(ਸਮਾਜ ਵੀਕਲੀ) ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਬੇੜਾ ਡੋਬਣ ਵਾਲਿਆਂ ਵਿੱਚ ਸਾਡੇ ਦੁਸ਼ਮਣ ਘੱਟ ਤੇ ਸਾਡੇ ਆਪਣੇ ਵਧੇਰੇ ਹਨ। ਪੰਜਾਬ ਦੀ ਭਾਸ਼ਾ, ਬੋਲੀ, ਸਾਹਿਤ, ਸੱਭਿਆਚਾਰ, ਸਿਹਤ, ਸਿੱਖਿਆ, ਰੁਜ਼ਗਾਰ, ਕਿਰਤ, ਪੌਣ ਪਾਣੀ, ਧਰਤੀ ਤੇ ਅੰਬਰ, ਭੂਗੋਲਿਕ ਸਥਿਤੀ, ਸਮਾਜਿਕ ਤੇ ਪਰਵਾਰਿਕ ਰਿਸ਼ਤੇ, ਆਰਥਿਕ ਮੰਦਹਾਲੀ, ਲੁੱਟ ਦੀ ਸਿਆਸਤ, ਧਰਮ ਦਾ ਗ਼ਲਤ ਪ੍ਰਚਾਰ, ਖਾਣ ਪੀਣ, ਰਹਿਣ ਸਹਿਣ, ਵਸਤਰ, ਵਿਆਹ ਤੇ ਜਨਮ ਮਰਨ ਦੀਆਂ ਰਸਮਾਂ ਆਦਿ ਵਿੱਚ ਜਿਹੜਾ ਬਦਲਾਅ ਕੀਤਾ ਗਿਆ ਹੈ। ਇਸ ਨੇ ਸਾਡੀਆਂ ਪਵਿੱਤਰ ਪਰਵਾਰਿਕ ਰਿਸ਼ਤਿਆਂ ਨੂੰ ਤਾਰ ਤਾਰ ਕੀਤਾ। ਸਾਡੀਆਂ ਸਾਂਝਾ, ਪਿਆਰ ਤੇ ਮੁਹੱਬਤਾਂ ਨੂੰ ਨਫ਼ਰਤਾਂ ਵਿੱਚ ਬਦਲਿਆ। ਘਰ, ਪਰਿਵਾਰ, ਪਿੰਡ, ਖੇਤ ਤੇ ਸਿੱਖਿਆ ਸੰਸਥਾਵਾਂ ਨੂੰ ਟੋਟਿਆਂ ਵਿੱਚ ਵੰਡਿਆ। ਪਹਿਲਾਂ ਇੱਕ ਘਰ, ਪਰਵਾਰ, ਸਕੂਲ, ਗੁਰਦੁਆਰਾ ਸਾਹਿਬ, ਮੜੀਆਂ ਇੱਕ ਸਨ। ਹੌਲੀ ਹੌਲੀ ਇਹ ਵੀ ਦੋ ਚਾਰ ਹੋਣ ਕਰਕੇ ਪਿੰਡ ਦੀ ਸਾਂਝੀਵਾਲਤਾ ਖ਼ਤਮ ਹੋ ਗਈ। ਪਹਿਲਾਂ ਘਰ ਕੱਚੇ ਮਕਾਨ ਹੁੰਦੇ ਸੀ, ਘਰਾਂ ਦੇ ਵਿੱਚ ਵਸਦੇ ਲੋਕ ਨੈਤਿਕ ਕਦਰਾਂ ਕੀਮਤਾਂ ਦੇ ਪੱਕੇ ਹੁੰਦੇ ਸਨ। ਪਿੰਡ ਦੇ ਵੱਡੇ ਜਾਂਦੇ, ਬਾਬੇ, ਚਾਚੇ,ਤਾਏ, ਵੀਰ, ਭੈਣ, ਭੂਆ, ਚਾਚੀ, ਤਾਈਂ, ਦਾਦੀ, ਭਾਬੀ ਤੇ ਬੀਬੀ ਹੁੰਦੇ ਸਨ। ਹੁਣ ਤਾਂ ਚਾਚਾ, ਚਾਚੀ, ਤਾਇਆ ਤਾਈ, ਮਾਮਾ ਮਾਮੀ, ਨਾਨਾ ਨਾਨੀ, ਫੁੱਫੜ ਭੂਆ, ਮਾਸੜ ਮਾਸੀ, ਵੀਰ ਤੇ ਭਾਬੀ ਸਭ ਅੰਕਲ ਤੇ ਆਂਟੀ ਬਣ ਗਏ। ਬੀਬੀ, ਬੇਬੇ, ਬਾਪੂ, ਡੈਡ ਤੇ ਮੌਮ ਬਣ ਗਏ। ਚਾਰੇ ਪਾਸੇ ਅਨਾਰਕੀ ਫ਼ੈਲ ਗਈ। ਆਧੁਨਿਕ ਪੀੜ੍ਹੀ ਕਹਿੰਦੀ ਹੈ ਕਿ ਮੌਡਰਨ ਜ਼ਮਾਨਾ ਹੈ। ਸਮਾਂ ਬਦਲ ਗਿਆ ਹੈ। ਇਸ ਲਈ ਇਹ ਸਭ ਕੁੱਝ ਬਦਲਿਆ ਹੈ। ਇਹ ਵਿਗਿਆਨਕ ਵਿਕਾਸ ਹੋਇਆ ਹੈ। ਪਿੰਡ ਤੇ ਘਰ ਪਰਵਾਰ ਵਿੱਚ ਵਸਦਾ ਬੰਦਾ ਇਕੱਲਾ ਹੋਇਆ ਹੈ। ਸਿੱਖਿਆ ਪਹਿਲਾਂ ਨਾਲੋਂ ਜ਼ਿਆਦਾ ਹੈ। ਪਰ ਗਿਆਨ, ਸੰਸਕਾਰ, ਸੱਭਿਆਚਾਰ, ਰਿਸ਼ਤਿਆਂ ਦੀ ਪਾਕੀਜ਼ਗੀ, ਬੋਲ ਚਾਲ, ਰਹਿਣ ਤੇ ਸਹਿਣ ਸਭ ਕੁੱਝ ਬਦਲ ਗਿਆ ਹੈ। ਸਬਰ, ਸੰਤੋਖ, ਨਿਮਰਤਾ ਸਹਿਜ ਸੁਭਾਅ, ਇਮਾਨਦਾਰੀ, ਵੱਡਿਆਂ ਦਾ ਸਤਿਕਾਰ ਸਭ ਕੁੱਝ ਖੰਭ ਲਾ ਕੇ ਉੱਡ ਗਿਆ ਹੈ। ਖ਼ੈਰ ਇਹ ਤਰੱਕੀ ਹੈ, ਬਦਲਾਅ ਹੈ। ਗੱਲ ਸਿੱਖਿਆ ਤੇ ਗਿਆਨ ਦੀ ਹੈ। ਪਹਿਲਾਂ ਸਿੱਖਿਆ ਦੇ ਸੋਮੇ, ਘਰ, ਪਰਵਾਰ, ਮੰਦਰ, ਗੁਰਦੁਆਰਾ, ਮਦਰੱਸੇ ਹੁੰਦੇ ਸਨ । ਜਿੱਥੇ ਜ਼ਿੰਦਗੀ ਜਿਉਣ ਦੀ ਸਿੱਖਿਆ ਸਿਖਾਈ ਜਾਂਦੀ ਸੀ। ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਤੇ ਸੰਸਕਾਰਾਂ ਨੂੰ ਸਿਖਾਇਆ ਜਾਂਦਾ ਸੀ। ਉਦੋਂ ਲੋਕ ਚੰਗੇ ਸਨ। ਹੁਣ ਸਿੱਖਿਆ ਦੀ ਕ੍ਰਾਂਤੀ ਆਈ ਹੈ, ਗਲੀਆਂ, ਮੁਹੱਲਿਆਂ, ਪਿੰਡਾਂ, ਨਗਰਾਂ ਤੇ ਸ਼ਹਿਰਾਂ ਵਿੱਚ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਹਨ। ਇਹ ਸਿੱਖਿਆ ਸੰਸਥਾਵਾਂ ਘੱਟ ਤੇ ਵਪਾਰ ਤੇ ਕਾਰੋਬਾਰ ਦੇ ਅੱਡੇ ਬਣ ਗਏ ਹਨ। ਜਿੱਥੇ ਹਰ ਚੀਜ਼ ਖ਼ਰੀਦੀ ਜਾਂਦੀ ਹੈ, ਸਕੂਲ ਦੀ ਵਰਦੀ, ਖਾਣ ਪੀਣ, ਆਉਣ ਜਾਣ ਲਈ ਸਾਧਨ, ਸਿੱਖਿਆ ਦੇ ਪੈਸੇ ਦੇਣੇ ਪੈਂਦੇ ਹਨ। ਸਕੂਲਾਂ ਵਿੱਚ ਹਰ ਦਿਨ ਨਵੀਂ ਵਰਦੀ, ਹਰ ਤਿੱਥ ਤੇ ਤਿਉਹਾਰ ਤੇ ਫੈਸ਼ਨ ਸ਼ੋ ਵਰਗੇ ਕੱਪੜੇ ਪਹਿਨਣ ਦਾ ਸੱਦਾ ਦਿੱਤਾ ਜਾਂਦਾ ਹੈ। ਖ਼ਰਚਾ ਲੱਖਾਂ ਰੁਪਏ ਹੁੰਦਾ ਹੈ। ਸਕੂਲਾਂ ਵਿੱਚ ਸਿੱਖਿਆ ਦੇ ਨਾਂ ਤੇ ਬੱਚਿਆਂ ਨੂੰ ਤੋਤੇ ਬਣਾਇਆ ਜਾਂਦਾ ਹੈ। ਸਿੱਖਿਆ ਦੇ ਮੌਲਿਕ ਅਧਿਕਾਰ ਤੇ ਸੱਭਿਆਚਾਰ ਗਾਇਬ ਕਰ ਦਿੱਤਾ ਹੈ। ਹੁਣ ਜਮਾਤ ਵਿੱਚ ਹਰ ਬੱਚਾ ਫਸਟ ਕਲਾਸ ਵਿੱਚ ਪਾਸ ਹੁੰਦਾ ਹੈ। ਸਮਾਜਿਕ ਤੇ ਪਰਵਾਰਿਕ ਗਿਆਨ ਤੋਂ ਕੋਰਾ, ਡਰੂ ਤੇ ਹਰ ਮੁਸੀਬਤ ਵਿੱਚ ਰੋਦੂ ਸਿੱਧ ਹੁੰਦਾ ਹੈ। ਕੋਈ ਮੁਸ਼ਕਲ ਆਉਂਦੀ ਤਾਂ ਸਹਾਰਾ ਭਾਲਦਾ ਹੈ। ਜ਼ਿੰਦਗੀ ਦੇ ਨਾਲ ਲੜਨ ਦੀ ਸ਼ਕਤੀ ਉਸ ਵਿੱਚ ਨਹੀਂ। ਸੁੱਖ ਸਹੂਲਤਾਂ ਤੇ ਲਾਡ ਪਿਆਰ ਨੇ ਉਸਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰ ਦਿੱਤਾ ਹੈ। ਹੁਣ ਦੇ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਲੜਨ ਦੀ ਸਮਰੱਥਾ ਨਹੀਂ। ਜਿਹਨਾਂ ਵਿੱਚ ਹੈ, ਉਹ ਚੁੱਪ ਚਾਪ ਆਪਣੇ ਆਪ ਵਿੱਚ ਸਿਮਟ ਗਏ ਹਨ।
ਸਿੱਖਿਆ ਦੀ ਕ੍ਰਾਂਤੀ ਕੇਵਲ ਇਮਾਰਤਾਂ, ਵੱਖ ਵੱਖ ਤਰ੍ਹਾਂ ਦੀਆਂ ਵਰਦੀਆਂ ਤੇ ਖਾਣ ਪੀਣ ਨਾਲ ਨਹੀਂ ਆਉਂਦੀ। ਇਸ ਲਈ ਬਹੁਤ ਕੁੱਝ ਕਰਨ ਦੀ ਲੋੜ ਹੁੰਦੀ ਹੈ। ਇਸ ਲੋੜ ਵਿੱਚ ਸਭ ਤੋਂ ਪਹਿਲਾਂ ਪ੍ਰਤੀਬੱਧ ਅਧਿਆਪਕ ਤੇ ਮਾਪਿਆਂ ਦੀ ਭੂਮਿਕਾ ਜ਼ਰੂਰੀ ਹੈ। ਹੁਣ ਸਿੱਖਿਆ ਕ੍ਰਾਂਤੀ ਸਿੱਖਿਆ ਵਿਰੁੱਧ ਚੱਲ ਰਹੀ ਹੈ। ਜਿਸ ਦੇ ਨਤੀਜੇ ਮਾਣਯੋਗ ਹਾਈਕੋਰਟ ਤੱਕ ਪੁੱਜ ਗਏ ਹਨ।
ਬਾਕੀ ਦੀਆਂ ਗੱਲਾਂ ਤੁਸੀਂ ਖ਼ੁਦ ਆਲ਼ੇ ਦੁਆਲ਼ੇ ਦੇਖਦੇ ਹੋਏ ਵੀ ਚੁੱਪ ਧਾਰੀ ਬੈਠੇ ਹੋ। ਬੈਠੇ ਰਹੋ, ਕਿਉਂਕਿ ਤੁਸੀਂ ਮੁਫ਼ਤ ਦਾ ਕੜਾਹ ਖਾਣ ਗਿੱਜ ਏ ਗਏ ਓ। ਮੁਫ਼ਤ ਦੀਆਂ ਸੇਵਾਵਾਂ ਨੇ ਪੰਜਾਬ ਦਾ ਝੁੱਗਾ ਚੌੜ ਚੁਪੱਟ ਕਰ ਦਿੱਤਾ ਹੈ। ਪੰਜਾਬ ਪੌਣੇ ਪੰਜ ਲੱਖ ਕਰੋੜ ਰੁਪਏ ਦਾ ਕਰਜ਼ਾਈ ਹੋ ਗਿਆ ਹੈ। ਅਜੇ ਸਵਾ ਸਾਲ ਬਾਕੀ ਹੈ, ਇਹ ਕਰਜ਼ਾ ਹੋਰ ਵਧੇਗਾ। ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਹੁਣ ਕੋਈ ਨਹੀਂ ਆਵੇਗਾ। ਸਗੋਂ ਚੇਤੰਨ ਨੌਜਵਾਨ ਵਰਗ ਨੂੰ ਉਠਣਾ ਪਵੇਗਾ ਜਿਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਮਲੇ ਵਿੱਚ ਉਠੇ ਹਨ। ਪੰਜਾਬ ਦੇ ਮੂਲਵਾਸੀਆਂ ਵਿੱਚ ਬਹੁਤੇ ਜਾਗਦੇ ਹੋਏ ਵੀ ਸੁੱਤੇ ਪਏ ਹਨ। ਇਹਨਾਂ ਨੂੰ ਜਗਾਉਣਾ ਬਹੁਤ ਔਖਾ ਹੈ। ਲੋਕਾਂ ਨੂੰ ਜਗਾਉਣ ਲਈ, ਜਾਗਰੂਕ ਕਰਨ ਲਈ ਨਰੋਆ ਸਮਾਜ ਸਿਰਜਣ ਲਈ, ਨਰੋਆ ਸਾਹਿਤ ਜ਼ਰੂਰੀ ਹੈ। ਪਿਛਲੇ ਸਮਿਆਂ ਵਿੱਚ ਪੁਸਤਕ ਮੇਲੇ ਲੱਗੇ ਹਨ। ਉਥੇ ਲੱਖਾਂ ਰੁਪਏ ਦੀਆਂ ਕਿਤਾਬਾਂ ਵਿਕੀਆਂ ਹਨ। ਵਧੀਆ ਗੱਲ ਹੈ ਕਿ ਲੋਕ ਕਿਤਾਬਾਂ ਪੜ੍ਹਦੇ ਹਨ। ਇੰਗਲੈਂਡ ਵਾਲਿਆਂ ਨੇ ਦੁਨੀਆ ਤੇ ਰਾਜ ਇਸ ਕਰਕੇ ਕੀਤਾ ਕਿ ਉਹਨਾਂ ਨੇ ਸਿਹਤ, ਸਿੱਖਿਆ ਰੁਜ਼ਗਾਰ ਅਤੇ ਸਮਾਜਿਕ ਸੁਰੱਖਿਆ ਉੱਤੇ ਸਾਰਾ ਬੱਜਟ ਖਰਚਿਆ। ਉਹਨਾਂ ਨੇ ਵਧੀਆ ਸਿੱਖਿਆ ਤੇ ਸਿਹਤ ਸੰਸਥਾਵਾਂ ਬਣਾਈਆਂ। ਹੇਠਲੀ ਤਸਵੀਰ ਇੰਗਲੈਂਡ ਦੀ ਹੈ, ਉਹਨਾਂ ਨੇ ਲੋਕਾਂ ਨੂੰ ਸਾਹਿਤ ਪੜ੍ਹਨ ਦੀ ਆਦਤ ਪਾਉਣ ਲਈ ਪਿੰਡਾਂ ਤੇ ਸ਼ਹਿਰਾਂ ਵਿੱਚ ਲਾਇਬ੍ਰੇਰੀਆਂ ਬਣਾਈਆਂ। ਅਸੀਂ ਤੇ ਸਾਡੀਆਂ ਸਰਕਾਰਾਂ ਨੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਕੀ ਕੀ ਕੀਤਾ ਹੈ ਤੁਸੀਂ ਜਾਣਦੇ ਹੀ ਹੋ। ਕਿਉਂਕਿ ਤੁਹਾਨੂੰ ਇਹ ਜਾਣਕਾਰੀ ਗੋਦੀ ਮੀਡੀਆ ਦੇ ਰਿਹਾ ਹੈ। ਇਸ ਲਈ ਤੁਸੀਂ ਸਾਰੇ ਜਾਣਦੇ ਹੋ। ਜਾਣਕਾਰੀ ਜ਼ਰੂਰੀ ਹੈ।
ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ।
ਸਾਫ਼ ਦਿਲ ਕੀਹਦਾ ਕੀਹਦਾ ਹੈ, ਕੋਈ ਦੱਸ ਸਕਦਾ ਹੈ?
ਕਬੀਰ ਜੀ ਆਖਦੇ ਹਨ
ਹਮ ਨਹੀ ਚੰਗੇ ਬੁਰਾ ਨਹੀਂ ਕੋਏ।
—–
ਬੁੱਧ ਸਿੰਘ ਨੀਲੋਂ
9464370823



