ਦਿਵਸ ਅਜ਼ਾਦੀ ਦੀ ਤਾਂ ਕੀਤੀ ਤੁਸੀਂ ਛੁੱਟੀ ਏ
ਪੁੱਛੋ ਜਾਕੇ ਉਸਨੂੰ ਦਿਹਾੜੀ ਜੀਹਦੀ ਟੁੱਟੀ ਏ
ਲਾਕੇ ਦਿਹਾੜੀ ਸਾਡੇ ਰੋਟੀ ਪੱਲੇ ਪੈਦੀ ਏ
ਸਾਨੂੰ ਵੀ ਤਾਂ ਦੱਸੋ ਇਹ ਅਜ਼ਾਦੀ ਕਿਥੇ ਰਹਿੰਦੀ ਏ
ਲਾਲ ਕਿਲੇ ਚੋਂ ਹੁੰਦਾ ਜਿਸਦਾ ਜ਼ਿਕਰ ਹੈ
ਢਿੱਡੋਂ ਭੁੱਖੇ ਲੋਕਾਂ ਦੀ ਨਾ ਜਿਸਨੂੰ ਫ਼ਿਕਰ ਹੈ
ਰੱਜੇ ਪੁੱਜੇ ਲੋਕਾਂ ਨਾਲ ਉਠਦੀ ਤੇ ਬਹਿੰਦੀ ਏ
ਸਾਨੂੰ ਵੀ ਤਾਂ ਦੱਸੋ………
ਮਾਰ ਤੇ ਹਜ਼ਾਰਾਂ ਇਥੇ ਕਰਜ਼ੇ ਦੀ ਮਾਰ ਨੇ
ਮੰਗਤੇ ਬਣਾਏ ਅੰਨ ਦਾਤੇ ਸਰਕਾਰ ਨੇ
ਵੇਚ ਕੇ ਫਸਲ ਪੱਲੇ ਕੌਡੀ ਵੀ ਨਾ ਪੈਂਦੀ ਏ
ਸਾਨੂੰ ਵੀ ਤਾਂ ਦੱਸੋ……….
ਚਿੜੀਆਂ ਨੂੰ ਘੂਰਦੀ ਸ਼ਿਕਾਰੀ ਅੱਖ ਬਾਜ਼ ਦੀ
ਚੜਦੀ ਮਸੂਮ ਸਦਾ ਬਲੀ ਕਾਹਤੋਂ ਦਾਜ ਦੀ
ਹੱਥਾਂ ਉੱਤੋਂ ਉਤਰੀ ਨਾ ਸ਼ਗਨਾਂ ਦੀ ਮਹਿੰਦੀ ਏ
ਸਾਨੂੰ ਵੀ ਤਾਂ ਦੱਸੋ…………
ਜਿਸ ਦਿਆਂ ਰਾਖਿਆਂ ਦੇ ਮਨਾ ਵਿਚ ਮੈਲ ਹੈ
ਵੱਡਿਆਂ ਘਰਾਣਿਆਂ ਦੀ ਬਣੀ ਜੋ ਰਖੈਲ ਹੈ
ਗਰੀਬਾਂ ਦੇ ਸਿਰਾਂ ‘ਚ , ਸਦਾ ਖੇਹ ਵਾਂਗ ਪੈੰਦੀ ਏ
ਸਾਨੂੰ ਵੀ ਤਾਂ ਦੱਸੋ………
ਦਿਨੋਂ ਦਿਨ ਵਧੇ ਮਹਿੰਗਾਈ ਵਾਲਾ ਭਾਰ ਜੀ
ਹੋ ਗਿਆ ਟਮਾਟਰ ਵੀ ਸੈਂਕੜੇ ਤੋਂ ਪਾਰ ਜੀ
ਅੱਛੇ ਦਿਨ ਆਏੰਗੇ ਠੱਗਾਂ ਦੀ ਟੋਲੀ ਕਹਿੰਦੇ ਏ
ਸਾਨੂੰ ਵੀ ਤਾਂ ਦੱਸੋ ਇਹ ਅਜ਼ਾਦੀ ਕਿਥੇ ਰਹਿੰਦੀ ਏ
ਸੋਨੂੰ ਮੰਗਲੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
‘ (ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly