(ਸਮਾਜ ਵੀਕਲੀ)
‘ਜੋ ਵੀ ਵਿਅਕਤੀ ਕਰਮ(ਸਾਰਥਿਕ ਕੰਮ) ਆਪਣੀ ਸੋਚ ਤੇ ਹੰਢਾਏ ਦੁੱਖਾਂ ਵਿੱਚੋਂ ਸੇਧ ਲੈਂਦਾ ਹੈ’ਕੁਦਰਤ ਖੁਦ ਨਵੇਂ ਰਸਤੇ ਪੈਦਾ ਕਰ ਦਿੰਦੀ ਹੈ।ਆਪਣੇ ਰਸਤੇ ਆਪ ਬਣਾਏ ਹੋਣ ਕਦੇ ਕੋਈ ਰੋੜਾ ਨਹੀਂ ਬਣ ਸਕਦਾ,ਜਿੱਤ ਹਮੇਸ਼ਾ ਨਾਲ ਚੱਲਦੀ ਹੈ,ਰਸਤਾ ਰੋਕਣ ਵਾਲੇ ਹਾਰ ਮੰਨ ਜਾਂਦੇ ਹਨ।ਅਜਿਹੇ ਲੋਕ ਯਕੀਨਨ ਕਿਸੇ ਨਾ ਕਿਸੇ ਸਮੇਂ ਦੂਸਰਿਆਂ ਲਈ ਮਾਰਗ ਦਰਸ਼ਨ ਬਣਦੇ ਹਨ ਤੇ ਮੈਨੂੰ ਵੀ ਉਨ੍ਹਾਂ ਲੋਕਾਂ ਦਾ ਜ਼ਿਕਰ ਕਰਨਾ ਬਹੁਤ ਚੰਗਾ ਲੱਗਦਾ ਹੈ ।ਕਿਉਂਕਿ ਉਹ ਲੋਕ ਸਮਾਜ ਦੀ ਸਿਰਜਣਾ ਲਈ ਸੇਧ ਦਾ ਕੰਮ ਕਰਦੇ ਹਨ।
ਅਜਿਹੇ ਲੋਕਾਂ ਵਿੱਚੋਂ ਇੱਕ ਹੈ ਮਹਾਨ ਲੇਖਿਕਾ “ਵੀਰਪਾਲ ਕੌਰ ਭੱਠਲ”।ਪਿੰਡ ਲੱਖੇ (ਨਿਹਾਲ ਸਿੰਘ ਵਾਲਾ) ਮਾਤਾ ਚਰਨਜੀਤ ਕੌਰ ਅਤੇ ਪਿਤਾ ਹਰਨੇਕ ਸਿੰਘ ਦੇ ਘਰ ਜਨਮੀ ਵੀਰਪਾਲ ਦਾ ਪਾਲਣ ਪੋਸ਼ਣ ਆਪਣੇ ਨਾਨਕੇ ਘਰ ਅਹਿਮਦਗੜ੍ਹ ਵਿਖੇ ਹੋਇਆ।ਵੀਰਪਾਲ ਨੇ ਜਿੰਦਗੀ ਦੇ ਚੜ੍ਹਦੇ ਦਿਨਾਂ ਦੌਰਾਨ ਬਹੁਤ ਦੁੱਖ ਦੇਖੇ ਹਨ,ਪਰ! ਇਨ੍ਹਾਂ ਦੁੱਖਾਂ ਤੋਂ ਘਬਰਾਕੇ ਉਸਨੇ ਹਾਰ ਨਹੀਂ ਮੰਨੀ,ਅਤੇ ਦੁੱਖਾਂ ਦੇ ਇਸ ਪਹਾੜ ਨੂੰ ਤਰਾਸ਼ ਕੇ ਏਦਾਂ ਘੜਿਆ ਕਿ ਉਸਦੇ ਰਾਹ ਪੱਧਰੇ ਹੋ ਗਏ।ਇਸ ਹੋਣਹਾਰ ਲੇਖਿਕਾ ਦਾ ਕਹਿਣਾ ਹੈ ਕਿ ਉਸਦਾ ਜਨਮ ਬੇਸ਼ੱਕ ਇੱਕ ਗਰੀਬ ਪਰਿਵਾਰ ਵਿੱਚ ਹੋਇਆ,ਪਰ! ਉਹ ਗਰੀਬ ਮਰਨਾ ਨਹੀਂ ਚਾਹੁੰਦੀ ਜੇ ਮੇਰੇ ਵਿੱਚ ਸਾਈਕਲ ਖਰੀਦਣ ਦੀ ਹਿੰਮਤ ਹੈ ਤਾਂ ਉਹ ਸੁਪਨਾਂ ਕਾਰ ਲੈਣ ਦਾ ਦੇਖਦੀ ਹੈ।ਕਿਉਕਿ ਸੁਪਨਿਆਂ ਨੇ ਹੀ ਮਿਹਨਤ ਨਾਲ ਹਕੀਕਤ ਹੋਣਾ ਹੁੰਦਾ ਹੈ,ਤਾਂ ਸੁਪਨੇ ਹਮੇਸ਼ਾ ਹੀ ਵੱਡੇ ਦੇਖੋ।
ਆਪਣੇ ਆਪ ਨਾਲ ਲੜੋ,ਨਾ ਕਿ ਦੂਸਰਿਆਂ ਨਾਲ ਆਪਣੀ ਪ੍ਰਤਿਭਾ ਨੂੰ ਮਾਪੋ।ਕੁਦਰਤ ਨੇ ਤੁਹਾਨੂੰ ਜੋ ਕਲਾ ਬਖਸ਼ੀ ਹੈ ਉਹ ਦੂਸਰੇ ਕੋਲ ਨਹੀਂ,ਇਸ ਕਰਕੇ ਸਿਰਫ ਆਪਣੇ ਆਪ ਨਾਲ ਮੁਕਾਬਲਾ ਰੱਖੋ।ਅਜਿਹੇ ਭਲੇ ਤੇ ਉਸਾਰੂ ਕੰਮ ਕਰੋ ਦੁਨੀਆਂ ਤੋਂ ਤੁਰ ਜਾਣ ਤੋਂ ਬਾਅਦ ਲੋਕਾਂ ਨੂੰ ਯਾਦ ਰਹਿਣ, ਤਜ਼ਰਬਿਆਂ ਅਤੇ ਸਬਕਾਂ ਨਾਲ ਭਰੀ ਵੀਰਪਾਲ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਲੋਕ ਜਿਉਂਦਿਆਂ ਦੇ ਸੁਪਨੇ ਤੋੜਦੇ ਹਨ,ਚਾਹੇ ਉਹ ਆਪਣੇ ਹੀ ਕਿਉਂ ਨਾ ਹੋਣ।ਪਰ! ਉਸਨੇ ਆਪਣੇ ਆਪ ਨੂੰ ਮਿਸਾਲ ਦੇ ਤੌਰ ‘ਤੇ ਪੇਸ਼ ਕਰਦਿਆਂ ਦੱਸਿਆ ਕਿ ਦੁਨੀਆਂ ਤੋਂ ਗਿਆਂ ਦੇ ਸੁਪਨੇ ਵੀ ਕਿਵੇਂ ਪੂਰੇ ਕੀਤੇ ਜਾ ਸਕਦੇ।ਕਵਿੱਤਰੀ ਵੀਰਪਾਲ ਆਪਣੇ ਛੋਟੇ ਭਰਾ ਜਗਸੀਰ ਸੰਧੂ ਜੋ 10 ਸਾਲ ਪਹਿਲਾਂ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ,ਦੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਲੱਗੀ ਹੋਈ ਹੈ।ਜਗਸੀਰ ਸੰਧੂ ਇੱਕ ਵੱਡਾ ਗੀਤਕਾਰ ਬਣਨ ਦੀ ਇੱਛਾ ਨੂੰ ਲੈਕੇ ਦੁਨੀਆਂ ‘ਚੋਂ ਚਲਿਆ ਗਿਆ,ਆਪਣੇ ਭਰਾ ਦੇ ਰਸਤੇ ਤੇ ਚੱਲਣ ਦਾ ਪੱਕਾ ਇਰਾਦਾ ਬਣਾ ਲਿਆ।
ਵੀਰਪਾਲ ਕੌਰ ਤੋਂ ਵੀਰਪਾਲ ਕੌਰ ਭੱਠਲ ਦਾ ਸਫ਼ਰ ਬਹੁਤ ਮੁਸ਼ਕਿਲਾਂ ਭਰਿਆ ਸੀ ।ਘਰ ਦੇ ਕਲਮ ਚਲਾਉਣ ਦੀ ਆਗਿਆ ਨਹੀਂ ਦਿੰਦੇ ਸਨ,ਪਹਿਲਾਂ ਤਾਂ ਉਨ੍ਹਾਂ ਨਾਲ ਜੰਗ ਲੜਨੀ ਪਈ।ਵਿਆਹ ਬਾਅਦ ਜਿਹੜੀਆਂ ਕਾਪੀਆਂ ‘ਤੇ ਉਹ ਲਿਖਦੀ ਸੀ,ਉਹ ਕਾਪੀਆਂ ਵੀਰਪਾਲ ਨੂੰ ਕਮਰੇ ਵਿੱਚ ਬੰਦ ਕਰਕੇ ਉਸਦੇ ਪਤੀ ਨੇ ਸਾੜ ਦਿੱਤੀਆਂ।ਬਹੁਤ ਮਿਨਤਾ ਤਰਲੇ ਕੀਤੇ,ਪਰ! ਇੱਕ ਨਾ ਸੁਣੀ ਗਈ।ਫਿਰ ਵੀਰਪਾਲ ਨੂੰ ਇਸ ਗੱਲ ਦਾ ਬਹੁਤ ਸਦਮਾ ਲੱਗਿਆ।ਅਤੇ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ।ਬਹੁਤ ਇਲਾਜ ਕਰਵਾਇਆ ਪਰ ਕਿਤੋਂ ਵੀ ਫ਼ਰਕ ਨਾ ਪਿਆ ,ਹੌਲੀ ਹੌਲੀ ਇਹ ਕਵਿਤਰੀ ਤੁਰਦੀ ਫਿਰਦੀ ਲਾਸ਼ ਬਣ ਗਈ।ਡਿਪਰੈਸ਼ਨ ਵਿਚ ਆ ਕੇ ਅਨੇਕਾਂ ਬੀਮਾਰੀਆਂ ਨੇ ਉਸ ਨੂੰ ਘੇਰ ਲਿਆ,ਬਚਣ ਦਾ ਕੋਈ ਪਤਾ ਨਹੀਂ ਸੀ।
ਭਰਾ ਦੇ ਅਧੂਰੇ ਸੁਪਨੇ ਨੇ ਬੱਸ ਉਸਨੂੰ ਮਰਨ ਨਹੀਂ ਦਿੱਤਾ। ਬੱਸ ਇਸੇ ਜਨੂੰਨ ਨੇ ਉਸਨੂੰ ਮੁੜ ਲਿਖਣ ਲਈ ਪ੍ਰੇਰਿਆ ਫੇਰ ਕੀ ਸੀ ਘਰਦਿਆਂ ਤੋਂ ਚੋਰੀ ਚੋਰੀ ਲਿਖਣਾ। ਇੱਕ ਰਚਨਾਂ ਨੂੰ ਪੂਰੀ ਕਰਨ ਲਈ ਪਹਿਲਾਂ ਪਹਿਲਾਂ 3-3 ਮਹੀਨੇ ਵੀ ਲੱਗ ਜਾਣੇ।ਪਰ ਉਸਨੇ ਲਿਖਣਾ ਜਾਰੀ ਰੱਖਿਆ ਅਤੇ ਹੁਣ ਸਿੱਟਾ ਤੁਹਾਡੇ ਸਾਹਮਣੇ ਹੈ।ਵੀਰਪਾਲ ਸਭ ਤੋਂ ਪਹਿਲਾਂ ਕੁਦਰਤ ਦਾ ਧੰਨਵਾਦ ਕਰਦੀ ਹੋਈ ਕਹਿੰਦੀ ਹੈ।”ਉਸਨੇ ਲੋਕਾਂ ਦੀ ਫਿਤਰਤ ਬਾਰੇ ਲਿਖਦਿਆਂ ਦੱਸਿਆ ਕਿ ਬੇਸ਼ੱਕ ਉਸਦੀ ਹੁਣ ਤੱਕ ਜਿੰਦਗੀ ਸਬਕਾਂ ਭਰੀ ਸੀ,ਪਰ ਉਸਨੂੰ ਹਰ ਚੰਗੇ ਮਾੜੇ ਇਨਸਾਨ ਦੀ ਪਹਿਚਾਣ ਹੋਣ ਲੱਗ ਗਈ ।ਜਿਸ ਬਾਰੇ ਉਸਨੇ ਹੇਠ ਲਿਖੀਆਂ ਕਵਿਤਾ ਰੂਪੀ ਸਤਰਾਂ ਲਿਖੀਆਂ ….
“ਚਿਹਰੇ ਸਾਨੂੰ ਪੜ੍ਹਨੇ ਆ ਗਏ
ਚੋਰ ਸਾਨੂੰ ਹੁਣ ਫੜਨੇ ਆ ਗਏ
ਭੋਲੇ ਪੰਛੀ ਹੁੰਦੇ ਸੀ ਕਦੇ
ਹੁਣ ਤਾਂ ਕੋਕੇ ਜੜਨੇ ਆ ਗਏ”
ਵੀਰਪਾਲ ਦੱਸਦੀ ਹੈ ਕਿ ਇਨ੍ਹਾਂ ਸਬਕਾਂ ਮੁਸੀਬਤਾਂ ਨੇ ਹੀ ਉਸਨੂੰ ਆਪਣੇ ਅਤੇ ਬੇਗਾਨੇ ਦੀ ਪਰਖ ਕਰਨ ਦੀ ਸਮਝ ਬਖਸ਼ੀ ਹੈ।ਦੁਬਾਰਾ ਤੋਂ ਲਿਖਣੀ ਦੇ ਸ਼ੁਰੂਆਤੀ ਦੌਰ ਬਾਰੇ ਦੱਸਦਿਆਂ ਵੀਰਪਾਲ ਦੀਆਂ ਲਿਖਤਾਂ ਪੰਜਾਬ ਅਤੇ ਵਿਦੇਸ਼ ਵਿੱਚ ਛਪਦੇ ਪੰਜਾਬੀ ਅਖ਼ਬਾਰਾਂ ਵਿੱਚ ਧੜਾ ਧੜ ਛਪਣ ਲੱਗੀਆਂ।ਸਾਰੇ ਪੰਜਾਬੀ ਅਖ਼ਬਾਰਾਂ ਦਾ ਧੰਨਵਾਦ ਕਰਦੀ ਹੈ ਕਿ ਸਹੀ ਰਸਤੇ ਤੇ ਚੱਲਣ ਲਈ ਉਨ੍ਹਾਂ ਨੇ ਮੇਰੀ ਉਂਗਲ ਫੜੀ।
“ਟਾਹਣੀ ਨਾਲੋਂ ਫੁੱਲ ਤੋੜ ਕੇ
ਖੁਦ ਨੂੰ ਕਦੇ ਮਹਾਨ ਨਾ ਸਮਝੀ
ਫੁੱਲਾਂ ਨੂੰ ਵੀ ਦਰਦ ਹੁੰਦਾ ਏ
ਆਪਣੇ ਵਿੱਚ ਹੀ ਜਾਨ ਨਾ ਸਮਝੀਂ
ਰੁੱਖਾਂ ਦੇ ਜੜ੍ਹੀ ਪਾ ਕੇ ਆਰੀ
ਖ਼ੁਦ ਨੂੰ ਤੂੰ ਇਨਸਾਨ ਨਾ ਸਮਝੀ।”
ਵੀਰਪਾਲ ਕੌਰ ਭੱਠਲ ਨੇ ਉਪਰੋਕਤ ਕਵਿਤਾ ਬਾਰੇ ਦੱਸਿਆ ਕਿ ਮਨੁੱਖ ਨੂੰ ਹਮੇਸ਼ਾ ਕੁਦਰਤ ਦੇ ਦੱਸੇ ਤੇ ਦਿੱਤੇ ਹੋਏ ਰਸਤਿਆਂ ਤੇ ਚੱਲਣਾ ਚਾਹੀਦਾ ਹੈ ਉਹ ਕਦੇ ਹਾਰ ਹੀ ਨਹੀਂ ਸਕਦਾ। ਉਸਨੂੰ ਰੇਡੀਓ ਚੈਨਲਾਂ,ਯੂ ਟਿਊਬ ਚੈੱਨਲ ਅਤੇ ਜਲੰਧਰ ਦੂਰਦਰਸ਼ਨ ‘ਤੇ ਇੰਟਰਵਿਊ ਕਰਨ ਦਾ ਮੌਕਾ ਮਿਲਿਆ ।
“ਉੱਠੋ ਕਰੋ ਨਿੱਤ ਸੈਰ ਸਵੇਰੇ।
ਦਾਦਾ ਜੀ ਕਹਿੰਦੇ ਨੇ ਮੇਰੇ ।
ਸੂਰਜ ਚੜਨ ਤੋਂ ਪਹਿਲਾਂ ਉੱਠੋ,
ਆਲਸ ਬੱਚਿਓ ਦੂਰ ਭਜਾਓ।
ਰੋਗਮੁਕਤ ਹੋ ਜਾਊ ਸਰੀਰ,
ਯੋਗ ਨੂੰ ਜ਼ਿੰਦਗੀ ਵਿੱਚ ਅਪਣਾਓ।”
ਵੀਰਪਾਲ ਦੇ ਲਿਖੇ ਅਜਿਹੇ ਗੀਤ ਜਿੱਥੇ ਚਟਪਟੇ ਸੁਭਾ ਦੇ ਹਨ ਉਥੇ ਹੀ ਉਸਨੇ ਸਮਾਜ,ਸਰਕਾਰ ਅਤੇ ਆਮ ਲੋਕਾਈ ਬਾਰੇ ਵੀ ਬਹੁਤ ਕੁੱਝ ਲਿਖਿਆ ਹੈ ਜੋ ਸਾਡੇ ਆਮ ਲੋਕਾਂ ਦੀ ਜਿਦੰਗੀ ਦਾ ਸੱਚ ਬਿਆਨ ਕਰਦੇ ਹਨ। ਉਸਨੇ ਸਦਾ ਹੀ ਸੱਚ ਦੇ ਰਾਹ ਉੱਪਰ ਚਲਣ ਦਾ ਹੋਕਾ ਦਿੱਤਾ ਹੈ ਅਤੇ ਸਰਕਾਰ ਦੀਆਂ ਵਧੀਕੀਆਂ ਬਾਰੇ ਲਿਖਦਿਆਂ,ਸਾਨੂੰ ਵੀ ਸੇਧ ਦਿੱਤੀ ਹੈ।
“ਬੇੜਾ ਕਰਕੇ ਗਰਕ ਜਵਾਨਾਂ ਦਾ,
ਗੱਲ ਘੁੱਟ ਦੀ ਹੁਣ ਕਿਸਾਨਾਂ ਦਾ,
ਪਹਿਲਾਂ ਨਸ਼ੇ ਜਵਾਨੀ ਲਾਤੀ,
ਹੁਣ ਲੱਤ ਪੇਟ ਤੇ ਮਾਰੇ ਨੀ,
ਜਾਹ ਚੱਪਣੀ ਵਿੱਚ ਨੱਕ ਡੁਬੋ ਕੇ
ਤੂੰ ਮਰਜਾ ਸਰਕਾਰੇ ਨੀ”
ਵੀਰਪਾਲ ਦੀਆਂ ਕਾਵਿ ਸੰਗ੍ਰਹਿ ਤੇ ਕਹਾਣੀਆਂ ਦੀਆਂ ਕਿਤਾਬਾਂ ਸਾਡੀ ਝੋਲੀ ਪਾਈਆਂ।ਜਿਨ੍ਹਾਂ ਵਿੱਚ ‘ ਜਾਦੂਗਰਨੀ ਅੰਬਿਕਾ ਦਾ ਮਹਿਲ ‘,’ਗਿਆ ਦਾ ਖਜ਼ਾਨਾ’ , ‘ਗੁਫ਼ਤਗੂ’ , ‘ਸਾਂਝਾ ਸੰਗ੍ਰਹਿ’ ‘ਨਾ ਮਾਰੋ ਅਣਜੰਮੀਆਂ ਧੀਆਂ’, ‘ ਔਰਤ ਵੀ ਇੱਕ ਸ਼ਾਇਰਾ ਹੁੰਦੀ ਹੈ’ ਅਤੇ ਹੋਰ ਵੀ ਕਿਤਾਬਾਂ ਹਨ, ਕੁੱਝ ਕੁ ਦੇ ਨਾਮ ਯਾਦ ਨਹੀਂ ਹਨ।ਜਿੱਥੇ ਉਸਦੇ ਲਿਖੇ ਗੀਤ ਕਵਿਤਾ ਅਖਬਾਰਾਂ ਦਾ ਸ਼ਿੰਗਾਰ ਬਣੇ ਹਨ ਉਥੇ ਹੀ ਉਸਦੇ ਰਿਕਾਰਡ ਹੋ ਚੁਕੇ ਗੀਤ ‘ਬ੍ਰੈਸਲਟ ਕੰਗਨਾ’ ” ਜਿੱਤ ਦਾ ਝੰਡਾ’ ‘ਮੇਰੀ ਮਾਂ’,ਆਉਣ ਵਾਲੇ ਗੀਤ ‘ ਹਾਟ ਹੈਕਰ’ ‘ਲਵਲੀ ਜਿਹਾ ਨਾਂਅ’ ‘ਲਾਵਾਂ’ ਆਦਿ। ਉਸ ਦੁਆਰਾ ਟੈਲੀਫਿਲਮਾਂ ,ਨਾਟਕਾਂ ਆਦਿ ਦੀ ਕਹਾਣੀ ਵੀ ਲਿਖੀਆਂ ਜਾਂ ਚੁੱਕੀਆਂ ਹਨ,ਜੋ ਆ ਚੁੱਕੀਆਂ ਹਨ।ਟੈਲੀਫ਼ਿਲਮਾਂ ਪਛਤਾਵਾ ‘ਵਫ਼ਾ ਏ ਨੂਰ ‘ ਆਦਿ ਹਨ ਇਹਨਾਂ ਦੀਆਂ ਖੁਦ ਲਿਖੀਆਂ ਲੱਘੂ ਫਿਲਮ ‘ ਚਾਂਦੀ ਦੀ ਰੱਖੜੀ ਕਹਾਣੀ’ ਲਿਖੀ ਹੈ ।
‘ਭੂਤਾਂ ਵਾਲੀ ਹਵੇਲੀ ‘ ਵੀਰਪਾਲ ਕੌਰ ਦੀ ਜ਼ਿੰਦਗੀ ਦੀ ਇਕ ਖਾਸ ਗੱਲ ਹੈ ਉਹ ਭੈਣ ਭਰਾ,ਬੇਟੀ, ਮਾਂ ਜਿੰਨੇ ਵੀ ਰਿਸ਼ਤੇ ਹਨ,ਬਹੁਤ ਚੰਗੀ ਤਰ੍ਹਾਂ ਨਿਭਾਅ ਰਹੀ ਹੈ ਜੋ ਉਸ ਨੂੰ ਜ਼ਿੰਦਗੀ ਦੇ ਕੌੜੇ ਤਜਰਬਿਆਂ ਵਿੱਚੋਂ ਹਾਸਿਲ ਹੋਏ ਹਨ।ਉਸ ਦੀ ਕੋਈ ਵੀ ਰਚਨਾ ਪੜ੍ਹੋ,ਹਰ ਪਾਠਕ ਲਈ ਇਹ ਸਬਕ ਹੁੰਦਾ ਹੈ।ਕਿਸੇ ਵੀ ਵਿਅਕਤੀ ਦੇ ਦੁੱਖ ਸੁੱਖ ਵਿੱਚ ਖੜਨ ਨੂੰ ਪਹਿਲ ਦਿੰਦੀ ਹੈ।ਅੱਜ ਜਿਸ ਨਾਲ ਉਸ ਦਾ ਮੇਲ ਜੋਲ ਹੈ ਉਸ ਵਿਅਕਤੀ ਦੀ ਜ਼ਿੰਦਗੀ ਦਾ ਤਜਰਬਾ ਤੇ ਸ਼ਬਦ ਉਸ ਦੀ ਕਲਮ ਤੁਰੰਤ ਲਿਖ ਦਿੰਦੀ ਹੈ ਜੋ ਸਾਡੇ ਸਮਾਜ ਲਈ ਹਮੇਸ਼ਾ ਸੇਧ ਦਾ ਕੰਮ ਕਰਨ ਵਾਲੀ ਰਚਨਾ ਨਜ਼ਰ ਆਉਂਦੀ ਹੈ।ਵੀਰਪਾਲ ਕੌਰ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਪਹਿਰੇਦਾਰ ਬਣ ਕੇ ਹਰ ਖੇਤਰ ਵਿੱਚ ਵਿਚਰ ਰਹੀ ਹੈ ਜਿਸ ਤੋਂ ਪਾਠਕ ਤੇ ਆਮ ਜਨਤਾ ਬਹੁਤ ਕੁਝ ਸਿੱਖ ਰਹੀ ਹੈ।ਉਹ ਦਿਨ ਦੂਰ ਨਹੀਂ ਜਦੋਂ ਸਾਹਿਤ ਦੀ ਪਹਿਲੀ ਕਤਾਰ ਵਿੱਚ ਖੜ੍ਹੀ ਹੋਈ ਵੀਰਪਾਲ ਕੌਰ ਨਜ਼ਰ ਆਵੇਗੀ,ਤੇ ਲੋਕਾਂ ਨੂੰ ਜਾਗਰੂਕ ਹੋਣ ਲਈ ਸਬਕ ਤੇ ਖ਼ਾਸ ਤਜਰਬਾ ਦੇਣ ਲਈ ਅੱਗੇ ਹੋ ਕਿ ਝੰਡਾ ਬਰਦਾਰ ਬਣੇਂਗੀ।ਆਮੀਨ।
ਰਮੇਸ਼ਵਰ ਸਿੰਘ ਪਟਿਆਲਾ
9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly