
(ਸਮਾਜ ਵੀਕਲੀ) ਮਨੁੱਖ ਵੱਲੋਂ ਆਪਣੇ ਕੰਮਾਂ ਕਾਜਾਂ ਨੂੰ ਤਰਤੀਬ ਦੇਣ ਲਈ ਅਤੇ ਦਿਨਾਂ ਤਿਉਹਾਰਾਂ ਦਾ ਹਿਸਾਬ ਕਿਤਾਬ ਰੱਖਣ ਲਈ ਦਿਨਾਂ ਮਹੀਨਿਆਂ ਅਤੇ ਸਾਲਾਂ ਦੇ ਹਿਸਾਬ ਨਾਲ ਕੈਲੰਡਰ ਬਣਾਏ ਗਏ। ਸਮੇਂ ਸਮੇਂ ਅਨੁਸਾਰ ਇਹਨਾਂ ਵਿੱਚ ਥੋੜ੍ਹੀਆਂ ਬਹੁਤੀਆਂ ਤਬਦੀਲੀਆਂ ਵੀ ਕੀਤੀਆਂ ਗਈਆਂ। ਇਸੇ ਤਰ੍ਹਾਂ ਸਮੇਂ ਦੀ ਗਿਣਤੀ ਮਿਣਤੀ ਦੀ ਸਹੂਲਤ ਲਈ ਮਨੁੱਖ ਵਲੋਂ ਬਣਾਏ ਗਏ ਵੱਖ ਵੱਖ ਕੈਲੰਡਰਾਂ ਅਨੁਸਾਰ ਇੱਕ ਬੀਤ ਚੁੱਕੇ ਸਾਲ ਨੂੰ ਪੁਰਾਣਾ ਜਾਂ ਪਿਛਲਾ ਸਾਲ ਅਤੇ ਸ਼ੁਰੂ ਹੋ ਰਹੇ ਸਾਲ ਨੂੰ ਨਵਾਂ ਸਾਲ ਕਹਿੰਦੇ ਹਾਂ। ਨਵਾਂ ਸਾਲ ਉਹ ਸਮਾਂ ਹੁੰਦਾ ਹੈ ਜਦੋਂ ਪੁਰਾਣੇ ਕਲੰਡਰ ਦਾ ਬਾਰਾਂ ਮਹੀਨਿਆਂ ਬਾਅਦ ਸਾਲ ਮੁੱਕਦਾ ਹੈ ਅਤੇ ਨਵੇਂ ਕਲੰਡਰ ਦਾ ਸਾਲ ਨਵੇਂ ਮਹੀਨੇ ਦੇ ਨਵੇਂ ਦਿਨ ਨਾਲ ਸ਼ੁਰੂ ਹੁੰਦਾ ਹੈ। ਬਹੁਤ ਸਾਰੇ ਸੱਭਿਆਚਾਰਾਂ ਵਿੱਚ, ਇਸ ਘਟਨਾ ਜਾਂ ਵਿਸ਼ੇਸ਼ ਦਿਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਦੁਨੀਆ ਭਰ ਵਿੱਚ ਅੱਜ ਗ੍ਰੇਗਰੀ ( ਗ੍ਰੇਗੋਰੀਅਨ) ਕਲੰਡਰ ਵਾਲਾ ਨਵਾਂ ਸਾਲ ਮਨਾਇਆ ਜਾਣ ਲੱਗ ਪਿਆ ਹੈ। ਇਹ ਪੁਰਾਣੇ ਰੋਮਨ ਕੈਲੰਡਰ ਅਤੇ ਉਸ ਦੀ ਥਾਂ ਲਾਗੂ ਕੀਤੇ ਜੂਲੀਅਨ ਕੈਲੰਡਰ ਦੋਨਾਂ ਦੇ ਅਨੁਸਾਰ ਹੀ 1 ਜਨਵਰੀ ਨੂੰ ਨਵਾਂ ਸਾਲ ਸ਼ੁਰੂ ਹੁੰਦਾ ਹੈ। ਉਂਝ 1 ਜਨਵਰੀ ਨੂੰ ਨਵਾਂ ਸਾਲ ਮਨਾਉਣਾ 15 ਅਕਤੂਬਰ 1582 ਤੋਂ ਸ਼ੁਰੂ ਹੋਇਆ। ਇੱਕ ਹੈਰਾਨੀਜਨਕ ਗੱਲ ਇਹ ਵੀ ਹੈ ਕਿ ਸਾਰੀ ਦੁਨੀਆ ਵਿੱਚ ਨਵਾਂ ਸਾਲ ਇੱਕ ਜਨਵਰੀ ਨੂੰ ਨਹੀਂ ਮਨਾਇਆ ਜਾਂਦਾ। ਦੁਨੀਆ ਭਰ ਵਿੱਚ ਲੋਕ ਵੱਖ-ਵੱਖ ਸੱਭਿਆਤਾ ਨਾਲ਼ ਸਬੰਧ ਰੱਖਦੇ ਹਨ, ਦੁਨੀਆਂ ਭਰ ਵਿੱਚ ਆਪੋ ਆਪਣੀ ਸਭਿਅਤਾ ਦੇ ਹਿਸਾਬ ਨਾਲ ਸਾਲ ਦੇ 365 ਦਿਨਾਂ ਵਿੱਚ 80 ਨਵੇਂ ਸਾਲ ਆਉਂਦੇ ਹਨ। ਪਰੰਤੂ ਇਹਨਾਂ ਵਿਚੋਂ ਕਈ ਤਰੀਕਾਂ ਇੱਕੋ ਦਿਨ ਆ ਜਾਂਦੀਆਂ ਹਨ, ਜਿਸ ਕਰਕੇ ਸਾਲ ਦੇ 12 ਮਹੀਨਿਆਂ ਵਿੱਚੋਂ 58 ਦਿਨ ਨਵਾਂ ਸਾਲ ਮਨਾਇਆ ਜਾਂਦਾ ਹੈ। ਜਿਵੇਂ ਪੰਜਾਬੀ ਲੋਕ ਦੇਸੀ ਮਹੀਨਿਆਂ ਅਨੁਸਾਰ ਚੇਤ ਮਹੀਨੇ ਦੇ ਪਹਿਲੇ ਦਿਨ ਤੋਂ ਨਵੇਂ ਸਾਲ ਦੀ ਸ਼ੁਰੂਆਤ ਮੰਨਦੇ ਹਨ । ਹਾਲਾਂ ਕਿ ਗੁਰਬਾਣੀ ਅਨੁਸਾਰ ਉਹੀ ਦਿਨ ਸੁਹਾਵੜਾ ਹੈ ਜਿਸ ਦਿਨ ਪ੍ਰਭੂ ਦੀ ਯਾਦ ਚਿੱਤ ਵਿੱਚ ਵਸ ਜਾਂਦੀ ਹੈ ਤੇ ਜਿਸ ਦਿਨ ਵਿਸਰ ਜਾਵੇ ਉਹ ਦਿਨ ਫਿਟਕਾਰਯੋਗ ਹੈ: ‘‘ਨਾਨਕ! ਸੋਈ ਦਿਨਸੁ ਸੁਹਾਵੜਾ, ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ, ਫਿਟੁ ਭਲੇਰੀ ਰੁਤਿ॥
ਗੁਰਮਤਿ ਅਨੁਸਾਰ ਸਾਰੇ ਦਿਨ ਹੀ ਬਰਾਬਰ ਹਨ ਭਾਵ ਕੋਈ ਚੰਗਾ ਜਾਂ ਮਾੜਾ ਨਹੀਂ ਕਿਉਂਕਿ ਹਰ ਰੋਜ਼ ਉਹੀ ਚੰਦਰਮਾਂ ਅਤੇ ਓਹੀ ਤਾਰੇ ਚੜ੍ਹਦੇ ਹਨ ਅਤੇ ਉਹੀ ਸੂਰਜ ਅਸਮਾਨ ਵਿੱਚ ਚਮਕਦਾ ਹੈ। ਉਹੀ ਜ਼ਮੀਨ ਹੈ ਅਤੇ ਉਹ ਹੀ ਹਵਾ ਵਗਦੀ ਹੈ। ਬੰਦਾ ਖੁਦ ਵੀ ਪੁਰਾਣਾ ਹੀ ਰਹਿੰਦਾ ਉਸ ਵਿੱਚ ਕੁਝ ਵੀ ਨਵਾਂ ਨਹੀਂ ਹੁੰਦਾ। ਇਸ ਤਰ੍ਹਾਂ ਬੰਦੇ ਦੇ ਅੰਦਰ ਤਾਂ ਕੁਝ ਵੀ ਨਵਾਂ ਨਹੀਂ ਵਾਪਰ ਰਿਹਾ ਹੁੰਦਾ ਪਰ ਬਾਹਰ ਨਵੇਂ ਤੇ ਨਵਾਂ ਸਾਲ ਚੜ੍ਹਾਈ ਜਾਂਦਾ ਹੈ । ਅੰਦਰੋਂ ਹੋਰ ਪੁਰਾਣੇ ਤੋਂ ਪੁਰਾਣਾ ਹੋਈ ਜਾਂਦਾ ਹੈ ਤੇ ਉਹੀ ਸਭ ਕੁਝ ਪੁਰਾਣਾ ਉਂਝ ਹੀ ਸਾਡੇ ਨਾਲ ਨਾਲ ਤੁਰਿਆ ਜਾਂਦਾ ਹੈ। ਜੋ ਅਸੀਂ ਪਿਛਲੇ ਸਾਲ ਸੀ ਉਹੀ ਅਸੀਂ ਨਵੇਂ ਸਾਲ ਵਿੱਚ ਹੁੰਦੇ ਹਾਂ।ਇਹ ਦੁਨੀਆਂ ਦਾ ਦਸਤੂਰ ਹੀ ਰਿਹਾ ਹੈ । ਅਸੀਂ ਬੀਤਿਆਂ ਤੋਂ ਕੁਝ ਨਹੀਂ ਸਿੱਖਦੇ ਬਲਕਿ ਹੋਰ ਜੋਰ ਸ਼ੋਰ ਨਾਲ ਬੀਤੀਆਂ ਘਟਨਾਵਾਂ, ਬੀਤੇ ਕੱਲ੍ਹ ਨੂੰ ਅੱਜ ਦੇ ਨਾਲ਼ ਨਾਲ਼ ਹੀ ਖਿੱਚੀ ਫਿਰਦੇ ਹਾਂ। ਇੱਥੋਂ ਤੱਕ ਕਿ ਮਨੁੱਖ ਬੁੱਢਾ ਹੋਣ ਤੱਕ ਅਪਣਾ ਬਚਪਨ ਅਤੇ ਜਵਾਨੀ ਵੀ ਨਾਲ਼ ਨਾਲ਼ ਹੀ ਘੜੀਸੀ ਫਿਰਦਾ ਹੈ, ਇਹੀ ਕਾਰਨ ਹੈ ਕੁਝ ਵੀ ਨਵਾਂ ਨਹੀਂ ਵਾਪਰਦਾ ਅਤੇ ਜੀਵਨ ਵਿਚ ਪੁਰਾਣਿਆਂ ਵਕਤਾਂ ਨੂੰ ਹੀ ਯਾਦ ਕਰ ਕਰ ਕੇ ਜਾਂ ਤਾਂ ਉਹਨਾਂ ਨੂੰ ਝੂਰੀ ਜਾਂਦਾ ਹੈ ਜਾਂ ਪੁਰਾਣੀਆਂ ਖੁਸ਼ੀਆਂ ਨੂੰ ਯਾਦ ਕਰਕੇ ਅੱਜ ਨੂੰ ਝੂਰੀ ਜਾਂਦਾ ਹੈ। ਫ਼ਿਰ ਨਵੇਂ ਸਾਲ ਮਨਾਉਣ ਦਾ ਕੀ ਫਾਇਦਾ ਹੋਇਆ? ਜਿਉਂ ਜਿਉਂ ਸਾਲ ਨਵੇਂ ਆਈ ਜਾਂਦੇ ਨੇ ਤਿਉਂ ਤਿਉਂ ਪੁਰਾਣਾ ਵਕਤ ਹੋਰ ਬਲਵਾਨ ਹੋਈ ਜਾਂਦਾ ਹੈ ਕਿਉਂਕਿ ਮਨੁੱਖ ਤੋਂ ਪੁਰਾਣਾ ਛੁੱਟਦਾ ਨਹੀਂ ਤੇ ਨਵੇਂ ਵਿੱਚ ਕੁਝ ਹੋਰ ਨਵਾਂ ਕਰਨ ਲਈ ਲੋਚਦਾ ਨਹੀਂ। ਪਰ ਹਰ ਸਾਲ ਨਵੇਂ ਸਾਲ ਦੇ ਕੁਝ ਪਲ ਜਰੂਰ ਮਨ ਨੂੰ ਤਸੱਲੀ ਮਿਲ ਜਾਂਦੀ ਹੈ । ਇਹਨਾਂ ਪਲਾਂ ਨੂੰ ਮਨੁੱਖ ਹੋਰ ਲੰਮੇਰਾ ਕਰ ਸਕਦਾ ਹੈ ਤਾਂ ਜੋ ਨਾਕਾਰਾਤਮਿਕ ਚੀਜ਼ਾਂ ਨੂੰ ਤਿਆਗ ਕੇ ਆਉਣ ਵਾਲੇ ਸਮੇਂ ਵਿੱਚ ਕੁਝ ਨਾ ਕੁਝ ਸਾਕਾਰਾਤਮਕ ਸੋਚ ਨਾਲ ਅੱਗੇ ਵਧਣ ਦਾ ਪ੍ਰਣ ਕੀਤਾ ਜਾਵੇ।
ਇੱਕ ਹੋਰ ਨਵਾਂ ਸਾਲ ਸਾਡੇ ਵਿਹੜਿਆਂ ਵਿੱਚ ਨੱਚਦਾ ਟੱਪਦਾ,ਝੂਮਰ ਪਾਉਂਦਾ ਆ ਵੜਿਆ ਹੈ। ਆਓ ! ਆਪਾਂ ਵੀ ਇਸ ਵਰਗੇ ਨਵੇਂ ਨਵੇਂ ਬਣਨ ਦੀਆਂ ਕੋਸ਼ਿਸ਼ਾਂ ਕਰੀਏ, ਕੁਝ ਨਵੇਂ ਨਵੇਂ ਟੀਚੇ ਮਿੱਥੀਏ ਕਿਉਂਕਿ ਆਪਾਂ ਸਭ ਨੂੰ ਪਤਾ ਹੈ ਕਿ ਨਵਾਂ ਸਾਲ ਹਰ ਇਨਸਾਨ ਲਈ ਨਵੀਆਂ ਉਮੀਦਾਂ, ਨਵੀਆਂ ਉਮੰਗਾਂ ਅਤੇ ਨਵੀਆਂ ਖ਼ੁਸ਼ੀਆਂ ਦੀਆਂ ਸੰਭਾਵਾਨਾਵਾਂ ਨਾਲ ਮਾਨਸਿਕ ਤੌਰ ਤੇ ਜਰੂਰ ਭਰਿਆ ਹੁੰਦਾ ਹੈ। ਇਸ ਲਈ ਹਰ ਕੋਈ ਚਾਹੁੰਦਾ ਹੈ ਕਿ ਉਸਦੇ ਨਵੇਂ ਸਾਲ ਦੀ ਸ਼ੁਰੂਆਤ ਆਮ ਦਿਨਾਂ ਵਾਂਗ ਹੀ ਨਾ ਹੋਵੇ, ਬਲਕਿ ਇਸ ਦਿਨ ਉਹ ਕੁਝ ਵਿਸ਼ੇਸ਼ ਕਰੇ। ਜਿਵੇਂ ਨਾਵਲਕਾਰ ਨਰਿੰਜਨ ਤਸਨੀਮ ਦੇ ਨਾਵਲ “ਇੱਕ ਹੋਰ ਨਵਾਂ ਸਾਲ” ਵਿੱਚ ਬੰਤੇ ਦੇ ਮਨ ਵਿੱਚ ਨਵੇਂ ਸਾਲ ਨੂੰ ਕੁਝ ਖਾਸ ਤਰੀਕੇ ਨਾਲ ਮਨਾਉਣ ਦੀ ਇੱਛਾ ਪ੍ਰਗਟ ਹੋਈ ਸੀ ਤੇ ਉਹ ਦੁਪਹਿਰ ਨੂੰ ਆਪਣੇ ਤਿੰਨੇ ਜਵਾਕਾਂ ਨੂੰ ਰਿਕਸ਼ੇ ਤੇ ਇੱਕ ਝੂਟੀ ਦੇ ਕੇ ਨਵੀਂ ਜਿਹੀ ਖ਼ੁਸ਼ੀ ਦਾ ਅਨੁਭਵ ਕਰ ਲੈਂਦਾ ਹੈ।ਬਾਕੀ ਤਾਂ ਉਸ ਦੀ ਪਤਨੀ ਤਾਰੋ ਬੰਤੇ ਦੇ ਵਾਰ ਵਾਰ ਨਵਾਂ ਸਾਲ ਨਵੇਂ ਤਰੀਕੇ ਨਾਲ ਮਨਾਉਣ ਲਈ ਕਹਿਣ ਤੇ ਵੀ ਜਵਾਬ ਦਿੰਦੀ ਹੈ ਕਿ ਸਭ ਕੁਝ ਤਾਂ ਉਂਝ ਹੀ ਰਹਿੰਦਾ ਹੈ ਫਿਰ ਨਵਾਂ ਸਾਲ ਕਾਹਦਾ? ਇਸ ਤਰ੍ਹਾਂ ਹਰ ਕੋਈ ਆਪਣੀ ਆਪਣੀ ਮਾਨਸਿਕਤਾ ਅਨੁਸਾਰ ਹਰ ਦਿਨ ਨੂੰ ਜਿਉਂਦਾ ਹੈ। ਜੇ ਨਵਾਂ ਦਿਨ ਚੜ੍ਹ ਰਿਹਾ ਹੈ ਤਾਂ ਫਿਰ ਖੁਸ਼ੀ ਖੁਸ਼ੀ ਮਨਾਉਣ ਵਿੱਚ ਹਰਜ ਵੀ ਕੀ ਹੈ।
ਨਵੇਂ ਸਾਲ ਨੂੰ ਕੁਝ ਨਵਾਂ ਕਰਨ ਦੀ ਇੱਛਾ ਕਰਕੇ ਹੀ ਬਹੁਤੀ ਦੁਨੀਆਂ ਅਜਿਹੀ ਹੈ ਜੋ ਨਵੇਂ ਸਾਲ ਉੱਤੇ ਘੁੰਮਣ ਜਾਂਦੀ ਹੈ। ਕਈ ਲੋਕ ਕਲੱਬਾਂ ਵਿੱਚ ਜਾ ਕੇ ਮਨਾਉਂਦੇ ਹਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਅਜਿਹੀਆਂ ਕਈ ਥਾਵਾਂ ਹਨ ਜਿੱਥੇ ਨਵਾਂ ਸਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ , ਜਿੱਥੇ ਨਵਾਂ ਸਾਲ ਮਨਾਉਣ ਲਈ ਲੋਕ ਕਈ ਕਈ ਮਹੀਨੇ ਪਹਿਲਾਂ ਹੀ ਬੁਕਿੰਗ ਕਰਵਾ ਦਿੰਦੇ ਹਨ ਪਰ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਘਰੋਂ ਬਾਹਰ ਜਾ ਕੇ ਹੀ ਕਿਸੇ ਹੋਰ ਥਾਂ ਤੇ ਜਾ ਕੇ ਨਵਾਂ ਸਾਲ ਮਨਾਇਆ ਜਾ ਸਕੇ। ਨਵਾਂ ਸਾਲ ਤਾਂ ਆਪਣੇ ਘਰ ਵਿੱਚ ਹੀ ਰਹਿ ਕੇ ਆਪਣੇ ਪਰਿਵਾਰ ਅਤੇ ਆਪਣਿਆਂ ਨਾਲ਼ ਮਿਲ਼ ਕੇ ਮਨਾਇਆ ਜਾ ਸਕਦਾ ਹੈ ਤੇ ਇਸ ਖ਼ਾਸ ਦਿਨ ਨੂੰ ਬਹੁਤ ਖ਼ਾਸ ਬਣਾਇਆ ਜਾ ਸਕਦਾ ਹੈ।
ਨਵਾਂ ਸਾਲ ਮੁਬਾਰਕ!
ਬਰਜਿੰਦਰ ਕੌਰ ਬਿਸਰਾਓ…
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


