ਦੂਜਾ ਸੂਬਾਈ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ 7 ਤੋਂ 9 ਜੂਨ ਤੱਕ ਪਹਿਲਗਾਮ ਘਟਨਾ ਫਿਰਕੂ ਤਾਕਤਾਂ ਦੀ ਇਕ ਗਿਣੀ ਮਿੱਥੀ ਸਾਜਿਸ਼
ਸੰਗਰੂਰ (ਸਮਾਜ ਵੀਕਲੀ) ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਮੁੱਖ ਦਫਤਰ ਤਰਕਸ਼ੀਲ ਭਵਨ ਵਿਖੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੱਤਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਤੇ ਤਰਕਸ਼ੀਲ ਸਾਹਿਤ ਵੈਨ ਦਾ ਪ੍ਰੋਗਰਾਮ ਉਲੀਕਣ ਤੋਂ ਇਲਾਵਾ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਲਗਾਉਣ , ਤਰਕਸ਼ੀਲ ਮੈਗਜ਼ੀਨ ਦੀ ਗਿਣਤੀ ਵਧਾਉਣ,ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਪਾਸ ਕਰਵਾਉਣ ਅਤੇ ਪਰਿਵਾਰਕ ਮਿਲਣੀਆਂ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ,ਰਾਜੇਸ਼ ਅਕਲੀਆ,ਰਾਜਪਾਲ ਬਠਿੰਡਾ, ਗੁਰਪ੍ਰੀਤ ਸ਼ਹਿਣਾ ਅਤੇ ਸੁਮੀਤ ਅੰਮ੍ਰਿਤਸਰ ਨੇ ਦੱਸਿਆ ਕਿ 29 ਅਤੇ 31 ਅਗਸਤ ਨੂੰ ਪੰਜਾਬ ਪੱਧਰ ਤੇ ਹੋਣ ਵਾਲੀ ਸੱਤਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲਈ ਮਿਡਲ ਅਤੇ ਸੈਕੰਡਰੀ ਗਰੁੱਪਾਂ ਦੇ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਕਿਤਾਬਾਂ ਪਹੁੰਚਾਉਣ ਦਾ ਕਾਰਜ ਮੁਕੰਮਲ ਕਰ ਲਿਆ ਜਾਵੇਗਾ। ਇਸਦੇ ਇਲਾਵਾ 7 ਤੋਂ 9 ਜੂਨ ਤੱਕ ਸੂਬਾਈ ਪੱਧਰ ਤੇ ਦੂਜਾ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਤਰਕਸ਼ੀਲ ਭਵਨ ਬਰਨਾਲਾ ਵਿਖੇ ਲਾਇਆ ਜਾਵੇਗਾ।
ਇਸ ਮੌਕੇ ਸੂਬਾ ਕਮੇਟੀ ਆਗੂਆਂ ਰਾਮ ਸਵਰਨ ਲੱਖੇਵਾਲੀ, ਜੋਗਿੰਦਰ ਕੁੱਲੇਵਾਲ,ਜਸਵਿੰਦਰ ਫਗਵਾੜਾ, ਸੁਖਵਿੰਦਰ ਬਾਗਪੁਰ, ਸੁਰਜੀਤ ਟਿੱਬਾ,ਮੋਹਨ ਬਡਲਾ ਅਤੇ ਕੁਲਜੀਤ ਡੰਗਰਖੇੜਾ ਨੇ ਦੱਸਿਆ ਕਿ ਮੀਟਿੰਗ ਵਿੱਚ ਇਕਾਈ ਪੱਧਰ ਤੇ ਜੱਥੇਬੰਦਕ ਵਿਚਾਰਧਾਰਕ ਪਰਪੱਕਤਾ ਦੀਆਂ ਸਿਖਲਾਈ ਵਰਕਸ਼ਾਪਾਂ ਅਤੇ ਲੋਕ ਪੱਖੀ ਸੱਭਿਆਚਾਰਕ ਬਦਲ ਪੇਸ਼ ਕਰਨ ਸਬੰਧੀ ਪਰਿਵਾਰਕ ਮਿਲਣੀਆਂ ਤੇ ਸੈਮੀਨਾਰ ਕਰਨ ਅਤੇ ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਬਣਾਉਣ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਮਿਲ ਕੇ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਜੋਨ ਆਗੂਆਂ ਜਸਵੰਤ ਜੀਰਖ ਲੁਧਿਆਣਾ, ਸੰਦੀਪ ਧਾਰੀਵਾਲ ਭੋਜਾਂ,ਮਾਸਟਰ ਜਗਦੀਸ਼ ਰਾਏਪੁਰ ਡਿੱਬਾ ਨਵਾਂ ਸ਼ਹਿਰ , ਸੁਖਦੇਵ ਫਗਵਾੜਾ ਜਲੰਧਰ, ਅਜੀਤ ਪ੍ਰਦੇਸੀ ਚੰਡੀਗੜ੍ਹ ,ਬਲਰਾਜ ਮੌੜ ਬਠਿੰਡਾ, ਪ੍ਰਵੀਨ ਜੰਡਵਾਲਾ, ਅੰਮ੍ਰਿਤ ਰਿਸ਼ੀ ਮਾਨਸਾ, ਰਾਮ ਕੁਮਾਰ ਪਟਿਆਲਾ,ਮੈਡਮ ਕੁਲਵੰਤ ਕੌਰ ਪਟਿਆਲਾ ਅਤੇ ਅਵਤਾਰ ਬਰਨਾਲਾ ਵੱਲੋਂ ਸਮਾਜ ਵਿੱਚ ਅੰਧ ਵਿਸ਼ਵਾਸ਼, ਬਾਬਾਵਾਦ ਅਤੇ ਧਾਰਮਿਕ ਕੱਟੜਵਾਦ ਦੇ ਖਿਲਾਫ ਵਿਗਿਆਨਕ ਚੇਤਨਾ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਤਰਕਸ਼ੀਲ ਮੈਗਜ਼ੀਨ ਦੇ ਪਾਠਕਾਂ ਦੀ ਗਿਣਤੀ ਵਧਾਉਣ ਅਤੇ ਤਰਕਸ਼ੀਲ਼ ਸਾਹਿਤ ਵੈਨ ਨੂੰ ਪੰਜਾਬ ਦੇ ਸਾਰੇ ਵਿਦਿਅਕ ਅਦਾਰਿਆਂ,ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਨਿਰਧਾਰਤ ਰੂਟ ਅਨੁਸਾਰ ਪ੍ਰਦਰਸ਼ਿਤ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ।
ਮੀਟਿੰਗ ਵਿੱਚ ਪਾਸ ਕੀਤੇ ਇਕ ਮਤੇ ਰਾਹੀਂ ਪਹਿਲਗਾਮ ਦੀ ਦਹਿਸ਼ਤੀ ਘਟਨਾ ਨੂੰ ਕਸ਼ਮੀਰ ਦੇ ਲੋਕਾਂ ਦੀ ਆਰਥਿਕਤਾ ਤੇ ਅਮਨ ਸ਼ਾਂਤੀ ਦੇ ਮਾਹੌਲ ਨੂੰ ਬਰਬਾਦ ਕਰਨ ਅਤੇ ਦੇਸ਼ ਵਿੱਚ ਵੱਡੀ ਪੱਧਰ ਤੇ ਹਿੰਦੂ ਮੁਸਲਿਮ ਫਿਰਕੂ ਦੰਗੇ ਕਰਵਾਉਣ ਦੀ ਫਿਰਕੂ ਤਾਕਤਾਂ ਦੀ ਇਕ ਗਿਣੀ ਮਿੱਥੀ ਸਿਆਸੀ ਸਾਜਿਸ਼ ਕਰਾਰ ਦਿੰਦੇ ਹੋਏ ਇਸਦੀ ਕੌਮਾਂਤਰੀ ਨਿਆਂ ਅਦਾਲਤ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ।
ਸੁਮੀਤ ਅੰਮ੍ਰਿਤਸਰ
(ਸੂਬਾਈ ਮੀਡੀਆ ਮੁਖੀ)
ਤਰਕਸ਼ੀਲ ਸੁਸਾਇਟੀ ਪੰਜਾਬ
7696030173
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



