ਏਹੁ ਹਮਾਰਾ ਜੀਵਣਾ ਹੈ – 468

ਬਰਜਿੰਦਰ-ਕੌਰ-ਬਿਸਰਾਓ-
 (ਸਮਾਜ ਵੀਕਲੀ)-  (ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ)- ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ।ਇਸ ਵਿੱਚ ਸ਼ਹੀਦੀਆਂ ਦੀ ਪ੍ਰੰਪਰਾ ਦਾ ਆਰੰਭ ਪੰਜਵੇਂ ਗੁਰੂ  ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਹੁੰਦਾ ਹੈ। ਫਿਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਅੱਤਿਆਚਾਰਾਂ ਵਿਰੁੱਧ ਅਤੇ ਧਰਮ ਦੀ ਰੱਖਿਆ ਖਾਤਰ ਸ਼ਹਾਦਤ ਦਿੱਤੀ। ਇਸ ਤੋਂ ਬਾਅਦ ਖਾਲਸਾ ਪੰਥ ਅੰਦਰ ਸ਼ਹਾਦਤਾਂ ਦੀ ਇਕ ਲੰਮੀ ਲੜੀ  ਨਜ਼ਰ ਗੋਚਰੇ ਆਉਂਦੀ ਹੈ। ਇਸ ਦਾ ਮਤਲਬ ਸਮੁੱਚਾ ਸਿੱਖ ਇਤਿਹਾਸ ਸ਼ਹਾਦਤਾਂ ਅਤੇ ਯੁੱਧਾਂ ਦੇ ਮਹਾਨ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਇਨ੍ਹਾਂ ਸ਼ਹਾਦਤਾਂ ਦਾ ਮੁੱਖ ਕਾਰਨ  ਹੱਕ ਸੱਚ ਅਤੇ ਧਰਮ ਦੀ ਸਥਾਪਤੀ ਕਰਨਾ ਸੀ। ਦੁਨੀਆ ਨੂੰ ਅਨਿਆਂ, ਦੁਰਾਚਾਰ ਅਤੇ ਜ਼ੁਲਮ ਤੋਂ ਛੁਟਕਾਰਾ ਦਿਵਾ ਕੇ ਇੱਕ ਆਦਰਸ਼ ਅਤੇ ਕਲਿਆਣਕਾਰੀ ਸਮਾਜ ਦੀ ਸਿਰਜਣਾ ਕਰਨਾ ਸੀ।ਮਰ ਚੁੱਕੀਆਂ ਜਮੀਰਾਂ ਨੂੰ ਜਗਾਉਣਾ ਸੀ ਅਤੇ ਜ਼ੁਲਮਾਂ ਨਾਲ਼ ਮੁਰਦਾ ਹੋ ਚੁੱਕੀਆਂ ਰੂਹਾਂ ਅੰਦਰ ਜਾਨ ਭਰਨਾ ਸੀ।
                 ਸਿੰਘਾਂ ਵੱਲੋਂ ਜ਼ੁਲਮ ਅਤੇ ਅਨਿਆਂ ਵਿਰੁੱਧ ਲੜੀਆਂ ਗਈਆਂ ਜੰਗਾਂ ਵਿੱਚੋਂ ਚਮਕੌਰ ਸਾਹਿਬ ਦੀ ਜੰਗ ਇੱਕ ਅਨੋਖੀ ਜੰਗ ਹੈ। 1704 ਈ. ਵਿਚ ਮੁਗ਼ਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਸਾਂਝੀ ਕਮਾਨ ਹੇਠ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਦੁਸ਼ਮਣਾਂ ਵਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ। ਪਹਾੜੀ ਰਾਜਿਆਂ ਦੇ ਵਿਸ਼ਵਾਸ ਅਤੇ ਸਮੇਂ ਦੇ ਬਾਦਸ਼ਾਹ ਵਲੋਂ ਪੇਸ਼ ਭਰੋਸੇ ਕਿ ਜੇ ਗੁਰੂ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਛੱਡ ਜਾਣ ਤਾਂ ਉਨ੍ਹਾਂ ‘ਤੇ ਹਮਲਾ ਨਹੀਂ ਕੀਤਾ ਜਾਵੇਗਾ, ਦਿੱਤੇ ਵਚਨਾਂ ਅਤੇ ਕੀਤੇ ਕਰਾਰਾਂ ਉੱਤੇ ਯਕੀਨ ਕਰ ਕੇ ਦਸਮੇਸ਼ ਪਾਤਸ਼ਾਹ ਜੀ ਨੇ ਕਿਲਾ ਖਾਲੀ ਕਰ ਦਿੱਤਾ।  ਗੁਰੂ ਜੀ ਦੇ ਕਿਲਾ ਖਾਲੀ ਕਰ ਕੇ ਜਾਣ ‘ਤੇ ਦੁਸ਼ਮਣ ਨੇ ਸ਼ਰਤਾਂ ਤੋੜ ਕੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਹ ਧਰਮਹੀਣ ਰਾਜ ਸੱਤਾ ਦਾ ਹੀ ਨੰਗਾ ਨਾਚ ਸੀ।  ਸਰਸਾ ਨਦੀ ਦੇ ਕੰਢੇ ਭਾਰੀ ਯੁੱਧ ਹੋਇਆ, ਜਿਸ ਦੌਰਾਨ ਦੋਹਾਂ ਧਿਰਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਇਸੇ ਘਮਸਾਨ ਦੇ ਯੁੱਧ ਦੌਰਾਨ ਗੁਰੂ ਸਾਹਿਬ  ਦਾ ਪਰਿਵਾਰ ਖੇਰੂੰ ਖੇਰੂੰ ਹੋ ਕੇ ਤਿੰਨ ਹਿੱਸਿਆਂ ਵਿਚ ਵੰਡਿਆ ਤੇ ਵਿਛੜ ਗਿਆ। ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਇਕ ਪਾਸੇ ਨੂੰ ਵੱਖ ਹੋ ਗਏ। ਮਾਤਾ ਸੁੰਦਰੀ ਜੀ ਅਤੇ ਕੁਝ ਸਿੰਘ ਹੋਰ ਪਾਸੇ ਨੂੰ ਹੋ ਗਏ। ਇਹ 6 ਅਤੇ 7 ਪੋਹ ਦੀ ਰਾਤ ਦਾ ਸਮਾਂ ਸੀ। ਜਦੋਂ ਅੰਮ੍ਰਿਤ ਵੇਲੇ ਦਾ ਹੋਇਆ, ਦਸ਼ਮੇਸ਼ ਪਿਤਾ ਵੱਡੇ ਸਾਹਿਬਜ਼ਾਦਿਆਂ ਅਤੇ ਕੁਝ ਕੁ ਸਿੰਘਾਂ ਨਾਲ ਚਮਕੌਰ ਦੀ ਗੜ੍ਹੀ ਵਿਖੇ ਪੁੱਜ ਗਏ। ਸ਼ਾਹੀ ਫੌਜਾਂ ਨੇ ਵੀ ਮਗਰ-ਮਗਰ ਚਮਕੌਰ ਸਾਹਿਬ ਪੁੱਜ ਕੇ ਗੜ੍ਹੀ ਨੂੰ ਘੇਰਾ ਪਾ ਲਿਆ। ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਵਿਚ 40 ਭੁੱਖਣ-ਭਾਣੇ ਸਿੰਘਾਂ ਨੇ ਦਸ ਲੱਖ ਦੀ ਸੈਨਾ ਦਾ ਡਟ ਕੇ ਟਾਕਰਾ ਕੀਤਾ।  ਅਗਲੇ ਦਿਨ ਜੰਗ ਆਰੰਭ ਹੋਈ, ਪੰਜ-ਪੰਜ ਸਿੰਘ ਜਥੇ ਦੇ ਰੂਪ ਵਿਚ ਗੜ੍ਹੀ ਵਿਚੋਂ ਬਾਹਰ ਨਿਕਲ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ ਤਾਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਜੰਗ ਵਿਚ ਜਾਣ ਦੀ ਆਗਿਆ ਮੰਗੀ। ਦਸਮ ਪਿਤਾ ਜੀ ਨੇ ਸਾਹਿਬਜ਼ਾਦੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਅਤੇ ਥਾਪੜਾ ਦੇ ਕੇ ਗੜ੍ਹੀ ਤੋਂ ਰਵਾਨਾ ਕੀਤਾ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਜੰਗ ਦੇ ਵਿੱਚ ਜਾਂਦੇ ਹੀ ਮੁਗ਼ਲ ਫੌਜਾਂ ਨੂੰ ਭਾਜੜਾਂ ਪਾ ਦਿੱਤੀਆਂ। ਸਾਹਿਬਜ਼ਾਦਾ ਅਜੀਤ ਸਿੰਘ ਜੀ ਅਨੇਕਾਂ ਵੈਰੀਆਂ ਨੂੰ ਪਾਰ ਬੁਲਾਉਣ ਉਪਰੰਤ ਸ਼ਹੀਦੀ ਪ੍ਰਾਪਤ ਕਰ ਗਏ।ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਗੁਰੂ ਪਿਤਾ ਜੀ ਪਾਸੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ ਤਾਂ ਸਤਿਗੁਰਾਂ ਨੇ ਉਸ ਨੂੰ ਵੀ ਆਪਣੇ ਹੱਥੀਂ ਤਿਆਰ ਕਰ ਕੇ ਜੰਗ ਵਿਚ ਜੂਝਣ ਲਈ ਤੋਰਦਿਆਂ ਕਿਹਾ:-

ਹਮ ਦੇਤੇ ਹੈਂ ਖੰਜਰ, ਉਸੇ ਸ਼ਮਸ਼ੀਰ ਸਮਝਨਾ।
ਨੇਜ਼ੇ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਨਾ।
ਜਿਤਨੇ ਮਰੇਂ ਇਸ ਸੇ, ਉਨ੍ਹੇਂ ਬੇ-ਪੀਰ ਸਮਝਨਾ।
ਜ਼ਖ਼ਮ ਆਏ ਤੋ ਹੋਨਾ ਨਹੀਂ ਦਿਲਗੀਰ ਸਮਝਨਾ।
ਜਬ ਤੀਰ ਕਲੇਜੇ ਮੇਂ ਲਗੇ, ‘ਸੀ’ ਨਹੀਂ ਕਰਨਾ।
‘ਉਫ਼’ ਮੂੰਹ ਸੇ ਮੇਰੀ ਜਾਨ, ਕਬੀ ਭੀ ਨਹੀਂ ਕਰਨਾ।

ਇੰਝ ਨਿੱਕੀਆਂ ਨਿੱਕੀਆਂ ਜਿੰਦਾਂ ਜੰਗ ਦੇ ਮੈਦਾਨ ਵਿੱਚ ਅਣਗਿਣਤ ਵੈਰੀਆਂ ਦੇ ਆਹੂ ਲਾਹ ਕੇ ਸ਼ਹਾਦਤਾਂ ਪਾ ਗਈਆਂ। ਦੋਵਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪਿੱਛੋਂ ਦਸਮੇਸ਼ ਪਿਤਾ ਨੇ ਅਕਾਲ ਪੁਰਖ ਦਾ ਸ਼ੁਕਰ ਕੀਤਾ ਤੇ ਕਿਹਾ ,” ਧੰਨ ਭਾਗ ਹਨ ਮੇਰੇ, ਇਹ ਅੱਲ੍ਹਾ ਦੀ ਅਮਾਨਤ ਸਨ, ਉਸ ਨੂੰ ਸੌਂਪ ਕੇ ਮੈਂ ਮੈਦਾਨੇ-ਜੰਗ ਤੋਂ ਸੁਰਖਰੂ ਹੋ ਕੇ ਜਾ ਰਿਹਾ ਹਾਂ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ਹਿੰਦੀ ਦੇ ਪ੍ਰਸਿੱਧ ਕਵੀ ਮੈਥਿਲੀ ਸ਼ਰਣ ਗੁਪਤ ਨੇ ਲਿਖਿਆ ਹੈ :

“ਜਿਸ ਕੁਲ ਜਾਤੀ ਦੇਸ਼ ਕੇ ਬੱਚੇ, ਦੇ ਸਕਤੇ ਹੈਂ ਯੌਂ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ, ਭਵਿਸ਼ਯ ਹੈ ਮਹਾਂ ਮਹਾਨ।”

ਚਮਕੌਰ ਦੀ ਵੱਡੀ ਜੰਗ ਵਿਚ ਵੱਡੇ ਸਾਹਿਬਜ਼ਾਦਿਆਂ ਸਮੇਤ ਸ਼ਹੀਦ ਹੋਏ ਚਾਲੀ ਸਿੰਘਾਂ ਨੇ ਚਮਕੌਰ ਸਾਹਿਬ ਦੀ ਧਰਤੀ ਨੂੰ ਪਵਿੱਤਰ ਬਣਾ ਦਿੱਤਾ। ਇਹ ਧਰਤੀ ਇਕ ਤੀਰਥ ਅਸਥਾਨ ਬਣ ਗਈ, ਜੋ ਸ਼ਹਾਦਤ ਦੇ ਇਤਿਹਾਸ ਦੀ ਇੱਕ ਅਨੋਖੀ ਮਿਸਾਲ ਪੇਸ਼ ਕਰਦੀ ਹੈ । ਅੱਜ ਦੇ  ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੀ ਸੂਰਬੀਰਤਾ ਅਤੇ ਧਰਮ ਪ੍ਰਤੀ ਪ੍ਰਪੱਕਤਾ ਨੂੰ ਆਪਣੇ ਜੀਵਨ ਵਿਚ ਅਪਣਾਉਂਦਿਆਂ ਬਹਾਦਰੀ ਅਤੇ ਸਦਾਚਾਰਕ ਜੀਵਨ ਜਿਊਣ ਦੀ  ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਤੋਂ ਸੇਧ ਪ੍ਰਾਪਤ ਕਰ ਕੇ ਆਦਰਸ਼ਵਾਦੀ ਸੋਚ ਵਿੱਚ ਪ੍ਰਪੱਕ ਰਹਿਣ ਦਾ ਅਹਿਦ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ । ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਹੀ ਅੱਜ ਦੀਆਂ ਨਸ਼ਿਆਂ ਜਿਹੇ ਕੋਹੜ ਵਰਗੀਆਂ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਕਿਉਂਕਿ ਉਹਨਾਂ ਦੀਆਂ  ਸਿੱਖਿਆਵਾਂ ਤੇ ਚੱਲਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ/ਕੁਰਬਾਨੀਆਂ
Next articleਬਾਦਸ਼ਾਹ,ਦਰਵੇਸ਼, ਸਰਬੰਸਦਾਨੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ । ਗੁਰੂ ਸਾਹਿਬ ਜੀ ਦੇ  ਸਾਹਿਬਜ਼ਾਦਿਆਂ ਨੂੰ ਕੋਟਿ -ਕੋਟਿ ਪ੍ਰਣਾਮ