ਫੋਰੈਂਸਿਕ ਮਾਹਿਰਾਂ ਦੀ ਟੀਮ ਵੱਲੋਂ ਜਾਂਚ ਸ਼ੁਰੂ

  ਸੈਕਟਰ-32 ਦੇ ਪੀਜੀ ਹਾਊਸ ’ਚ ਅੱਗ ਲੱਗਣ ਕਾਰਨ ਬੀਤੇ ਦਿਨ ਤਿੰਨ ਲੜਕੀਆਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪੁਲੀਸ ਨੇ ਲਾਸ਼ਾਂ ਸਬੰਧਤ ਪਰਿਵਾਰਾਂ ਹਵਾਲੇ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਸੀਐਫਐੱਸਐਲ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਪੀਜੀ ਹਾਊਸ ਦੇ ਸੰਚਾਲਕ ਨਿਤੇਸ਼ ਬਾਂਸਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਇਸ ਘਟਨਾ ਨਾਲ ਸਬੰਧਤ ਮੁਲਜ਼ਮ ਨਿਤੀਸ਼ ਪੋਪਲੀ ਅਤੇ ਗੌਰਵ ਅਨੇਜਾ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਅਣਅਧਿਕਾਰਤ ਪੀਜੀ ਹਾਊਸ ਲਈ ਹਰੇਕ ਲੜਕੀ ਤੋਂ 10 ਤੋਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਸੂਲੇ ਜਾ ਰਹੇ ਸਨ। ਇਸ ਤੋਂ ਇਲਾਵਾ 10 ਹਜ਼ਾਰ ਰੁਪਏ ਸਿਕਿਉਰਿਟੀ ਫ਼ੀਸ ਵਜੋਂ ਲਏ ਜਾਂਦੇ ਸਨ। ਇਸ ਗੱਲ ਦਾ ਪ੍ਰਗਟਾਵਾ ਪੀਜੀ ਹਾਊਸ ’ਚ ਰਹਿਣ ਵਾਲੀਆਂ ਲੜਕੀਆਂ ਦੇ ਪਰਿਵਾਰਕ ਮੈਂਬਰ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਬਰਨਾਲਾ ਦੀ ਰਹਿਣ ਵਾਲੀ ਆਰਜੂ ਅਤੇ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ ਯਸ਼ੀਕਾ ਨੇ ਆਪਣੇ ਪਰਿਵਾਰ ਨਾਲ ਪੀਜੀ ਹਾਊਸ ਵਿੱਚੋਂ ਸਾਮਾਨ ਇਕੱਠਾ ਕੀਤਾ ਅਤੇ ਕਿਸੇ ਹੋਰ ਪੀਜੀ ਹਾਊਸ ਦੀ ਭਾਲ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਸ਼ਹਿਰ ’ਚ ਸਥਿਤ ਸਾਰੇ ਪੀਜੀ ਹਾਊਸਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਵਾਉਂਣੇ ਚਾਹੀਦੇ ਹਨ।
ਜ਼ਿਕਰਯੋਗ ਹੈ ਕਿ ਸੈਕਟਰ-32 ’ਚ ਸਥਿਤ ਪੀਜੀ ਹਾਊਸ ’ਚ 34 ਲੜਕੀਆਂ ਰਹਿ ਰਹੀਆਂ ਸਨ। ਇਥੇ ਲੰਘੇ ਦਿਨ ਅੱਗ ਲੱਗ ਗਈ ਸੀ। ਇਸ ਦੌਰਾਨ ਘਰ ਵਿੱਚ ਹਾਜ਼ਰ ਕਈ ਲੜਕੀਆਂ ਬਾਹਰ ਨਿਕਲ ਗਈਆਂ ਪਰ ਪੰਜ ਲੜਕੀਆਂ ਅੰਦਰ ਫਸ ਗਈਆਂ ਸਨ। ਇਨ੍ਹਾਂ ਵਿੱਚੋਂ ਫੇਮਿਨਾ ਅਤੇ ਜੈਸਮੀਨ ਨੇ ਘਰ ਦੀ ਛੱਤ ਤੋਂ ਛਾਲ ਮਾਰ ਦਿੱਤੀ ਸੀ ਜਿਸ ਕਰ ਕੇ ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ ਅਤੇ ਕਪੂਰਥਲਾ ਦਾ ਰਹਿਣ ਵਾਲੀ ਰਿਆ, ਕੋਟਕਪੁਰਾ ਦੀ ਰਹਿਣ ਵਾਲੀ ਪਾਕਸ਼ੀ ਅਤੇ ਹਿਸਾਰ ਦੀ ਰਹਿਣ ਵਾਲੀ ਮੁਸਕਾਨ ਦੀ ਮੌਤ ਹੋ ਗਈ ਸੀ।

Previous articleਆਪਣੇ ਅੰਦਰਲੇ ਵਿਦਿਆਰਥੀ ਨੂੰ ਮਰਨ ਨਹੀਂ ਦੇਣਾ ਚਾਹੀਦਾ: ਮੋਦੀ
Next articleਨਾਗਰਿਕਤਾ ਸੋਧ ਕਾਨੂੰਨ ਤੇ ਰਾਖਵੇਂਕਰਨ ਬਾਰੇ ਫ਼ੈਸਲੇ ਖ਼ਿਲਾਫ਼ ਰੋਸ ਮੁਜ਼ਾਹਰੇ ਤੇ ਧਰਨੇ