ਛਾਂ ਕਿੱਥੇ ਗਈ

ਕੁਲਵਿੰਦਰ ਕੁਮਾਰ ਬਹਾਦਰਗੜ੍ਹ

(ਸਮਾਜ ਵੀਕਲੀ)

ਗਰਮੀ ਦੇ ਮੌਸਮ ਵਿੱਚ ਜਦ ਸੂਰਜ ਤਪਦਾ ਹੈ ਤਾਂ ਹਰ ਕੋਈ ਛਾਂ ਵੱਲ ਨੂੰ ਭੱਜਦਾ ਹੈ ਕਿ ਛਾਂ ਵਿਚ ਖੜ੍ਹ ਕੇ ਗਰਮੀ ਤੋਂ ਬਚਿਆ ਜਾ ਸਕੇ । ਛਾ ਸਭ ਨੂੰ ਚੰਗੀ ਲੱਗਦੀ ਹੈ , ਪਰ ਅਸੀਂ ਆਪ ਹੀ ਛਾਂ ਨੂੰ ਖਤਮ ਕਰੀ ਜਾ ਰਹੇ ਹਾਂ।ਦਰੱਖਤਾਂ ਦੀ ਛਾਂ ਤੋਂ ਵਧੀਆ ਕੋਈ ਛਾਂ ਨਹੀ ਹੋ ਸਕਦੀ।ਦਰੱਖਤਾਂ ਦੀ ਛਾਂ ਹੇਠਾਂ ਸਾਨੂੰ ਤਾਜੀ ਆਕਸੀਜਨ ਮਿਲਦੀ ਹੈ , ਕੁਝ ਦਰੱਖਤ ਤਾਂ ਸਾਨੂੰ ਛਾਂ ਦੇ ਨਾਲ -2 ਫਲ ਵੀ ਦਿੰਦੇ ਹਨ , ਪਰ ਅਸੀ ਲੋਕ ਦਰੱਖਤਾਂ ਨੂੰ ਹੀ ਖਤਮ ਕਰੀ ਜਾ ਰਹੇ ਹਾਂ।ਜੇਕਰ ਅਸੀ ਅੱਜ ਤੋ 25-30 ਸਾਲ ਪਿੱਛੇ ਜਾਈਏ ਤਾਂ ਹਰ ਇੱਕ ਘਰ ਦੇ ਵੇਹੜੇ ਵਿੱਚ ਕਿੰਕਰ , ਨਿੰਮ , ਜਾਮਨ , ਅਮਰੂਦ , ਅੰਬ ਪਿੱਪਲ ਅਤੇ ਹੋਰ ਕਈ ਤਰ੍ਹਾਂ ਦੇ ਇੱਕ ਜਾਂ ਇੱਕ ਤੋਂ ਵੱਧ ਦਰੱਖਤ ਲੱਗੇ ਹੁੰਦੇ ਸਨ।

ਗਰਮੀ ਦੇ ਦਿਨਾਂ ਵਿੱਚ ਜਿਸ ਸਮੇ ਬਿਜਲੀ ਨਹੀ ਹੁੰਦੀ ਸੀ ਤਾਂ ਦਰੱਖਤਾਂ ਹੇਠਾਂ ਮੰਜੇ ਡਾਹ ਕੇ ਆਰਾਮ ਕਰਦੇ ਹੁੰਦੇ ਸੀ।ਜਿਸ ਦਰੱਖਤ ਹੇਠ ਅਸੀ ਅਰਾਮ ਕਰਦੇ ਸੀ ਉਸ ਦਰੱਖਤ ਉਪਰ ਪੰਛੀਆਂ ਦੇ ਆਲਣੇ ਵੀ ਹੁੰਦੇ ਸੀ , ਜਿੰਨ੍ਹਾਂ ਦੀ ਚਹਿ ਚਹਾਕ ਸੁਣ ਕੇ ਸਾਨੂੰ ਵਧੀਆ ਨੀਂਦ ਆ ਜਾਂਦੀ ਸੀ।ਕਈ ਘਰਾਂ ਵਿੱਚ ਤਾਂ ਖਾਸ ਕਰਕੇ ਨਿੰਮ ਦਾ ਦਰੱਖਤ ਲਗਾਇਆ ਜਾਂਦਾ ਸੀ।ਨਿੰਮ ਦੇ ਦਰੱਖਤ ਤੋ ਜੋ ਆਕਸੀਜਨ ਮਿਲਦੀ ਹੈ , ਉਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ , ਇਸ ਤੋਂ ਇਲਾਵਾ ਨਿੰਮ ਦੀਆਂ ਨਿਮੋਲੀਆਂ ਤੋਂ ਸਾਬਣ ਬਣਦੀ ਹੈ ਅਤੇ ਦਾਤਣ ਆਦਿ ਵੀ ਮਿਲਦੀ ਸੀ।ਇਸ ਤੋਂ ਇਵਾਲਾ ਨਿੰਮ ਦੇ ਪਤੇ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ।ਪਰ ਅੱਜ ਦੇ ਨਵੇਂ ਯੁੱਗ ਨੇ ਘਰਾਂ ਵਿਚ ਦਰੱਖਤ ਹੀ ਖਤਮ ਕਰ ਦਿੱਤੇ ਹਨ।ਘਰ ਨੂੰ ਇਸ ਪ੍ਰਕਾਰ ਦੇ ਬਣਨ ਲੱਗ ਗਏ ਹਨ ਕਿ ਕੋਈ ਵੱਡਾ ਦਰੱਖਤ ਘਰ ਵਿੱਚ ਨਹੀਂ ਹੁੰਦਾ।

ਦਰੱਖਤ ਖਤਮ ਹੋਣ ਦੇ ਨਾਲ -2 ਅਸੀ ਪੰਛੀਆਂ ਦੇ ਆਲਣੇ ਵੀ ਖਤਮ ਕਰ ਦਿੱਤੇ ਹਨ , ਜਿਸ ਕਾਰਣ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਬਿਲਕੁੱਲ ਖਤਮ ਹੋ ਗਈਆਂ ਹਨ। ਪਿੰਡਾਂ ਦੀਆਂ ਸੱਥਾਂ ਅਤੇ ਟੋਬਿਆਂ ਤੇ ਪਿੱਪਲ ਅਤੇ ਬੋਹੜ ਦੇ ਵੱਡੇ -2 ਦਰੱਖਤ ਹੁੰਦੇ ਸਨ। ਉਨ੍ਹਾਂ ਦੀਆਂ ਸੰਘਣੀਆਂ ਛਾਵਾਂ ਹੇਠ ਬਜ਼ੁਰਗ ਅਤੇ ਨੌਜਵਾਨ ਤਾਸ਼ ਖੇਡਦੇ ਅਤੇ ਹਾਸੀ ਮਜਾਕ ਦੀਆਂ ਗੱਲਾਂ ਕਰਕੇ ਖੁਸ਼ ਹੋ ਜਾਂਦੇ ਸੀ ਅਤੇ ਕਿਸੇ ਨੂੰ ਵੀ ਗਰਮੀ ਨਹੀ ਲੱਗਦੀ ਸੀ। ਇੰਨ੍ਹਾਂ ਦਰੱਖਤਾਂ ਹੇਠ ਹੀ ਪਿੰਡ ਦੀ ਪੰਚਾਇਤ ਇੱਕਠੀ ਹੋਇਆ ਕਰਦੀ ਸੀ ਅਤੇ ਕੁੜੀਆਂ ਤੀਆਂ ਦੇ ਤਿਉਹਾਰ ਵਿੱਚ ਪੀਘਾਂ ਪਾ ਕੇ ਝੂਟਦੀਆਂ ਸਨ। ਇੰਨ੍ਹਾਂ ਦਰੱਖਤਾਂ ਦੀ ਛਾਂ ਹੇਠ ਹੀ ਲੋਕ ਆਪਣੇ ਪਸ਼ੂਆਂ ਅਤੇ ਡੰਗਰਾਂ ਨੂੰ ਇੱਕਠੇ ਕਰਦੇ ਸਨ , ਜਿਸ ਨੂੰ ਬੱਘ ਕਿਹਾ ਜਾਂਦਾ ਸੀ। ਸੜਕਾਂ ਦੇ ਕਿਨਾਰੇ ਵੀ ਬਹੁਤ ਸਾਰੇ ਦਰੱਖਤ ਲੱਗੇ ਹੁੰਦੇ ਸਨ।

ਆਉਂਦੇ ਜਾਂਦੇ ਮੁਸਾਫਰ ਗਰਮੀ ਦੀ ਰੁੱਤ ਵਿੱਚ ਇੰਨ੍ਹਾਂ ਦਰੱਖਤਾਂ ਦੀ ਛਾਂ ਹੇਠ ਬੈਠ ਕੇ ਆਰਾਮ ਕਰਦੇ ਸਨ। ਪਰੰਤੂ ਅੱਜ-ਕੱਲ ਸੜਕਾਂ ਨੂੰ ਚੌੜਾ ਅਤੇ ਮਜਬੂਤ ਕਰਨ ਲਈ ਇੰਨ੍ਹਾਂ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ ਅਤੇ ਜੋ ਸੜਕਾਂ ਦੇ ਕਿਨਾਰੇ ਛਾਂ ਸੀ , ਉਹ ਖਤਮ ਹੋ ਰਹੀ ਹੈ।ਸਰਕਾਰ ਨੂੰ ਵੀ ਇਸ ਗੰਭੀਰ ਵਿਸ਼ੇ ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਸੜਕਾਂ ਚੌੜੀਆਂ ਕਰਨ ਉਪਰੰਤ ਸੜਕਾਂ ਕਿਨਾਰੇ ਨਵੇਂ ਦਰੱਖਤ ਲਗਾਉਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ।ਇਸੇ ਤਰ੍ਹਾਂ ਖੇਤਾਂ ਵਿੱਚ ਵੀ ਕਈ ਕਿਸਮ ਦੇ ਵੱਡੇ -2 ਦਰੱਖਤ ਹੁੰਦੇ ਸਨ। ਖਾਸ ਕਰਕੇ ਖੇਤਾਂ ਵਿੱਚ ਮੋਟਰਾਂ ਤੇ ਬਹੁਤ ਸੰਘਣੇ ਦਰੱਖਤ ਪਾਏ ਜਾਂਦੇ ਸਨ।ਜਿੰਨ੍ਹਾਂ ਦੀ ਛਾਂ ਹੇਠ ਮਿਹਨਤੀ ਕਾਮੇ ਗਰਮੀ ਵਿੱਚ ਅਰਾਮ ਕਰਦੇ ਸਨ।

ਜਿਆਦਾਤਰ ਮੋਟਰਾਂ ਤੇ ਤੂਤ ਦਾ ਦਰੱਖਤ ਲਗਾਇਆ ਜਾਂਦਾ ਸੀ , ਕਿਉਕਿ ਤੂਤ ਦੀ ਛਾਂ ਕਾਫੀ ਸੰਘਣੀ ਹੁੰਦੀ ਹੈ ਅਤੇ ਸਰਦੀ ਦੇ ਦਿਨਾ ਵਿੱਚ ਤੂਤ ਦੀਆਂ ਛੱਟੀਆਂ ਦੇ ਟੋਕਰੇ ਬਣ ਜਾਂਦੇ ਹਨ। ਤੂਤਾਂ ਦੀ ਛਾਂ ਉਪਰ ਕਈ ਲੇਖ ਵੀ ਲਿਖੇ ਗਏ ਹਨ। ਪਰ ਅੱਜ ਦਾ ਸਮਾਂ ਇਹ ਆ ਗਿਆ ਹੈ ਕਿ ਕਿਸਾਨ ਭਰਾਵਾਂ ਨੇ ਵੀ ਖੇਤਾਂ ਵਿੱਚ ਦਰੱਖਤ ਲਗਾਉਣੇ ਬੰਦ ਕਰ ਦਿੱਤੇ ਹਨ। ਪਹਿਲਾਂ ਖੇਤਾਂ ਵਿੱਚ ਜਿੱਥੇ ਮੋਟਰ ਹੁੰਦੀ ਸੀ ਉਥੇ ਬਹੁਤ ਸਾਰੇ ਦਰੱਖਤ ਹੁੰਦੇ ਸਨ। ਪਰ ਅੱਜ ਤੁਹਾਨੂੰ ਕਿਸੇ ਕਰਮਾਂ ਵਾਲੀ ਮੋਟਰ ਤੇ ਹੀ ਦਰੱਖਤ ਦੇਖਣ ਨੂੰ ਮਿਲਣਗੇ।ਅੱਜ – ਕਲ੍ਹ ਦੇ ਯੁੱਗ ਵਿੱਚ ਲੋਕਾਂ ਵੱਲੋਂ ਦਰੱਖਤਾਂ ਦੀ ਕਟਾਈ ਕਰਕੇ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਦਾ ਖਾਮਿਆਜ਼ਾ ਆਉਣ ਵਾਲੀ ਪੀੜ੍ਹੀ ਨੂੰ ਭੁਗਤਣਾ ਪੈ ਰਿਹਾ ਹੈ।

ਜਿਸ ਸਮੇਂ ਦਰੱਖਤ ਸੰਘਣੇ ਸਨ ਉਦੋਂ ਲੋਕਾਂ ਵਿੱਚ ਬਿਮਾਰੀਆਂ ਬਹੁਤ ਘੱਟ ਸਨ ਅਤੇ ਸਮੇਂ ਸਿਰ ਮੀਂਹ ਵਰਦਾ ਸੀ , ਫਸਲਾਂ ਚੰਗੀਆਂ ਹੁੰਦੀਆਂ ਸਨ।ਪੰਤੂ ਹੁਣ ਦਰੱਖਤ ਨਾਂ ਹੋਣ ਕਾਰਨ ਲੋਕਾਂ ਵਿੱਚ ਬਿਮਾਰੀਆਂ ਅਤੇ ਹੋਰ ਕਾਫੀ ਨੁਕਸਾਨ ਹੋ ਰਿਹਾ ਹੈ।ਹੁਣ ਤਾਂ ਕਿਸਾਨਾਂ ਨੇ ਦਰੱਖਤਾਂ ਦੇ ਨਾਲ -2 ਮੋਟਰ ਦੇ ਕੋਠੇ ਵੀ ਖਤਮ ਕਰ ਦਿੱਤੇ ਗਏ ਹਨ ਅਤੇ ਹੁਣ ਮੋਟਰ ਦੇ ਸਟਾਰਟਰ ਲਈ ਛੋਟੇ -2 ਬਕਸੇ ਲਗਾ ਲਏ ਗਏ ਹਨ।ਸਾਨੂੰ ਸਭ ਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੱਥੇ ਵੀ ਖਾਲੀ ਜਗ੍ਹਾ ਮਿਲਦੀ ਹੈ , ਉਥੇ ਦਰੱਖਤ ਲਗਾਈਏ ਤਾਂ ਜੋ ਇੰਨਸਾਨਾਂ ਨੂੰ ਛਾਂ ਦੇ ਨਾਲ -2 ਪੰਛੀਆਂ ਨੂੰ ਵੀ ਆਲਣੇ ਪਾਉਣ ਲਈ ਜਗ੍ਹਾ ਮਿਲ ਸਕੇ ਅਤੇ ਆਪਣੇ ਖਰਾਬ ਹੋ ਰਹੇ ਵਾਤਾਵਰਣ ਨੂੰ ਠੀਕ ਕਰ ਸਕੀਏ। ਜੋ ਛਾਂ ਖਤਮ ਹੋ ਰਹੀ ਹੈ ਉਸ ਨੂੰ ਮੁੜ ਵਾਪਸ ਲਿਆਂਦਾ ਜਾ ਸਕੇ ।

ਛਾਂ ਕਿੱਥੇ ਚਲੀ ਗਈ
ਕੋਈ ਤਾ ਲੱਭ ਲਿਆਉ।
ਕਿਉ ਵੱਢ ਰਹੇ ਹੋ ਦਰੱਖਤਾਂ ਨੂੰ
ਨਵੇ ਦਰੱਖਤ ਤਾ ਹੁਣ ਲਾਉ।

ਕੁਲਵਿੰਦਰ ਕੁਮਾਰ ਬਹਾਦਰਗੜ੍ਹ
99144-81924

 

Previous article*ਸੋਸ਼ਲ ਮੀਡੀਆ ਤੇ ਆਪਣੀ ਨਿੱਜੀ ਜ਼ਿੰਦਗੀ ਦੀ ਹਰ ਗੱਲ ਜ਼ਾਹਿਰ ਕਰਨਾ ਕਿੰਨਾ ਕੁ ਜਾਇਜ਼*
Next article“ਮੌਤ ਵੰਡ ਰਹੇ ਨੇ ਰਾਤ ਵੇਲੇ ਸੜਕਾਂ ਤੇ ਖੜੇ ਵਾਹਨ”