ਨਾਰੀ ਦਿਵਸ ਤੇ

ਨਵਦੀਪ ਕੌਰ
ਨਵਦੀਪ ਕੌਰ
(ਸਮਾਜ ਵੀਕਲੀ)  ਅਜ ਮੈਂ ਤੁਹਾਡੇ ਨਾਲ ਦੋ ਘਟਨਾਵਾਂ ਸਾਂਝੀਆ ਕਰਾਂਗੀ ਜੋ ਸਾਡੇ ਸਮਾਜ ਦਾ ਅਸਲੀ ਚਿਹਰਾ ਦਿਖਾਉਣ ਲਈ ਕਾਫੀ ਨੇ। ਤਕਰੀਬਨ ਤੀਹ ਸਾਲ ਪਹਿਲਾ ਦੀ ਗੱਲ ਐ ਅਸੀ ਘੱਗੇ ਰਹਿੰਦੇ ਸੀ ਉਦੋਂ ਸਿਰਫ ਰੇਡੀਓ,ਅਖਬਾਰ,ਥੋੜਾ ਬਹੁਤ ਟੀਵੀ ਹੀ ਹੋਇਆ ਕਰਦਾ ਸੀ। ਸਾਡੇ ਘਰ ਵਿਚ ਆਮ ਪਰਿਵਾਰਾਂ ਤੋ ਹਟਕੇ ਮਾਹੌਲ ਸੀ ਜਿਥੇ ਘਰ ਦੀਆਂ ਔਰਤਾਂ ਦੇ ਪੜਨ ਤੇ ਕੁਛ ਨਵਾਂ ਸਿਖਣ ਲਈ ਮਹੀਨਾਵਾਰ ਰਸਾਲੇ ਤੇ ਬੱਚਿਆਂ ਵਾਸਤੇ ਸਿੱਖਿਆਦਾਇਕ ਕਹਾਣੀਆਂ ਦੀਆਂ ਕਿਤਾਬਾਂ ਮੈਗਜ਼ੀਨ ਆਇਆ ਕਰਦੇ ਸਨ ਤੇ ਇਹ ਉਪਰਾਲਾ ਘਰ ਦੇ ਸਿਆਣੇ ਮਰਦ ਮੇਰੇ ਤਾਇਆ ਜੀ ਬਾਪੂ ਜੀ ਤੇ ਚਾਚਾ ਜੀ ਹੋਰਾਂ ਦੀ ਸਿਆਣਪ ਦਾ ਨਤੀਜਾ ਸੀ ਕਿਉਕਿ ਮਰਦ ਕਮਾਉਣ ਲਈ ਬਾਹਰ ਰਹਿੰਦੇ ਸੀ ਸੋ ਘਰ ਵਿਚ ਦਾਦੀ ਮਾਂ ਖੁਦ ਅਖਬਾਰ ਪੜਦੀ,ਘਰ ਚ ਕੰਮ ਆਉਣ ਵਾਲੇ  ਨਵੇ ਨਵੇ ਨੁਸਖੇ ਸਿਖਦੀ ਬੱਚਿਆਂ ਨੂੰ ਸਮਝਾਉਣ ਲਈ ਤੇ ਘਰ ਚ ਜੀਅ ਲਵਾਉਣ ਲਈ ਸਭ ਔਰਤਾਂ ਗਿਆਨ ਨਾਲ ਲਬਰੇਜ ਸਨ। ਗੁਆਂਡ  ਦੀਆਂ ਲੜਾਈਆਂ, ਘਰ ਚ ਕਲੇਸ਼ ਸੱਸ ਨੂੰਹ ਦੀ ਲੜਾਈ ਏਹਦੇ ਵਾਸਤੇ ਕੋਈ ਥਾਂ ਹੀ ਨਹੀ ਸੀ। ਗੁਆਢੀਆਂ ਦੀ ਇਕ ਕੁੜੀ ਮੇਰੀ ਮਾਂ ਤੇ ਦਾਦੀ ਨੂੰ ਰੇਡੀਓ ਤੇ ਭੈਣਾਂ ਦਾ ਪ੍ਰੋਗਰਾਮ ਸੁਣਦੀ ਵੇਖਦੀ ਰਹਿੰਦੀ ਤੇ ਕਦੀ ਕਦੀ ਮੰਗਕੇ ਮੈਗਜ਼ੀਨ ਪੜਨ ਲਈ ਲੈ ਜਾਂਦੀ ਪਰ ਉਹਦੀ ਮਾਂ ਖੱਪਦੀ ਖਿਝਦੀ ਤੇ ਹਥੋ ਕਿਤਾਬ ਖੋਹਕੇ ਪਰੇ ਸੁਟਦੀ ਕਿਉਕਿ ਸਲੇਬਸ ਤੋ ਹਟਕੇ ਪੜਨਾ ਉਹਨਾ ਵਾਸਤੇ ਸਮੇ ਦੀ ਬਰਬਾਦੀ ਸੀ। ਇਕ ਦਿਨ ਤਾਂ ਹਦ ਈ ਹੋਗੀ ਜਦੋ ਉਸ ਕੁੜੀ ਨੇ ਦਸਿਆ ਕਿ ਮੈ ਸਾਰਾ ਘਰ ਦਾ ਕੰਮ ਕਰਨ ਤੋ ਬਾਅਦ ਮੈਗਜ਼ੀਨ ਪੜਨ ਬੈਠੀ ਤਾਂ ਮਾਂ ਨੇ ਹੱਥੋਂ ਖੋਹਕੇ ਚੁਲੇ ਚ ਸਾੜ ਦਿਤਾ ਤੇ ਕਿਹਾ ਖਬਰਦਾਰ ਅਜ ਤੋ ਬਾਅਦ ਕਦੀ ਕੁਛ ਲੈਕੇ ਆਈ। ਹੁਣ ਮੈ ਗੱਲ ਕਰਦੀ ਆ ਪਿਛਲੇ ਸਾਲ ਦੀ  ਬਾਪੂ ਜੀ ਕਿਤੇ ਵੀ ਸਫਰ ਤੇ ਜਾਣ ਉਹਨਾ ਦੀ ਗੱਡੀ ਚ ਕਿਤਾਬਾਂ ਤੋਹਫੇ ਚ ਦੇਣ ਵਾਸਤੇ ਜਰੂਰ ਹੁੰਦੀਆਂ ਨੇ ਤੇ ਘਰਾਂ ਦੀਆਂ ਬੱਚੀਆਂ ਨੂੰ ਗਿਆਨ ਦੀ ਖੜਗ ਦੇਣਾ ਉਹਨਾ ਨੂੰ ਹਮੇਸ਼ਾ ਤੋ ਚੰਗਾ ਲਗਦਾ ਰਿਹੈ ਤੇ ਵੈਸੇ ਵੀ ਇਹਦੇ ਤੋਂ ਵੱਡਾ ਆਸ਼ੀਰਵਾਦ ਹੋਰ ਕੀ ਹੋ ਸਕਦੈ ਭਲਾ?  ਸੋ ਬਾਪੂ ਜੀ ਨੇ ਸਾਡੀ ਰਿਸ਼ਤੇਦਾਰੀ ਚ ਘਰ ਦੀ ਨੂੰਹ ਦੇ ਹਥ ਚ ਅਪਣੀ ਕਿਤਾਬ ( ਬੇਗਾਨੀ ਧੀ ਪਰਾਇਆ ਧਨ) ਦੇਕੇ ਆਖਿਆ ਜੋ ਵਿਹਲਾ ਸਮਾ ਹੋਵੇ ਬੇਟਾ ਪੜੀ ਜਰੂਰ ਪਰ ਜਦੋ ਘਰ ਦੇ ਬਜ਼ੁਰਗ ਨੇ ਦੇਖਿਆ ਤਾਂ ਸਾਡੇ ਸਾਹਮਣੇ ਈ ਉਸਨੇ ਹੱਥੋਂ ਖੋਹ ਲਈ ਤੇ ਕਿਹਾ ਸਾਡੇ ਘਰਾਂ ਚ ਇਹ ਰਿਵਾਜ ਨਹੀ ਐ ਤੇ ਕਿਤਾਬਾਂ ਪੜਨ ਨਾਲ ਔਰਤਾਂ ਵਿਗੜ ਜਾਂਦੀਆ ਨੇ। ਹੁਣ ਤੁਸੀ ਫੈਸਲਾ ਕਰੋ ਕਿ ਕੀ ਸਚੀ ਅਸੀ ਸਿਆਣੇ ਆ?? ਘਰਾਂ ਦਾ ਮਾਹੌਲ, ਸੋਸ਼ਲ ਮੀਡੀਏ ਤੇ ਹਰ ਰੋਜ ਨਿਕਲਦਾ ਜਲੂਸ ਕੂਕ ਕੂਕ ਕੇ ਕਹਿ ਰਿਹੈ ਕਿ ਸਾਨੂੰ ਘਰਾਂ ਚ ਰਹਿਣਾ ਬਹਿਣਾ, ਗੱਲਬਾਤ ਕਰਨੀ ਤੇ ਸੋਹਜ ਸਲੀਕਾ ਨਹੀ ਆਉਂਦਾ।  ਇਹ ਸਾਰਾ ਕੁਛ ਔਰਤ ਰਾਹੀ ਆਉਂਦੈ ਤੇ ਔਰਤ ਨੂੰ ਅਸੀ ਹਾਲੇ ਵੀ ਗੁੱਤ ਪਿਛੇ ਮੱਤ ਵਾਲੀ ਹੀ ਸਮਝਦੇ ਆ। ਸਚ ਜਾਣਿਓ ਇਕ ਜਹੀਨ ਔਰਤ ਪੂਰੇ ਖਾਨਦਾਨ ਦੀ ਤਕਦੀਰ ਬਦਲ ਸਕਦੀ ਐ,ਸੋਚਣ ਸਮਝਣ ਤੇ ਸਮਾਜ ਚ ਵਿਚਰਨ ਦਾ ਅੰਦਾਜ ਬਦਲ ਸਕਦੀ ਐ ਪਰ ਜੇ ਮੌਕਾ ਦਿਓ। ਨਹੀ ਤਾਂ ਹਾਲਾਤ ਸਾਹਮਣੇ ਈ ਨੇ ਪੱਗੋ ਪੱਗੀ ਤੇ ਡਾਂਗੋ ਡਾਂਗੀ  ਜਾਂ ਮਿਹਣੇ ਕਮਿਹਣੇ। ਅਜ ਦੁਨੀਆ ਲੈਵਲ ਤੇ ਅਸੀ ਪਛੜਦੇ ਜਾ ਰਹੇ ਆ, ਸਾਡੇ ਕੋਲ ਸਿਆਣੀਆਂ ਔਰਤਾਂ ਮਸਾਂ ਉਂਗਲਾਂ ਤੇ ਗਿਣਨਯੋਗੀਆਂ ਹੋਣਗੀਆ ਤੇ ਉਹਨਾ ਨੂੰ ਵੀ ਚੁੱਪ ਰਹਿਣ ਤੇ ਮਜਬੂਰ ਕੀਤਾ ਜਾਂਦੈ। ਅਜ ਹੱਕਾਂ ਤੇ ਫਰਜਾਂ ਦੀ ਪਛਾਣ ਭੁੱਲ ਚੁੱਕੀ ਐ ਲੋਕ ਸੋਸ਼ਲ ਮੀਡੀਏ ਨੂੰ ਅਸਲ ਜਿੰਦਗੀ ਸਮਝਣ ਦੀ ਭੁੱਲ ਕਰ ਬੈਠਦੇ ਨੇ ਤੇ ਏਥੇ ਇਕ ਛੋਟੀ ਗਲਤੀ ਵੀ ਕਈਆ ਦੀ ਜਿੰਦਗੀ  ਬਰਬਾਦ ਕਰ ਦਿੰਦੀ ਐ ਸੋ ਸਮਾਜ ਬਦਲਣ ਦੀ ਗੱਲ ਕਰਦਿਆ ਨੂੰ ਬੇਨਤੀ ਐ ਘਰਾਂ ਪਰਿਵਾਰਾਂ ਵਲ ਧਿਆਨ ਦੇਈਏ ਸਿਆਣੇ ਬਣੀਏ ਫੇਰ ਨਾਰੀ ਦਿਵਸ ਮੁਬਾਰਕ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ
Next articleਮਿੱਟੀ ਦੀ ਸਿਹਤ ਸੁਧਾਰਨ ‘ਚ ਸਹਾਈ ਹੁੰਦੀ ਹੈ ਸੱਠੀ ਮੂੰਗੀ : ਸਨਦੀਪ ਸਿੰਘ ਏ ਡੀ ਓ