HOME ਵਿਸ਼ਵ ਹਾਈਪਰਟੈਨਸ਼ਨ ਦਿਵਸ ‘ਤੇ ਜਾਗਰੂਕਤਾ ਸੈਮੀਨਾਰ ਆਯੋਜਿਤ

ਵਿਸ਼ਵ ਹਾਈਪਰਟੈਨਸ਼ਨ ਦਿਵਸ ‘ਤੇ ਜਾਗਰੂਕਤਾ ਸੈਮੀਨਾਰ ਆਯੋਜਿਤ

ਕੈਪਸਨ: ਸਿਹਤ ਬਲਾਕ ਖਿਆਲਾ ਕਲਾਂ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ 'ਤੇ ਜਾਗਰੂਕਤਾ ਸੈਮੀਨਾਰ ਦਾ ਦ੍ਰਿਸ਼।
ਸਿਹਤ ਬਲਾਕ ਖਿਆਲਾ ਕਲਾਂ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ‘ਤੇ ਜਾਗਰੂਕਤਾ ਸੈਮੀਨਾਰ ਆਯੋਜਿਤ
ਮਾਨਸਾ   (ਸਮਾਜ ਵੀਕਲੀ)   ਸਿਹਤ ਬਲਾਕ ਖਿਆਲਾ ਕਲਾਂ ਵਿਖੇ ਸਿਵਲ ਸਰਜਨ ਡਾ. ਅਰਵਿੰਦਪਾਲ ਪਾਲ ਸਿੰਘ ਦੇ ਨਿਰਦੇਸ਼ਾਂ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਹਰਮਨਦੀਪ ਸਿੰਘ ਦੀ ਅਗਵਾਈ ਵਿੱਚ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ ਗਿਆ। ਇਸ ਮੌਕੇ ਇੱਕ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ 17 ਮਈ ਤੋਂ 17 ਜੂਨ ਤੱਕ ਗੈਰ-ਸੰਚਾਰੀ ਰੋਗਾਂ ਜਿਵੇਂ ਕਿ ਸ਼ੂਗਰ, ਕੈਂਸਰ ਅਤੇ ਉੱਚ ਰਕਤਚਾਪ (ਬਲੱਡ ਪ੍ਰੈਸ਼ਰ) ਬਾਰੇ ਲੋਕਾਂ ਨੂੰ ਜਾਗਰੂਕ ਕਰਨ, ਉਨ੍ਹਾਂ ਦੀ ਜਾਂਚ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।
  ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਂਦੇ ਹੋਏ ਜਾਗਰੂਕਤਾ ਰੈਲੀਆਂ ਅਤੇ ਚਿੱਤਰਕਲਾ ਮੁਕਾਬਲੇ ਵਰਗੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਲੱਡ ਪ੍ਰੈਸ਼ਰ ਦੀ ਸਹੀ ਜਾਣਕਾਰੀ ਅਤੇ ਸਮੇਂ ਸਿਰ ਜਾਂਚ ਕਰਵਾ ਕੇ ਆਪਣੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
  ਇਸ ਮੌਕੇ ਕਮਿਊਨਿਟੀ ਸਿਹਤ ਅਫਸਰ ਦਿਲਰਾਜ ਕੌਰ ਨੇ ਕਿਹਾ ਕਿ ਸਾਡੀ ਬਦਲਦੀ ਜੀਵਨ ਸ਼ੈਲੀ ਗੈਰ-ਸੰਚਾਰੀ ਰੋਗਾਂ ਦਾ ਇੱਕ ਵੱਡਾ ਕਾਰਨ ਹੈ। ਤੰਬਾਕੂ ਦੀ ਵਰਤੋਂ, ਮੋਟਾਪਾ, ਸ਼ੂਗਰ, ਮਾਨਸਿਕ ਤਣਾਅ ਅਤੇ ਉੱਚ ਬਲੱਡ ਪ੍ਰੈਸ਼ਰ ਦਿਲ ਦੇ ਰੋਗਾਂ ਨੂੰ ਵਧਾਉਂਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬਲੱਡ ਪ੍ਰੈਸ਼ਰ ਨੂੰ ਅਣਗੌਲਿਆਂ ਕਰਨ ਨਾਲ ਦਿਲ ਦਾ ਦੌਰਾ ਅਤੇ ਗੁਰਦੇ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਕੇ ਅਪੰਗਤਾ ਤੋਂ ਬਚਿਆ ਜਾ ਸਕਦਾ ਹੈ। ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਉਨ੍ਹਾਂ ਰੋਜ਼ਾਨਾ ਦੀ ਖੁਰਾਕ ਵਿੱਚ ਸਬਜ਼ੀਆਂ, ਮੌਸਮੀ ਫਲ ਅਤੇ ਸਾਦਾ ਭੋਜਨ ਖਾਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਫਾਸਟ ਫੂਡ ਅਤੇ ਚਿਕਨਾਈ ਵਾਲੇ ਭੋਜਨਾਂ ਤੋਂ ਪਰਹੇਜ਼ ਕਰਨ ਲਈ ਕਿਹਾ।
   ਉਨ੍ਹਾਂ ਅੱਗੇ ਕਿਹਾ ਕਿ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਣ ਲਈ ਨਮਕ ਅਤੇ ਚੀਨੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ, ਜਿਸ ਨਾਲ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ, ਦਿਲ ਦੇ ਦੌਰੇ ਅਤੇ ਅਧਰੰਗ ਤੋਂ ਬਚਾਅ ਹੋ ਸਕਦਾ ਹੈ। ਸਾਰੇ ਲੋਕਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸਵੇਰ ਦੀ ਸੈਰ ਅਤੇ ਕਸਰਤ ਨੂੰ ਸ਼ਾਮਲ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਸਾਲ ਵਿੱਚ ਦੋ ਵਾਰ ਮੁਫਤ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਖੂਨ ਦੀ ਜਾਂਚ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਸਹੂਲਤਾਂ ਸਰਕਾਰੀ ਹਸਪਤਾਲਾਂ ਅਤੇ ਨੇੜਲੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਵਿੱਚ ਮੁਫਤ ਉਪਲਬਧ ਹਨ। ਇਸ ਮੌਕੇ ਪ੍ਰਚਾਰ ਸਮੱਗਰੀ ਵੰਡੀ ਗਈ। ਇਸ ਮੌਕੇ ਸਰਬਜੀਤ ਸਿੰਘ, ਚਾਨਣਦੀਪ ਸਿੰਘ, ਹਰਪਾਲ ਕੌਰ, ਸੁਖਵਿੰਦਰ ਕੌਰ ਤੋਂ ਇਲਾਵਾ ਹੋਰ ਸਟਾਫ ਮੈਂਬਰ ਅਤੇ ਆਮ ਲੋਕ ਹਾਜ਼ਰ ਸਨ।
ਚਾਨਣਦੀਪ ਸਿੰਘ ਔਲਖ, ਸੰਪਰਕ 9876888177
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਈਕ੍ਰੋਸਾਫਟ ਦਾ ਦਾਅਵਾ ਹੈ ਕਿ ਇਜ਼ਰਾਈਲ ਨੇ ਹਮਾਸ ਨੂੰ ਮਾਰਨ ਲਈ ਜੰਗ ਵਿੱਚ ਏਆਈ ਦੀ ਮਦਦ ਲਈ ਸੀ
Next articleਲਾਟਰੀ ਦੀ ਵੱਡੀ ਰਾਸ਼ੀ ਚੋਂ ਲੋੜਵੰਦਾਂ ਦੀ ਮਦਦ ਕਰਨ ਦਾ ਸਲਾਘਾਯੋਗ ਫੈਸਲਾ