
(ਸਮਾਜ ਵੀਕਲੀ) ਜੀਵਨ ਇੱਕ ਐਸੀ ਯਾਤਰਾ ਹੈ, ਜਿਥੇ ਹਰ ਰੋਜ਼ ਸੁੱਖ–ਦੁੱਖ, ਉਤਾਰ–ਚੜ੍ਹਾਅ, ਖੁਸ਼ੀਆਂ ਤੇ ਗਮ ਆਉਂਦੇ ਰਹਿੰਦੇ ਹਨ। ਜਦੋਂ ਜ਼ਿੰਦਗੀ ‘ਚ ਖੁਸ਼ੀਆਂ ਆਉਂਦੀਆਂ ਹਨ ਤਾਂ ਚਿਹਰੇ ਤੇ ਰੌਸ਼ਨੀ ਆ ਜਾਂਦੀ ਹੈ ਪਰ ਜਦੋਂ ਕੋਈ ਗਮ ਆਉਂਦਾ ਤਾਂ ਉਹ ਸਾਡੀ ਅੰਦਰੂਨੀ ਦੁਨੀਆ ਨੂੰ ਝੰਝੋੜ ਦਿੰਦਾ ਹੈ। ਇਸ ਤਣਾਅ ਭਰੇ ਸਮੇਂ ‘ਚ ਹਾਸਾ ਇੱਕ ਐਸੀ ਦਵਾਈ ਹੈ ਜੋ ਬਿਨਾਂ ਕਿਸੇ ਖ਼ਰਚੇ ਦੇ ਮਨ, ਸਰੀਰ ਅਤੇ ਰਿਸ਼ਤਿਆਂ ਨੂੰ ਤੰਦਰੁਸਤ ਕਰ ਸਕਦੀ ਹੈ। ਹੱਸਣਾ ਸਿਰਫ਼ ਇੱਕ ਭਾਵਨਾ ਨਹੀਂ ਸਗੋਂ ਜੀਵਨ ਜਿਊਣ ਦੀ ਕਲਾ ਹੈ। ਜਦੋਂ ਅਸੀਂ ਆਪਣੇ ਚਿਹਰੇ ‘ਤੇ ਹਾਸਾ ਰੱਖਦੇ ਹਾਂ ਤਾਂ ਉਹ ਸਾਡੀ ਸਿਹਤ, ਸੋਚ ਅਤੇ ਵਿਅਹਾਰ ‘ਤੇ ਸਿੱਧਾ ਪ੍ਰਭਾਵ ਪਾਉਂਦਾ ਹੈ। ਡਾਕਟਰੀ ਸਾਇੰਸ ਵੀ ਹੁਣ ਇਹ ਗੱਲ ਮੰਨ ਚੁੱਕੀ ਹੈ ਕਿ ਹੱਸਣ ਨਾਲ ਤਣਾਅ ਘਟਦਾ ਹੈ ਤੇ ਰੋਗਾਂ ਤੋਂ ਲੜਨ ਦੀ ਤਾਕਤ ਵੱਧਦੀ ਹੈ ਅਤੇ ਮਨੋਵਿਗਿਆਨਕ ਤੰਦਰੁਸਤੀ ਬਣੀ ਰਹਿੰਦੀ ਹੈ। ਅੱਜਕੱਲ੍ਹ ਦੇ ਜ਼ਮਾਨੇ ‘ਚ ਕਾਮੇਡੀ ਸ਼ੋਅ, ਹਾਸੇ ਵਾਲੀਆਂ ਫਿਲਮਾਂ ਅਤੇ ਹਾਸਾ ਕਲੱਬ ਇਸੇ ਲੋੜ ਨੂੰ ਪੂਰਾ ਕਰ ਰਹੇ ਹਨ। ਸਵੇਰੇ ਬਗੀਚਿਆਂ ਵਿੱਚ ਹੱਸਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਜੋ ਇਹ ਦਰਸਾਉਂਦੀ ਹੈ ਕਿ ਲੋਕ ਹੁਣ ਆਪਣੇ ਮਨ ਅਤੇ ਸਿਹਤ ਲਈ ਹਾਸੇ ਨੂੰ ਜ਼ਰੂਰੀ ਸਮਝਣ ਲੱਗੇ ਹਨ। ਹਾਸਾ ਸਾਨੂੰ ਆਤਮ-ਵਿਸ਼ਵਾਸੀ ਚੁਸਤ ਤੇ ਉਤਸ਼ਾਹੀ ਬਣਾਉਂਦਾ ਹੈ। ਹਾਸੇ ਨੂੰ ਮੁੱਖ ਰੱਖਦਿਆਂ ਹਰ ਸਾਲ ਵਿਸ਼ਵ ਹਾਸਾ ਦਿਵਸ ਮਈ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। 1998 ਵਿੱਚ ਸਭ ਤੋਂ ਪਹਿਲਾ ਇਹ ਦਿਨ ਮੁੰਬਈ ਭਾਰਤ ਵਿੱਚ ਮਨਾਇਆ ਗਿਆ ਅਤੇ ਇਸ ਦੀ ਸ਼ੁਰੂਆਤ ਵਿਸ਼ਵਵਿਆਪੀ ਲਾਫਟਰ ਯੋਗਾ ਅੰਦੋਲਨ ਦੇ ਸੰਸਥਾਪਕ ਡਾ: ਮਦਨ ਕਟਾਰੀਆ ਦੁਆਰਾ ਕੀਤੀ ਗਈ ਸੀ। ਹੱਸਣ ਨਾਲ ਸਿਰਫ਼ ਅਸੀਂ ਖੁਸ਼ ਨਹੀਂ ਰਹਿੰਦੇ, ਸਗੋਂ ਹੋਰਾਂ ਨੂੰ ਵੀ ਖੁਸ਼ੀ ਦਿੰਦੇ ਹਾਂ। ਇੱਕ ਹਸਮੁੱਖ ਚਿਹਰਾ ਕਈ ਵਾਰੀ ਉਹ ਕੰਮ ਕਰਵਾ ਲੈਂਦਾ ਹੈ ਜੋ ਸਖ਼ਤ ਤੇ ਰੁਖੇ ਵਿਅਹਾਰ ਨਾਲ ਨਹੀਂ ਹੋ ਸਕਦੇ। ਮਿੱਠੇ ਬੋਲ, ਨਮ੍ਰਤਾ ਅਤੇ ਹਸਮੁੱਖਤਾ ਮਨੁੱਖੀ ਸੰਬੰਧਾਂ ਨੂੰ ਮਜਬੂਤ ਕਰਦੇ ਹਨ। ਕਈ ਵਾਰ ਜ਼ਿੰਦਗੀ ਸਾਨੂੰ ਮੁਸ਼ਕਲ ਪਰੀਖਿਆਵਾਂ ‘ਚ ਪਾ ਦਿੰਦੀ ਹੈ, ਪਰ ਜੇ ਅਸੀਂ ਹੱਸਣਾ ਨਹੀਂ ਭੁੱਲਦੇ ਤਾਂ ਉਹ ਮੁਸ਼ਕਲਾਂ ਵੀ ਸਾਨੂੰ ਕੁਝ ਸਿਖਾ ਕੇ ਅੱਗੇ ਵਧਾ ਦੇਂਦੀਆਂ ਹਨ। ਹੱਸਣਾ ਅੰਦਰੂਨੀ ਸੂਝ-ਬੂਝ ਨੂੰ ਜਗਾਉਂਦਾ ਹੈ ਜੋ ਸਾਡੀ ਸੋਚ ਨੂੰ ਇਕ ਨਵੀਂ ਦਿਸ਼ਾ ਦਿੰਦਾ ਹੈ। ਜਿਸ ਇਨਸਾਨ ਨੇ ਹੱਸਣ ਤੇ ਖੁਸ਼ ਰਹਿਣਾ ਸਿੱਖ ਲਿਆ ਉਸ ਨੇ ਅਸਲ ‘ਚ ਜੀਵਨ ਜਿਉਣ ਦਾ ਅਰਥ ਹੀ ਸਮਝ ਲਿਆ। ਹੱਸਦੇ, ਮੁਸਕਰਾਉਂਦੇ ਜਿੰਦਗੀ ਦੀ ਰਾਹਵੀਂ ਚੱਲਦੇ ਜਾਓ, ਮੰਜ਼ਿਲ ਆਪਣੇ ਆਪ ਪੈਰ ਚੁੰਮਣ ਲੱਗ ਪਏਗੀ। ਹਮੇਸ਼ਾ ਯਾਦ ਰੱਖੋ ਖੁਸ਼ੀਆਂ ਵੰਡੋਗੇ ਤਾਂ ਹਾਸਾ ਉੱਗੇਗਾ।
ਬਲਦੇਵ ਸਿੰਘ ਬੇਦੀ



