ ਪਰ ਮਨੁੱਖ ਅੱਗੇ ਪੇਸ਼ ਨਾ ਗਈ।ਤੋਤੇ ਨੂੰ ਆਪਣੀ ਕੀਤੀ ਦਾ ਫ਼ਲ ਮਿਲਿਆ।ਪਰ ਗਾਲੜ੍ਹ ਤੇ ਤੋਤੇ ਇੱਟ ਕੁੱਤੇ ਦਾ ਵੈਰ ਤਿੰਨਾਂ ਤੇ ਭਾਰੀ ਪੈ ਗਿਆ। ਉਹ ਸਿਆਣੇ ਕਹਿੰਦੇ ਹਨ ਕਿ ਪਹਿਲਾਂ ਤੋਲੋ ਫੇਰ ਬੋਲੋ ।ਪਰ ਹੁਣ ਤਾਂ ਤੀਰ ਕਮਾਨ ਚੋਂ ਗੱਲ ਜ਼ੁਬਾਨ ਚੋਂ ਨਿਕਲ ਚੁੱਕੇ ਸਨ।ਪਰ ਹੁਣ ਕੀ ਬਣ ਸਕਦਾ ਸੀ।

ਅਬ ਪਛਤਾਏ ਹੋਤ ਕਿਆ,
ਜਬ ਚਿੜੀਆਂ ਚੁਗ ਗਈ ਖੇਤ

ਰਣਬੀਰ ਸਿੰਘ ਪ੍ਰਿੰਸ
ਆਫ਼ਿਸਰ ਕਾਲੋਨੀ
ਸੰਗਰੂਰ 148001
9872299613

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘We don’t talk to anarchists, arsonists’, Pak PM tells PTI
Next articleਦੇਸ਼ ਅੰਦਰ ਖਿਡਾਰੀਆਂ ਨਾਲ ਹੋ ਰਿਹਾ ਅਤਿਆਚਾਰ ਸ਼ਰਮਨਾਕ – ਖਡਿਆਲ