ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹੇ ਦੀਆਂ ਔਰਤਾਂ ਅਤੇ ਬੱਚੀਆਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਣ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਭਲਕੇ ਮਿਤੀ 14 ਫਰਵਰੀ, 2025 ਨੂੰ ਆਈ.ਟੀ.ਆਈ ਗਰਾਊਂਡ, ਨਵਾਂਸ਼ਹਿਰ ਵਿਖੇ ਇਕ ਵਿਸ਼ਾਲ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਜਾ ਰਿਹਾ ਹੈ। ਆਈ.ਟੀ.ਆਈ ਗਰਾਊਂਡ ਵਿਖੇ ਕੈਂਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਕੈਂਪ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਲਗਾਏ ਜਾ ਰਹੇ ਇਸ ਕੈਂਪ ਦੌਰਾਨ ਪੰਜਾਬ ਵਿਚ ਔਰਤਾਂ ਲਈ ਚੱਲ ਰਹੀਆਂ ਸਕੀਮਾਂ ਦਾ ਲਾਭ ਦੇਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਸਟਾਲ ਲਗਾਏ ਜਾਣਗੇ ਅਤੇ ਕੈਂਪ ਦੌਰਾਨ ਔਰਤਾਂ ਲਈ ਮੁਫ਼ਤ ਸਿਹਤ ਜਾਂਚ ਤੇ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ। ਇਸੇ ਤਰ੍ਹਾਂ ਜ਼ਿਲ੍ਹਾ ਰੋਜ਼ਗਾਰ ਬਿਊਰੋ ਅਤੇ ਜਿਲ੍ਹਾ ਉਦਯੋਗ ਕੇਂਦਰ ਦੇ ਸਹਿਯੋਗ ਨਾਲ ਔਰਤਾਂ ਅਤੇ ਲੜਕੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵੱਖ-ਵੱਖ ਪਲੇਸਮੈਂਟ ਏਜੰਸੀਆਂ ਵੱਲੋਂ ਵੀ ਇਸ ਕੈਂਪ ਵਿਚ ਹਿੱਸਾ ਲਿਆ ਜਾਵੇਗਾ, ਜਿਨ੍ਹਾਂ ਵੱਲੋਂ ਮੌਕੇ ‘ਤੇ ਹੀ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਜਾਣਗੇ ਅਤੇ ਲੜਕੀਆਂ ਨੂੰ ਹੁਨਰ ਵਿਕਾਸ ਤੇ ਰੋਜ਼ਗਾਰ ਪ੍ਰਾਪਤੀ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਗਰਭਵਰਤੀ ਔਰਤਾਂ ਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸਕੀਮ ਅਧੀਨ ਲਾਭ ਲੈਣ ਲਈ ਰਜਿਸਟਰ ਵੀ ਕੀਤਾ ਜਾਵੇਗਾ। ਕੈਂਪ ਦੌਰਾਨ ਆਧਾਰ ਕਾਰਡ ਅਪਡੇਟ ਕਰਵਾਉਣ ਸਬੰਧੀ ਸਟਾਲ ਦੇ ਨਾਲ-ਨਾਲ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸਖੀ ਵਨ ਸਟਾਪ ਸੈਂਟਰ, ਵੈਮੈਨ ਹੱਬ ਵੱਲੋਂ ਵੀ ਔਰਤਾਂ ਅਤੇ ਬੱਚੀਆਂ ਲਈ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੁਵਿਧਾਵਾਂ ਸਬੰਧੀ ਸਟਾਲ ਲਗਾਏ ਜਾਣਗੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਲੋੜੀੰਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 14 ਫਰਵਰੀ ਨੂੰ ਆਈ.ਟੀ.ਆਈ ਗਰਾਊਂਡ ਵਿਖੇ ਪਹੁੰਚ ਕੇ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ, ਐਸ.ਡੀ.ਐਮ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj