HOME ਸਾਲ 2025 ਅਲਵਿਦਾ ! ਨਵੇਂ ਸਾਲ 2026 ਨੂੰ ‘ਜੀ ਆਇਆਂ ਨੂੰ

ਸਾਲ 2025 ਅਲਵਿਦਾ ! ਨਵੇਂ ਸਾਲ 2026 ਨੂੰ ‘ਜੀ ਆਇਆਂ ਨੂੰ

3
ਕਰਨੈਲ ਸਿੰਘ ਐੱਮ.ਏ.

 (ਸਮਾਜ ਵੀਕਲੀ)  ਹਰ ਸਾਲ ਨਵਾਂ ਸਾਲ ਆਉਂਦਾ ਹੈ ਪਰ ਉਸ ਵਿੱਚ ਨਵਾਂ ਕੁਝ ਵੀ ਨਹੀਂ ਹੁੰਦਾ । ਇਹ ਦਿਨ ਆਮ ਦਿਨ ਵਾਂਗ ਚੜ੍ਹਦਾ ਹੈ ਅਤੇ ਆਮ ਦਿਨਾਂ ਵਾਂਗ ਹੀ ਬੀਤ ਜਾਂਦਾ ਹੈ । ਇਹ ਅਸੀਂ ਜ਼ਰੂਰ ਕਹਿ ਦਿੰਦੇ ਹਾਂ ਕਿ ਜੇਕਰ ਨਵੇਂ ਸਾਲ ਦੇ ਪਹਿਲੇ ਦਿਨ ਕਿਸੇ ਕੋਲ ਜ਼ਿਆਦਾ ਰੁਪਏ ਹੋਣਗੇ ਤਾਂ ਉਹ ਸਾਰਾ ਸਾਲ ਰੁਪਇਆਂ ਵਿੱਚ ਖੇਡੇਗਾ, ਪਰ ਇਸ ਤਰ੍ਹਾਂ ਨਹੀਂ ਹੁੰਦਾ । ਜੇਕਰ ਪਹਿਲੇ ਦਿਨ ਹੀ  ਕੋਈ ਮੁਸੀਬਤ ਆ ਗਈ ਤਾਂ ਉਹ ਸਾਰਾ ਸਾਲ ਹੀ ਮੁਸੀਬਤਾਂ ਵਿੱਚ ਘਿਰਿਆ ਰਹੇਗਾ । ਜੇਕਰ ਪਹਿਲਾ ਦਿਨ ਖ਼ੁਸ਼ੀਆਂ ਖੇੜਿਆਂ ਦੇ ਨਾਲ ਬਤੀਤ ਹੋਵੇਗਾ ਤਾਂ ਸਾਰਾ ਸਾਲ ਹੀ ਉਸ ਲਈ ਖੁਸ਼ਹਾਲੀ ਭਰਿਆ ਰਹੇਗਾ, ਪਰ ਇਹ ਸਿਰਫ਼ ਭਰਮ ਹੈ । ਇਹ ਕਹਿਣ ਦੀਆਂ ਹੀ ਗੱਲਾਂ ਹਨ, ਇਸ ਤਰ੍ਹਾਂ ਹੁੰਦਾ ਨਹੀਂ ਹੈ ਨਵੇਂ ਸਾਲ ਤੋਂ ਕੁਝ ਦਿਨ ਪਹਿਲਾਂ ਗਰੀਟਿੰਗ ਕਾਰਡਾਂ ਦੀ ਵੱਡੇ ਪੱਧਰ ‘ਤੇ ਲੋਕ ਖਰੀਦੋ-ਫਰੋਖ਼ਤ ਕਰਦੇ ਹਨ । ਲੋਕ ਆਪਣੇ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ, ਪ੍ਰੇਮੀ-ਪ੍ਰੇਮਿਕਾ, ਫੈਕਟਰੀਆਂ, ਵਿਦਿਅਕ ਸੰਸਥਾਵਾਂ, ਮੰਤਰੀਆਂ, ਅਫ਼ਸਰਾਂ, ਸੰਤਾਂ-ਮਹਾਂਪੁਰਸ਼ਾਂ ਨੂੰ ਭੇਜਦੇ ਹਨ । ਗਰੀਟਿੰਗ ਕਾਰਡ ਦੀ ਕੀਮਤ 2 ਰੁਪਏ ਤੋਂ ਲੈ ਕੇ 40-50 ਹਜ਼ਾਰ ਰੁਪਏ ਤੱਕ ਹੈ । ਬੇਸ਼ੱਕ ਅੱਜ ਮੋਬਾਇਲ ਦੇ ਜ਼ਰੀਏ ਐਸ.ਐਮ.ਐਸ., ਵਟਸਐਪ ਰਾਹੀਂ ਨਵੇਂ ਸਾਲ ਦੀ ਵਧਾਈ ਦੇ ਦਿੱਤੀ ਜਾਂਦੀ ਹੈ ਜਾਂ ਫੋਨ ਕਰਕੇ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਰਿਸ਼ਤੇਦਾਰਾਂ, ਦੋਸਤ-ਮਿੱਤਰ ਇੱਕ ਦੂਜੇ ਨੂੰ ਦਿੰਦੇ ਹਨ ਪਰ ਗਰੀਟਿੰਗ ਕਾਰਡ ਭੇਜਣ ਦਾ ਸਿਲਸਿਲਾ ਵੀ ਘਟਿਆ ਨਹੀਂ ਹੈ।  ਇਸ ਦਾ ਰੁਝਾਨ ਉਸੇ ਤਰ੍ਹਾਂ ਹੈ । ਨੌਜਵਾਨ ਲੜਕੇ-ਲੜਕੀਆਂ ਇੱਕ ਦੂਜੇ ਨੂੰ ਬਹੁਤ ਖੂਬਸੂਰਤ ਗਰੀਟਿੰਗ ਕਾਰਡ ਭੇਜਦੇ ਹਨ । ਸਾਲ 2008 ਵਿੱਚ ਇੱਕ ਖਬਰ ਪੜ੍ਹੀ ਸੀ ਕਿ ਬਟਾਲੇ ਦੇ 22 ਸਾਲਾ ਇੱਕ ਵਿਅਕਤੀ ਨੇ ਆਪਣੀ ਚੰਡੀਗੜ੍ਹ ਰਹਿਣ ਵਾਲੀ ਪ੍ਰੇਮਿਕਾ ਨੂੰ ਨਵੇਂ ਸਾਲ ਦਾ ਗਰੀਟਿੰਗ ਕਾਰਡ ਦੇਣ ਲਈ 40‌ ਹਜ਼ਾਰ ਰੁਪਏ ਖ਼ਰਚ ਕਰਕੇ ਕਾਰਡ ਤਿਆਰ ਕਰਵਾਇਆ ਸੀ। ਇਸ ਕਾਰਡ ਤੇ 100 ਗ੍ਰਾਮ ਖਾਲਸ ਚਾਂਦੀ ਤੇ 35 ਗ੍ਰਾਮ ਖਾਲਸ ਸੋਨਾ ਲਾਇਆ ਗਿਆ ਸੀ । ਸਾਲ 2025 ਦੌਰਾਨ ਖੱਟੀਆਂ ਮਿੱਠੀਆਂ ਅਨੇਕਾਂ ਘਟਨਾਵਾਂ ਹੋਈਆਂ ਪਰ ਨਵਾਂ ਵਰ੍ਹਾ ਪਿਛਲੇ ਸਾਲ ਵਿੱਚ ਬੀਤੀਆਂ ਯਾਦਾਂ ਨੂੰ, ਘਟਨਾਵਾਂ ਨੂੰ ਖਤਮ ਕਰੇ । ਜਿਨ੍ਹਾਂ ਲਈ ਬੀਤੇ ਸਾਲ ਦੀਆਂ ਘਟਨਾਵਾਂ ਦੁਖਦਾਈ ਹੋ ਨਿੱਬੜੀਆਂ ਹਨ, ਉਹ ਬੀਤੇ ਸਾਲ ਨੂੰ ਹੀ ਮਨਹੂਸ ਸਮਝਣਗੇ। ਕਈ ਵੱਡੇ ਰੇਲ ਹਾਦਸੇ, ਬੰਬ ਧਮਾਕੇ ਸਾਡੇ ਦੇਸ਼ ਵਿੱਚ ਹੋਏ , ਇਹਨਾਂ ਹਾਦਸਿਆਂ ਵਿੱਚ ਜਿਨ੍ਹਾਂ ਪਰਿਵਾਰਾਂ ਦੀਆਂ ਜਾਨਾਂ ਗਈਆਂ, ਉਹਨਾਂ ਲਈ ਇਸ ਤੋਂ ਮਾੜਾ ਸਾਲ ਕਿਹੜਾ ਹੋਵੇਗਾ । ਸਾਲ 2025 ਵਿੱਚ ਲੜਕੀਆਂ ਨਾਲ ਛੇੜ-ਛਾੜ ਤੇ ਬਲਾਤਕਾਰ ਦੀਆਂ ਅਨੇਕਾਂ ਘਟਨਾਵਾਂ ਵਾਪਰੀਆਂ, ਅਨੇਕਾਂ ਲੜਕੀਆਂ ਨੂੰ ਦਾਜ ਘੱਟ ਲਿਆਉਣ ਕਰਕੇ ਤਸੀਹੇ ਦੇ ਕੇ ਸਹੁਰਿਆਂ ਨੇ ਆਪ ਮਾਰ ਦਿੱਤਾ ਤੇ ਅਨੇਕਾਂ ਨੂੰ ਮਰਨ ਲਈ ਮਜ਼ਬੂਰ ਕਰ ਦਿੱਤਾ । ਲੜਕੇ-ਲੜਕੀਆਂ ਨੂੰ ਆਪਣੀ ਸੋਚ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ। ਦੇਸ਼ ਵਿੱਚ ਗ਼ਰੀਬੀ ਦੀ ਹਾਲਤ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਜਾ ਰਹੀ ਹੈ । ਦੇਸ਼ ਵਿੱਚ ਜ਼ਿਆਦਾ ਵੱਸੋਂ ਕੋਲ ਤਨ (ਸਰੀਰ) ਢਕਣ ਲਈ ਕੱਪੜਾ ਨਹੀਂ । ਵੈਸੇ ਇਹ ਗੱਲ ਸੱਚ ਹੈ ਕਿ ਇਹਨਾਂ ਨੂੰ ਨਵਾਂ ਸਾਲ ਚੜ੍ਹਨ ਦੀ ਕੋਈ ਖੁਸ਼ੀ ਨਹੀਂ ਹੁੰਦੀ । ਉਹਨਾਂ ਨੂੰ ਤਾਂ ਇਹਨਾਂ ਵੀ ਨਹੀਂ ਪਤਾ ਹੁੰਦਾ ਕਿ ਸੂਰਜ ਸਵੇਰੇ ਚੜ੍ਹਿਆ ਹੈ ਤੇ ਸ਼ਾਮ ਨੂੰ ਅਸਤ (ਛਿਪਣਾ) ਹੋਵੇਗਾ । ਸਾਲ 2025 ਵਿੱਚ ਜੋ ਉੱਚ ਸ਼ਖ਼ਸੀਅਤਾਂ ਸਾਡੇ ਕੋਲੋਂ ਵਿਛੜ ਗਈਆਂ, ਉਹਨਾਂ ਵਿੱਚ ਫਿਲਮੀ ਅਦਾਕਾਰ ਮਨੋਜ ਕੁਮਾਰ, ਸੁਖਦੇਵ ਸਿੰਘ ਢੀਂਡਸਾ, ਦੌੜਾਕ ਫ਼ੌਜਾ ਸਿੰਘ, ਚਰਨਜੀਤ ਅਹੂਜਾ, ਰਾਜਵੀਰ ਜਵੰਧਾ, ਧਰਮਿੰਦਰ, ਸਿਵਰਾਜ ਪਾਟਿਲ, ਉਸਤਾਦ ਪੂਰਨ ਸ਼ਾਹਕੋਟੀ ਸਨ । ਸਾਲ 2025 ਵਿੱਚ ਹੀ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਹੜ੍ਹਾਂ ਨੇ ਵੀ ਭਾਰੀ ਤਬਾਹੀ ਮਚਾਈ ।

          ਨਵੇਂ ਸਾਲ ਦੀ ਆਮਦ ‘ਚ ਜਸ਼ਨ ਪੰਜਾਬ ਦੇ ਵੱਡੇ-ਵੱਡੇ ਸ਼ਹਿਰ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਦਿੱਲੀ, ਮੁੰਬਈ, ਚੰਡੀਗੜ੍ਹ ਤੇ ਦੇਸ਼ ਦੇ ਦੂਜੇ ਭਾਗਾਂ ਵਿੱਚ ਹੋਟਲਾਂ, ਕਲੱਬਾਂ ਵਿੱਚ ਖੂਬ ਮਹਿਫ਼ਿਲਾਂ ਸੱਜਦੀਆਂ ਹਨ । ਪਟਾਕੇ, ਆਤਿਸ਼ਬਾਜ਼ੀ ਵੱਡੀ ਗਿਣਤੀ ਵਿੱਚ ਲੱਖਾਂ ਰੁਪਏ ਖ਼ਰਚ ਕਰਕੇ ਚਲਾਏ ਜਾਂਦੇ ਹਨ।  ਹੋਟਲਾਂ, ਕਲੱਬਾਂ ਵਿੱਚ ਨਾਚ ਗਾਣੇ ਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਹਨ । ਨਵੇਂ ਸਾਲ ਤੇ ਕੀਮਤੀ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਵਿੱਚ ਹੁੰਦਾ ਹੈ । ਨਵੇਂ ਸਾਲ ਦੀ ਆਮਦ ‘ਤੇ ਸਾਰੀ ਰਾਤ ਸ਼ਰਾਬ ਦੇ ਦੌਰ ਚੱਲਦੇ ਹਨ । ਸਮੁੱਚੇ ਦੇਸ਼ ਵਿੱਚ ਜਸ਼ਨ ਮਨਾਏ ਜਾਂਦੇ ਹਨ । ਨਵੇਂ ਸਾਲ ਤੇ ਸ਼ੁੱਭ ਇੱਛਾਵਾਂ ਭੇਟ ਕਰਨ ਲਈ ਹਰ ਸਾਲ ਹਜ਼ਾਰਾਂ-ਲੱਖਾਂ ਰੁਪਏ 31 ਦਸੰਬਰ ਦੀ ਰਾਤ ਨੂੰ ਫਜ਼ੂਲ ਹੀ ਉਡਾਏ ਜਾਂਦੇ ਹਨ ਭਾਵ ਖਰਚ ਕੀਤੇ ਜਾਂਦੇ ਹਨ । 31 ਦਸੰਬਰ ਦੀ ਰਾਤ ਪੰਜਾਬੀ ਦੇ ਚੈਨਲ ਡੀ.ਡੀ. ਪੰਜਾਬੀ, ਦੂਰਦਰਸ਼ਨ ਜਲੰਧਰ, ਪੀਟੀਸੀ, ਅਤੇ ਹੋਰ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਦੇ ਚੈਨਲ ਇੱਕ ਦੂਜੇ ਤੋਂ ਵੀ ਅੱਗੇ ਵੱਧ ਕੇ ਧੂਮ-ਧੜੱਕੇ ਨਾਲ ਪ੍ਰੋਗਰਾਮ ਪੇਸ਼ ਕਰਦੇ ਹਨ । ਲੋਕ ਟੀ.ਵੀ ਦੇ ਵੱਖ-ਵੱਖ ਚੈਨਲਾਂ ਤੇ ਵੱਖ-ਵੱਖ ਪ੍ਰੋਗਰਾਮ ਦੇਖ ਕੇ ਅਨੰਦਿਤ ਹੁੰਦੇ ਹਨ  । ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਨਵੇਂ ਸਾਲ ਦੀ ਆਮਦ ਬਹੁਤ ਹੀ ਵਿਸ਼ੇਸ਼ ਤੇ ਮਹੱਤਵਪੂਰਨ ਹੈ । ਇਸ ਦਿਹਾੜੇ ਕਈ ਥਾਂਵਾਂ ਤੇ ਕੀਰਤਨ ਦਰਬਾਰ, ਕਵੀ ਦਰਬਾਰ ਰਾਹੀਂ ਕਵੀ ਜਨ, ਰਾਗੀ, ਪ੍ਰਚਾਰਕ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਕੇ ਹੀ ਸੰਗਤਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਹਨ । ਇਹ ਬਹੁਤ ਚੰਗੀ ਗੱਲ ਹੈ।
        ਨਵੇਂ ਸਾਲ ਦੀ ਆਮਦ ‘ਤੇ ਲੋਕਾਂ ਵੱਲੋਂ ਗਹਿਣੇ, ਕੱਪੜੇ, ਭਾਂਡਿਆਂ ਦੀ ਖ਼ਰੀਦੋ-ਫਰੋਖ਼ਤ ਵੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ । ਅਸੀਂ ਹਜ਼ਾਰਾਂ/ ਲੱਖਾਂ ਰੁਪਏ ਇਸ ਦਿਨ ਜਸ਼ਨਾਂ ਤੇ ਖਰਚ ਕਰ ਦਿੰਦੇ ਹਾਂ। ਇਹਨਾਂ ਰੁਪਈਆ ਖਰਚਣ ਤੋਂ ਬਿਨਾਂ ਵੀ ਸ਼ੁੱਭ ਇੱਛਾਵਾਂ ਤੇ ਮੁਬਾਰਕਾਂ ਭੇਟ ਕੀਤੀਆਂ ਜਾ ਸਕਦੀਆਂ ਹਨ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗ਼ਰੀਬ ਜਾਂ ਮਿਹਨਤੀ ਵਿਅਕਤੀ ਲਈ ਨਵੇਂ ਸਾਲ ਦੇ ਧੁਮ-ਧੜੱਕੇ ਦੀ ਕੀ ਮਹੱਤਤਾ ਹੈ । ਹਰ ਸਾਲ ਹੀ ਸਰਕਾਰਾਂ ਗਰੀਬਾਂ ਦੀ ਹਾਲਤ ਸੁਧਾਰਨ ਦੇ ਵਾਅਦੇ ਕਰਦੀਆਂ ਹਨ ਪਰ ਅਸਲੀਅਤ ਇਹ ਹੈ ਕਿ ਆਜ਼ਾਦੀ ਦੇ 75 ਸਾਲ ਬੀਤਣ ਦੇ ਬਾਅਦ ਵੀ ਦੇਸ਼ ਵਿੱਚ ਗ਼ਰੀਬ ਮਜ਼ਦੂਰਾਂ ਨੂੰ ਪੇਟ ਭਰ ਕੇ ਖਾਣਾ ਵੀ ਨਹੀਂ ਮਿਲਦਾ । ਘਰੇਲੂ ਵਰਤੋਂ ਦੀਆਂ ਲੋੜਾਂ ਤੋਂ ਵੀ ਇਹ ਇਨਸਾਨ ਵਾਂਝੇ ਰਹਿੰਦੇ ਹਨ । ਗ਼ਰੀਬੀ, ਅਨਪੜ੍ਹਤਾ, ਭੁੱਖਮਰੀ, ਬੇਰੁਜ਼ਗਾਰੀ ਕਰਕੇ ਹੀ ਅੱਜ ਕਰੋੜਾਂ ਬੱਚੇ ਢਾਬਿਆਂ-ਹੋਟਲਾਂ ਤੇ ਜੂਠੇ ਬਰਤਨ ਮਾਂਜਦੇ, ਬੂਟ ਪਾਲਸ਼ ਕਰਦੇ, ਬੱਸ ਸਟੈਂਡ, ਸੜਕਾਂ, ਰੇਲਵੇ ਸਟੇਸ਼ਨਾਂ, ਬਜ਼ਾਰਾਂ ਵਿੱਚ ਹੱਥ ਅੱਡ ਕੇ ਮੰਗਦੇ, ਗੰਦ ਮੰਦ ਚੁੱਕਦੇ, ਗਲੀਆਂ ਵਿੱਚ ਝਾੜੂ ਫੇਰਦੇ, ਨਾਲੀਆਂ ਸਾਫ਼ ਕਰਦੇ, ਕਾਗ਼ਜ਼ ਇਕੱਠੇ ਕਰਦੇ ਤੇ ਫੈਕਟਰੀਆਂ ਦੇ ਪ੍ਰਦੂਸ਼ਣ ਧੂੰਏਂ ਵਿੱਚ ਰੁਲਦੇ ਆਮ ਵੇਖੇ ਜਾ ਸਕਦੇ ਹਨ । ਨਿੱਕੇ-ਨਿੱਕੇ ਬੱਚੇ ਸਿਰਾਂ ਤੇ ਭਾਰ ਢੋਅ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ । ਇਹਨਾਂ ਕਰੋੜਾਂ ਬੱਚਿਆਂ ਨੂੰ ਅਸੀਂ ਸਿਰਫ਼ “ਅੱਜ ਦਾ ਬੱਚਾ ਕੱਲ੍ਹ ਦਾ ਨੇਤਾ” ਨਾਂ ਨਾਲ ਹੀ ਕਹਿ ਸਕਦੇ ਹਾਂ  ਜਦਕਿ ਇਹਨਾਂ ਬੱਚਿਆਂ ਨੇ ਸਕੂਲ ਦਾ ਮੂੰਹ ਤੱਕ ਵੀ ਨਹੀਂ ਵੇਖਿਆ ਫਿਰ ਕੱਲ੍ਹ ਦੇ ਨੇਤਾ ਕਿਵੇਂ ਬਣ ਜਾਣਗੇ।
      ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਤੁਹਾਨੂੰ ਲੱਖਾਂ ਲੋਕ ਸੜਕਾਂ ਤੇ ਰੁਲਦੇ ਪਏ ਮਿਲਣਗੇ । ਕਰੋੜਾਂ ਲੋਕ ਭਿਆਨਕ ਬਿਮਾਰੀਆਂ ਕਾਰਨ ਦਵਾਈਆਂ ਨਾ ਲੈ ਸਕਣ ਕਰਕੇ ਹੀ ਆਪਣੀ ਜ਼ਿੰਦਗੀ ਖ਼ਤਮ ਕਰ ਬੈਠਦੇ ਹਨ । ਹਰ ਸਾਲ ਹੀ ਨਵੇਂ ਸਾਲ ਤੇ ਰਸਮੀ ਤੌਰ ਤੇ ਸ਼ੁੱਭ ਇੱਛਾਵਾਂ, ਮੁਬਾਰਕਾਂ ਦਿੱਤੀਆਂ ਜਾਂਦੀਆਂ ਹਨ । ਇਸ ਸਾਲ ਵੀ ਹਰ ਪਰਿਵਾਰ ਨੇ ਆਪਣੇ ਭੈਣਾਂ-ਭਰਾਵਾਂ, ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ, ਹੈਪੀ ਨਿਊ ਯੀਅਰ ਦੇ ਗਰੀਟਿੰਗ ਕਾਰਡ ਡਾਕ ਰਾਹੀਂ ਭੇਜ ਕੇ ਵਧਾਈ ਦਿੱਤੀ ਜਾਂ ਫਿਰ ਨਵੇਂ ਸਾਲ ਦੀ ਸਵੇਰ ਨੂੰ ਲੈਂਡਲਾਈਨ ਟੈਲੀਫੋਨ ਜਾਂ ਮੋਬਾਇਲ ਫੋਨ ਰਾਹੀਂ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹਨ । ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ, ਸੰਸਥਾਵਾਂ, ਦੁਕਾਨਦਾਰ, ਵਪਾਰਕ ਅਦਾਰਿਆਂ ਵਿੱਚ ਲੋਕ/ ਮੁਲਾਜ਼ਮ ਇੱਕ ਦੂਜੇ ਨੂੰ ਮਿਲਣ ਸਮੇਂ ਵਧਾਈਆਂ ਦਿੰਦੇ ਹਨ । ਅਖ਼ਬਾਰਾਂ ਵੱਲੋਂ ਵੀ ਆਪਣੇ ਪਾਠਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਜਾਂਦੀ ਹੈ।  ਨਵੇਂ ਸਾਲ 2026 ਦੀ ਆਮਦ ਤੇ ਅਰਦਾਸ ਹੈ ਕਿ ਹਰ ਇੱਕ ਨੂੰ ਰੱਜਵੀਂ ਰੋਟੀ ਮਿਲੇ । ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਆਮ ਆਦਮੀ ਲਈ ਕੋਈ ਨਵੀਂ ਆਸ ਦੀ ਕਿਰਨ ਲੈ ਕੇ ਆਵੇ ਤਾਂ ਕਿ ਸੰਸਾਰ ਦੇ ਸਾਰੇ ਲੋਕ ਨਵੇਂ ਸਾਲ ਦਾ ਨਿੱਘਾ ਆਨੰਦ ਮਾਣ ਸਕਣ।
 ਕਰਨੈਲ ਸਿੰਘ ਐੱਮ.ਏ.
 # 1138/63-ਏ, ਗੁਰੂ ਤੇਗ ਬਹਾਦਰ ਨਗਰ, 
 ਗਲੀ ਨੰਬਰ 1, ਚੰਡੀਗੜ੍ਹ ਰੋਡ,ਜਮਾਲਪੁਰ, ਲੁਧਿਆਣਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਵਾਂ ਸਾਲ ਮੁਬਾਰਕ
Next articleਯੂਥ ਅਗੇਂਸਟ ਡਰੱਗਜ਼ ਮੁਹਿੰਮ ਤਹਿਤ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਨਸ਼ਿਆ ਤੋ ਦੂਰ ਰਹਿਣ ਬਾਰੇ ਕਰਵਾਇਆ ਜਾਗਰੂਕਤਾ ਸੈਮੀਨਾਰ ।