HOME ” ਗੱਭਰੂ

” ਗੱਭਰੂ

1
ਸੰਦੀਪ ਸਿੰਘ ਬਖੋਪੀਰ

(ਸਮਾਜ ਵੀਕਲੀ) 

ਦੇਸ਼ ਮੇਰੇ ਦੇ ਮੁੱਛ ਪੁੱਟ ਗੱਭਰੂ,ਕੀ-ਕੀ ਰੋਗ ਲਗਾਈ ਫ਼ਿਰਦੇ,
ਵਿਚ ਨਸ਼ੇ ਦੇ ਇੱਦਾਂ ਘੁੰਮਦੇ, ਲੱਗਣ ਜਿਵੇਂ ਸਦਾਈ ਫ਼ਿਰਦੇ।

ਕਾਲੇ ਪੀਲੀਏ ਦਾ ਕੀ ਦੱਸਾਂ, ਏਡਜ਼ ! ਤੱਕ ਕਰਾਈ ਫ਼ਿਰਦੇ,
ਪਿਓ ਦਾਦੇ ਦੀ ਜੋੜੀ ਪੈਲੀ, ਨਸ਼ਿਆਂ ਵਿੱਚ ਉਡਾਈ ਫ਼ਿਰਦੇ।

ਭੁੱਲੇ ਇੱਜਤਾਂ ਅਣਖਾਂ ਦੀ ਗੱਲ਼,ਵਿਰਸਾ ਜਿਵੇਂ ਭੁਲਾਈ ਫ਼ਿਰਦੇ,
ਫੁੱਲਾਂ ਵਰਗੀਆਂ ਰੂਹਾਂ ਨੂੰ ਇਹ,ਕੀ ਕੀ ਰੋਗ ਲਗਾਈ ਫ਼ਿਰਦੇ

ਵਿੱਚ ਨਸ਼ੇ ਦੇ ਲੁੱਟਾਂ ਕਰਦੇ, ਅਣਖਾਂ ਸਭ ਭੁਲਾਈ ਫ਼ਿਰਦੇ,
ਇਹ ਪੰਜਾਬ ਦੇ ਅਣਖੀ ਯੋਧੇ,ਹੋਰ ਹੀ ਰੰਗ ਚੜਾਈ ਫ਼ਿਰਦੇ।

ਪੱਗ ਚੁੰਨੀ ਲਈ ਲੜਨੇ ਵਾਲੇ, ਛੇੜੀ ਹੋਰ ਲੜਾਈ ਫ਼ਿਰਦੇ,
ਮੁਲਕ ਬੇਗ਼ਾਨੇ ਲਾਏ ਡੇਰੇ,ਹੋਏ ਡਾਲਰਾਂ ! ਲਈ ਸਦਾਈ ਫ਼ਿਰਦੇ।

ਖਾਲਸ ਰੰਗ ‘ਚੁ ਰੰਗਣ ਵਾਲੇ, ਭਗਮਾਂ ਰੰਗ ਚੜ੍ਹਾਈ ਫ਼ਿਰਦੇ,
ਬੇ-ਲੋੜੇ ਜਿਹੇ ਕਰਕੇ ਖਰਚੇ, ਕਰਜ਼ਾ! ਸਿਰ ਚੜ੍ਹਾਈ ਫ਼ਿਰਦੇ ।

ਮਾਂ ਬੋਲੀ ਤੋਂ ਬੇਮੁੱਖ ਹੋ ਕੇ, ਹੋਰ ਥਾਂ, ਆੜ੍ਹੀ ਪਾਈ ਫ਼ਿਰਦੇ,
ਮਾਖਿਓ ਮਿੱਠੀ ਮਾਂ ਬੋਲੀ ਨੂੰ ,ਕਾਹਤੋਂ ਦਿਲੋਂ ਭੁਲਾਈ ਫ਼ਿਰਦੇ ।

ਦੇਸ਼ ਦੀ ਖ਼ਾਤਰ ਮਰਨੇ ਵਾਲੇ,ਆਪਣੀ ਹੋਂਦ ਭਲਾਈ ਫ਼ਿਰਦੇ,
ਲੀਡਰ ਉਪਰੋਂ ਮਿਲੇ ਗ਼ਦਾਰੀ,ਦੇਸ਼ ‘ਚੁ ਵੰਡੀ ਪਾਈ ਫ਼ਿਰਦੇ ।

ਜਿਨ੍ਹਾਂ ਦੇਸ਼ ਦੀ ਕਰਨੀ ਰਾਖੀ, ਉਹੀ ਦੇਸ਼ ਨੂੰ ਢਾਈ ਫ਼ਿਰਦੇ,
ਝੂਠੇ ਵਾਅਦੇ ਕਰ ਕਰ ਕੇ ਇਹ,ਦੇਸ਼ ਨੂੰ ਪਿੱਛੇ ਲਾਈ ਫ਼ਿਰਦੇ।

ਗੱਭਰੂ ਨਸ਼ਿਆਂ ਦੇ ਵਿੱਚ ਡੁੱਬੇ, ਸੁਪਨੇ ਸਭ ਭਲਾਈ ਫ਼ਿਰਦੇ,
ਬੁੱਢੇ ਮਾਪੇ ਕਰਨ ਉਡੀਕਾਂ ,ਗੱਭਰੂ ਮਹਿਫ਼ਲ ਲਾਈ ਫ਼ਿਰਦੇ।

ਵਿੱਚ ਹਵਾ ਦੇ ਗੱਡੀਆਂ ਜਾਵਣ,ਰੇਸ ਤੇ ਪੈਰ੍ਹ ਟਿਕਾਈ ਫ਼ਿਰਦੇ,
ਕੀ ਨਤੀਜੇ ਆਉਣੇ ਇਸਦੇ,ਸੁੱਧ-ਬੁੱਧ ਜਮਾਂ ਭੁਲਾਈ ਫ਼ਿਰਦੇ।

ਗੁਰੂ,ਗੁਰਬਾਣੀ ਚੇਤੇ ਕਿੱਥੇ, ਚੇਤੇ ! ਸਭ ਭੁਲਾਈ ਫ਼ਿਰਦੇ,
ਡੇਰੇਵਾਦ ਦੀ ਬੁਰੀ ਬਿਮਾਰੀ, ਚੇਤਿਆਂ ਵਿੱਚ ਵਸਾਈ ਫ਼ਿਰਦੇ।

ਮਾਂ ਬੋਲੀ ਨੂੰ ਭੁੱਲ ਕੇ ਇਹ ਤਾਂ, ਹੋਰ ਹੀ ਮਾਂ,ਬਣਾਈ ਫ਼ਿਰਦੇ,
ਵਾਰਸ – ਬੁੱਲੇ ਨੂੰ  ਇਹ ਭੁੱਲੇ, ਹੋਰ ਹੀ ਗੁਰੂ ਬਣਾਈ ਫ਼ਿਰਦੇ।

ਕੁੜਤਾ-ਚਾਦਰਾ ਭੁੱਲੇ ਵਿਰਸਾ,ਜੀਨ ਨਾ ਕੁੱੜਤਾ ਪਾਈ ਫ਼ਿਰਦੇ,
ਊਦਮ,ਭਗਤ,ਕਰਤਾਰ ਨੂੰ ਭੁੱਲੇ, ਹੀਰੋ ਹੋਰ ਬਣਾਈ ਫਿਰਦੇ।

ਸੰਦੀਪ ਏ ਗੱਭਰੂ ਦੇਸ਼ ਮੇਰੇ ਦੇ, ਜਾਪਣ ਜਿਵੇਂ ਸੁਦਾਈ ਫਿਰਦੇ,
ਰਣਜੀਤ ਦੇ ਵਾਰਸ ਭੁੱਲ ਕੇ ਵਿਰਸਾ,ਕਿਹੜਾ ਰੰਗ ਚੜ੍ਹਾਈ ਫਿਰਦੇ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017

Previous articleਭਾਜਪਾ ਆਗੂ ਬੰਨੀ ਸੰਧੂ ਵੱਲੋਂ ਅਮਲਾਲਾ ਮੰਡੀ ਦਾ ਦੌਰਾ, ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ
Next articleਅੱਜ ਵੀ ਫਰੀਦਕੋਟ ਚ ਧੜੇਬੰਦੀ ਕਾਇਮ ਐ ਆਪਣੀ ਆਪਣੀ ਧੜੇਬੰਦੀ ਦੇ ਪ੍ਰਧਾਨ ਦੀ ਚੋਣ ਲਈ ਉਮੀਦਵਾਰ – ਸੂਤਰ