ਚਿੱਟਾ

ਹਰਪ੍ਰੀਤ ਕੌਰ

ਹਰਪ੍ਰੀਤ ਕੌਰ ‘ ਪਾਪੜਾ ‘ਜ਼ਿਲ੍ਹਾ- ਸੰਗਰੂਰ 

(ਸਮਾਜ ਵੀਕਲੀ) ਅੱਜ ਵੀ ਜਦੋਂ ਮੈਂ ਬੀਤਿਆ ਸਮਾਂ ਯਾਦ ਕਰਦੀ ਹਾਂ ਤਾਂ ਮੇਰੀ ਰੂਹ ਕੰਬਣ ਲੱਗ ਜਾਂਦੀ ਹੈ, ਉਹ ਵੇਲਾ ਜਦੋਂ ਮੇਰਾ ਭਰਾ ਇੱਕ ਚੰਗੇ ਇਨਸਾਨ ਤੋਂ ਦੁਸ਼ਟ ਬਣਿਆ ਸੀ।
ਮੇਰਾ ਭਰਾ ਮੇਰੇ ਤੋਂ ਚਾਰ ਸਾਲ ਵੱਡਾ ਸੀ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਤੇ ਵਧੀਆ ਕੰਮਕਾਰ ਕਰਨ ਵਾਲਾ ਸੀ। ਉਹ ਮੇਰੇ ਬਾਪੂ ਨਾਲ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਉਂਦਾ। ਕਾਲਜ ਵਿੱਚ ਪੜਨ ਲੱਗਿਆ ਤਾਂ ਉਹ ਗਲਤ ਸੰਗਤ ਵਿੱਚ ਪੈ ਗਿਆ। ਹੌਲੀ ਹੌਲੀ ਉਹ ਪਿੰਡ ਦੇ ਨਸ਼ੇੜੀ ਮੁੰਡਿਆਂ ਦੀ ਢਾਣੀ ਵਿੱਚ ਬੈਠਣ ਲੱਗਾ। ਪਹਿਲਾਂ ਤਾਂ ਉਹ ਸਿਗਰਟਾਂ ਪੀਣ ਲੱਗਾ, ਫਿਰ ਗਾਂਜਾ, ਫਿਰ ਨਸ਼ੇ ਆਲੀਆਂ ਗੋਲੀਆਂ ਅਤੇ ਹੌਲੀ ਹੌਲੀ ਉਹ ਸਿਗਨੇਚਰ ਨਾਮਕ  ਕੈਪਸੂਲ ਖਾਣ ਲੱਗ ਪਿਆ।
ਘਰਦੇ ਸਮਝਾਉਂਦੇ ਤਾਂ ਲੜ ਪੈਂਦਾ। ਨਸ਼ੇ ਵਿੱਚ ਮੰਮੀ ਡੈਡੀ ਨੂੰ ਅਵਾ ਤਬਾ ਬੋਲਦਾ ਰਹਿੰਦਾ। ਕੁਝ ਸਮੇਂ ਬਾਅਦ ਘਰਦਿਆਂ ਨੇ ਸੋਚਿਆ ਕਿ ਇਸ ਦਾ ਵਿਆਹ ਕਰਨਾ ਠੀਕ ਰਹੇਗਾ ਜਦੋਂ ਬਾਲ ਬੱਚੇ ਤੇ ਕਬੀਲਦਾਰੀ ਗਲ਼ ਪਏਗੀ ਤਾਂ ਸੁਧਰ ਹੀ ਜਾਵੇਗਾ। ਜਲਦ ਹੀ ਝੂਠ ਬੋਲ ਕੇ ਕੁੜੀ ਵਾਲਿਆਂ ਤੋਂ ਨਸ਼ੇ ਵਾਲੀ ਗੱਲ ਲੁਕੋ ਕੇ ਮੇਰੇ ਭਰਾ ਦਾ ਵਿਆਹ ਕਰ ਦਿੱਤਾ। ਹੌਲੀ ਹੌਲੀ ਮੇਰੀ ਭਰਜਾਈ ਨੂੰ ਨਸ਼ੇ ਵਾਲੀ ਗੱਲ ਪਤਾ ਲੱਗ ਗਈ, ਪਰ ਹੁਣ ਉਹ ਕੀ ਕਰ ਸਕਦੀ ਸੀ?
ਮੇਰਾ ਭਰਾ ਸੁਧਰਨ ਦੀ ਬਜਾਏ ਹੋਰ ਜਿਆਦਾ ਵਿਗੜ ਗਿਆ। ਹੁਣ ਉਹ ਚਿੱਟਾ ਪੀਣ ਲੱਗ ਪਿਆ। ਜਦੋਂ ਚਿੱਟਾ ਪੰਨੀ ਤੇ ਨਸ਼ਾ ਕਰਨੋਂ ਹਟ ਗਿਆ ਤਾਂ ਉਹ ਟੀਕੇ ਲਾਉਣ ਲੱਗ ਪਿਆ।
ਇੱਕ ਦਿਨ ਜਦੋਂ ਮੇਰੇ ਡੈਡੀ ਦੀ ਮੌਤ ਹੋਈ ਤਾਂ ਉਹਨੂੰ ਸਿਵਿਆਂ ਚੋਂ ਟੀਕੇ ਲਾਉਂਦੇ ਨੂੰ ਫੜ ਕੇ ਲਿਆਂਦਾ, ਪਰ ਉਹ ਬਿਲਕੁਲ ਨਸ਼ੇ ਵਿੱਚ ਬੇਸੁਰਤ ਹੋਇਆ ਬੈਠਿਆ ਰਿਹਾ। ਮੇਰੀਆਂ ਅੱਖਾਂ ਵਿੱਚ ਵਹਿੰਦੇ ਅਸ਼ਕਾਂ ਨਾਲ ਮੈਂ ਹੌਸਲੇ ਨਾਲ ਉੱਠ ਕੇ ਆਪਣੇ ਪਿਓ ਦੀ ਅਰਥੀ ਨੂੰ ਮੋਢੇ ਤੇ ਚੁੱਕ ਲਿਆ, ਪਰ ਮੇਰੇ ਭਰਾ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪਿਆ ਕਿ ਉਹ ਅੰਤਿਮ ਸਮੇਂ ਆਪਣੇ ਪਿਓ ਦਾ ਮੁੱਖ ਵੀ ਨਹੀਂ ਵੇਖ ਸਕਿਆ ਸੀ।
ਉਸ ਤੋਂ ਬਾਅਦ ਵੀ ਨਸ਼ਿਆਂ ਵਾਲਾ ਸਿਲਸਿਲਾ ਨਿਰੰਤਰ ਐਵੇਂ ਹੀ ਚੱਲਦਾ ਰਿਹਾ। ਵਿਆਹ ਨੂੰ ਸਾਲ ਹੋ ਚੁੱਕਾ ਸੀ ਤੇ ਮੇਰੀ ਭਰਜਾਈ ਦੀ ਕੁੱਖ ਹਰੀ ਨਹੀਂ ਸੀ ਹੋਈ। ਡਾਕਟਰ ਨੇ ਦੱਸਿਆ ਕਿ ਸਿਗਨੇਚਰ ਕੈਪਸੂਲਾਂ ਦੇ ਸੇਵਨ ਕਾਰਨ ਮੇਰੇ ਭਰਾ ਵਿੱਚ ਕਮੀ ਹੈ ਤੇ ਇਹ ਕਦੇ ਵੀ ਪਿਉ ਨਹੀਂ ਬਣ ਸਕਦਾ। ਇਸ ਤਰ੍ਹਾਂ ਮੇਰੀ ਭਰਜਾਈ ਮੇਰੇ ਭਰਾ ਦੇ ਜਿਉਂਦੇ ਜਾਗਦੇ ਵੀ ਵਿਆਹੀ ਵਿਧਵਾ ਦੀ ਤਰ੍ਹਾਂ ਰਹਿ ਰਹੀ ਸੀ।
ਇਕ ਦਿਨ ਸਿਵਿਆਂ ਵਿੱਚ ਕਈ ਮੁੰਡੇ ਚਿੱਟੇ ਦੇ ਟੀਕੇ ਲਾ ਰਹੇ ਸੀ। ਮੇਰਾ ਭਰਾ ਟੀਕਾ ਲਾਉਂਦਾ ਲਾਉਂਦਾ ਡਿੱਗ ਪਿਆ, ਜਦੋਂ ਬਾਕੀਆਂ ਨੇ ਦੇਖਿਆ ਕਿ ਇਹ ਤਾਂ ਮਰ ਚੁੱਕਿਆ ਹੈ ਤਾਂ ਉਹ ਉਥੋਂ ਭੱਜ ਗਏ। ਮੇਰੇ ਚਾਚੇ ਦੇ ਮੁੰਡੇ ਨੂੰ ਪਤਾ ਲੱਗਿਆ ਤਾਂ ਉਹ ਚੁੱਕ ਕੇ ਘਰੇ ਲੈ ਆਏ। ਸਾਡੇ ਘਰ ਰੋਣਾ ਪਿੱਟਣਾ ਪੈ ਗਿਆ। ਮੇਰੀ ਭਰਜਾਈ ਤੇ ਮਾਂ ਬਹੁਤ ਰੋ ਕੁਰਲਾ ਰਹੀਆਂ ਸਨ। ਮੈਨੂੰ ਮੇਰੀ ਰੋਂਦੀ ਹੋਈ ਭਰਜਾਈ ਵਿੱਚ ਆਪਣਾ ਭਵਿੱਖ ਦਿਖਣ ਲੱਗਿਆ ਕਿ ਜਿਸ ਕਦਰ ਮੇਰੇ ਭਰਾ ਨੇ ਬੇਗਾਨੀ ਧੀ ਨਾਲ ਧੋਖਾ ਕੀਤਾ ਹੈ ਉਂਕਣ ਹੀ ਸ਼ਾਇਦ ਭਵਿੱਖ ਵਿੱਚ ਮੇਰੇ ਨਾਲ ਵੀ ਇਹ ਘਟਨਾ ਵਾਪਰ ਜਾਵੇ।
ਮੈਂ ਆਪਣੇ ਹੰਜੂ ਪੂੰਜ ਕੇ ਤੇ ਦਿਲ ਕਰੜਾ ਕਰਕੇ ਅਰਥੀ ਮੋਢੇ ਤੇ ਚੁੱਕ ਲਈ। ਜਿਸ ਭਰਾ ਤੋਂ ਮੈਨੂੰ ਉਮੀਦ ਸੀ ਕਿ ਮੈਨੂੰ ਆਪਣੇ ਮੋਢੇ ਨਾਲ ਲਾ ਕੇ ਮੇਰੀ ਡੋਲੀ ਵਿੱਚ ਬਿਠਾ ਕੇ ਮੈਨੂੰ ਵਿਦਾ ਕਰੇਗਾ। ਅੱਜ ਉਸੇ ਦੀ ਅਰਥੀ ਮੈਨੂੰ ਆਪਣੇ ਮੋਢੇ ਤੇ ਚੱਕਣੀ ਪੈ ਰਹੀ ਸੀ।
ਇਸ ਚਿੱਟੇ ਨਾਮਕ ਪਦਾਰਥ ਨੇ ਮੇਰੇ ਭਰਾ ਤੇ ਸਾਡੇ ਪਰਿਵਾਰ ਦੀ ਜ਼ਿੰਦਗੀ ਨੂੰ ਕਾਲੀ ਕਰ ਦਿੱਤਾ ਸੀ। ਖਾਸ ਕਰਕੇ ਉਸ ਬੇਗਾਨੀ ਧੀ ਦੀ ਜ਼ਿੰਦਗੀ, ਭਰੀ ਜਵਾਨੀ ਵਿੱਚ ਹੀ ਬਰਬਾਦ ਹੋ ਗਈ, ਜਿਸ ਦਾ ਕੋਈ ਕਸੂਰ ਹੀ ਨਹੀਂ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਰਿਸ਼ਤੇ ਅਤੇ ਵਿਸ਼ਵਾਸ
Next article“ਬਾਰਾ ਮਾਹ “