HOME ਕੌਣ ਸੀ ਕੁੰਮਾ ਮਾਸ਼ਕੀ ਤੇ ਮਾਤਾ ਲੱਛਮੀ ਜੀ ?

ਕੌਣ ਸੀ ਕੁੰਮਾ ਮਾਸ਼ਕੀ ਤੇ ਮਾਤਾ ਲੱਛਮੀ ਜੀ ?

4
   (ਸਮਾਜ ਵੀਕਲੀ)  ਸਰਸਾ ਨਦੀ ਤੇ ਪਰਿਵਾਰ ਵਿਛੋੜੇ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ, ਮਾਤਾ ਗੁਜਰੀ ਜੀ ਆਪਣੇ ਨਾਲ ਦੋਵੇਂ ਮਾਸੂਮ ਬਾਲਾਂ ਨੂੰ ਉਂਗਲ ਫੜਾ ਠੰਢੀ ਰਾਤ‌ ਦੇ ਘੁੱਪ ਹਨੇਰੇ ਵਿੱਚ ਝਾੜੀਆਂ ਵਿੱਚੋਂ ਗੁਜ਼ਰਦੇ ਸਤਲੁਜ ਦਰਿਆ ਤੇ ਸਰਸਾ ਨਦੀ ਦੇ ਸਾਂਝੇ ਪੱਤਣ ਉੱਤੇ ਪੁੱਜ ਗਏ। ਉੱਥੇ ਕੁੰਮਾ ਮਾਸ਼ਕੀ ਨਾਂ ਦੇ ਵਿਅਕਤੀ ਦੀ ਕੱਖ-ਕਾਨਿਆਂ ਦੀ ਛੰਨ (ਕੁੱਲ੍ਹੀ) ਸੀ, ਅਤੇ ਤਿੰਨੇ ਰੱਬੀ‌ ਰੂਹਾਂ ਉਸ‌ ਥਾਂ ਜਾ ਰੁਕੀਆਂ। ਕੁੰਮਾ ਮਾਸ਼ਕੀ ਸਤਲੁਜ ਦਰਿਆ ਵਿੱਚ ਬੇੜੀ ਚਲਾ‌ ਕੇ ਗੁਜ਼ਾਰਾ ਕਰਦਾ ਸੀ, ਰਾਤੀਂ ਉਹ ਉੱਥੇ ਹੀ‌ ਰੁੱਖੀ-ਸੁੱਕੀ ਖਾ ਕੇ ਰੱਬ ਦਾ ਸ਼ੁਕਰਾਨਾ ਕਰਦਾ ਤੇ ਉਸੇ ਕੁੱਲ੍ਹੀ ਵਿੱਚ ਸੌਂ ਜਾਂਦਾ। ਉਹ ਹਮੇਸ਼ਾ ਮੁਸਾਫ਼ਰਾਂ ਕੋਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਸੁਣਦਾ ਰਹਿੰਦਾ ਕਿ ਗੁਰੂ ਜੀ ਗ਼ਰੀਬ-ਗੁਰਬੇ ਦੇ ਹਮਦਰਦ ਤੇ ਰੱਖਿਅਕ ਹਨ, ਇਸ ਤਰਾਂ ਮਨ ਹੀ ਮਨ ਕੁੰਮਾ ਗੁਰੂ ਸਾਹਿਬ ਜੀ ਦਾ ਮੁਰੀਦ ਹੋ ਗਿਆ ਸੀ। ਜਦੋਂ ਉਸ ਨੇ ਆਪਣੀ ਕੁੱਲ੍ਹੀ ਅੱਗੇ ਖੜ੍ਹੇ ਤਿੰਨ ਰੱਬੀ ਨੂਰ ਦੇਖੇ ਉਹ ਸਮਝ ਗਿਆ ਕਿ ਇਹ ਕੌਣ ਹਨ। ਉਸ ਨੇ ਬਹੁਤ ਆਦਰ-ਪ੍ਰੇਮ ਸਹਿਤ ਉਨ੍ਹਾਂ ਨੂੰ ਛੰਨ (ਕੁੱਲ੍ਹੀ) ਅੰਦਰ ਆਉਣ ਲਈ ਬੇਨਤੀ ਕੀਤੀ।
                ਕੁੰਮੇ ਨੇ ਮਾਤਾ ਜੀ‌ ਅਤੇ ਗੁਰੂ ਕੇ ਦੋਵੇਂ ਲਾਲਾਂ ਨੂੰ ਘਾਹ-ਫੂਸ ਦੇ ਬਿਸਤਰੇ ਉੱਤੇ ਬਿਠਾਇਆ ਤੇ ਜੋ ਵੀ ਉਸ ਕੋਲ ਮੋਟਾ-ਭਾਰਾ ਕੱਪੜਾ ਸੀ ਉਨ੍ਹਾਂ ਨੂੰ ਠੰਢ ਤੋਂ ਬਚਣ ਲਈ ਦਿੱਤਾ। ਮਖ਼ਮਲੀ ਸੇਜਾਂ ਉੱਤੇ ਸੌਣ‌ ਵਾਲਿਆਂ, ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਾਜ਼ੀ ਰਹਿ ਉੱਥੇ ਹੀ ਠਾਹਰ ਕਰਨ ਦਾ ਫ਼ੈਸਲਾ ਕੀਤਾ। ਕੁੰਮਾ ਮਾਸ਼ਕੀ ਨਾਲ ਦੇ ਪਿੰਡੋਂ ਉਨ੍ਹਾਂ ਲਈ ਭੋਜਨ ‌ਲੈਣ ਚਲਾ ਗਿਆ।ਪਿੰਡ ਵਿੱਚ ਲੱਛਮੀ ਨਾਂ ਦੀ ਇੱਕ ਵਿਧਵਾ ਬ੍ਰਾਹਮਣ ਔਰਤ ਇਕੱਲੀ‌ ਰਹਿੰਦੀ‌ ਸੀ, ਜੋ ਬਹੁਤ ਦਿਆਲੂ ਤੇ ਨੇਕਦਿਲ ਸੀ, ਉਹ ਕਿਸੇ ਵੀ ਲੋੜਵੰਦ ਨੂੰ ਰੋਟੀ-ਪਾਣੀ ਛਕਾ ਕੇ ਪ੍ਰਸੰਨ ਹੁੰਦੀ ਤੇ ਭਜਨ-ਬੰਦਗੀ ਕਰਦੀ ਰਹਿੰਦੀ।
ਕੁੰਮੇ ਨੇ ਉਸ ਨੂੰ ਸਾਰੀ ਵਾਰਤਾ ਦੱਸੀ ਤਾਂ ਮਾਈ ਲੱਛਮੀ ਨੇ ਉਸ ਨੂੰ ਭੋਜਨ ਦੇ ਨਾਲ ਕੁਝ ਗਰਮ ਕੱਪੜੇ ਵੀ ਦਿੱਤੇ, ਇਸ ਤਰਾਂ ਕੁੰਮੇ ਨੇ ਤਿੰਨਾਂ ਰੱਬੀ ਰੂਹਾਂ ਨੂੰ ਪੂਰੀ ਸਰਧਾ-ਭਾਵਨਾ ਨਾਲ ਭੋਜਨ ਛਕਾਇਆ।
                    ਇਤਿਹਾਸ ਦੱਸਦਾ ਹੈ ਕਿ ਗੁਰੂ ਘਰ ਦਾ ਪੁਰਾਣਾ ਰਸੋਈਆ ਗੰਗੂ ਬ੍ਰਾਹਮਣ ਵੀ ਮਾਤਾ ਜੀ ਅਤੇ ਦੋਵੇਂ ਲਾਲਾਂ ਨੂੰ ਲੱਭਦਾ- ਲੱਭਦਾ ਉੱਥੇ ਆ‌ਣ ਪੁੱਜਾ। ਉਸ ਦੇ ਮਨ ਵਿੱਚ ਲਾਲਚ ਤੇ ਖੋਟ‌ ਸੀ, ਕਿਉਂਕਿ ਗੁਰੂ ਘਰ‌ ਦਾ ਪੁਰਾਣਾ ਨੌਕਰ ਤੇ ਭੇਤੀ ਹੋਣ ਕਾਰਨ ਉਸ ਨੂੰ ਇਹ ਪਤਾ ਸੀ ਕਿ ਮਾਤਾ‌ ਜੀ ਕੋਲ ਜੋ ਖੁਰਜੀ ਹੈ ਉਸ ਵਿੱਚ ਜਰੂਰ ਧਨ ਤੇ ਜ਼ੇਵਰਾਤ ‌ਹਨ। ਉਸਨੇ ਮਾਤਾ ਗੁਜਰੀ ਜੀ ਨੂੰ ਇਹ ਜਤਾਇਆ ਕਿ ਮੈਂ ਤੁਹਾਡੀ ਫ਼ਿਕਰ ਕਰਦਾ ਲੱਭਦਾ-ਲੱਭਦਾ ਇੱਥੇ ਆਇਆ ਹਾਂ। ਉਸ ਨੇ ਮਾਤਾ ਜੀ ਨੂੰ ਇਹ ਵੀ ਕਿਹਾ ਕਿ ਦੁਸ਼ਮਣ ਦੀਆਂ ਫ਼ੌਜਾਂ ਗੂਰੂ ਸਾਹਿਬ ਤੇ ਉਨ੍ਹਾਂ ਦੇ ਪਰਿਵਾਰ ਨੂੰ ਲੱਭਦੀਆਂ ਫਿਰਦੀਆਂ ਹਨ, ਮੈਂ ਤੁਹਾਨੂੰ ਹਟਵੇਂ-ਲੁਕਵੇਂ ਰਾਹਾਂ ਤੋਂ ਦੀ ਆਪਣੇ ਪਿੰਡ ਲੈ ਜਾਵਾਂਗਾ ਅਤੇ ਉੱਥੇ ਤੁਸੀਂ ਸੁਰੱਖਿਅਤ ਰਹੋਗੇ।‌
ਸਵੇਰ ਹੋਈ ਤੇ ਮਾਈ ਲੱਛਮੀ ਇਨ੍ਹਾਂ ਸਾਰਿਆਂ ਲਈ ਭੋਜਨ‌‌ ਲੈ‌ ਆਈ।ਭੋਜਨ ਛਕਣ ਉਪਰੰਤ ਮਾਤਾ ਗੂਜ਼ਰੀ ਜੀ ਨੇ ਕੁੰਮੇ ਮਾਸ਼ਕੀ ਤੇ ਮਾਈ ਲੱਛਮੀ ਨੂੰ ਧਨ-ਜ਼ੇਵਰ ਤੇ ਸੋਨੇ ਦੀਆਂ ਮੋਹਰਾਂ ਆਦਿ ਦੇ ਕੇ ਨਿਵਾਜਿਆ। ਕੁੰਮਾ ਮਾਸ਼ਕੀ ਫਿਰ ਮਾਤਾ ਗੂਜ਼ਰੀ ਜੀ, ਗੁਰੂ ਕੇ ਦੋਵੇਂ ਲਾਲਾਂ ਸਮੇਤ ਗੰਗੂ ਬ੍ਰਾਹਿਮਣ ਨੂੰ ਆਪਣੀ ਬੇੜੀ ਵਿੱਚ ਸਤਲੁਜ ਦਰਿਆ ਪਾਰ ਕਰਾ ਕੇ ਇੱਕ ਪਿਲਕਣ ਦੇ ਦਰੱਖਤ ਕੋਲ ਉਤਾਰ ਆਇਆ। ਉਸ ਦਰੱਖਤ ਨਾਲ ਪੁਰਾਣੇ ਮਲਾਹ ਆਪਣੀਆਂ ਬੇੜੀਆਂ ਬੰਨ੍ਹਦੇ ਸਨ ਜੋਂ ਅੱਜ ਵੀ ਮੌਜੂਦ ਹੈ।ਇੱਥੋਂ ਹੀ ਬੇਈਮਾਨ ਗੰਗੂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਲੈ ਗਿਆ।ਇਸ ਤੋਂ ਬਾਅਦ ਜੋ ਭਾਣਾ ਵਾਪਰਿਆ ਸਭ ਨੂੰ ਪਤਾ ਹੀ ਹੈ।ਮਾਤਾ ਗੁਜਰੀ ਜੀ ਅਤੇ ਗੁਰੂ ਕੇ ਦੋਵੇਂ ਸਾਹਿਬਜ਼ਾਦਿਆਂ ਨੇ ਪਰਿਵਾਰ ਤੋਂ ਵਿੱਛੜ ਕੇ 7 ਪੋਹ, 1761 ਬਿਕਰਮੀ ਮੁਤਾਬਿਕ 21 ਦਸੰਬਰ 1704 ਈਸਵੀ ਦੀ‌ ਰਾਤ ਸਤਲੁਜ ਤੇ‌ ਸਰਸਾ‌ ਨਦੀ ਦੇ ਸਾਂਝੇ ਪੱਤਣ ਉੱਤੇ ਕੁੰਮੇ‌ ਮਾਸ਼ਕੀ ਕੋਲ ਗੁਜ਼ਾਰੀ।
ਇਤਿਹਾਸ ਮੁਤਾਬਿਕ ਕੁੰਮੇ ਮਾਸ਼ਕੀ ਦਾ‌ ਪਹਿਲਾ ਤੇ ਪੂਰਾ ਨਾਂ ਕਰਮ‌ਦੀਨ ਸੀ ਪਰ ਲੋਕ ਇਸ ਨੂੰ ਪਹਿਲਾਂ ਕਰਮੂ ਤੇ ਫਿਰ ਕੁੰਮਾ ਕਹਿੰਦੇ ਸਨ।ਇੱਕ ਮੌਕੇ ਇਹ ਮੁਗ਼ਲ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਵੀ ਹੋਇਆ,ਜਿਸ ਕਾਰਨ ਜਬਰੀ‌ ਮੁਸਲਮਾਨ ਬਣਾਇਆ ਹਿੰਦੂ‌ ਵਿਅਕਤੀ ਸੀ। ਇਸ ਦਾ ਨਾਮ ਵੀ ਬਦਲ ਕੇ ਕਰੀਮ ਬਖ਼ਸ਼ ਰੱਖਿਆ ਗਿਆ ਸੀ। ਕੁੰਮਾ ਸਤਲੁਜ ਦਰਿਆ ਨੇੜੇ ਵਸਦੇ ਪਿੰਡ ਅਵਾਨ ਦੇ ਗ਼ਰੀਬ ਝਿਊਰ (ਮਹਿਰਾ) ਪਰਿਵਾਰ ਵਿੱਚ ਜਨਮਿਆ ਸੀ, ਉਹ ਸਤਲੁਜ ਦਰਿਆ ਜਾਂ ਖੂਹ ਤੋਂ ਮਸ਼ਕ ‘ਚ ਪਾਣੀ ਭਰ‌ ਕੇ ਲੋਕਾਂ ਦੇ ਘਰੀਂ ‌ਪਹੁੰਚਾਉਦਾ ਜੋ ਕਿ ਉਸ ਦਾ ਪਿਤਾ ਪੁਰਖੀ ਕਿੱਤਾ ਸੀ। ਪਾਣੀ ਵਾਲੀ ਮਸ਼ਕ ਕਾਰਨ ਉਸ ਦੇ ਨਾਂ ਨਾਲ ਮਾਸ਼ਕੀ ਸ਼ਬਦ ਵੀ ਜੁੜ ਗਿਆ ਅਤੇ ਲੋਕੀਂ ਉਸਨੂੰ ਬਾਅਦ ਚ ਕੁੰਮਾ ਮਾਸ਼ਕੀ ਹੀ ਕਹਿਣ ਲੱਗ ਪਏ।ਇਸ ਤੋਂ ਇਲਾਵਾ ਕੁੰਮਾ ਮਾਸ਼ਕੀ ਹੋਰ ਮਿਹਨਤ-ਮਜ਼ਦੂਰੀ ਵੀ‌ ਕਰਦਾ,ਆਲ਼ੇ-ਦੁਆਲ਼ੇ ਦੇ ਲੋਕਾਂ ਨੂੰ ਸਤਲੁਜ ਪਾਰ ਕਰਾਉਣ ਲਈ ਉਹ ਬੇੜੀ ਚਲਾਉਣ ਲੱਗਾ ਅਤੇ ਇਸੇ ਕਾਰਨ ਹੀ ਦਰਿਆ ਕਿਨਾਰੇ ਉਸ ਨੇ ਕੱਖਾਂ-ਕਾਨਿਆਂ ਦੀ ਕੁੱਲੀ (ਛੰਨ) ਬਣਾ ਲਈ ਅਤੇ ਮੁਸਾਫ਼ਰਾਂ ਦੀ ਸਹੂਲਤ ਲਈ ਉਹ ਉੱਥੇ ਹੀ ਰੈਣ ਬਸੇਰਾ ਕਰ ਲੈਂਦਾ। ਦੂਜੇ ਪੱਤਣ ’ਤੇ ਇੱਕ ਪਿਲਕਣ ਦਾ ਦਰੱਖਤ ਸੀ, ਕੁੰਮਾ ਆਪਣੀ ਬੇੜੀ ਉਸ ਨਾਲ ਬੰਨ੍ਹ ਕੇ ਮੁਸਾਫ਼ਰਾਂ ਦੀ ਉਡੀਕ ਕਰਦਾ। ਇਸੇ ਦੌਰਾਨ ਮਜ਼ਹਬੀ ਜਨੂੰਨ ’ਚ ਅੰਨ੍ਹੀ‌ ਹੋਈ‌ ਮੁਗ਼ਲ ਹਕੂਮਤ ਨੇ ਹੋਰ ਬੇਵੱਸ ਲੋਕਾਂ ਦੇ ਨਾਲ ਉਸ ਦਰਵੇਸ਼ ਨੂੰ ਜਬਰੀ‌ ਮੁਸਲਮਾਨ ਬਣਾਇਆ।
ਮਾਈ ਲੱਛਮੀ ਜੀ ਬ੍ਰਾਹਮਣ ਪਰਿਵਾਰ ਦੀ ਧੀ ਸੀ ਜੋ ਕੁੰਮੇ‌ ਦੇ ਪਿੰਡ ਅਵਾਨ ਕੋਟ ਵਿਖ਼ੇ ਵਿਆਹੀ ਹੋਈ ਸੀ, ਉਸਦਾ ਸਹੁਰਾ ਪਰਿਵਾਰ ਲੋਕਾਂ ਦੇ ਘਰਾਂ ਵਿੱਚ ਪੂਜਾ-ਪਾਠ ਕਰਦਾ ਸੀ, ਜਿਸ ਕਰਕੇ ਇਹ‌ ਪੁਰੋਹਤ ਸੱਦੇ ਜਾਂਦੇ ਸਨ। ਲੱਛਮੀ ਦੇ ਕੋਈ ਔਲਾਦ ਨਹੀਂ ਸੀ ਤੇ ਉਸ ਦਾ ਪਤੀ ਵੀ ਪਰਲੋਕ ਸਿਧਾਰ ਗਿਆ ਸੀ, ਉਸ ਤੋਂ ਬਾਅਦ ਉਹ ਭਜਨ-ਬੰਦਗੀ ਕਰਦੀ ਤੇ ਸੇਵਾ ਬਿਰਤੀ ਨਾਲ ਲੋੜਵੰਦਾਂ ਨੂੰ ਅੰਨ-ਪਾਣੀ ਛਕਾਉਂਦੀ। ਕੁੰਮਾ ਉਸ ਦਾ ਬਹੁਤ ਆਦਰ ਕਰਦਾ ਅਤੇ ਮਾਈ ਲੱਛਮੀ ਖਾਣੇ-ਦਾਣੇ ਤੋਂ ਇਲਾਵਾ ਅੰਨ-ਧਨ ਨਾਲ ਵੀ ਕੁੰਮੇ ਦੀ ਮੱਦਦ ਕਰ ਦਿਆ ਕਰਦੀ ਸੀ। ਇਸ ਤੋਂ ਇਲਾਵਾ ਜੇ ਵੇਲੇ-ਕੁਵੇਲੇ ਕੋਈ ਮੁਸਾਫ਼ਰ ਕੁੰਮੇ ਕੋਲ ਠਹਿਰ ਜਾਂਦਾ ਤਾਂ ਉਹ ਮਾਈ ਲੱਛਮੀ ਕੋਲੋਂ ਭੋਜਨ ਲਿਆ ਕੇ ਉਸ ਨੂੰ ਖੁਆਉਂਦਾ। ਦੋਵਾਂ ਦੀ ਉਮਰ ਮਾਂ ਤੇ ਪੁੱਤਰ ਦੇ ਦਰਜੇ ਵਾਲੀ ਸੀ ਅਤੇ ਉਹ ਮਾਂ-ਪੁੱਤਰ ਵਾਂਗ ਦੋਵੇਂ ਹੀ ਇੱਕ-ਦੂਜੇ ਦਾ ਆਸਰਾ ਸਨ।
ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਕੁੰਮਾ ਮਾਸ਼ਕੀ ਤੇ ਮਾਈ ਲੱਛਮੀ ਜੀ ਵੱਲੋਂ ਮਾਤਾ ਜੀ ਤੇ‌ ਗੁਰੂ ਕੇ ਲਾਲਾਂ ਕੀਤੀ ਸੇਵਾ ਬਾਬਤ ਪਤਾ ਲੱਗਾ ਤਾਂ ਉਹ ਅਵਾਨ ਕੋਟ ਆ ਪੁੱਜਾ। ਇਹ ਪਿੰਡ ਅਵਾਨ ਜਾਤ ਦੇ ਮੁਸਲਮਾਨਾਂ ਨੇ‌ ਵਸਾਇਆ ਸੀ।ਇਸ ਤੋਂ ਉਪਰੰਤ ਜੂਨ 1710 ਵਿੱਚ ਦਸਮ ਪਿਤਾ ਦੇ ਵਰੋਸਾਏ ‘ਬੰਦੇ’ ਨੇ ਅਵਾਨ ਕੋਟ ਦੇ ਕਿਲ੍ਹੇ ’ਤੇ‌ ਕਬਜ਼ਾ ਕਰ ਲਿਆ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ।ਬੰਦਾ ਸਿੰਘ ਬਹਾਦਰ ਨੇ ਮਾਈ ਲੱਛਮੀ ਤੇ ਕੁੰਮਾ ਮਾਸ਼ਕੀ ਨੂੰ ਬਹੁਤ ਮਾਣ-ਸਨਮਾਨ ਦੇ‌ਕੇ ਵਡਿਆਇਆ।ਇਸ ਤੋਂ ਪ੍ਰਭਾਵਿਤ ਹੋਕੇ ਕੁੰਮਾ ਮਾਸ਼ਕੀ ਅੰਮ੍ਰਿਤਪਾਨ ਕਰ ਕੇ ਸਿੰਘ ਸਜ‌ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦੇ ਨਾਲ ਹੀ ਅਗਲੀ ਮੁਹਿੰਮ ਲਈ ਤੁਰ‌ ਪਿਆ।ਇਧਰ ਮਾਈ ਲੱਛਮੀ ਨੇ ਬਿਰਧ ਅਵਸਥਾ ਵਿੱਚ ਆਪਣੇ ਪਿੰਡ ਅਵਾਨ ਕੋਟ ਹੀ ਜੀਵਨ ਪੰਧ ਮੁਕਾਇਆ ਤੇ ਉਨ੍ਹਾਂ ਦਾ ਅੰਤਿਮ ਸਸਕਾਰ ਉੱਥੇ ਹੀ ਹੋਇਆ। ਅੰਮ੍ਰਿਤ ਛਕ ਕੇ ਕੁੰਮੇ ਮਾਸ਼ਕੀ ਤੋਂ ਕਰਮ ਸਿੰਘ ਬਣਿਆ ਉਹ ਆਖਰ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਨਾਲ ਜ਼ਾਲਮਾਂ ਤੇ ਜਾਬਰਾਂ ਦੇ ਆਹੂ ਲਾਹੁੰਦਾ ਹੋਇਆ ਸ਼ਹਾਦਤ ਪ੍ਰਾਪਤ ਕਰ‌ ਗਿਆ।
ਪੇਸ਼ਕਾਰੀ : ਇੰਜ਼.ਬਲਜੀਤ ਸਿੰਘ ਸੰਗਰੂਰ ਮੋਟੀਵੇਸ਼ਨਲ ਸਪੀਕਰ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleबांग्लादेश के हालात पर ऑल इंडिया पीपुल्स फ्रंट का वक्तव्य
Next articleਪਿੰਡ ਬਾਗੜੀਆਂ ਵਿਖ਼ੇ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ