(ਸਮਾਜ ਵੀਕਲੀ) ਸਾਹਿਤਕਾਰ ਅਤੇ ਸਮਾਜਸੇਵੀ ਸਮਾਜ ਦਾ ਸਰਮਾਇਆ ਹੁੰਦੇ ਹਨ। ਸ਼੍ਰੀ ਜੇ ਸੀ ਪਰਿੰਦਾ ਪਹਿਲਾਂ ਬੈੰਕ ਅਫਸਰ ਸਨ ਅਤੇ ਫਿਰ ਮਾਲ ਅਫਸਰ ਬਣੇ। ਉਹ ਸਾਹਿਤ ਅਤੇ ਕਾਮਰੇਡੀ ਵਿਚਾਰਧਾਰਾ ਨਾਲ ਜੁੜੇ ਹੋਏ ਸਨ। ਉਹਨਾਂ ਨੇ ਬੈੰਕ ਕਰਮਚਾਰੀ ਯੂਨੀਅਨ ਵਿਚ ਬੜੀ ਸ਼ਿੱਦਤ ਨਾਲ ਕੰਮ ਕੀਤਾ। ਉਹ ਵੇਦਾਂ ਦੇ ਗਿਆਤਾ ਸਨ। ਸਾਹਿਤਿਕ ਇਤਿਹਾਸ ਨਾਲ ਉਹਨਾਂ ਦਾ ਲਗਾਵ ਸੀ। ਇੱਕ ਭੈੜੀ ਬਿਮਾਰੀ ਨੇ ਸਾਡੇ ਤੋਂ ਉਹ ਹੀਰਾ ਖੋਹ ਲਿਆ। ਜਿਸਦੀ ਕਮੀ ਪਰਿਵਾਰ ਤੋਂ ਇਲਾਵਾ ਸਾਹਿਤਿਕਕਾਰਾਂ ਨੇ ਹੀ ਮਹਿਸੂਸ ਕੀਤੀ। ਪਰਿਵਾਰ ਨੇ ਸ੍ਰੀ ਪਰਿੰਦਾ ਜੀ ਦੀ ਯਾਦ ਵਿੱਚ ਇੱਕ ਪੁਰਸਕਾਰ ਦੇਣ ਦਾ ਫੈਸਲਾ ਕੀਤਾ। ਪੰਜਾਬੀ ਸਾਹਿਤ ਸਭਾ ਨੇ ਇਸਨੂੰ ਜਾਰੀ ਰੱਖਣ ਅਤੇ ਹਕੀਕੀ ਅੰਜਾਮ ਦੇਣ ਦਾ ਬੀੜਾ ਚੁੱਕਿਆ। ਸੋ ਅੱਜ ਪਹਿਲਾ ਸ਼੍ਰੀ ਜੇ ਸੀ ਪਰਿੰਦਾ ਪੁਰਸਕਾਰ ਮਹਿਰੂਮ ਕਾਮਰੇਡ ਜਰਨੈਲ ਸਿੰਘ ਭਾਈ ਰੂਪਾ ਨੂੰ ਦੇਣ ਲਈ ਟੀਚਰਜ਼ ਹੋਮ ਵਿਖੇ ਇੱਕ ਭਰਵਾਂ ਸਮਾਗਮ ਕੀਤਾ ਗਿਆ। ਸ਼੍ਰੀ ਗੋਪਾਲ ਸਿੰਘ ਸੇਵਾਮੁਕਤ ਪੀਸੀਐਸ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਅਸਲ ਵਿੱਚ ਤਾਂ ਇਹ ਸਮਾਗਮ ਤਿੰਨ ਜਬਰਦਸਤ ਸਖਸ਼ੀਅਤਾਂ ਦਾ ਸੁਮੇਲ ਸੀ। ਭਾਵੇਂ ਹਾਜ਼ਰ ਬੁਲਾਰਿਆਂ ਨੇ ਸਵ ਸ਼੍ਰੀ ਕੇ ਸੀ ਪਰਿੰਦਾ ਅਤੇ ਕਾਮਰੇਡ ਜਰਨੈਲ ਸਿੰਘ ਭਾਈ ਰੂਪਾ ਨਾਲ ਆਪਣੀਆਂ ਨਜ਼ਦੀਕੀਆਂ ਅਤੇ ਇਹਨਾਂ ਨਾਲ ਬਤੀਤ ਕੀਤੇ ਯਾਦਗਾਰੀ ਪਲਾਂ ਦਾ ਬਹੁਤ ਵਿਸਥਾਰ ਨਾਲ ਵਰਨਣ ਕੀਤਾ। ਪ੍ਰੰਤੂ ਮੁੱਖ ਮਹਿਮਾਨ ਸ਼੍ਰੀ ਗੋਪਾਲ ਸਿੰਘ ਜੀ ਜੋ ਅਨੇਕ ਖ਼ੂਬੀਆਂ ਦੇ ਮਾਲਿਕ ਹਨ ਦਾ ਵਰਨਣ ਘੱਟ ਕੀਤਾ। ਮੈਂ ਪੰਜਾਬੀ ਸਾਹਿਤ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਖਾਸਕਰ ਪ੍ਰਧਾਨ ਜਸਪਾਲ ਮਾਨਖੇੜਾ ਦੇ ਇਸ ਫੈਸਲੇ ਦੀ ਪ੍ਰੋੜਤਾ ਕਰਦਾ ਹਾਂ ਜਿੰਨਾ ਨੇ ਸਾਫ਼ ਸੁਧਰੀ ਦਿੱਖ ਵਾਲੀਆਂ ਸਖਸ਼ੀਅਤਾਂ ਦੇ ਸਨਮਾਨ ਲਈ ਇੱਕ ਸਾਫ ਸੁਧਰੇ ਅਕਸ ਵਾਲੇ ਸਾਹਿਤਕਾਰ ਅਤੇ ਸਾਬਕਾ ਅਫਸਰ ਨੂੰ ਇਸਦੀ ਪ੍ਰਧਾਨਗੀ ਲਈ ਚੁਣਿਆ। ਅਮੂਮਨ ਅਜਿਹੇ ਮੌਕਿਆਂ ਤੇ ਅਸੀਂ ਧੁੰਦਲੀ ਦਿੱਖ ਵਾਲੇ ਸਿਆਸੀ ਆਗੂਆਂ ਨੂੰ ਮੂਹਰੇ ਲਿਆਉਂਦੇ ਹਾਂ। ਜੋ ਸਮਾਜ ਲਈ ਸ਼ੁਭ ਸੰਦੇਸ਼ ਨਹੀਂ ਹੁੰਦਾ। ਸ਼੍ਰੀ ਪਰਿੰਦਾ ਜੀ ਅਤੇ ਕਾਮਰੇਡ ਜਰਨੈਲ ਸਿੰਘ ਲਈ ਕਾ ਹਰਦੇਵ ਅਰਸ਼ੀ ਸਾਬਕਾ ਵਿਧਾਇਕ, ਜਸਪਾਲ ਮਾਨਖੇੜਾ, ਲਛਮਣ ਮਲੂਕਾ, ਸ਼੍ਰੀ ਸੁਮੇਲ ਸਿੰਘ ਸਿੱਧੂ, ਦਮਜੀਤ ਦਰਸ਼ਨ ਅਤੇ ਗੁਰਦੇਵ ਖੋਖਰ ਜੀ ਨੇ ਬਾਖੂਬੀ ਆਪਣੀ ਯਾਦਾਂ ਦੀ ਆਪਣੇ ਵਿਚਾਰਾਂ ਦੀ ਸਾਂਝ ਪਾਈ। ਇਸ ਤੋਂ ਪਹਿਲਾਂ ਪ੍ਰਸਿੱਧ ਕਹਾਣੀਕਾਰ ਅਗਾਜਬੀਰ ਨੇ “ਲੋਕਾਂ ਦਾ ਜਰਨੈਲ, ਕਾ ਜਰਨੈਲ ਸਿੰਘ” ਸਨਮਾਨ ਪੱਤਰ ਪੜ੍ਹਿਆ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ਼੍ਰੀ ਗੋਪਾਲ ਸਿੰਘ ਜੀ ਨੇ ਵੀ ਕਈ ਅਜਿਹੇ ਕਿੱਸੇ ਸਾਂਝੇ ਕੀਤੇ ਜੋ ਸਰੋਤਿਆਂ ਨੇ ਪਹਿਲੀ ਵਾਰ ਸੁਣੇ ਹੋਣਗੇ। ਭਾਵੇਂ ਇਹ ਸਮਾਗਮ ਆਪਣੇ ਨਿਰਧਾਰਿਤ ਸਮੇਂ ਤੋਂ ਲੰਬਾ ਚੱਲਿਆ ਪ੍ਰੰਤੂ ਬੁਲਾਰਿਆਂ ਦੇ ਭਾਸ਼ਣ ਬੋਰ ਕਰਨ ਵਾਲੇ ਨਹੀਂ ਸਨ। ਹਰ ਸਰੋਤਾ ਇਕ ਮਨ ਇੱਕ ਚਿੱਤ ਹੋਕੇ ਸੁਣ ਰਿਹਾ ਸੀ। ਬਾਕੀ ਕਿਸੇ ਸਮਾਗਮ ਦੀ ਸਫਲਤਾ ਦਾ ਸਿਹਰਾ ਉਸ ਸਭਾ ਦੇ ਸਟੇਜ ਸਕੱਤਰ ਦੇ ਹੱਥ ਹੁੰਦਾ ਹੈ। ਉਹ ਪ੍ਰੋਗਰਾਮ ਦਾ ਸੂਤਰਧਾਰ ਹੁੰਦਾ ਹੈ। ਸ਼੍ਰੀ ਰਣਜੀਤ ਗੌਰਵ ਦਾ ਇਹ ਗੁਣ ਵੀ ਸਰੋਤਿਆਂ ਨੂੰ ਬੰਨੀ ਰੱਖਦਾ ਹੈ। ਹਰ ਬੁਲਾਰੇ ਤੋਂ ਬਾਅਦ ਨਵੇਂ ਬੁਲਾਰੇ ਦੇ ਆਉਣ ਤੱਕ ਸਭ ਨੂੰ ਆਪਣੇ ਅੰਦਾਜ਼ ਵਿੱਚ ਕੁਝ ਨਾ ਕੁਝ ਸੁਣਾਉਂਦੇ ਰਹਿਣ ਦਾ ਹੁਨਰ ਸ਼੍ਰੀ ਗੌਰਵ ਕੋਲ੍ਹ ਹੈ। ਦੋਨਾਂ ਪਰਿਵਾਰਾਂ ਦੇ ਮੈਂਬਰ ਬਾਰ ਬਾਰ ਆਪਣੀਆਂ ਅੱਖਾਂ ਪੂੰਝਦੇ ਨਜ਼ਰ ਆਏ। ਇਹ ਉਹਨਾਂ ਦੀ ਯਾਦ ਦੇ ਹੰਝੂ ਅਤੇ ਉਹਨਾਂ ਪ੍ਰਤੀ ਮਾਣ ਯਾਨੀ ਖੁਸ਼ੀ ਦੇ ਹੰਝੂ ਸਨ। ਸ੍ਰੀ ਪਰਿੰਦਾ ਜੀ ਅਤੇ ਸ੍ਰੀ ਜਰਨੈਲ ਜੀ ਦੀ ਉਮਰ ਭਰ ਦੀ ਇਹੀ ਖੱਟੀ ਹੈ।
ਰਮੇਸ਼ ਸੇਠੀ



