ਨਰਸਿੰਗ ਖੇਤਰ ਵਿੱਚ ਕੰਮ ਕਰਨ ਵਾਲਾ ਹਰ ਮੈਂਬਰ ਵਧਾਈ ਦਾ ਹੱਕਦਾਰ – ਸੰਸਦ ਮੈਂਬਰ ਡਾ. ਰਾਜ ਕੁਮਾਰ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਮੁਹਾਲੀ ਵਲੋਂ ਰਜਿਸਟਰਾਰ ਡਾ: ਪੁਨੀਤ ਗਿਰਧਰ ਦੀ ਅਗਵਾਈ ‘ਚ ਲਗਾਈਆਂ ਜਾ ਰਹੀਆਂ ਵਰਕਸ਼ਾਪਾਂ ਦੀ ਲੜੀ ਤਹਿਤ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਹੁਸ਼ਿਆਰਪੁਰ ਦੇ ਪ੍ਰਬੰਧਾਂ ਹੇਠ ਹੇਮ ਰਾਜ ਕਪੂਰ ਮੈਮੋਰੀਅਲ ਆਡੀਟੋਰੀਅਮ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਨਰਸਿੰਗ ਸਟਾਫ਼ ਲਈ ਇਕ ਰੋਜ਼ਾ ਜਾਗਰੂਕਤਾ ਵਰਕਸ਼ਾਪ ਲਗਾਈ ਗਈ। ਜਿਸ ‘ਚ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲ੍ਹੇ ਨਾਲ ਸਬੰਧਿਤ ਨਰਸਿੰਗ ਕਾਲਜਾਂ ਤੋਂ ਸਟਾਫ਼ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਵਰਕਸ਼ਾਪ ਦੀ ਸ਼ੁਰੂਆਤ ਸ਼ਬਦ ਗਾਇਨ ਅਤੇ ਸ਼ਮਾਂ ਰੌਸ਼ਨ ਕਰਨ ਨਾਲ ਹੋਈ। ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਮੁੱਖ ਮਹਿਮਾਨ ਅਤੇ ਸਾਂਸਦ ਡਾ: ਰਾਜ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਦੇ ਪ੍ਰਿੰਸੀਪਲ ਡਾ: ਡਿੰਪਲ ਸੰਧੂ ਨੇ ਮੁੱਖ ਮਹਿਮਾਨਾਂ, ਨਰਸਿੰਗ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਸਟਾਫ਼ ਮੈਂਬਰਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਾਂਸਦ ਡਾ. ਰਾਜ ਕੁਮਾਰ ਨੇ ਸੰਬੋਧਨ ਕਰਦਿਆਂ ਨਰਸਿੰਗ ਕਿੱਤੇ ਦੀ ਮਹੱਤਤਾ ਸਮਝਾਉਂਦਿਆਂ ਸਮੂਹ ਸਟਾਫ਼ ਮੈਂਬਰਾਂ ਵਲੋਂ ਲੋਕਾਂ ਅਤੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਵਧੀਆ ਸਿਹਤ ਸਹੂਲਤਾਂ ਦੇਣ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨਾਲ ਨਰਸਿੰਗ ਸਟਾਫ਼ ਨੂੰ ਸਮੇਂ ਸਮੇਂ ‘ਤੇ ਆ ਰਹੀ ਤਬਦੀਲੀ ਪ੍ਰਤੀ ਜਾਗਰੂਕਤਾ ਮਿਲੇਗੀ। ਇਸ ਮੌਕੇ ਕੈਬਨਿਟ ਮੰਤਰੀ ਡਾ: ਰਵਜੋਤ ਸਿੰਘ ਨੇ ਵਰਕਸ਼ਾਪ ਲਈ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕੌਂਸਲ ਦੇ ਰਜਿਸਟਰਾਰ ਡਾ: ਪੁਨੀਤ ਗਿਰਧਰ ਦੀ ਅਗਵਾਈ ‘ਚ ਲਗਾਈ ਗਈ ਹੀ ਵਰਕਸ਼ਾਪ ਨਰਸਿੰਗ ਕਾਲਜ ਦੇ ਸਟਾਫ਼ ਮੈਂਬਰਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਨਰਸਿੰਗ ਦਾ ਕਿੱਤਾ ਲੋਕ ਸੇਵਾ ਨਾਲ ਜੁੜਿਆ ਹੋਇਆ ਕਿੱਤਾ ਹੈ। ਉਨ੍ਹਾਂ ਸਟਾਫ਼ ਨੂੰ ਸਮੇਂ ਮੁਤਾਬਿਕ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਪ੍ਰੇਰਿਤ ਕੀਤਾ, ਤਾਂ ਜੋ ਉਹ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਵਧੀਆ ਸਿਹਤ ਸਹੂਲਤਾਂ ਦੇ ਸਕਣ। ਇਸ ਮੌਕੇ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਦੇ ਰਜਿਸਟਰਾਰ ਡਾ: ਪੁਨੀਤ ਗਿਰਧਰ ਨੇ ਸੰਬੋਧਨ ਕਰਦਿਆਂ ਗੁਣਵੱਤਾ ਪੂਰਨ ਸਿੱਖਿਆ ਦੀ ਮਹੱਤਤਾ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਵਰਕਸ਼ਾਪ ਦੇ ਉਦੇਸ਼ਾਂ ਨੂੰ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤ ‘ਚ ਕੁੱਲ 30 ਲੱਖ ਨਰਸਾਂ ਹਨ, ਪਰ ਸਾਡਾ ਮੁੱਖ ਉਦੇਸ਼ ਹੈ ਕਿ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਵਿਦਿਆਰਥੀਆਂ ਦੇ ਗਿਆਨ ‘ਚ ਵਾਧਾ ਕਰਨ ਲਈ ਮਿੱਥੇ ਗਏ ਟੀਚੇ ਨੂੰ ਨਰਸਿੰਗ ਸਟਾਫ਼ ਪੂਰਾ ਕਰਨ। ਇਸ ਮੌਕੇ ਬੁਲਾਰਾ ਡਾ: ਸੁਖਪਾਲ ਕੌਰ ਪ੍ਰਿੰਸੀਪਲ ਐਨ.ਆਈ.ਐਨ.ਈ. ਪੀ.ਜੀ.ਆਈ. ਨੇ ਨਰਸਿੰਗ ਦੇ ਕਿੱਤੇ ‘ਚ ਅਧਿਆਪਕਾਂ ‘ਚ ਆਪਸੀ ਤਾਲਮੇਲ ਅਤੇ ਸਦਭਾਵਨਾ ਭਰੇ ਸਬੰਧ ਰੱਖਣ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਮੈਡਮ ਦਿਲਦੀਪ ਕੌਰ ਪ੍ਰਿੰਸੀਪਲ ਸਰਕਾਰੀ ਇੰਸਟੀਚਿਊਟ ਆਫ਼ ਨਰਸਿੰਗ ਸੀ.ਐਚ. ਰੋਪੜ ਨੇ ਜੀ.ਐਨ.ਐਮ. ਅਤੇ ਏ.ਐਨ.ਐਮ. ਦੀ ਸਿਧਾਂਤਕ ਅਤੇ ਪ੍ਰਾਈਮਿਕ ਪ੍ਰੀਖਿਆ ਦੇ ਆਯੋਜਨ ਦੌਰਾਨ ਸਾਹਮਣੇ ਆ ਰਹੇ ਮੁੱਦਿਆਂ ਅਤੇ ਚੁਣੌਤੀਆਂ ਬਾਰੇ ਦੱਸਿਆ। ਡਾ: ਦਵਿੰਦਰ ਕੌਰ ਪ੍ਰਿੰਸੀਪਲ ਗਿਆਨ ਸਾਗਰ ਕਾਲਜ ਰਾਜਪੁਰਾ (ਪਟਿਆਲਾ) ਨੇ ਆਧੁਨਿਕ ਦੌਰ ‘ਚ ਸਿੱਖਿਆ ਦੀ ਗੁਣਵੱਤਾ ਵਧਾਉਣ ਲਈ ਨਵੀਨਤਮ ਤਕਨੀਕਾਂ ਬਾਰੇ ਦੱਸਿਆ।
https://play.google.com/store/apps/details?id=in.yourhost.samaj