ਕਿਉਂ ਆਪਣੀ ਬੇਗਾਨੀ

(ਸਮਾਜ ਵੀਕਲੀ)-ਸਤਿ ਸ੍ਰੀ ਆਕਾਲ ਚਾਚਾ ਜੀ। ਸ਼ਗੁਨ ਨੇ ਘਰ ਵੜਦਿਆਂ ਚਾਚਾ ਜੀ ਨੂੰ ਸਾਹਮਣੇ ਖੜ੍ਹੇ ਦੇਖ ਕੇ ਕਿਹਾ।
ਸਤਿ ਸ੍ਰੀ ਆਕਾਲ, ਸਤਿ ਸ੍ਰੀ ਆਕਾਲ। ਆਹ ਕਪੜੇ ਢੰਗ ਦੇ ਪਾਇਆ ਕਰ। ਚਾਚਾ ਜੀ ਨੇ ਮੱਥੇ ਤਿਊੜੀਆਂ ਪਾਉਂਦਿਆ ਕਿਹਾ
ਬਈ ਕੀ ਹੋਇਆ ਕੱਪੜਿਆਂ ਨੂੰ, ਛੋਟੇ ਵੀਰ। ਚੰਗਾ ਭਲਾ ਕੁਰਤਾ ਤਾਂ ਪਾਇਆ, ਮੇਰੀ ਧੀ ਨੇ। ਬਾਪੂ ਜੀ ਨੇ ਬਾਹਰੋਂ ਆਉਂਦਿਆਂ ਚਾਚਾ ਜੀ ਦੀ ਗੱਲ ਸੁਣ ਕੇ ਕਿਹਾ।
ਆਹੋ….. ਬੱਸ ਆਹੀ ਤਾਂ ਗੱਲ ਹੈ। ਸਿਰ ‘ਤੇ ਚੜ੍ਹਾਈ ਹੋਈ ਕੁੜੀ ਤੁਸਾਂ ਨੇ। ਕੋਈ ਕੁੜੀਆਂ ਵਾਲੇ ਚੱਜ ਵੀ ਹੈ ਇਹਦੇ? ਕਦੇ ਪੜ੍ਹਾਈ, ਕਦੇ ਨੌਕਰੀ।ਵਿਆਹ ਦਾ ਵੀ ਫਿਕਰ ਕਰ ਲਓ ਇਹਦਾ ਕਿ ਘਰੇ ਬਿਠਾ ਕੇ ਰੱਖਣ ਦਾ ਇਰਾਦਾ ਹੈ ਸਾਰੀ ਉਮਰ। ਚਾਚਾ ਜੀ ਗੁੱਸੇ ਨਾਲ ਬੋਲੇ।
ਚਾਚਾ ਜੀ ਮੈਂ ਵਿਆਹ-ਵਿਊ ਨਹੀਂ ਕਰਵਾਉਣਾ। ਮੈਂ ਪਹਿਲਾਂ ਵੀ ਕਿੰਨੀ ਵਾਰ ਕਿਹਾ ਹੈ। ਸ਼ਗੁਨ ਨੇ ਆਪਣੇ ਬਾਪੂ ਜੀ ਦੇ ਨੇੜੇ ਹੁੰਦਿਆਂ ਕਿਹਾ।
ਨਾਂਹ, ਹੋਰ ਕੀ ਕਰਨਾ ਐ ਤੂੰ ? ਅਖੇ ਵਿਆਹ ਨਹੀਂ ਕਰੌਣਾ। ਕੁੜੀ ਐਂ…. ਤੇ ਕੁੜੀਆਂ ਨੂੰ ਵਿਆਹ ਕੇ ਤੋਰਨਾ ਹੀ ਪਿਓ ਚਾਚਿਆਂ ਦਾ ਫ਼ਰਜ ਹੁੰਦਾ ਏ। ਅਸੀਂ ਤੈਨੂੰ ਘਰੇ ਬਿਠਾ ਕੇ ਗੱਲਾਂ ਨਹੀਂ ਸੁਣਨੀਆਂ ਲੋਕਾਂ ਦੀਆਂ। ਚਾਚੀ ਜੀ ਨੇ ਅੰਦਰੋਂ ਆਉਂਦਿਆਂ ਕਿਹਾ।
ਬਾਪੂ ਜੀ…… ਊਂ… ਊਂ… ਊਂ….। ਸ਼ਗੁਨ ਨੇ ਰੋਣ ਦਾ ਝੂਠਾ ਜਿਹਾ ਨਾਟਕ ਕੀਤਾ।
ਓਹ…. ਹੋ…..! ਤੁਸੀਂ ਇਹ ਕਿਹੜੀਆਂ ਗੱਲਾਂ ਲੈ ਕੇ ਬੈਠ ਗਏ ਐਸ ਵੇਲੇ। ਚਲੋ ਅੰਦਰ ਚਲੋ, ਮੈਂ ਚਾਹ ਧਰੀ ਐ। ਆ ਜਾਓ ਸਾਰੇ ਅੰਦਰ, ਚਾਹ ਪੀਂਦੇ ਹਾਂ ਬੈਠ ਕੇ। ਚਾਚੀ ਜੀ ਦੇ ਮਗਰ ਮਾਂ ਵੀ ਬਾਹਰ ਆ ਗਈ ਸੀ।
ਆਹੋ…..। ਤੁਸੀਂ ਤਾਂ ਦੋਵੇ ਜੀਅ ਹਰ ਵੇਲੇ ਗੱਲ ਨੂੰ ਟਾਲ਼ ਦਿੰਦੇ ਓ,ਐਸੇ ਤਰ੍ਹਾਂ। ਅੱਜ ਚਾਹ-ਚੂਹ ਨੀਂ ਪੀਣੀ ਅਸੀਂ। ਤੁਸੀਂ ਸਿੱਧਾ-ਸਿੱਧਾ ਦਸੋ ਕਿ ਕੁੜੀ ਵਿਆਹੁਣੀ ਐ ਤੁਸੀਂ ਕਿ ਨਹੀਂ। ਚਾਚੇ ਨੇ ਤਲਖ਼ੀ ਨਾਲ਼ ਕਿਹਾ।
ਬਈ ਵਿਆਹ ਦਿਆਂਗੇ ਕੁੜੀ ਨੂੰ ਵੀ, ਛੋਟੇ ਵੀਰ। ਤੁਹਾਨੂੰ ਐਡੀ ਕਾਹਦੀ ਕਾਹਲ਼ੀ ਐ। ਹਜੇ ਪੜ੍ਹ ਕੇ ਹਟੀ ਐ, ਨਵੀਂ-ਨਵੀਂ ਨੌਕਰੀ ਮਿਲੀ ਐ। ਹੁਣ ਕੋਈ ਚੰਗਾ ਘਰ-ਬਾਰ ਦੇਖ ਕੇ ਵਿਆਹ ਦੇਵਾਂਗੇ। ਨਾਲੇ
ਹਜੇ ਉਮਰ ਹੀ ਕੀ ਐ ਇਹਦੀ? ਬਾਪੂ ਜੀ ਨੇ ਕੁੱਝ ਪਰੇਸ਼ਾਨ ਹੁੰਦਿਆਂ ਕਿਹਾ।
ਹਾਂਜੀ, ਜੇਠ ਜੀ। ਤੁਹਾਨੂੰ ਤਾਂ ਕੋਈ ਕਾਹਲ਼ੀ ਨਹੀਂ। ਧੀ ਦੀ ਕਮਾਈ ਜੂ ਖਾਂਦੇ ਹੋ। ਤੁਸੀਂ ਕਾਹਨੂੰ ਕਰਨਾ ਵਿਆਹ ਭਲਾ! ਚਾਚੀ ਜੀ ਨੇ ਤਾਹਨਾ ਮਾਰਿਆ।
ਚਾਚੀ ਜੀ, ਮੇਰੇ ਮਾਂ- ਬਾਪੂ ਨੇ ਮੈਨੂੰ ਪਾਲ਼ਿਆ- ਪੜ੍ਹਾਇਆ ਤੇ ਨੌਕਰੀ ਯੋਗ ਬਣਾਇਆ। ਇਸ ਤਰ੍ਹਾਂ ਮੇਰੀ ਸਾਰੀ ਕਮਾਈ ਤੇ ਉਹਨਾਂ ਦਾ ਹੀ ਅਧਿਕਾਰ ਹੈ। ਪਰ ਫ਼ੇਰ ਵੀ ਉਹ ਕਦੇ ਮੇਰੇ ਪੈਸੇ ਨਹੀਂ ਵਰਤਦੇ। ਉਹ ਆਪਣਾ ਗੁਜ਼ਾਰਾ ਖੇਤੀਬਾੜੀ ਤੋਂ ਹੀ ਕਰਦੇ ਹਨ। ਬਾਕੀ ਜਦੋਂ ਲੋੜ ਹੋਵੇ ਉਹ ਮੇਰੇ ਪੈਸੇ ਖਰਚ ਸਕਦੇ ਹਨ। ਸ਼ਗੁਨ ਨੂੰ ਚਾਚੀ ਜੀ ਦੀ ਗੱਲ ਬਹੁਤ ਬੁਰੀ ਲੱਗੀ।
ਤੂੰ ਤਾਂ ਆਪਣੀ ਜ਼ੁਬਾਨ ਬੰਦ ਹੀ ਰੱਖ। ਜ਼ਰੂਰ ਤੇਰਾ ਕੋਈ ਚੱਕਰ-ਚੁੱਕਰ ਹੋਣਾ ਕਿਸੇ ਨਾਲ। ਤਾਹੀਓਂ ਵਿਆਹ ਲਈ ਨਹੀਂ ਮੰਨਦੀ। ਫ਼ੇਰ ਅਚਾਨਕ ਸਾਡੇ ਸਿਰ ਸੁਆਹ ਪਾ ਕੇ ਨਿੱਕਲ ਜਾਵੇਂਗੀ। ਚਾਚੀ ਜੀ ਨੇ ਜਿਵੇਂ ਆਪਣੀ ਦਿਲੀ ਇੱਛਾ ਹੀ ਦੱਸ ਦਿੱਤੀ ਹੋਵੇ
ਛੋਟੀ….! ਮਾਂ ਨੇ ਗੁੱਸੇ ਨਾਲ ਚਾਚੀ ਜੀ ਵੱਲ ਦੇਖਿਆ ਫ਼ਿਰ ਇੱਕਦਮ ਸ਼ਗੁਨ ਵੱਲ ਦੇਖਦਿਆਂ ਕਿਹਾ, ਪੁੱਤਰ ਤੂੰ ਅੰਦਰ ਜਾਹ।
ਠੀਕ ਹੈ ਮਾਂ। ਕਹਿ ਕੇ ਸ਼ਗੁਨ ਅੰਦਰ ਚਲੀ ਗਈ।
ਦੇਖੋ ਵੀਰ ਜੀ ਅਸੀਂ ਕਿੰਨੇ ਸਮੇਂ ਤੋਂ ਤੁਹਾਨੂੰ ਸ਼ਗੁਨ ਦਾ ਵਿਆਹ ਕਰਨ ਲਈ ਕਹਿ ਰਹੇ ਹਾਂ ਪਰ ਤੁਸੀਂ ਵਿਆਉਣ ਦੀ ਵਜਾਏ ਉਹਨੂੰ ਨੌਕਰੀ ਤੇ ਲਵਾ ਦਿੱਤਾ। ਹੁਣ ਅਸੀਂ ਕੀ ਕਹੀਏ ਵਾਰ-ਵਾਰ। ਚਲੋ ਇਹ ਗੱਲ ਛੱਡੋ। ਅੱਜ ਮੈਂ ਵਕੀਲ ਨੂੰ ਬੁਲਾਇਆ ਹੈ। ਆਪਾਂ ਜ਼ਮੀਨ ਮੁੰਡਿਆਂ ਦੇ ਨਾਮ ਕਰ ਦਈਏ ਤੇ ਵਿਹਲੇ ਹੋਈਏ ਹੁਣ। ਚਾਚਾ ਜੀ ਨੇ ਅਸਲੀ ਗੱਲ ਤੇ ਆਉਂਦਿਆਂ ਕਿਹਾ।
ਓ ਛੋਟੇ ਵੀਰ। ਵਕੀਲ ਨੂੰ ਬੁਲਾਇਆ ਤਾਂ ਠੀਕ ਏ। ਪਰ ਕਾਹਦੇ ਵਾਸਤੇ? ਜ਼ਮੀਨ ਤਾਂ ਆਪਾਂ ਪਹਿਲਾਂ ਹੀ ਵੰਡੀ ਹੋਈ ਹੈ। ਹੁਣ ਕੀ ਕਰਵਾਉਣਾ ਵਕੀਲ ਤੋਂ। ਬਾਪੂ ਜੀ ਨੇ ਹੈਰਾਨੀ ਨਾਲ ਕਿਹਾ।
ਓਹੋ, ਤੁਸੀਂ ਸਮਝੇ ਨਹੀਂ ,ਵੀਰ ਜੀ। ਆਪਣੇ ਕੋਲ਼ ਇੱਕ ਹੀ ਧੀ ਹੈ। ਜੀਹਨੂੰ ਆਪਾਂ ਵਿਆਹ ਕੇ ਤੋਰ ਦੇਣਾ। ਬਾਕੀ ਸੱਭ ਕੰਮ-ਕਾਜ਼ ਤਾਂ ਦੋਵਾਂ ਮੁੰਡਿਆਂ ਨੇ ਹੀ ਸਾਂਭਣੇ ਹਨ। ਇਸ ਲਈ ਮੈਂ ਸੋਚਿਆ ਕਿ ਕਿਓਂ ਨਾ ਆਪਾਂ ਸਾਰੀ ਜ਼ਮੀਨ ਉਹਨਾਂ ਦੋਵਾਂ ਦੇ ਨਾਮ ਕਰਵਾ ਦਈਏ। ਆਪੇ ਸਾਂਭੀ ਜਾਣ ਹੁਣ। ਚਾਚਾ ਜੀ ਨੇ ਖਚਰੀ ਜਿਹੀ ਹਾਸੀ ਹੱਸਦਿਆਂ ਕਿਹਾ।
ਅੱਛਾ….ਅੱਛਾ…! ਗੱਲ ਤਾਂ ਤੇਰੀ ਠੀਕ ਹੈ ਛੋਟੇ ਵੀਰ। ਪਰ ਅੱਜਕਲ੍ਹ ਧੀਆਂ ਵੀ ਪੁੱਤਰਾਂ ਦੇ ਬਰਾਬਰ ਹੀ ਹਨ। ਇਸ ਕਰਕੇ ਤੂੰ ਸਾਡੀ ਚਿੰਤਾਂ ਨਾ ਕਰ,ਵੀਰ। ਬੁੜ੍ਹਾਪੇ ਵਿੱਚ ਜਿਵੇਂ ਤੇਰੇ ਪੁੱਤਰ ਤੈਨੂੰ ਸਾਂਭਣਗੇ ਉਵੇਂ ਸਾਡੀ ਧੀ ਸਾਨੂੰ ਸਾਂਭੂਗੀ। ਬਾਪੂ ਜੀ ਨੇ ਗੱਲ ਸਮਝ ਕੇ ਸਾਫ਼-ਸਾਫ਼ ਕਿਹਾ।
ਜੇਠ ਜੀ, ਤੁਹਾਡਾ ਦਿਮਾਗ ਖ਼ਰਾਬ ਹੋ ਗਿਆ ਲੱਗਦਾ। ਉਹ ਸਹੁਰਿਆਂ ਤੋਂ ਤੁਹਾਨੂੰ ਦੇਖਣ ਆਊਗੀ ਭਲਾ? ਚਾਚੀ ਜੀ ਦੀ ਆਵਾਜ਼ ਉੱਚੀ ਸੀ ਪਰ ਚਾਚਾ ਜੀ ਨੇ ਇਸ਼ਾਰਾ ਕੀਤਾ ਤਾਂ ਉਹ ਚੁੱਪ ਹੋ ਗਈ।
ਚਲੋ ਫ਼ੇਰ ਏਦਾਂ ਸਹੀ, ਕਿ ਤੁਸੀਂ ਮੁੰਡੇ ਵਿਆਹ ਕੇ ਨੂੰਹਾਂ ਲਿਆਉਣੀਆਂ ਤੇ ਮੈ ਧੀ ਵਿਆਹ ਕੇ ਜਵਾਈ ਲੈ ਆਊਂ। ਬਾਪੂ ਜੀ ਨੇ ਮਜ਼ਾਕ ਦੇ ਅੰਦਾਜ਼ ਵਿੱਚ ਕਿਹਾ।
ਓ… ਤੇਰਾ ਭਲਾ ਹੋ ਜੇ। ਇਹਦਾ ਮਤਲਬ ਕਿ ਤੁਸੀਂ ਪਹਿਲਾਂ ਹੀ ਸੋਚ ਰੱਖਿਆ ਹੋਇਆ ਕਿ ਜ਼ਮੀਨ ਬੇਗਾਨਿਆਂ ਦੀ ਝੋਲ਼ੀ ਹੀ ਪਾਉਣੀ ਹੈ। ਅਸੀਂ ਤਾਂ ਫੇਰ ਐਵੇਂ ਹੀ ਝੱਖ ਮਾਰੀ ਜਾਨੈਂ ਆਂ। ਚਾਚਾ ਜੀ ਬਹੁਤ ਗੁੱਸੇ ਵਿੱਚ ਆ ਗਏ।
ਚਲੋ ਜੀ ਚਲੋ। ਇਹਨਾਂ ਦਾ ਕੁੱਝ ਨਹੀਂ ਹੋ ਸਕਦਾ। ਇਹ ਤਾਂ ਬੇੜਾ ਬਿਠਾਉਣਗੇ ਹੁਣ। ਆਹ ਪੁੱਤ- ਪੁੱਤ ਲਾਈ ਐ। ਵੇਖਿਓ ਕੀ ਗੁੱਲ ਖਿਲਾਉਗੀ।……. ਆਪਣੇ ਸਕੇ ਭਤੀਜਿਆਂ ਨੂੰ ਛੱਡ ਕੇ ਬੇਗਾਨੀ ਧੀ ਨੂੰ ਜ਼ਮੀਨ ਦੇਣਗੇ।ਦੁਰ ਫਿੱਟੇ ਮੂੰਹ ਇਹਨਾਂ ਦੇ…! ਇੰਝ ਬੁੜ ਬੁਧ ਕਰਦੇ ਚਾਚਾ-ਚਾਚੀ ਘਰੋਂ ਬਾਹਰ ਹੋ ਗਏ।
ਇਹਨਾਂ ਦੇ ਪੁੱਤ ਆਪਣੇ ਤਾਂ ਮੇਰੀ ਧੀ ਬੇਗਾਨੀ ਕਿਉਂ..? ਸੋਚਦਿਆਂ ਹੋਇਆਂ ਬਾਪੂ ਉੱਠ ਕੇ ਖੇਤਾਂ ਨੂੰ ਤੁਰ ਗਿਆ।

ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਸਮੇਸ਼ ਕਰਾਂਤੀ
Next articleਡਾਕਟਰ ਭੀਮ ਰਾਓ ਅੰਬੇਡਕਰ- ਇੱਕ ਸਮਾਜ ਸੁਧਾਰਕ ਵਜੋਂ