*ਭੱਜ ਜਾ ਵੇ ਮਿੱਤਰਾ ਟੱਕੂਆ ਤੇ ਟੱਕੂਆ ਖੜਕੇ!*
(ਸਮਾਜ ਵੀਕਲੀ) ਇਸ ਵਾਰ ਲੋਕ ਸਭਾ ਚੋਣਾਂ ਬੜੀਆਂ ਦਿਲਚਸਪ ਬਣੀਆਂ ਹੋਈਆਂ ਹਨ। ਪਹਿਲਾਂ ਤਾਕਤ ਭਾਜਪਾ ਦੇ ਹੱਥ ਵਿੱਚ ਸੀ। ਉਸਨੇ ਮਨਮਾਨੀਆਂ ਕੀਤੀਆਂ। ਹੁਣ ਤਾਕਤ ਲੋਕਾਂ ਦੇ ਹੱਥ ਵਿੱਚ ਹੈ। ਸਿਆਣੇ ਕਹਿੰਦੇ ਹਨ ਕਿ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ। ਜਿਹੜੀਆਂ ਗੱਠਾਂ ਹੱਥਾਂ ਦੇ ਨਾਲ ਭਾਜਪਾ ਨੇ ਪਾਈਆਂ ਸਨ, ਉਹ ਹੁਣ ਮੂੰਹ ਨਾਲ ਵੀ ਨਹੀਂ ਖੁੱਲ੍ਹ ਰਹੀਆਂ।
ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਕਿਸਾਨਾਂ ਵੱਲੋਂ ਵੱਟੋ ਵੱਟ ਭਜਾਇਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਉਹਨਾਂ ਨੂੰ ਪਿਛਲੇ ਸਮਿਆਂ ਵਿੱਚ ਕੀਤੇ ਜ਼ੁਲਮਾਂ ਦਾ ਹਿਸਾਬ ਮੰਗ ਰਹੇ ਹਨ। ਉਹਨਾਂ ਦੇ ਕੋਲ਼ ਜਵਾਬ ਕੋਈ ਨਹੀਂ। ਪੰਜਾਬ ਦੇ ਵਿੱਚ ਭਾਜਪਾ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਲੋਕਾਂ ਨੇ ਵਾਹਣੀਂ ਪਾਇਆ ਹੋਇਆ ਹੈ।
ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਨਾਲ ਚੋਣ ਪ੍ਰਚਾਰ ਕਰਨ ਜਾਂਦੇ ਹਨ। ਪੰਜਾਬ ਦੇ ਵਿੱਚ ਤਾਂ ਕੁੱਝ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਗਿਰਫ਼ਤਾਰ ਵੀ ਕੀਤਾ ਗਿਆ ਹੈ। ਇਸ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦਾ ਪਾਰਾ ਸੱਤਵੇਂ ਅਸਮਾਨ ਉੱਤੇ ਪੁੱਜ ਗਿਆ ਹੈ। ਉਹ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਬਰਾਬਰ ਹੀ ਸਮਝਦੇ ਹਨ। ਕਿਉਂਕਿ ਇਹਨਾਂ ਦੀਆਂ ਨੀਤੀਆਂ ਇਕੋ ਜਿਹੀਆਂ ਹਨ। ਲੋਕ ਅਤੀਤ ਦੇ ਵਿੱਚ ਹੋਏ ਤਸ਼ੱਦਦ ਹਿਸਾਬ ਕਿਤਾਬ ਕਰਨ ਲੱਗੇ ਹਨ। ਭਾਜਪਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹਾਲਤ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਗਾਏ ਗੀਤ ਵਰਗੀ ਬਣੀ ਹੋਈ ਹੈ। ਇਹ ਗੀਤ ਭਾਵੇਂ ਰੁਮਾਂਟਿਕ ਐ ਪਰ ਇਸ ਸਮੇਂ ਦੌਰਾਨ ਢੁਕਵਾਂ ਹੈ।
ਅਮਰਜੋਤ – *ਵਿੱਚ ਗਲ਼ੀ ਦੇ ਹੋ ਗਏ ਟਾਕਰੇ, ਖੜ੍ਹ ਗਿਆ ਬਾਹੋਂ ਫੜਕੇ*
*ਪਾਣੀ ਪਾਣੀ ਹੋ ਗਈ ਮਿੱਤਰਾਂ, ਧੱਕ ਧੱਕ ਸੀਨਾ ਧੜਕੇ*,
*ਭੱਜ ਜਾ ਵੇ ਮਿੱਤਰਾ , ਟੱਕੂਆ ਤੇ ਟਕੂਆ ਖੜਕੇ।*
ਹੁਣ ਇਸ ਤਰ੍ਹਾਂ ਦੇ ਮਹੌਲ ਵਿੱਚ ਭਾਜਪਾ ਦੇ ਉਮੀਦਵਾਰਾਂ ਦੀ ਭਾਸ਼ਾ ਦੇ ਕੁੜੱਤਣ ਆ ਗਈ ਹੈ। ਉਹ ਸਿੱਧੀਆਂ ਧਮਕੀਆਂ ਦੇਣ ਲੱਗੇ ਹਨ। ਉਹ ਨਹੀਂ ਜਾਣਦੇ ਕਿ ਪੰਜਾਬੀ ਗਿੱਦੜ ਧਮਕੀਆਂ ਦੀ ਪ੍ਰਵਾਹ ਨਹੀਂ ਕਰਦੇ। ਸਗੋਂ ਇਹ ਤਾਂ ਹੋਰ ਪ੍ਰਚੰਡ ਰੂਪ ਧਾਰਨ ਕਰਦੇ ਹਨ। ਦਲ ਬਦਲੂ ਭਾਜਪਾ ਦੇ ਉਮੀਦਵਾਰਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਨਾਲ ਹੋਣੀ ਕੀ ਹੈ?
ਪਰ ਲੋਕਾਂ ਦੇ ਲਈ ਹੁਣ ਲੋਕ ਸਭਾ ਚੋਣਾਂ ਕਰੋ ਜਾਂ ਮਰੋ ਵਾਲੀ ਹਾਲਤ ਵਿੱਚ ਪੁਜ ਗਈਆਂ ਹਨ। ਇਕ ਥਾਂ ਤੋਂ ਦੂਜੀ ਥਾਂ ਲੋਕ ਇਹਨਾਂ ਉਮੀਦਵਾਰਾਂ ਨੂੰ ਭਜਾਈ ਫਿਰਦੇ ਹਨ। ਉਮੀਦਵਾਰਾਂ ਨੂੰ ਸੰਜਮ ਵਰਤਣ ਦੀ ਲੋੜ੍ਹ ਹੈ। ਆਪਣੀ ਬੋਲੀ ਉਪਰ ਕਾਬੂ ਪਾਉਣ ਦੀ ਜ਼ਰੂਰਤ ਹੈ। ਬਾਕੀ ਚਾਰ ਤਰੀਕ ਨੂੰ ਦਸ ਵਜੇ ਪਤਾ ਲੱਗ ਜਾਵੇਗਾ।
ਬਾਕੀ ਲੋਕਾਂ ਦੇ ਲਈ ਇਹ ਮਹੌਲ ਬੜਾ ਰੁਮਾਂਟਿਕ ਬਣਿਆ ਹੋਇਆ ਹੈ।
——
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ