” ਕੰਮ ਹੀ ਪੂਜਾ ਹੈ “

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਸਾਨੂੰ ਜਨਮ ਤੋਂ ਲੈ ਕੇ ਮਰਨ ਤੱਕ ਅਨੇਕਾਂ ਜੁੰਮੇਵਾਰੀਆਂ ਨਾਲ ਵਾਹ ਪੈਂਦਾ ਹੈ ਅਤੇ ਕਈ ਹੱਸ ਕੇ ਜਾਂ ਕਈ ਮਜ਼ਬੂਰੀ ਵੱਸ ਜ਼ਿੰਮੇਵਾਰੀਆਂ ਨਿਭਾਉਣੀਆਂ ਹੀ ਪੈਂਦੀਆਂ ਹਨ । ਇਹ ਜ਼ਿੰਮੇਵਾਰੀਆਂ ਆਪਣੇ ਮਾਤਾ – ਪਿਤਾ , ਆਪਣੇ ਪ੍ਰਤੀ , ਆਪਣੇ ਸਮਾਜ, ਭਾਈਚਾਰੇ , ਅਪਣੀ ਪਤਨੀ , ਆਪਣੇ ਬੱਚਿਆਂ ਆਪਣੇ ਕਿੱਤੇ ਪ੍ਰਤੀ ਅਤੇ ਆਪਣੇ ਪਰਿਵਾਰ ਪ੍ਰਤੀ ਹੋ ਸਕਦੀਆਂ ਹਨ। ਇਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਸਾਨੂੰ ਕਰਮ ਭਾਵ ਕੰਮ ਕਾਰਜ ਕਰਨਾ ਹੀ ਪੈਣਾ ਹੁੰਦਾ ਹੈ । ਭਾਵੇਂ ਪੜ੍ਹਾਈ ਕਰਨ ਦਾ ਕੰਮ ਹੋਵੇ , ਮਿਹਨਤ ਮਜ਼ਦੂਰੀ ਕਰਨ ਦਾ ਕੰਮ ਹੋਵੇ , ਆਪਣੀ ਡਿਊਟੀ ਦਾ ਕੰਮ ਹੋਵੇ ਜਾਂ ਕੋਈ ਵੀ ਹੋਰ ਕੰਮਕਾਜ ਹੋਵੇ । ਠੀਕ , ਸਹੀ ਅਤੇ ਸੱਚ ਦੇ ਰਸਤੇ ‘ਤੇ ਚੱਲਦਿਆਂ ਅਤੇ ਕਰਮ ਕਰਦਿਆਂ ਹੀ ਸਫਲਤਾ , ਖ਼ੁਸ਼ੀਆਂ ਅਤੇ ਤਰੱਕੀ ਮਿਲਣੀ ਸੰਭਵ ਹੋ ਸਕਦੀ ਹੈ । ਬਿਨਾਂ ਕਰਮ ਕੀਤਿਆਂ ਹੋਰ ਕੋਈ ਅਜਿਹਾ ਰਸਤਾ ਜਾਂ ਸ਼ਾਰਟ ਕਟ ਨਹੀਂ ਹੋ ਸਕਦਾ ਜਿਸ ਨਾਲ ਕੇ ਅਸੀਂ ਜਿੰਦਗੀ ਵਿੱੱਚ ਕਾਮਯਾਬ ਹੋ ਸਕੀਏ ।

ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਲਈ ਹਰ ਕਿਸੇ ਨੂੰ ਵੱਧ ਤੋਂ ਵੱਧ ਦਿਨ – ਰਾਤ ਪੜ੍ਹਨਾ ਪਵੇਗਾ , ਸਫਲ ਹੋਣ ਦੇ ਲਈ ਉਸ ਕੰਮ ਪ੍ਰਤੀ ਸਮਰਪਿਤ ਹੋ ਕੇ ਮਿਹਨਤ ਕਰਨੀ ਪਵੇਗੀ ।ਇਕੱਲੇ ਕਿਸਮਤ ਦੇ ਭਰੋਸੇ ਜਾਂ ਕਿਸੇ ਚਮਤਕਾਰ ਦੇ ਭਰੋਸੇ ਬੈਠੇ ਰਹਿਣਾ ਬਹੁਤ ਵੱਡੀ ਮੂਰਖਤਾ ਜਾਂ ਆਪਣੇ ਆਪ ਨਾਲ ਧੋਖਾ ਕਰਨਾ ਹੀ ਹੋ ਸਕਦਾ ਹੈ ; ਕਿਉਂਕਿ ਅੱਜ ਤੱਕ ਦੁਨੀਆ ਵਿਚ ਜਿੰਨੇ ਵੀ ਕਾਮਯਾਬ ਵਿਦਵਾਨ , ਮਹਾਂਪੁਰਖ ਹੋਏ ਉਨ੍ਹਾਂ ਦੀ ਸਫ਼ਲਤਾ ਤੇ ਉਨ੍ਹਾਂ ਦੀ ਮਹਾਨਤਾ ਦਾ ਇੱਕੋ – ਇੱਕ ਕਾਰਨ ਸੀ ਕਿ ਉਨ੍ਹਾਂ ਨੇ ਕੰਮ ਕਰਨ ਨੂੰ ਭਾਵ ਕਰਮ ਕਰਨ ਨੂੰ , ਕਰਮ ਨੂੰ ਪ੍ਰਧਾਨਤਾ ਤੇ ਕਰਮ ਨੂੰ ਪਹਿਲ ਦਿੱਤੀ ਅਤੇ ਕੰਮ ਕੀਤਾ , ਬਿਨਾਂ ਕਿਸੇ ਭਰਮ ਭੁਲੇਖਿਆਂ ਵਿੱਚ਼ ਪੈ ਕੇ । ਇਸ ਲਈ ਸ਼ਾਇਦ ਕਰਮ ਕਰਨ ਵਾਲੇ ਅਤੇ ਮਿਹਨਤ ਕਰਨ ਵਾਲੇ ‘ਤੇ ਅਤੇ ਅਨੁਸ਼ਾਸਿਤ ਵਿਅਕਤੀ ‘ਤੇ ਹੀ ਪ੍ਰਮਾਤਮਾ ਰੱਬ ਦੀ ਮਿਹਰ ਕਿਰਪਾ ਹੁੰਦੀ ਹੈ ਅਤੇ ਉਹ ਵਿਅਕਤੀ ਜ਼ਰੂਰ ਇੱਕ ਨਾ ਇੱਕ ਦਿਨ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਕੇ ਚਮਕਦਾ ਤਾਰਾ ਬਣਦਾ ਹੈ ।

ਸਾਨੂੰ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਇੱਕ – ਇੱਕ ਪਲ ਨਾ ਗਵਾਉਂਦੇ ਹੋਏ ਇਸ ਦੀ ਸਹੀ ਢੰਗ ਨਾਲ ਵਿਉਂਤਬੰਦੀ ਕਰ ਕੇ ਹਰ ਤਰ੍ਹਾਂ ਦੇ ਘਰੇਲੂ, ਸਮਾਜਿਕ ਜਾਂ ਹੋਰ ਕਾਰਜ ਨੂੰ ਵਿਧੀਵਧ ਢੰਗ ਨਾਲ਼ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ, ਇਹ ਹੀ ਸਾਡੇ ਲਈ ਸਭ ਤੋਂ ਵੱਡੀ ਪੂਜਾ , ਸਭ ਤੋਂ ਵੱਡੀ ਭਗਤੀ ਹੋ ਸਕਦੀ ਹੈ ; ਕਿਉਂਕਿ ਜਿੱਥੇ ਕਰਮ ਹੈ ਉੱਥੇ ਹੀ ਪ੍ਰਮਾਤਮਾ ਦੀ ਅਸਲ ਪੂਜਾ ਹੈ , ਪ੍ਰਮਾਤਮਾ ਦੀ ਅਸਲ ਭਗਤੀ , ਅਸਲ ਆਰਾਧਨਾ ਹੈ। ਕਰਮ ਹੀ ਭਗਤੀ ਹੈ । ਕਿਉਂਕਿ ਕਰਮਹੀਣ ਵਿਅਕਤੀ ਦਰ – ਦਰ ‘ਤੇ ਠੋਕਰਾਂ , ਦਰ ਦਰ ਦੇ ਠੱਡੇ ਖਾਣ ਲਈ ਮਜਬੂਰ ਹੋ ਜਾਂਦਾ ਹੈ ਅਤੇ ਬਿਨ ਕਰਮਾਂ ਤੋਂ ਬਿਨਾਂ ਕੁਝ ਕੀਤਿਆਂ ,ਬਿਨਾਂ ਸਖਤ ਮਿਹਨਤ ਤੋਂ ਆਪਣੀ ਕਿਸਮਤ ਨੂੰ ਅਤੇ ਆਪਣੀ ਜ਼ਿੰਦਗੀ ਨੂੰ ਕੋਸਣ ਜੋਗਾ ਹੀ ਰਹਿ ਜਾਂਦਾ ਹੈ ਜਾਂ ਫਿਰ ਦੂਸਰਿਆਂ ਦੀਆਂ ਦੂਸਰਿਆਂ ਵਿੱਚ ਕਮੀਆਂ ਕੱਢਣਾ ਤੇ ਆਪਣੀ ਅਸਫ਼ਲਤਾ ਪਿੱਛੇ ਦੂਜਿਆਂ ਨੂੰ ਦੋਸ਼ ਦੇਣਾ ਉਸ ਦੀ ਪ੍ਰਵਿਰਤੀ ਬਣ ਜਾਂਦੀ ਹੈ ।

ਜਦਕਿ ਜ਼ਰੂਰਤ ਹੁੰਦੀ ਹੈ ਸਾਨੂੰ ਆਪਣੇ – ਆਪ ਖੁਦ ਤੋਂ ਕੰਮ ਕਰਨ ਦੀ , ਯੋਜਨਾਬਧ ਤਰੀਕੇ ਨਾਲ ਕੰਮ ਕਰਨ ਦੀ ਅਤੇ ਉਸ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਣ ਦੀ । ਤਦ ਹੀ ਉਸ ਕੀਤੇ ਗਏ ਕੰਮ ਵਿੱਚੋਂ ਸਫਲਤਾ ਦਾ ਪੌਦਾ ਪੈਦਾ ਹੋ ਸਕਦਾ ਹੈ।ਜੇਕਰ ਅਸੀਂ ਕੰਮ ਨੂੰ , ਕਰਮ ਕਰਨ ਨੂੰ ਤੇ ਮਿਹਨਤ ਕਰਨ ਨੂੰ ਤਰਜੀਹ ਦੇਣੀ ਛੱਡ ਦੇਈਏ , ਕਰਮ ਹੀ ਨਾ ਕਰੀਏ ਅਤੇ ਕੇਵਲ ਭਗਤੀ ਵੱਲ ਹੀ ਲੱਗ ਜਾਵਾਂਗੇ , ਤਾਂ ਵੀਂ ਕਾਮਯਾਬੀ ਕਿਸ ਤਰ੍ਹਾਂ ਮਿਲ਼ੇਗੀ ??? ਮਹਾਂਪੁਰਖਾਂ ਨੇ ਤਾਂ ਕਰਮ ਕਰਦੇ – ਕਰਦੇ , ਮਿਹਨਤ ਮਜ਼ਦੂਰੀ ਕਰਦੇ – ਕਰਦੇ , ਸੱਚ ਦੇ ਰਸਤੇ ‘ਤੇ ਚੱਲਦੇ – ਚੱਲਦੇ ਪਰਮਾਤਮਾ ਦਾ ਨਾਮ ਲੈਣ ਦੀ ਸਿੱਖਿਆ ਦਿੱਤੀ ।

ਜੋ ਕਿ ਹੈ ਵੀ ਸੱਚ ਅਤੇ ਰਹੇਗੀ ਵੀ ਸੱਚ । ਪਰਮਾਤਮਾ ਦਾ ਨਾਮ ਲੈਣਾ ਅਤੇ ਪਰਮਾਤਮਾ ਨੂੰ ਯਾਦ ਰੱਖਣਾ ਬਹੁਤ ਚੰਗੀ ਗੱਲ ਹੈ ,ਪਰ ਕਰਮ ਕਰਨਾ ਅਤੇ ਕੰਮ ਪ੍ਰਤੀ ਜ਼ਿੰਮੇਵਾਰੀ ਸਮਝਣਾ ਬਹੁਤ ਵੱਡੀ ਜ਼ਰੂਰਤ ਹੈ। ਇਸ ਲਈ ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਜ਼ਿੰਦਗੀ , ਜਿਉਣ ਲਈ , ਜ਼ਿੰਦਗੀ ਨੂੰ ਸਹੀ ਢੰਗ ਦੇ ਨਾਲ ਚਲਾਉਣ ਦੇ ਲਈ ਅਤੇ ਦੂਜਿਆਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੇ ਲਈ ਕਰਮ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ ਅਤੇ ਕਰਮ ਨੂੰ ਹੀ ਪਹਿਲ ਦੇਣੀ ਬਣਦੀ ਹੈ ; ਕਿਉਕਿ ਇਹ ਅਟੱਲ ਸੱਚਾਈ ਹੈ ਕਿ ” ਕੰਮ ਹੀ ਪੂਜਾ ਹੈ” ।

ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ,
ਸ੍ਰੀ ਅਨੰਦਪੁਰ ਸਾਹਿਬ ( ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ )
9478561356.

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਜਨਤਾ ਪਾਰਟੀ ਵੱਲੋਂ ਡਾ ਬੀ ਆਰ ਅੰਬੇਡਕਰ ਦਾ ਜਨਮ ਦਿਵਸ ਮੌਕੇ ਸਮਾਗਮ ਆਯੋਜਿਤ
Next articleSpaceX calls off launch attempt of Starship