ਨਵੀਂ ਦਿੱਲੀ (ਸਮਾਜ ਵੀਕਲੀ) : ਭਾਜਪਾ ਨੇ ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਦਲਿਤਾਂ ਖ਼ਿਲਾਫ਼ ਅੱਤਿਆਚਾਰਾਂ ਬਾਰੇ ਚੁੱਪ ਰਹਿਣ ’ਤੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ’ਤੇ ਅੱਜ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਰਾਜਸਥਾਨ, ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਅਨੁਸੂਚਿਤ ਜਾਤੀ (ਐੱਸਸੀ) ਭਾਈਚਾਰਿਆਂ ਦੇ ਲੋਕਾਂ ’ਤੇ ਤਸ਼ੱਦਦ ਦਾ ਹਵਾਲਾ ਦਿੰਦਿਆਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, ‘‘ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਖੁਦ ਨੂੰ ਦਲਿਤ ਅਧਿਕਾਰਾਂ ਦੇ ਝੰਡਾ ਬਰਦਾਰ ਦੱਸਦੇ ਹਨ, ਪਰ ਉਨ੍ਹਾਂ ਨੇ ਰਾਜਸਥਾਨ ਅਤੇ ਹੋਰ ਸੂਬਿਆਂ ਵਿੱਚ ਅਨੁਸੂਚਿਤ ਜਾਤੀਆਂ ’ਤੇ ਤਸ਼ੱਦਦ ਬਾਰੇ ਚੁੱਪ ਕਿਉਂ ਵੱਟ ਹੋਈ ਹੈ?’’
ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਲਖੀਮਪੁਰ ਖੀਰੀ ਘਟਨਾ ਮਗਰੋਂ ਉਤਰ ਪ੍ਰਦੇਸ਼ ਵਿੱਚ ‘ਸਿਆਸੀ ਸੈਰ-ਸਪਾਟੇ’ ਲਈ ਜਾਣ ਵਾਲੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਕਾਂਗਰਸ ਸ਼ਾਸਿਤ ਸੂਬਿਆਂ ਦਾ ਦੌਰਾ ਕਿਉਂ ਨਹੀਂ ਕਰਦੇ ਜਦੋਂਕਿ ਇਨ੍ਹਾਂ ਸੂਬਿਆਂ ਤੋਂ ਦਲਿਤਾਂ ’ਤੇ ਤਸ਼ੱਦਦ ਦੀਆਂ ਰਿਪੋਰਟਾਂ ਹਨ। ਇਸੇ ਤਰ੍ਹਾਂ ਦੀਆਂ ਭਾਵਨਾਵਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਜਨਰਲ ਸਕੱਤਰ ਦੁਸ਼ਯੰਤ ਗੌਤਮ ਨੇ ਦੋਸ਼ ਲਾਇਆ ਕਿ ਏਹੀ ਕਾਂਗਰਸ ਪਾਰਟੀ ਹੈ, ਜਿਸ ਨੇ ਦਲਿਤਾਂ ਦੇ ਮਸੀਹਾ ਬੀਆਰ ਅੰਬੇਦਕਰ ਦਾ ਨਿਰਾਦਰ ਕੀਤਾ ਅਤੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਕਦੇ ਵੀ ਸਤਿਕਾਰ ਨਹੀਂ ਦਿੱਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly