HOME “ਮਨ, ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ ॥  ਮਨ, ਹਰਿ...

“ਮਨ, ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ ॥  ਮਨ, ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ, ਰੰਗੁ ਮਾਣੁ ॥ 

10
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ

(ਸਮਾਜ ਵੀਕਲੀ) 

ਸੁਰਿੰਦਰਪਾਲ ਸਿੰਘ

“ਮਨ, ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ ॥

ਮਨ, ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ, ਰੰਗੁ ਮਾਣੁ ॥

{ਅੰਗ 441}”

ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅੰਗ 441 ਉੱਪਰ ਸੁਸ਼ੋਭਿਤ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਉਚਾਰਿਤ ਪਾਵਨ ਸਤਰਾਂ ਵਿੱਚ ਗੁਰੂ ਸਾਹਿਬ ਮਨੁੱਖ ਦੀ ਅਸਲ ਹਸਤੀ ਤੇ ਉਦੇਸ਼ ਬਾਬਤ ਬਹੁਤ ਮਹੱਤਵਪੂਰਨ ਸੰਦੇਸ਼ ਦਿੰਦੇ ਹਨ। ਪਰਮ ਸਤਿਕਾਰਯੋਗ ਗੁਰਬਾਣੀ ਦੀਆਂ ਉਪਰੋਕਤ ਸਤਰਾਂ ਵਿੱਚ ਗੁਰੂ ਅਮਰਦਾਸ ਜੀ ਦੁਆਰਾ ਬਹੁਤ ਸਰਲਤਾ ਦੇ ਨਾਲ ਸੱਚਖੰਡ ਦੇ ਦ੍ਰਿਸ਼ਟਿਕੋਣ ਤੋਂ ਮਨੁੱਖ ਨੂੰ ਸਮਝਾਇਆ ਗਿਆ ਹੈ ਕਿ, “ਏ ਮਨ! ਤੂੰ ਪ੍ਰਮੇਸ਼ਰ ਦੀ ਜੋਤਿ ਤੋਂ ਉਤਪੰਨ ਹੋਇਆ ਹੈਂ, ਤੂੰ ਆਪੇ ਇਕ ਰੱਬੀ ਰੋਸ਼ਨੀ ਵਾਲਾ ਸਰੂਪ ਹੈਂ। ਆਪਣੇ ਅਸਲੀ ਮੂਲ ਨੂੰ, ਜਿਸ ਪ੍ਰਭੂ ਤੋਂ ਤੂੰ ਉਤਪੰਨ ਹੋਇਆ, ਉਸ ਨੂੰ ਪਛਾਣ।”
ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਜੋਤ ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਲੋਂ ਸਮੁੱਚੀ ਲੋਕਾਈ ਨੂੰ ਸੁਚੱਜੀ ਜੀਵਨ-ਜਾਚ ਦੀ ਜੁਗਤ ਦਰਸਾਈ ਗਈ ਹੈ ਅਤੇ ਜਿੱਥੇ ਰੂਹਾਨੀ, ਆਤਮਕ ਤੇ ਅਧਿਆਤਮਕ ਜੀਵਨ ਦਾ ਮਾਰਗ ਦਰਸ਼ਨ ਮਿਲਦਾ ਹੈ ਉੱਥੇ ਦੁਨਿਆਵੀ ਜਿੰਦਗੀ ਦੇ ਵੱਖ-ਵੱਖ ਸਮਾਜਿਕ, ਆਰਥਿਕ, ਸਿਆਸੀ ਤੇ ਧਾਰਮਿਕ ਪੱਖਾਂ ਨੂੰ ਸਾਦਾ ਤੇ ਸਰਲ ਤਰੀਕੇ ਨਾਲ ਜਿਉਂਣ ਦੀਆਂ ਅਗਵਾਈਆਂ ਵੀ ਮਿਲਦੀਆਂ ਹਨ।
ਅਜੋਕੇ ਪਦਾਰਥਵਾਦ ਯੁੱਗ ਵਿੱਚ ਮਨੁੱਖ ਆਪਣੇ ਆਪ ਨੂੰ ਕੇਵਲ ਸਰੀਰ, ਨਾਂ, ਧਰਮ ਜਾਂ ਕੁਟੰਬੀ ਰਿਸ਼ਤਿਆਂ ਰਾਹੀਂ ਹੀ ਪਛਾਣਦਾ ਹੈ। ਪਰ ਗੁਰੂ ਜੀ ਦੱਸਦੇ ਹਨ ਕਿ ਮਨੁੱਖ ਦੀ ਇਹ ਪਦਾਰਥਵਾਦੀ  ਪਹਿਚਾਣ ਸਰੀਰਕ ਤੇ ਸੰਸਾਰਕ ਪੱਧਰ ਦੀ ਹੈ। ਅਸਲ ਵਿੱਚ ਮਨੁੱਖ ਆਤਮਿਕ ਰੂਪ ਵਿੱਚ ਪਰਮ ਪਿਤਾ ਅਕਾਲ ਪੁਰਖ ਦੀ ਜੋਤਿ ਦਾ ਅੰਸ਼ ਹੈ। ਜਦੋਂ ਮਨੁੱਖ ਅਕਾਲ ਪੁਰਖ ਦੀ ਉਸਤਤ ਕਰਦਿਆਂ ਇਹ ਪਛਾਣ ਲੈਂਦਾ ਹੈ ਕਿ ਉਹ ਅਲੌਕਿਕ ਜੋਤ ਦਾ ਹਿੱਸਾ ਹੈ, ਤਾਂ ਉਸ ਦੀ ਸੋਚ, ਕਰਮ, ਜੀਵਨ ਦੀ ਦਿਸ਼ਾ ਅਤੇ ਨੈਤਿਕਤਾ ਬਦਲ ਜਾਂਦੀ ਹੈ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉੱਚਰੀ ਬਾਣੀ ਸ੍ਰੀ ਜਪੁ ਜੀ ਸਾਹਿਬ ਵਿੱਚ ਬਾਬਾ ਨਾਨਕ ਦੇਵ ਜੀ ਫਰਮਾਉਂਦੇ ਹਨ ਇਸ ਨਾਸ਼ਵਾਨ ਸੰਸਾਰ ਨੂੰ ਕੇਵਲ ਤੇ ਕੇਵਲ ਉਹੀ ਇਨਸਾਨ ਫ਼ਤਹ ਕਰ ਸਕਦਾ ਹੈ ਜਿਸ ਨੇ ਆਪਣੇ ਮਨ ਅਤੇ ਮਨ ਦੇ ਫੁਰਨਿਆਂ ਨੂੰ ਕਾਬੂ ਕੀਤਾ ਹੋਵੇ।
ਮਨਿ ਜੀਤੈ ਜਗੁ ਜੀਤ ॥
ਅੰਗ 6
ਜਦੋਂ ਮਨੁੱਖ ਪ੍ਰਭੂ ਪਰਮਾਤਮਾ ਦੀ ਸਿਫ਼ਤ ਸਲਾਹ ਤੇ ਬੰਦਗੀ ਕਰਕੇ ਪੰਜੇ ਵਿਕਾਰਾਂ ਤੇ ਕਾਬੂ ਪਾ ਲੈਂਦਾ ਹੈ ਅਤੇ ਆਪਣੇ ਮਨ ਨੂੰ ਪ੍ਰਭੂ ਨਾਲ ਇੱਕ ਮਿੱਕ ਹੋਣ ਲਈ ਪ੍ਰੇਰਿਤ ਕਰਦਾ ਹੈ ਉਸ ਸਮੇਂ ਉਸ ਦੀ ਆਤਮਾ ਇੱਕ ਅਦੁੱਤੀ ਸ਼ਾਂਤੀ ਨਾਲ ਸਮਾਧੀ ਦੀ ਅਵਸਥਾ ਵਿੱਚ ਆ ਜਾਂਦੀ ਹੈ। ਸ਼ਾਂਤ ਹੋਇਆ ਮਨ ਅੰਦਰੋਂ ਕੀ ਅੰਦਰੋਂ ਅਸੀਮ ਊਰਜਾ ਨਾਲ ਭਰ ਉੱਠਦਾ ਹੈ ਅਤੇ ਚੜ੍ਹਦੀ ਕਲਾ ਨਾਲ ਆਪਣੇ ਇਸ਼ਟ ਰੂਪੀ ਪ੍ਰਭੂ ਅਕਾਲ ਪੁਰਖ ਤੇ ਸਨਮੁੱਖ ਹਾਜ਼ਰ ਹੁੰਦਾ ਹੈ
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥
ਹਰਿ ਜੋਤਿ ਰਖੀ ਤੁਧੁ ਵਿਚਿ, ਤਾ ਤੂ ਜਗ ਮਹਿ ਆਇਆ॥
ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ॥
ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ॥
ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ॥
(‘ਅਨੰਦ` ਰਾਮਕਲੀ ਮਹਲਾ ੩ ਅੰਗ ੯੨੨)
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਸਮੁੱਚੀ ਲੋਕਾਈ ਨੂੰ ਸੇਧ ਦਿੰਦੇ ਫਰਮਾਉਂਦੇ ਹਨ ਕਿ ਮਨੁੱਖ ਦਾ ਇਸ ਧਰਤੀ ਤੇ ਆਵਾ ਗਮਨ ਦਾ ਚੱਕਰ ਵੀ ਅਕਾਲ ਪੁਰਖ ਦੇ ਭਾਣੇ ਅਨੁਸਾਰ ਭਾਵ ਹੁਕਮ ਅਧੀਨ ਹੋ ਰਿਹਾ ਹੈ। ਗੁਰੂ ਸਾਹਿਬ ਮਨੁੱਖਾਂ ਨੂੰ ਸਮਝਾਉਂਦੇ ਹਨ ਕਿ ਉਸ ਦਾ ਸਰੀਰ ਵੀ ਪਰਮਾਤਮਾ ਦੀ ਕਿਰਪਾ ਸਦਕਾ ਹੋਂਦ ਵਿੱਚ ਆਉਂਦਾ ਹੈ।ਰੂਹਾਨੀਅਤ ਅਨੁਸਾਰ ਮਨੁੱਖ ਦਾ ਮਨ ਅਕਾਲ ਪੁਰਖ ਦੀ ਹੀ ਜੋਤ ਹੈ ਅਤੇ ਇਹ ਮਨ ਚੰਚਲ ਗੁਣਾਂ ਨਾਲ ਲਬਰੇਜ਼ ਹੁੰਦਾ ਹੈ। ਨਾਮ ਸਿਮਰਨ ਅਤੇ ਪ੍ਰਭੂ ਦੀ ਸਿਫਤ ਸਲਾਹ ਅਤੇ ਉਸਤਤ ਬੰਦਗੀ ਨਾਲ ਮਨੁੱਖ ਮੰਨ ਦੀ ਚੰਚਲਤਾ ਤੇ ਕਾਬੂ ਪਾ ਸਕਦਾ ਹੈ। ਨਾਮ ਬਾਣੀ ਨਾਲ ਸਾਧਿਆ ਮਨ ਮਨੁੱਖ ਨੂੰ ਯੋਗ ਸੇਧ ਤੇ ਅਗਵਾਈ ਦੇ ਸਕਦਾ ਹੈ
ਮਨਿ ਮੈਲੈ ਸਭੁ ਕਿਛੁ ਮੈਲਾ ਤਨੁ ਧੋਤੈ ਮਨੁ ਅਛਾ ਨਾ ਹੋਇ ॥ ਅੰਗ 558
ਕਾਮ, ਕ੍ਰੋਧ ,ਲੋਭ ,ਮੋਹ-ਮਾਇਆ ਅਤੇ ਹੰਕਾਰ ਆਦਿਕ ਵਿਕਾਰਾਂ ਦੀ ਅਧੀਨ ਕੀ ਅਧੀਨ ਮਨੁੱਖੀ ਮਨ ਮੈਲਾ ਹੋ ਜਾਂਦਾ ਹੈ। ਇਸ ਮੈਲੇ ਮਨ ਨਾਲ ਜੋ ਵੀ ਕਾਰਜ ਉਲੀਕੇ ਜਾਣਗੇ ਉਹ ਸਭ ਮੈਲੇ ਹੀ ਹੋਣਗੇ। ਇਸ ਤਨ ਨੂੰ ਬੇਸ਼ੱਕ ਧਾਰਮਿਕ ਅਸਥਾਨਾਂ ਤੇ ਲਿਜਾ ਕੇ ਇਸ਼ਨਾਨ ਕਰਵਾਉਣ ਨਾਲ ਮੈਲਾ ਮਨ ਉੱਜਵਲ ਨਹੀਂ ਹੋ ਸਕਦਾ। ਮੈਲੇ ਮਨ ਨੂੰ ਸਾਫ ਕਰਨ ਲਈ ਪੰਜੇ ਵਿਕਾਰਾਂ ਤੇ ਕਾਬੂ ਪਾਣਾ ਨਿਹਾਇਤ ਲਾਜ਼ਮੀ ਹੈ।
ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥ ਅੰਗ 1090
ਮਨੁੱਖ ਦੇ ਅਕਾਲ ਪੁਰਖ ਦੀ ਕਚਹਿਰੀ ਵਿੱਚ ਪ੍ਰਵਾਨ ਚੜ੍ਹਨ ਲਈ ਮਨ ਨੂੰ ਸਾਧ ਕੇ ਵਿਕਾਰਾਂ ਤੋਂ ਮੁਕਤ ਕਰਵਾਉਣਾ ਪੈਂਦਾ ਹੈ।
ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਾਰੇ ਹੀ ਸਮਾਜਿਕ ਜੀਵਾਂ ਵਿੱਚ ਉਸ ਪਰਮ ਪਿਤਾ ਅਕਾਲ ਪੁਰਖ ਦੀ ਸਾਂਝੀ ਜੋਤ ਵਰਤ ਰਹੀ ਹੈ ਅਤੇ ਇਸ ਜੋਤ ਸਦਕਾ ਹੀ ਉਨਾਂ ਜੀਵਾਂ ਦਾ ਜੀਵਨ ਪ੍ਰਕਾਸ਼ਮਾਨ ਹੈ।ਇਸ ਸਰਵ ਵਿਆਪਕ ਜੋਤ ਤੇ ਮੂਲ ਬਹੁਤ ਮਨੁੱਖ ਨਾਮ ਬਾਣੀ ਦੇ ਸਿਮਰਨ ਤੇ ਪ੍ਰਭੂ ਦੀ ਸਿਫਤ ਸਲਾਹ ਨਾਲ ਇੱਕ ਮਿੱਕ ਹੋ ਸਕਦਾ ਹੈ। ਉਸ ਪ੍ਰਭੂ ਦੇ ਨਾਲ ਇੱਕ ਮਿਕ ਹੋਇਆ ਮਨੁੱਖ ਹੀ ਸੱਚੀ ਖੁਸ਼ੀ, ਸ਼ਾਂਤੀ ਅਤੇ ਆਨੰਦ ਦੀ ਪ੍ਰਾਪਤੀ ਕਰ ਸਕਦਾ ਹੈ।
ਭੁੱਲ ਚੁੱਕ ਦੀ ਖਿਮਾ 
ਦਾਸ ਸੁਰਿੰਦਰਪਾਲ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ 
ਪੰਜਾਬ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੇਕਰ ਤੁਸੀਂ FB-Insta ਦੀ ਵਰਤੋਂ ਕਰਦੇ ਹੋ ਤਾਂ ਸਾਵਧਾਨ ਰਹੋ! ਤੁਹਾਡੀ ਇੱਕ ਗਲਤੀ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰ ਸਕਦੀ ਹੈ, ਸਰਕਾਰ ਨੇ ਜਾਰੀ ਕੀਤੀ ਸਲਾਹ
Next articleਚੋਰ ਚੁਸਤ ਪੁਲਿਸ ਸੁਸਤ ਵਾਲੀ ਗੱਲ ਹੋਈ ਪਈ ਹੈ ਸੁਲਤਾਨਪੁਰ ਲੋਧੀ ਵਿੱਚ ਮੀਹ ਪੈਂਦੇ ਚ ਚੋਰਾਂ ਨੇ ਲਾਈ ਦੁਕਾਨਾਂ ਨੂੰ ਸੰਨ, ਕਰਤਾ ਵੱਡਾ ਕਾਰਾ,ਵੱਖ-ਵੱਖ ਦੁਕਾਨਾਂ ਦੇ ਕਰੀਬ 10 ਦੇ ਕਰੀਬ ਲਗੇ ਏ ਸੀਆਂ ਦਾ ਸਾਮਾਨ ਚੋਰੀ