HOME ਜਿਆਦਾ ਸੋਚਣਾ: ਜਦੋਂ ਵਿਦਿਆਰਥੀ ਦਾ ਮਨ ਹੀ ਉਸਦਾ ਸਭ ਤੋਂ ਵੱਡਾ ਦੁਸ਼ਮਣ...

ਜਿਆਦਾ ਸੋਚਣਾ: ਜਦੋਂ ਵਿਦਿਆਰਥੀ ਦਾ ਮਨ ਹੀ ਉਸਦਾ ਸਭ ਤੋਂ ਵੱਡਾ ਦੁਸ਼ਮਣ ਬਣ ਜਾਂਦਾ ਹੈ

1
ਅਵਤਾਰ ਸਿੰਘ
   (ਸਮਾਜ ਵੀਕਲੀ)  ਮੇਰੇ ਵਿਚਾਰ ਵਿੱਚ ਵੱਧ ਸੋਚਣ ਨੂੰ ਅਕਸਰ ਅਕਲਮੰਦੀ ਸਮਝ ਲਿਆ ਜਾਂਦਾ ਹੈ, ਪਰ ਅਸਲ ਵਿੱਚ ਇਹ ਮਾਨਸਿਕ ਥਕਾਵਟ ਹੁੰਦੀ ਹੈ। ਆਪਣੇ ਕਲਾਸਰੂਮ ਵਿੱਚ ਵਿਦਿਆਰਥੀਆਂ ਨਾਲ ਅਧਿਆਪਨ ਕਰਦੇ ਹੋਏ ਮੈਂ ਮਹਿਸੂਸ ਕੀਤਾ ਹੈ ਕਿ ਬਹੁਤ ਸਾਰੇ ਵਿਦਿਆਰਥੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਵਿਚ ਵੱਧ ਸੋਚਣਾ ਇੱਕ ਚੁੱਪਚਾਪ ਫੈਲ ਰਹੀ ਸਮੱਸਿਆ ਬਣ ਚੁੱਕੀ ਹੈ। ਬਹੁਤ ਸਾਰੇ ਵਿਦਿਆਰਥੀ ਅਸਲ ਪਾਠਕ੍ਰਮ ਮੁਸ਼ਕਲਾਂ ਕਰਕੇ ਨਹੀਂ, ਸਗੋਂ ਆਪਣੇ ਮਨ ਵਿੱਚ ਪੈਦਾ ਹੋਏ ਡਰ ਕਰਕੇ ਪੀੜਤ ਹੁੰਦੇ ਹਨ। ਇਸ ਦੀ ਇੱਕ ਆਮ ਉਦਾਹਰਨ ਇਮਤਿਹਾਨਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੇਖਣ ਨੂੰ ਮਿਲਦੀ ਹੈ। ਵਿਦਿਆਰਥੀ ਇਮਤਿਹਾਨਾਂ ਬਾਰੇ ਪਹਿਲਾਂ ਹੀ ਚਿੰਤਾ ਕਰਨ ਲੱਗ ਪੈਂਦੇ ਹਨ—ਪੇਪਰ ਕਿਵੇਂ ਆਵੇਗਾ?, ਜੇ ਪ੍ਰਸ਼ਨ ਪੱਤਰ ਔਖਾ ਹੋਇਆ ਤਾਂ? ਇਮਤਿਹਾਨ ਦੇ ਕੇ ਆਉਣ ਤੋਂ ਬਾਅਦ ਵੀ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਰਾਤਾਂ ਨੂੰ ਉਹੀ ਉੱਤਰ ਮਨ ਵਿੱਚ ਘੁੰਮਦੇ ਰਹਿੰਦੇ ਹਨ—ਕਿਤੇ ਮੈਂ ਗਲਤ ਪੁਆਇੰਟ ਤਾਂ ਨਹੀਂ ਲਿਖ ਦਿੱਤਾ?, ਜੇ ਪ੍ਰਸ਼ਨ ਗਲਤ ਸਮਝ ਲਿਆ ਹੋਇਆ?..ਇਮਤਿਹਾਨ ਤਾਂ ਮੁਕੰਮਲ ਹੋ ਚੁੱਕਾ ਹੁੰਦਾ ਹੈ, ਪਰ ਵਿਦਿਆਰਥੀ ਦਾ ਮਨ ਅਜੇ ਵੀ ਉਸ ਲੜਾਈ ਨੂੰ ਲੜ ਰਿਹਾ ਹੁੰਦਾ ਹੈ, ਜੋ ਹੁਣ ਮੌਜੂਦ ਹੀ ਨਹੀਂ ਹੁੰਦੀ। ਇਹ ਲਗਾਤਾਰ ਸੋਚ ਚਿੰਤਾ, ਨੀਂਦ ਦੀ ਘਾਟ, ਆਤਮ-ਵਿਸ਼ਵਾਸ ਵਿੱਚ ਕਮੀ ਅਤੇ ਭਾਵਨਾਤਮਕ ਥਕਾਵਟ ਪੈਦਾ ਕਰਦੀ ਹੈ। ਵੱਧ ਸੋਚਣਾ ਵਿਦਿਆਰਥੀਆਂ ਦੀ ਸਮਾਜਿਕ ਅਤੇ ਭਾਵਨਾਤਮਕ ਜ਼ਿੰਦਗੀ ‘ਤੇ ਵੀ ਅਸਰ ਪਾਉਂਦਾ ਹੈ। ਮੇਰੀ ਇੱਕ ਕਲਾਸ ਦੇ ਵਿਦਿਆਰਥੀ ਨਾਲ ਇਹ ਸਮੱਸਿਆ ਸਾਫ਼ ਵੇਖਣ ਨੂੰ ਮਿਲੀ। ਅਧਿਆਪਕ ਜਾਂ ਦੋਸਤ ਵੱਲੋਂ ਇੱਕ ਦੇਰ ਨਾਲ ਆਇਆ ਜਵਾਬ ਵੀ ਬੇਵਜ੍ਹਾ ਤਣਾਅ ਪੈਦਾ ਕਰ ਦਿੰਦਾ ਹੈ। ਵਿਦਿਆਰਥੀ ਆਪਣੇ ਆਪ ਨੂੰ ਨਕਾਰਿਆ ਹੋਇਆ, ਨਿਰਾਸ਼ ਜਾਂ ਅਣਦੇਖਿਆ ਮਹਿਸੂਸ ਕਰਨ ਲੱਗਦਾ ਹੈ, ਜਦਕਿ ਹਕੀਕਤ ਵਿੱਚ ਕਾਰਨ ਸਿਰਫ਼ ਵਿਅਸਤਤਾ ਹੋ ਸਕਦਾ ਹੈ। ਵੱਧ ਸੋਚਣ ਵਾਲਾ ਮਨ ਹਕੀਕਤ ਨਾਲੋਂ ਵੱਧ ਦਰਦਨਾਕ ਕਹਾਣੀਆਂ ਬਣਾਉਣ ਲੱਗ ਪੈਂਦਾ ਹੈ। ਮੇਰੇ ਨਜ਼ਰੀਏ ਵਿੱਚ, ਮਨੋਵਿਗਿਆਨਕ ਤੌਰ ‘ਤੇ ਵਿਦਿਆਰਥੀਆਂ ਵਿੱਚ ਵੱਧ ਸੋਚਣ ਦੀ ਮੁੱਖ ਵਜ੍ਹਾ ਡਰ ਹੁੰਦਾ ਹੈ—ਅਸਫਲਤਾ ਦਾ ਡਰ, ਤੁਲਨਾ ਦਾ ਡਰ, ਮਾਪਿਆਂ ਅਤੇ ਅਧਿਆਪਕਾਂ ਨੂੰ ਨਿਰਾਸ਼ ਕਰਨ ਦਾ ਡਰ ਅਤੇ ਭਵਿੱਖ ਦਾ ਡਰ। ਮਨ ਇਹ ਮੰਨ ਲੈਂਦਾ ਹੈ ਕਿ ਵੱਧ ਸੋਚ ਕੇ ਗਲਤੀਆਂ ਤੋਂ ਬਚਿਆ ਜਾ ਸਕਦਾ ਹੈ, ਪਰ ਅਸਲ ਵਿੱਚ ਇਹ ਵਿਦਿਆਰਥੀਆਂ ਨੂੰ ਉਲਝਣ ਅਤੇ ਆਤਮ-ਸੰਦੇਹ ਵਿੱਚ ਫਸਾ ਦਿੰਦਾ ਹੈ।
ਮਾਪਿਆਂ ਦੀ ਭੂਮਿਕਾ
ਵਿਦਿਆਰਥੀਆਂ ਵਿੱਚ ਵੱਧ ਸੋਚਣਾ ਘਟਾਉਣ ਵਿੱਚ ਮਾਪਿਆਂ ਦੀ ਭੂਮਿਕਾ ਬਹੁਤ ਅਹਿਮਪੂਰਕ ਹੁੰਦੀ ਹੈ। ਬੇਹੱਦ ਦਬਾਅ, ਹਮੇਸ਼ਾਂ ਤੁਲਨਾ ਕਰਨਾ ਅਤੇ ਅਵਾਸਤਵਿਕ ਉਮੀਦਾਂ ਬੱਚਿਆਂ ਦੇ ਮਨ ‘ਤੇ ਭਾਰ ਪਾ ਦਿੰਦੀਆਂ ਹਨ। ਮਾਪਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅੰਕ ਬੱਚੇ ਦੀ ਕਾਬਲੀਅਤ ਜਾਂ ਕੀਮਤ ਦਾ ਪੂਰਾ ਮਾਪਦੰਡ ਨਹੀਂ ਹੁੰਦੇ। ਧੀਰਜ ਨਾਲ ਸੁਣਨਾ, ਕੋਸ਼ਿਸ਼ ਦੀ ਕਦਰ ਕਰਨਾ ਅਤੇ ਬਿਨਾਂ ਨਿਆਂ ਕੀਤੇ ਬੱਚਿਆਂ ਨੂੰ ਆਪਣਾ ਡਰ ਬਿਆਨ ਕਰਨ ਦਾ ਮੌਕਾ ਦੇਣਾ ਮਨ ਨੂੰ ਸ਼ਾਂਤੀ ਦਿੰਦਾ ਹੈ। ਇੱਕ ਸਹਾਇਕ ਘਰ ਬੱਚਿਆਂ ਲਈ ਭਾਵਨਾਤਮਕ ਸੁਰੱਖਿਆ ਬਣਾਉਂਦਾ ਹੈ।
ਅਧਿਆਪਕਾਂ ਦੀ ਭੂਮਿਕਾ
ਅਧਿਆਪਕ ਵਿਦਿਆਰਥੀ ਦੀ ਜ਼ਿੰਦਗੀ ਵਿੱਚ ਮਾਨਸਿਕ ਸਹਾਰਾ ਹੁੰਦੇ ਹਨ। ਹੌਸਲਾ ਦੇਣ ਵਾਲੇ ਸ਼ਬਦ, ਭਰੋਸਾ ਅਤੇ ਸੁਰੱਖਿਅਤ ਕਲਾਸਰੂਮ ਦਾ ਮਾਹੌਲ ਡਰ ਘਟਾਉਂਦਾ ਹੈ। ਜਦੋਂ ਗਲਤੀਆਂ ਨੂੰ ਅਸਫਲਤਾ ਦੀ ਬਜਾਏ ਸਿੱਖਣ ਦਾ ਹਿੱਸਾ ਮੰਨਿਆ ਜਾਂਦਾ ਹੈ, ਤਾਂ ਵਿਦਿਆਰਥੀ ਘੱਟ ਸੋਚਦੇ ਹਨ ਅਤੇ ਵੱਧ ਕੋਸ਼ਿਸ਼ ਕਰਦੇ ਹਨ। ਜੋ ਅਧਿਆਪਕ ਪੂਰਨਤਾ ਦੀ ਥਾਂ ਪ੍ਰਗਤੀ ‘ਤੇ ਧਿਆਨ ਦਿੰਦੇ ਹਨ, ਉਹ ਵਿਦਿਆਰਥੀਆਂ ਨੂੰ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਂਦੇ ਹਨ।
ਵੱਧ ਸੋਚਣ ਦੀ ਆਦਤ ਤੋੜਨ ਲਈ (ਮੇਰੇ ਵਿਚਾਰ)
ਵਿਦਿਆਰਥੀਆਂ ਨੂੰ ਇਹ ਸਿਖਾਉਣਾ ਬਹੁਤ ਜ਼ਰੂਰੀ ਹੈ ਕਿ ਹਰ ਸੋਚ ਧਿਆਨ ਦੇਣ ਯੋਗ ਨਹੀਂ ਹੁੰਦੀ। ਠਹਿਰ ਕੇ ਸਾਹ ਲੈਣਾ, ਵਰਤਮਾਨ ਪਲ ‘ਤੇ ਧਿਆਨ ਕੇਂਦਰਿਤ ਕਰਨਾ ਮਨ ਦੀ ਉਲਝਣ ਘਟਾਉਂਦਾ ਹੈ। ਆਪਣੇ ਡਰ ਲਿਖ ਕੇ ਬਾਹਰ ਕੱਢਣਾ, ਮਨਨ (ਮਾਈਂਡਫੁਲਨੈੱਸ) ਦਾ ਅਭਿਆਸ ਕਰਨਾ ਅਤੇ ਘਬਰਾਹਟ ਦੀ ਥਾਂ ਆਪਣੀ ਤਿਆਰੀ ‘ਤੇ ਭਰੋਸਾ ਕਰਨਾ ਵੱਧ ਸੋਚਣ ਨੂੰ ਹੌਲੀ-ਹੌਲੀ ਕਮਜ਼ੋਰ ਕਰਦਾ ਹੈ। ਦੋਸਤਾਂ, ਪਰਿਵਾਰ, ਅਧਿਆਪਕਾਂ ਜਾਂ ਕਿਸੇ ਭਰੋਸੇਯੋਗ ਵਿਅਕਤੀ ਨਾਲ ਗੱਲਬਾਤ ਕਰਨੀ ਵੀ ਬਹੁਤ ਮਦਦਗਾਰ ਸਾਬਤ ਹੁੰਦੀ ਹੈ। ‘ਅਸਲੀ ਸ਼ਾਂਤੀ ਉਸ ਵੇਲੇ ਆਉਂਦੀ ਹੈ, ਜਦੋਂ ਵਿਦਿਆਰਥੀ ਇਹ ਸੱਚ ਸਮਝ ਲੈਂਦੇ ਹਨ ਕਿ ਅਸਫਲਤਾ ਬਾਰੇ ਸੋਚਣਾ ਉਸਨੂੰ ਰੋਕਦਾ ਨਹੀਂ, ਪਰ ਆਪਣੇ ਆਪ ‘ਤੇ ਭਰੋਸਾ ਉਸਨੂੰ ਅੱਗੇ ਵਧਾਉਂਦਾ ਹੈ।’ ਜਦੋਂ ਮਾਪੇ ਅਤੇ ਅਧਿਆਪਕ ਮਿਲ ਕੇ ਕੰਮ ਕਰਦੇ ਹਨ, ਤਾਂ ਵਿਦਿਆਰਥੀ ਦਾ ਮਨ ਡਰ ਦੀ ਨਹੀਂ, ਵਿਕਾਸ ਦੀ ਥਾਂ ਬਣ ਜਾਂਦਾ ਹੈ।
ਤਹਿ ਦਿਲੋਂ ਧੰਨਵਾਦ
ਅਵਤਾਰ ਸਿੰਘ  ਅੰਗਰੇਜ਼ੀ ਮਾਸਟਰ ਕਪੂਰਥਲਾ 
7986364129
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੁੱਖ ਮੰਤਰੀ ਬੀਮਾ ਯੋਜਨਾ ਤਹਿਤ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ 10 ਲੱਖ ਬੀਮਾ ਯੋਜਨਾ ਸ਼ੁਰੂ
Next articleਪਾਣੀ ਤੋਂ ਬਗੈਰ