(ਸਮਾਜ ਵੀਕਲੀ)
ਨਾਮ ਚਿੱਟਾ ,ਮੇਰੇ ਕੰਮ ਨੇ ਕਾਲੇ,
ਮੈਂ ਕਿੰਨੇ ਪੁੱਤ, ਮਾਵਾਂ ਦੇ ਖਾ ਲਏ।
ਖੇਡ, ਪੜ੍ਹਾਈਆਂ, ਵੱਲੋਂ ਪੱਟ ਕੇ
ਮੈਂ ਕਿੰਨੇ ਗੱਭਰੂ, ਪਿੱਛੇ ਲਾ ਲਏ।
ਰੋਜ਼ ਲੜਾਈਆਂ,ਕਰਕੇ-ਮਰਦੇ,
ਮੈਨੂੰ ਰੋਕਣ, ਵੇਚਣ ਵਾਲੇ ।
ਰੋਜ਼ ਹੀ ਟੀਕੇ, ਲਾ-ਲਾ ਮਰਦੇ,
ਕਿੰਨੇ ਪੁੱਤ ਮਾਵਾਂ ਦੇ ਪਾਲੇ।
ਲੀਡਰਾਂ ਦੀ ਮੈਂ ਸਹਿ ਤੇ ਵਿਕਦਾ,
ਵਿੱਚ ਹੀ ਬਾਬੇ, ਡੇਰਿਆਂ ਵਾਲੇ,
ਆਮ ਹੀ ਹੁਣ ਤਾਂ,ਮਿਲ ਜਾਨਾ ਮੈਂ,
ਲੱਭ ਲੈਂਦੇ ਮੈਨੂੰ, ਲਾਵਣ ਵਾਲੇ।
ਕਦੇ ਹੀ ਲੱਭਦਾ ਪੁਲਿਸ ਨੂੰ ਮੈਂ ਤਾਂ,
ਸਮਾਜ ਸੇਵੀ ਮੈਨੂੰ ਹਰ ਥਾਂ ਭਾਲੇ।
ਮੇਰੇ ਪਿੱਛੇ ਕਿੰਨੇ ਹੀ ਬੰਦੇ,
ਰੋਜ਼ ਹੀ ਕਰਦੇ ਘਾਲੇ ਮਾਲੇ ।
ਹਰ ਥਾਂ ਮੇਰੀ ਹੋਵੇ ਚਰਚਾ,
ਦੁਖੀ ਬੜੇ ਨੇ ਪਿੰਡਾਂ ਵਾਲੇ।
ਮੈਂ ਨਸ਼ਾ ਛਡਾਊ, ਕੇਂਦਰ ਭਰਤੇ,
ਬਣੇ ਨਸ਼ੇੜੀ ਮੁੰਡੇ ਸਾਰੇ ।
ਓਵਰ ਡੋਜ਼ ਮੇਰੀ ਨਾਲ ਨੇ ਮਰਦੇ,
ਪੜੇ ਲਿਖੇ, ਅਨਪੜ੍ਹ ਵੀ ਸਾਰੇ।
ਮੈਂ ਵਿੱਚ ਸਕੂਲੀ, ਕਾਲਜੀਂ ਵੜਿਆ,
ਪੱਟੇ ਮੁੰਡੇ, ਪੜ੍ਹਨੇ ਵਾਲੇ।
ਲੋਰ ਮੇਰੀ ਵਿੱਚ ਲੜ-ਲੜ ਮਰਦੇ,
ਵੇਖ ਮੈਂ ਸਾਰੇ ਕਿੱਧਰ ਲਾ ਲਏ।
ਕਈਆਂ ਮੈਂਨੂੰ ਲਾਉਣ ਦੀ ਖ਼ਾਤਰ,
ਵੇਚ ਜ਼ਮੀਰਾਂ, ਕਿੱਲ੍ਹੇ ਖਾ ਲਏ।
ਤੋੜ ਮੇਰੀ ਦੇ ਮਾਰੇ ਗੱਭਰੂ,
ਲੁੱਟਾ-ਖੋਹਾਂ,ਕਰਦੇ ਸਾਰੇ।
ਸੰਦੀਪ ਅਰਜ਼ੋਈ ਕਰਦਾ ਸਤਿਗੁਰ,
ਮੁੱਕਣ ਦਿਨ ਇਹ, ਪੰਜਾਬ ‘ਚੋਂ ਕਾਲੇ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly