(ਸਮਾਜ ਵੀਕਲੀ) ਅੱਜ ਮਈ ਮਹੀਨੇ ਦੀ ਤੀਹ ਤਰੀਕ ਹੈ। ਸੂਰਜ ਦੀ ਤਿੱਖੀ ਧੁੱਪ ਪੈਣੀ ਸ਼ੁਰੂ ਹੋ ਗਈ ਹੈ। ਵੱਖ, ਵੱਖ ਪਿੰਡਾਂ ਤੋਂ ਵਿਦਿਆਰਥੀ ਆਪਣੇ ਸਾਈਕਲਾਂ ਤੇ ਸਕੂਲ ਪਹੁੰਚ ਰਹੇ ਹਨ। ਉਹ ਆਪਣੇ ਸਾਈਕਲ, ਸਾਈਕਲ ਸ਼ੈੱਡ ਵਿੱਚ ਖੜ੍ਹੇ ਕਰਕੇ ਆਪਣੇ ਬੈਗ ਲੈ ਕੇ ਆਪਣੇ, ਆਪਣੇ ਕਲਾਸ ਰੂਮਾਂ ਵੱਲ ਜਾ ਰਹੇ ਹਨ। ਪੰਜ ਮਿੰਟਾਂ ਬਾਅਦ ਸਕੂਲ ਲੱਗਣ ਦੀ ਘੰਟੀ ਵੱਜ ਗਈ। ਉਹ ਸਕੂਲ ਕੰਪਲੈਕਸ ਵਿੱਚ ਸਵੇਰ ਦੀ ਸਭਾ ਲਈ ਲਾਈਨਾਂ ਬਣਾ ਕੇ ਖੜ੍ਹ ਗਏ। ਪ੍ਰਾਰਥਨਾ ਖਤਮ ਹੋਣ ਪਿੱਛੋਂ ਸਕੂਲ ਦੇ ਡੀ. ਪੀ. ਈ. ਨੇ ਉਨ੍ਹਾਂ ਨੂੰ ਪੰਦਰਾਂ ਮਿੰਟਾਂ ਲਈ ਪੀ. ਟੀ. ਕਰਾਈ। ਸਾਰੇ ਵਿਦਿਆਰਥੀ ਪਸੀਨੋ-ਪਸੀਨੀ ਹੋ ਗਏ। ਸਕੂਲ ਦੇ ਮੁੱਖ ਅਧਿਆਪਕ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ, ਉਹ ਉਨ੍ਹਾਂ ਨੂੰ ਮੁਖਾਤਿਬ ਹੋ ਕੇ ਆਖਣ ਲੱਗਾ, “ਪਿਆਰੇ ਬੱਚਿਓ, ਭਾਵੇਂ ਅੱਜ ਕੱਲ੍ਹ ਗਰਮੀ ਬਹੁਤ ਪੈ ਰਹੀ ਆ, ਤੁਹਾਨੂੰ ਪਿਆਸ ਵੀ ਬਹੁਤ ਲੱਗਦੀ ਆ, ਪਰ ਤੁਸੀਂ ਘਰੋਂ ਸਵੇਰ ਦੀ ਰੋਟੀ ਖਾ ਕੇ ਤੇ ਪਾਣੀ ਪੀ ਕੇ ਆਉਂਦੇ ਹੋ। ਮੈਂ ਹਰ ਰੋਜ਼ ਵੇਖਦਾਂ ਸਕੂਲ ਲੱਗਦਾ ਮਗਰੋਂ ਆਂ, ਤੁਸੀਂ ਲਾਈਨਾਂ ਬੰਨ੍ਹ ਕੇ ਪਾਣੀ ਦੀ ਟੈਂਕੀ ਤੋਂ ਪਾਣੀ ਪੀਣ ਪਹਿਲਾਂ ਤੁਰੇ ਹੁੰਦੇ ਹੋ। ਕੀ ਤੁਸੀਂ ਅੱਧੀ ਛੁੱਟੀ ਹੋਣ ਤੱਕ ਪਾਣੀ ਤੋਂ ਬਗੈਰ ਨ੍ਹੀ ਰਹਿ ਸਕਦੇ? ਮੈਂ ਹਰ ਰੋਜ਼ ਵੇਖਦਾਂ, ਕੁਝ ਬੱਚੇ ਟੈਂਕੀ ਤੇ ਆ ਕੇ ਪੈਰ ਹੀ ਧੋਂਦੇ ਰਹਿੰਦੇ ਆ। ਬੱਚਿਓ, ਇਹ ਬੜੀ ਮਾੜੀ ਆਦਤ ਆ।” ਮੁੱਖ ਅਧਿਆਪਕ ਹਾਲੇ ਮੁਸ਼ਕਿਲ ਨਾਲ ਪੰਜ ਮਿੰਟ ਹੀ ਬੋਲਿਆ ਸੀ ਕਿ ਉਹ ਧੁੱਪ ਵਿੱਚ ਖੜ੍ਹਾ ਪਸੀਨੋ-ਪਸੀਨੀ ਹੋ ਗਿਆ ਤੇ ਆਪਣਾ ਭਾਸ਼ਨ ਛੇਤੀ ਨਾਲ ਖਤਮ ਕਰਦਾ ਹੋਇਆ ਸਕੂਲ ਦੇ ਪੀਅਨ ਨੂੰ ਆਖਣ ਲੱਗਾ, “ਅੱਜ ਤਾਂ ਗਰਮੀ ਬਹੁਤ ਆ। ਪਿੰਡਾਂ ‘ਚ ਤਾਂ ਬਿਜਲੀ ਦਾ ਹਾਲ ਵੀ ਮਾੜਾ ਆ। ਬੱਸ ਸਾਰਾ ਦਿਨ ਪਸੀਨਾ ਆਂਦਾ ਰਹਿੰਦਾ ਆ। ਪਾਣੀ ਦਾ ਠੰਢਾ ਜਿਹਾ ਗਲਾਸ ਲਿਆ, ਜ਼ਰਾ ਦਿਲ ਨੂੰ ਚੈਨ ਜਹੀ ਆ ਜਾਵੇ।” ਮੁੱਖ ਅਧਿਆਪਕ ਦੀਆਂ ਇਹ ਗੱਲਾਂ ਸੁਣ ਕੇ ਕੁਝ ਵਿਦਿਆਰਥੀ ਹੌਲੀ, ਹੌਲੀ ਹੱਸਣ ਲੱਗ ਪਏ, ਜਿਨ੍ਹਾਂ ਦੀ ਹਾਜ਼ਰੀ ਕਲਾਸ ਇਨਚਾਰਜ, ਸਕੂਲ ਕੰਪਲੈਕਸ ਵਿੱਚ ਲਗਾ ਰਹੇ ਸਨ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ 9915803554
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



