HOME ਬਾਲ-ਮਨ ਦੀ ਸੰਵੇਦਨਾ ਅਤੇ ਜੀਵਨ-ਮੁੱਲਾਂ ਦਾ ਸਫ਼ਲ ਸਿਰਜਣ

ਬਾਲ-ਮਨ ਦੀ ਸੰਵੇਦਨਾ ਅਤੇ ਜੀਵਨ-ਮੁੱਲਾਂ ਦਾ ਸਫ਼ਲ ਸਿਰਜਣ

1

(‘ਟੀਨੂ ਦੀ ਲਾਇਬ੍ਰੇਰੀ’ : ਨੀਨਾ ਸਿੰਘ ਸੋਲੰਕੀ | ਪੰਜਾਬੀ ਅਨੁਵਾਦ : ਪ੍ਰੋ. ਨਵ ਸੰਗੀਤ ਸਿੰਘ)

ਰਵਿੰਦਰ ਸਿੰਘ ਸੋਢੀ
ਰਵਿੰਦਰ ਸਿੰਘ ਸੋਢੀ

   (ਸਮਾਜ ਵੀਕਲੀ)   ਬਾਲ-ਸਾਹਿਤ ਦਾ ਮੁੱਖ ਮੰਤਵ ਬੱਚਿਆਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵਿਅਕਤਿਤਵ ਦਾ ਸਰਵਪੱਖੀ ਵਿਕਾਸ ਕਰਨਾ ਵੀ ਹੁੰਦਾ ਹੈ। ਜਿਹੜਾ ਬਾਲ-ਸਾਹਿਤ ਬੱਚਿਆਂ ਵਿੱਚ ਪੜ੍ਹਨ ਦੀ ਰੁਚੀ, ਮਨੁੱਖੀ ਕਦਰਾਂ-ਕੀਮਤਾਂ ਅਤੇ ਜੀਵਨ ਪ੍ਰਤੀ ਹਾਂ-ਪੱਖੀ ਨਜ਼ਰੀਆ ਪੈਦਾ ਕਰੇ, ਉਹੀ ਸਾਹਿਤਕ ਕਸੌਟੀ ‘ਤੇ ਖਰਾ ਉਤਰਦਾ ਹੈ। ਨੀਨਾ ਸਿੰਘ ਸੋਲੰਕੀ ਦਾ ਬਾਲ-ਕਹਾਣੀ ਸੰਗ੍ਰਹਿ ‘ਟੀਨੂ ਦੀ ਲਾਇਬ੍ਰੇਰੀ’ ਇਸੇ ਸ਼੍ਰੇਣੀ ਦੀ ਇੱਕ ਮਹੱਤਵਪੂਰਨ ਪੁਸਤਕ ਹੈ। ਇਸ ਦੀਆਂ ਕਹਾਣੀਆਂ ਬਾਲ-ਮਨੋਵਿਗਿਆਨ ਦੀ ਡੂੰਘੀ ਸਮਝ, ਸਧਾਰਨ ਭਾਸ਼ਾ ਅਤੇ ਪ੍ਰਭਾਵਸ਼ਾਲੀ ਸੰਦੇਸ਼ ਕਾਰਨ ਪਾਠਕ ਨੂੰ ਸ਼ੁਰੂ ਤੋਂ ਅੰਤ ਤੱਕ ਆਪਣੇ ਨਾਲ ਜੋੜ ਕੇ ਰੱਖਦੀਆਂ ਹਨ।

ਸੰਗ੍ਰਹਿ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇਸ ਦੀਆਂ 12 ਕਹਾਣੀਆਂ ਉਪਦੇਸ਼ ਨਹੀਂ ਦਿੰਦੀਆਂ, ਸਗੋਂ ਰੋਜ਼ਾਨਾ ਜ਼ਿੰਦਗੀ ਵਿਚ ਵਾਪਰਦੀਆਂ ਘਟਨਾਵਾਂ ਰਾਹੀਂ ਬੱਚਿਆਂ ਨੂੰ ਆਪਣੇ ਆਪ ਸੋਚਣ ਅਤੇ ਸਿੱਖਣ ਲਈ ਪ੍ਰੇਰਿਤ ਕਰਦੀਆਂ ਹਨ। ਲੇਖਿਕਾ ਨੇ ਬਚਪਨ ਦੀ ਦੁਨੀਆ ਨੂੰ ਬਹੁਤ ਨੇੜਿਓਂ ਦੇਖਿਆ ਹੈ। ਇਸੇ ਕਾਰਨ ਕਹਾਣੀਆਂ ਵਿੱਚ ਨਾ ਤਾਂ ਬਣਾਓਟੀਪਨ ਹੈ ਅਤੇ ਨਾ ਹੀ ਨੈਤਿਕਤਾ ਦਾ ਬੋਝ। ਤਕਰੀਬਨ ਹਰ ਕਹਾਣੀ ਹੀ ਮਨੋਰੰਜਨ ਦੇ ਨਾਲ-ਨਾਲ ਕਿਸੈ ਨਾ ਕਿਸੇ ਜੀਵਨ-ਮੁੱਲ ਜਾਂ ਉਦੇਸ਼ ਨੂੰ ਸਹਿਜ ਰੂਪ ਵਿੱਚ ਹੀ ਪੇਸ਼ ਕਰਦੀ ਹੈ।
ਸੰਗ੍ਰਹਿ ਦੀ ਸਿਰਲੇਖ ਕਹਾਣੀ ‘ਟੀਨੂ ਦੀ ਲਾਇਬ੍ਰੇਰੀ’ ਅੱਜ ਦੇ ਸਮੇਂ ਦੀ ਇੱਕ ਬਹੁਤ ਹੀ ਸਾਰਥਕ ਕਹਾਣੀ ਹੈ। ਮੋਬਾਈਲ ਅਤੇ ਡਿਜ਼ੀਟਲ ਮਨੋਰੰਜਨ ਦੇ ਯੁੱਗ ਵਿੱਚ ਇੱਕ ਬੱਚੇ ਵੱਲੋਂ ਆਪਣੀ ਛੋਟੀ ਜਿਹੀ ਲਾਇਬ੍ਰੇਰੀ ਸਥਾਪਿਤ ਕਰਕੇ ਕਾਲੋਨੀ ਦੇ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਾ ਬਹੁਤ ਹੀ ਪ੍ਰਸ਼ੰਸਾਯੋਗ ਵਿਚਾਰ ਹੈ। ਇਹ ਕਹਾਣੀ ਬੱਚਿਆਂ ਵਿੱਚ ਪੁਸਤਕ-ਪ੍ਰੇਮ, ਸਾਂਝ, ਜ਼ਿੰਮੇਵਾਰੀ ਅਤੇ ਸਮਾਜਿਕ ਚੇਤਨਾ ਵਰਗੇ ਗੁਣ ਵਿਕਸਿਤ ਕਰਦੀ ਹੈ। ਅਜਿਹੀਆਂ ਬਾਲ ਕਹਾਣੀਆਂ ਅਜੋਕੇ ਸਮੇਂ ਦੀ ਲੋੜ ਹਨ।
‘ਆਦਿ ਦੇ ਦਾਦਾ ਜੀ’ ਸੰਗ੍ਰਹਿ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਕਹਾਣੀਆਂ ਵਿੱਚੋਂ ਇੱਕ ਹੈ। ਇਸ ਵਿੱਚ ਨਵੀਂ ਪੀੜ੍ਹੀ ਦੀ ਬਾਹਰੀ ਦਿਖਾਵੇ ਪ੍ਰਤੀ ਖਿੱਚ ਅਤੇ ਬਜ਼ੁਰਗਾਂ ਪ੍ਰਤੀ ਬਣਦੀ ਦੂਰੀ ਨੂੰ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਦਰਸਾਇਆ ਗਿਆ ਹੈ। ਕਹਾਣੀ ਦਾ ਅੰਤ ਨਾ ਸਿਰਫ਼ ਆਦਿ ਦੇ ਅੰਦਰਲੇ ਬਦਲਾਅ ਨੂੰ ਉਜਾਗਰ ਕਰਦਾ ਹੈ, ਸਗੋਂ ਇਹ ਸੁਨੇਹਾ ਵੀ ਦਿੰਦਾ ਹੈ ਕਿ ਮਨੁੱਖ ਦੀ ਅਸਲ ਪਛਾਣ ਉਸ ਦੇ ਗਿਆਨ, ਅਨੁਭਵ ਅਤੇ ਸੰਸਕਾਰਾਂ ਨਾਲ ਹੁੰਦੀ ਹੈ, ਨਾ ਕਿ ਉਸ ਦੇ ਪਹਿਰਾਵੇ ਜਾਂ ਰਹਿਣ-ਸਹਿਣ ਨਾਲ।
 ‘ਬੁਲਬੁਲ ਸਮਝ ਗਈ’ ਵਾਤਾਵਰਣ ਅਤੇ ਪਾਣੀ ਦੀ ਸੰਭਾਲ ਦੀ ਜ਼ਰੂਰਤ ਸੰਬੰਧੀ ਦੱਸਦੀ ਹੈ, ਜਦਕਿ ‘ਚੰਦਰਮਾ ਤੋਂ ਪਾਰ’ ਬੱਚਿਆਂ ਵਿੱਚ ਵਿਗਿਆਨਕ ਸੋਚ, ਜਿਗਿਆਸਾ ਅਤੇ ਭਾਰਤ ਦੀਆਂ ਵਿਗਿਆਨਕ ਪ੍ਰਾਪਤੀਆਂ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਦੀ ਹੈ। ਇਨ੍ਹਾਂ ਕਹਾਣੀਆਂ ਰਾਹੀਂ ਲੇਖਿਕਾ ਮਨੋਰੰਜਨ ਅਤੇ ਗਿਆਨ ਦਾ ਸੁੰਦਰ ਸੁਮੇਲ ਪੇਸ਼ ਕਰਦੀ ਹੈ। ‘ਨੀਆ ਅਤੇ ਮਿਨੀ ਦੀ ਯਾਤਰਾ’ ਵਿਚ ਭੁਗੋਲ ਅਤੇ ਵਾਤਾਵਰਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ‘ਚੰਦਰਮਾ ਤੋਂ ਪਾਰ’ ਕਹਾਣੀ ਵਿਚ ਵਿਗਿਆਨਕ ਸੋਚ ਦੇ ਨਾਲ-ਨਾਲ ਬੱਚਿਆਂ ਨੂੰ ਆਪਣੇ ਦੇਸ਼ ਦੀਆਂ ਵਿਗਿਆਨਕ ਪ੍ਰਾਪਤੀਆਂ ਤੋਂ ਜਾਣੂ ਕਰਵਾ ਕੇ ਉਹਨਾਂ ਤੇ ਦਿਲ ਵਿਚ ਦੇਸ਼ ਪ੍ਰਤੀ ਮਾਣ ਦੀ ਭਾਵਨਾ ਪੈਦਾ ਕੀਤੀ ਗਈ ਹੈ।
 ‘ਮੇਰੀ ਕ੍ਰਿਸਮਸ’ ਵੱਖ-ਵੱਖ ਧਰਮਾਂ ਅਤੇ ਸਭਿਆਚਾਰਾਂ ਪ੍ਰਤੀ ਸਤਿਕਾਰ, ਸਦਭਾਵਨਾ ਅਤੇ ਸਾਂਝੀਵਾਲਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ। ‘ਚੀਨੀ ਦੇ ਦੋਸਤ’ ਦੋਸਤੀ, ਸਹਿਯੋਗ ਅਤੇ ਮਨੁੱਖਤਾ ਦੇ ਮੁੱਲਾਂ ਨੂੰ ਬੱਚਿਆਂ ਦੀ ਸਮਝ ਅਨੁਸਾਰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ। ਇਸੇ ਤਰ੍ਹਾਂ ‘ਅਮਰੂਦ ਮਿੱਠੇ ਹਨ’ ਬਾਲ-ਮਨ ਦੀ ਸਹਿਜਤਾ, ਪਰਿਵਾਰਕ ਨਿੱਘ ਅਤੇ ਕੁਦਰਤ ਨਾਲ ਜੁੜੇ ਜੀਵਨ ਦੀ ਮਿੱਠਾਸ ਨੂੰ ਬੜੀ ਸਰਲਤਾ ਨਾਲ ਉਭਾਰਦੀ ਹੈ। ਇਹ ਕਹਾਣੀਆਂ ਪਾਠਕ ਦੇ ਮਨ ਵਿੱਚ ਲੰਬੇ ਸਮੇਂ ਤੱਕ ਆਪਣਾ ਪ੍ਰਭਾਵ ਛੱਡਦੀਆਂ ਹਨ। ‘ਬੱਚਿਆਂ ਦੀ ਕਿੱਟੀ ਪਾਰਟੀ’ ਅਤੇ ‘ਅਨਮੋਲ ਤੋਹਫ਼ਾ’ ਕਹਾਣੀਆਂ ਵੀ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਹਨ।
ਲੇਖਿਕਾ ਦੀ ਭਾਸ਼ਾ ਸਹਿਜ, ਸਰਲ ਅਤੇ ਪ੍ਰਵਾਹਮਈ ਹੈ। ਕਿਤੇ ਵੀ ਸ਼ਬਦਾਂ ਦਾ ਬੇਲੋੜਾ ਭਾਰ ਜਾਂ ਲੰਮੇ ਵਰਣਨ ਨਹੀਂ ਮਿਲਦੇ। ਪਾਤਰਾਂ ਦੇ ਆਪਸੀ ਵਾਰਤਾਲਾਪ ਸੁਭਾਵਿਕ ਹਨ ਅਤੇ ਕਹਾਣੀ ਦੀ ਚਾਲ ਨੂੰ ਨਿਰੰਤਰ ਅੱਗੇ ਵਧਾਉਣ ਵਾਲੇ ਹਨ। ਬੱਚਿਆਂ ਦੀ ਮਨੋਸਥਿਤੀ, ਉਨ੍ਹਾਂ ਦੀ ਜਿਗਿਆਸਾ, ਸ਼ਰਾਰਤਾਂ, ਸੰਵੇਦਨਾਵਾਂ ਅਤੇ ਸੁਪਨਿਆਂ ਨੂੰ ਲੇਖਿਕਾ ਨੇ ਬੜੀ ਕੁਦਰਤੀ ਢੰਗ ਨਾਲ ਪੇਸ਼ ਕੀਤਾ ਹੈ। ਇਹੀ ਕਾਰਨ ਹੈ ਕਿ ਪਾਠਕ ਹਰ ਕਹਾਣੀ ਨਾਲ ਭਾਵਨਾਤਮਕ ਤੌਰ ‘ਤੇ ਜੁੜ ਜਾਂਦਾ ਹੈ।
ਇਸ ਪੁਸਤਕ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿੱਚ ਸਿੱਖਿਆ ਅਤੇ ਮਨੋਰੰਜਨ ਦਾ ਸੁੰਦਰ ਸੰਤੁਲਨ ਕਾਇਮ ਹੈ। ਕਹਾਣੀਆਂ ਬੱਚਿਆਂ ਨੂੰ ਬਿਨਾਂ ਉਪਦੇਸ਼ ਦਿੱਤੇ ਜੀਵਨ ਦੇ ਮਹੱਤਵਪੂਰਨ ਮੁੱਲਾਂ—ਪੁਸਤਕ-ਪ੍ਰੇਮ, ਪਰਿਵਾਰਕ ਸਾਂਝ, ਵਾਤਾਵਰਣ-ਸੁਰੱਖਿਆ, ਮਨੁੱਖਤਾ, ਮਿਹਨਤ, ਅਨੁਸ਼ਾਸਨ ਅਤੇ ਆਪਸੀ ਸਤਿਕਾਰ—ਵੱਲ ਪ੍ਰੇਰਿਤ ਕਰਦੀਆਂ ਹਨ। ਬਾਲ ਮਨੋਵਿਗਿਆਨ ਦਾ ਖੂਬਸੂਰਤ ਚਿਤ੍ਰਣ ਪ੍ਰਸਤੁਤ ਕਹਾਣੀ ਸੰਗ੍ਰਹਿ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ। ਇਹ ਗੁਣ ਇਸ ਪੁਸਤਕ ਨੂੰ ਸਕੂਲੀ ਪੁਸਤਕਾਲਿਆਂ ਅਤੇ ਘਰੇਲੂ ਲਾਇਬ੍ਰੇਰੀਆਂ ਲਈ ਵੀ ਉਪਯੋਗੀ ਬਣਾਉਂਦਾ ਹੈ।
 ਕੁਝ ਕਹਾਣੀਆਂ ‘ਚ ਆਦਰਸ਼ਵਾਦੀ ਵਿਚਾਰਧਾਰਾ ਮਹਿਸੂਸ ਹੁੰਦੀ ਹੈ ਅਤੇ ਕਈ ਕਹਾਣੀਆਂ ਦਾ ਅੰਤ ਪਾਠਕ ਪਹਿਲਾਂ ਹੀ ਅਨੁਮਾਨ ਲਗਾ ਸਕਦਾ ਹੈ। ਜੇ ਕਿਤੇ-ਕਿਤੇ ਘਟਨਾਵਾਂ ਵਿੱਚ ਹੋਰ ਨਾਟਕੀਅਤਾ ਅਤੇ ਟਕਰਾਅ ਹੁੰਦਾ ਤਾਂ ਕਹਾਣੀਆਂ ਦਾ ਪ੍ਰਭਾਵ ਹੋਰ ਵੀ ਗੂੜ੍ਹਾ ਬਣ ਸਕਦਾ ਸੀ। ਪਰ ਇਹ ਛੋਟੀਆਂ-ਮੋਟੀਆਂ ਸੀਮਾਵਾਂ ਪੁਸਤਕ ਦੀ ਸਮੁੱਚੀ ਮਹੱਤਤਾ ਨੂੰ ਕਿਸੇ ਵੀ ਤਰ੍ਹਾਂ ਘਟਾਉਂਦੀਆਂ ਨਹੀਂ।
ਇਸ ਪੁਸਤਕ ਦਾ ਪੰਜਾਬੀ ਅਨੁਵਾਦ ਪ੍ਰੋ. ਨਵ ਸੰਗੀਤ ਸਿੰਘ ਨੇ ਕੀਤਾ ਹੈ। ਉਹ ਅਨੁਵਾਦ ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਸਰਗਰਮ ਹਨ ਅਤੇ ਇਸ ਵਿਧਾ ਦਾ ਭਰਪੂਰ ਤਜ਼ਰਬਾ ਰੱਖਦੇ ਹਨ। ਹਿੰਦੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਉੱਤੇ ਉਨ੍ਹਾਂ ਦੀ ਸਮਾਨ ਪਕੜ ਦਾ ਪ੍ਰਮਾਣ ਇਸ ਪੁਸਤਕ ਦਾ ਹਰ ਪੰਨਾ ਦਿੰਦਾ ਹੈ। ਉਨ੍ਹਾਂ ਨੇ ਸਿਰਫ਼ ਸ਼ਬਦਾਂ ਦਾ ਅਨੁਵਾਦ ਨਹੀਂ ਕੀਤਾ, ਸਗੋਂ ਮੂਲ ਰਚਨਾ ਦੀ ਭਾਵਨਾ, ਰਸ, ਲੈਅ ਅਤੇ ਬਾਲ-ਸੁਭਾਵ ਨੂੰ ਵੀ ਪੂਰੀ ਸਾਵਧਾਨੀ ਨਾਲ ਪੰਜਾਬੀ ਵਿੱਚ ਰੂਪਾਂਤਰਿਤ ਕੀਤਾ ਹੈ। ਅਨੁਵਾਦ ਦੀ ਭਾਸ਼ਾ ਇੰਨੀ ਸੁਭਾਵਿਕ, ਮੁਹਾਵਰੇਦਾਰ ਅਤੇ ਪ੍ਰਵਾਹਮਈ ਹੈ ਕਿ ਕਿਤੇ ਵੀ ਇਹ ਅਹਿਸਾਸ ਨਹੀਂ ਹੁੰਦਾ ਕਿ ਪਾਠਕ ਅਨੁਵਾਦ ਪੜ੍ਹ ਰਿਹਾ ਹੈ। ਕਈ ਥਾਵਾਂ ‘ਤੇ ਤਾਂ ਇਹ ਰਚਨਾਵਾਂ ਮੂਲ ਪੰਜਾਬੀ ਲਿਖਤ ਦਾ ਹੀ ਭੁਲੇਖਾ ਪਾਉਂਦੀਆਂ ਹਨ। ਇਹ ਕਿਸੇ ਵੀ ਸਫ਼ਲ ਅਨੁਵਾਦ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਵਿਸ਼ੇਸ਼ ਤੌਰ ‘ਤੇ ਬਾਲ-ਭਾਸ਼ਾ ਦੀ ਸਹਿਜਤਾ ਅਤੇ ਸੰਵਾਦਾਂ ਦੀ ਕੁਦਰਤੀ ਲੈਅ ਨੂੰ ਬਰਕਰਾਰ ਰੱਖਣਾ ਅਨੁਵਾਦਕ ਦੀ ਵਿਸ਼ੇਸ਼ ਸਫ਼ਲਤਾ ਹੈ।
ਸਮੁੱਚੇ ਤੌਰ ‘ਤੇ ‘ਟੀਨੂ ਦੀ ਲਾਇਬ੍ਰੇਰੀ’ ਇੱਕ ਅਜਿਹਾ ਬਾਲ-ਕਹਾਣੀ ਸੰਗ੍ਰਹਿ ਹੈ ਜੋ ਮਨੋਰੰਜਨ ਦੇ ਨਾਲ-ਨਾਲ ਬੱਚਿਆਂ ਦੇ ਚਰਿੱਤਰ-ਨਿਰਮਾਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਪੁਸਤਕ ਸਿਰਫ਼ ਬੱਚਿਆਂ ਲਈ ਹੀ ਨਹੀਂ, ਸਗੋਂ ਮਾਪਿਆਂ, ਅਧਿਆਪਕਾਂ ਅਤੇ ਬਾਲ-ਸਾਹਿਤ ਦੇ ਲੇਖਕਾਂ ਲਈ ਵੀ ਬਰਾਬਰ ਮਹੱਤਵ ਰੱਖਦੀ ਹੈ। ਨੀਨਾ ਸਿੰਘ ਸੋਲੰਕੀ ਨੇ ਆਪਣੇ ਸਿਰਜਣਾਤਮਕ ਕੌਸ਼ਲ ਨਾਲ ਬਾਲ-ਸਾਹਿਤ ਨੂੰ ਇੱਕ ਕੀਮਤੀ ਰਚਨਾ ਦਿੱਤੀ ਹੈ ਅਤੇ ਪ੍ਰੋ. ਨਵ ਸੰਗੀਤ ਸਿੰਘ ਨੇ ਆਪਣੇ ਸਫ਼ਲ ਅਨੁਵਾਦ ਰਾਹੀਂ ਇਸ ਨੂੰ ਪੰਜਾਬੀ ਪਾਠਕਾਂ ਲਈ ਉਸੇ ਨਿੱਘ ਅਤੇ ਪ੍ਰਭਾਵ ਨਾਲ ਉਪਲਬਧ ਕਰਵਾਇਆ ਹੈ। ਨਿਸ਼ਚਿਤ ਹੀ ਇਹ ਪੁਸਤਕ ਪੰਜਾਬੀ ਬਾਲ-ਸਾਹਿਤ ਵਿੱਚ ਇੱਕ ਸਵਾਗਤਯੋਗ ਅਤੇ ਮਹੱਤਵਪੂਰਨ ਵਾਧਾ ਹੈ।
ਸਾਹਿਤਯਸ਼ਿਲਾ ਪ੍ਰਕਾਸ਼ਨ, ਦਿੱਲੀ ਵੱਲੋਂ ਪ੍ਰਕਾਸ਼ਿਤ 80 ਪੰਨਿਆ ਦੀ ਪੁਸਤਕ ਦੀ ਕੀਮਤ 280 ਰੁਪਏ ਕੁਝ ਜਿਆਦਾ ਲੱਗਦੀ ਹੈ। ਟਾਈਟਲ ਅਤੇ ਪੁਸਤਕ ਦੀ ਦਿੱਖ ਪ੍ਰਭਾਵਸ਼ਾਲੀ ਹੈ। ਲੇਖਿਕਾ ਅਤੇ ਅਨੁਵਾਦਕ ਦੋਵੇਂ ਹੀ ਵਧਾਈ ਦੇ ਹੱਕਦਾਰ ਹਨ।
Previous articleसेमीफाइनल की जंग में खिलाड़ियों ने दिखाया दम: 55वीं केविएस राष्ट्रीय खेल प्रतियोगिता रोमांच के चरम पर
Next articleJantar Mantar Protest: Three Points for now