ਕਿਥੇ ਤੁਸੀਂ ਗੈਸਲਾਇਟਿੰਗ ਦੇ ਸ਼ਿਕਾਰ ਤਾਂ ਨਹੀਂ??

ਸੰਜੀਵ ਸਿੰਘ ਸੈਣੀ
(ਸਮਾਜ ਵੀਕਲੀ) ਅਮਰੀਕਾ ਦੀ ਸਭ ਤੋਂ ਪੁਰਾਣੀ ਡਿਕਸ਼ਨਰੀ ਨੇ ਗੈਸ ਲਾਈਟਿੰਗ ਨੂੰ 2022 ਦਾ “ਵਰਲਡ ਆਫ਼ ਦਾ ਈਅਰ” ਚੁਣਿਆ। ਗੈਸ ਲਾਈਟਿੰਗ ਦਾ ਮਤਲਬ ਹੈ ਕਿਸੇ ਵੀ ਇਨਸਾਨ ਨਾਲ ਕੀਤਾ ਜਾਣ ਵਾਲਾ ਮਨੋਵਿਗਿਆਨਿਕ ਧੋਖਾ। ਆਪਣੇ ਫ਼ਾਇਦੇ ਲਈ ਕਿਸੇ ਨੂੰ ਗੁਮਰਾਹ ਕਰਨਾ । ਅਜਿਹੇ ਲੋਕ ਤੁਹਾਨੂੰ ਹਮੇਸ਼ਾ ਕਹਿੰਦੇ ਹਨ ਕਿ ਤੁਸੀਂ ਸੋਚ ਸਮਝ ਕੇ ਕੋਈ ਵੀ ਕੰਮ ਨਹੀਂ ਕਰਦੇ, ਮਤਲਬ ਇਹ ਹੈ ਕਿ ਉਹ ਇਨਸਾਨ ਜੋ ਹੁਣ ਤੱਕ ਸੋਚ ਰਿਹਾ ਸੀ, ਸਭ ਕੁਝ ਗਲਤ ਹੈ, ਜੋ ਹੁਣ ਉਸ ਨੂੰ ਦੱਸਿਆ ਜਾ ਰਿਹਾ ਹੈ ਉਹ ਸਹੀ ਹੈ। ਦੂਜੇ ਸ਼ਬਦਾਂ ਵਿੱਚ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਦਿਮਾਗ ਵਿੱਚ ਅਜਿਹੀਆਂ ਗੱਲਾਂ ਭਰ ਦਿੱਤੀ ਜਾਂਦੀਆਂ ਹਨ ਕਿ ਤੁਹਾਨੂੰ ਆਪਣੀ ਕਾਬਲੀਅਤ ਤੇ ਵੀ ਸ਼ੱਕ ਹੋਣ ਲੱਗ ਪੈਂਦਾ ਹੈ।ਅਜਿਹਾ ਇਨਸਾਨ ਆਪਣੀ ਪਹਿਚਾਣ ਨੂੰ ਵੀ ਖੋਹ ਦਿੰਦਾ ਹੈ। ਸਹੀ ਫੈਸਲੇ ਵੀ ਨਹੀਂ ਕਰ ਪਾਉਂਦਾ। ਕਈ ਵਾਰ ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਗੈਸ ਲਾਈਟਿੰਗ ਦਾ ਸ਼ਿਕਾਰ ਹੋ ਰਿਹਾ ਹੈ। ਗੈਸਲਾਈਟਿੰਗ ਦਾ ਸ਼ਿਕਾਰ ਵਿਅਕਤੀ ਨੂੰ ਹਮੇਸ਼ਾ ਇਹੀ ਕਿਹਾ ਜਾਂਦਾ ਹੈ ਕਿ ਉਹ ਕਦੇ ਵੀ ਸਹੀ ਫੈਸਲੇ ਨਹੀਂ ਲੈ ਸਕਦਾ। ਇਹ ਪਤੀ, ਪਤਨੀ ,ਦੋਸਤ ਮਿੱਤਰ ਰਾਹੀਂ ਕੀਤਾ ਜਾਂਦਾ ਹੈ। ਗੈਸ ਲਾਈਟਿੰਗ ਵਿਅਕਤੀ ਦੀ ਹਰ ਗੱਲ ਨੂੰ ਕੱਟਿਆ ਜਾਂ ਅਣਸੁਣਿਆ ਕੀਤਾ ਜਾਂਦਾ ਹੈ। ਅਜਿਹੇ ਹਾਲਾਤਾਂ ਵਿੱਚ ਪੀੜਿਤ ਵਿਅਕਤੀ ਦਾ ਆਤਮ ਵਿਸ਼ਵਾਸ ਘਟਦਾ ਚਲਿਆ ਜਾਂਦਾ ਹੈ। ਸਾਹਮਣੇ ਵਾਲਾ ਇਨਸਾਨ ਉਸ ਦਾ ਪੂਰਾ ਫਾਇਦਾ ਚੁੱਕਦਾ ਹੈ। ਇਥੋਂ ਤੱਕ ਕਿ ਉਸਦੀ ਜ਼ਿੰਦਗੀ ਦੇ ਕਈ ਫੈਸਲੇ ਵੀ ਉਹੀ ਇਨਸਾਨ ਲੈ ਲੈਂਦਾ ਹੈ । ਕੀ ਤੁਸੀਂ ਖਾਣਾ ਹੈ, ਕੀ ਪਾਉਣਾ ਹੈ, ਕਿੱਥੇ ਜਾਣਾ ਹੈ?ਜਦੋਂ ਗੈਸ ਲਾਈਟਰ ਤੁਹਾਡੇ ਨਾਲ ਗੱਲ ਕਰ ਰਿਹਾ ਹੁੰਦਾ ਹੈ ਉਹ ਤੁਹਾਨੂੰ ਮਜਬੂਰ ਕਰ ਦਵੇਗਾ ਕਿ ਤੁਸੀਂ ਸਹੀ ਨਹੀਂ ਹੋ ,ਤੁਸੀਂ ਗਲਤ ਹੋ, ਜਾਂ ਤੁਹਾਡਾ ਪਹਿਰਾਵਾ ਸਹੀ ਨਹੀਂ ਹੈ , ਜਾਂ ਤੁਸੀਂ ਇਹ ਪਾਉਣਾ ਹੈ, ਇਹ ਤੁਹਾਡੇ ਤੇ ਢੁਕੇਗਾ।ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਪੂਰੀ ਤਰ੍ਹਾਂ ਉਹ ਗੁਮਰਾਹ ਕਰ ਦਿੰਦਾ ਹੈ। ਤੁਹਾਡੇ ਹੌਸਲੇ ਨੂੰ ਢਹਿ ਢੇਰੀ ਕਰ ਦਿੰਦਾ ਹੈ। ਤੁਸੀਂ ਇੱਕ ਤਰ੍ਹਾਂ ਨਾਲ ਉਸ ਤੇ ਨਿਰਭਰ ਹੋ ਜਾਂਦੇ ਹੋ । ਆਪਣੀ ਜ਼ਿੰਦਗੀ ਦੇ ਸਾਰੇ ਫ਼ੈਸਲਿਆਂ ਦੀ ਕਮਾਨ ਉਸ ਨੂੰ ਸੌਂਪ ਦਿੰਦੇ ਹੋ। ਗੈਸ ਲਾਈਟਰ ਤੁਹਾਡੇ ਨਾਲ ਪਿਆਰ ਨਾਲ ਗੱਲ ਕਰਦਾ ਹੈ। ਤੁਹਾਨੂੰ ਪਿਆਰ ਨਾਲ ਸਮਝਾਏਗਾ।ਗੈਸ ਲਾਈਟਰ ਤੁਹਾਨੂੰ ਕਦੇ ਵੀ ਗੁੱਸੇ ਨਾਲ ਗੱਲ ਕਰਦਾ ਹੋਇਆ ਨਹੀਂ ਦਿਖੇਗਾ। ਤੁਹਾਨੂੰ ਕਹੇਗਾ ਕਿ ਯਾਰ ਤੇਰੀ ਤਾਂ ਯਾਦ  ਸ਼ਕਤੀ ਕਮਜ਼ੋਰ ਹੋ ਚੁੱਕੀ ਹੈ। ਤੈਨੂੰ ਤਾਂ ਕੁੱਝ ਯਾਦ ਹੀ ਨਹੀਂ ਰਹਿੰਦਾ। ਅਜਿਹੇ ਵਿੱਚ ਫਿਰ ਤੁਸੀਂ ਆਪਣੇ ਆਪ ਹੀ ਮੰਨ ਲਵੋਗੇ ਕਿ ਤੁਹਾਡੀ ਯਾਦਾਸ਼ਤ ਸ਼ਕਤੀ ਕਮਜ਼ੋਰ ਹੈ। ਤੁਹਾਨੂੰ ਚੀਜ਼ਾਂ ਸਹੀ ਢੰਗ ਨਾਲ ਯਾਦ ਨਹੀਂ ਰਹਿੰਦੀਆਂ ਹਨ। ਅਜਿਹੇ ਵਿੱਚ ਜੋ ਗੈਸ ਲਾਈਟਰ ਤੁਹਾਨੂੰ ਦੱਸ ਰਿਹਾ ਹੈ ਤੁਹਾਡੇ ਮੁਤਾਬਕ ਉਹ ਸਹੀ ਹੋਵੇਗਾ ,ਕਿਉਂਕਿ ਤੁਸੀਂ ਆਪਣਾ ਆਤਮ ਵਿਸ਼ਵਾਸ ਖੋਹ ਦਿੱਤਾ ਹੈ। ਜਦੋਂ ਤੁਸੀਂ ਗੈਸ ਲਾਈਟਰ ਨਾਲ ਗੱਲ ਕਰੋਗੇ ਤਾਂ ਤੁਹਾਨੂੰ ਕਹੇਗਾ ਕਿ ਤੇਰੀ ਗੱਲਾਂ ਤਾਂ ਮੇਰੀ ਸਮਝ ਤੋਂ ਬਾਹਰ ਹੈ । ਦੇਖੋ ਇਹ ਗੈਸ ਲਾਈਟਰ ਦਾ ਇੱਕ ਤਰ੍ਹਾਂ ਨਾਲ ਤੁਹਾਨੂੰ ਪਾਗਲ ਬਣਾਉਣ ਦਾ ਤਰੀਕਾ ਹੈ। ਉਹ ਤੁਹਾਨੂੰ ਸੁਣਨਾ ਹੀ ਨਹੀਂ ਚਾਹੁੰਦੇ ,ਉਹ ਤੁਹਾਨੂੰ ਕੁੱਝ ਬੋਲਣ ਹੀ ਨਹੀਂ ਦਿੰਦੇ । ਅਜਿਹੇ ਵਿੱਚ ਜੇ ਤੁਸੀਂ ਬੋਲਣਾ ਚਾਹੋਗੇ ਤਾਂ ਉਹ ਕਹਿਣਗੇ ਕਿ ਤੁਹਾਨੂੰ ਤਾਂ ਖੁਦ ਹੀ ਨਹੀਂ ਪਤਾ ਤੁਸੀਂ ਕੀ ਬੋਲਣਾ ਹੈ। ਤੁਸੀਂ ਤਾਂ ਸੋਚ ਸਮਝ ਕੇ ਹੀ ਨਹੀਂ ਬੋਲਦੇ ।ਬੋਲਬਾਣੀ ਤੁਹਾਡੀ ਸਹੀ ਨਹੀਂ ਹੈ ।ਅਜਿਹੇ ਵਿੱਚ ਤੁਹਾਨੂੰ ਲੱਗੇਗਾ ਕਿ ਤੁਹਾਡੇ ਵਿੱਚ ਹੀ ਕਮੀ ਹੈ, ਤੁਸੀਂ ਆਪਣੀ ਗੱਲ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕਰ ਪਾ ਰਹੇ। ਤੁਸੀਂ ਆਪ ਹੀ ਮੰਨ ਲਵੋਗੇ ਕਿ ਤੁਸੀਂ ਹੀ ਗਲਤ ਹੋ। ,ਕਿਉਂਕਿ ਤੁਸੀਂ ਆਪਣੀ ਭਾਵਨਾਵਾਂ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕਰ ਪਾਉਂਦੇ ਹੋ। ਗੈਸ ਲੈਟਰ ਕਦੇ ਵੀ ਆਪਣੀ ਗਲਤੀ ਨਹੀਂ ਮੰਨਦਾ‌, ਉਹ ਸਾਰਾ ਕੁਝ ਤੁਹਾਡੇ ਉੱਤੇ ਹੀ ਸੁੱਟ ਦੇਵੇਗਾ। ਇੱਕ ਹੋਰ ਕੇਸ ਵਿੱਚ ਜੇ ਤੁਹਾਨੂੰ ਲੱਗੇਗਾ ਕਿ ਕੁੱਝ ਗਲਤ ਹੈ ਤਾਂ ਉਹ ਕਹਿਣਗੇ ਕਿ ਤੁਹਾਨੂੰ ਕੋਈ ਵੀ ਗੱਲ ਦੀ ਸਮਝ ਨਹੀਂ ਹੈ। ਤੁਸੀਂ ਬਿਨਾਂ ਮਤਲਬ ਤੋਂ ਲੜਾਈ ਨੂੰ ਵਧਾ ਰਹੇ ਹੋ। ਗੈਸ ਲਾਈਟਰ ਬਹੁਤ ਜਿਆਦਾ ਚਲਾਕ, ਸ਼ਾਤਿਰ ਹੁੰਦਾ ਹੈ। ਇੱਕ ਹੋਰ ਕੇਸ ਵਿੱਚ ਜੇ ਤੁਸੀਂ ਕੁਝ ਸਹੀ ਕਹਿ ਰਹੇ ਹੋ ਜਾਂ ਕੁਝ ਕਹਿਣ ਬਾਰੇ ਸੋਚ ਰਹੇ ਹੋ ਜਾਂ ਕਿਸੇ ਨੇ ਕੁੱਝ ਗਲਤ ਕੀਤਾ , ਤੁਸੀਂ ਆਪਣਾ ਪ੍ਰਤੀਕਰਮ ਦੇ ਰਹੇ ਹੋ ਤਾਂ ਉਹ ਇੱਕਦਮ ਉਸ ਵਿਸ਼ੇ ਨੂੰ ਬਦਲ ਦੇਵੇਗਾ ,ਉਸ ਗੱਲ ਨੂੰ ਟਾਲ ਦਵੇਗਾ। ਗੈਸ ਲਾਈਟਰ ਆਪਣੇ ਆਪ ਨੂੰ ਕਦੇ ਵੀ ਗਲਤ ਸਾਬਿਤ ਨਹੀਂ ਹੋਣ ਦੇਵੇਗਾ ,ਉਹ ਸਾਰਾ ਠਿੱਕਰਾਂ ਤੁਹਾਡੇ ਤੇ ਭੰਨੇਗਾ। ਜੇ ਤੁਸੀਂ ਕਿਸੇ ਵਿਅਕਤੀ ਦੀ ਪ੍ਰਸ਼ੰਸਾ ਕਰੋਗੇ ਤਾਂ ਗੈਸ ਲਾਈਟਰ ਇੰਨਾ ਤੇਜ਼ ਹੁੰਦਾ ਹੈ ਕਿ ਉਹ ਤੁਹਾਡੀ ਗੱਲ ਨੂੰ ਦਰ ਕਿਨਾਰਾ ਹੀ ਕਰੇਗਾ। ਗੈਸ ਲਾਈਟਿੰਗ ਵਿਅਕਤੀ ਇੱਕ ਤਰ੍ਹਾਂ ਨਾਲ ਆਪਣਾ ਵਜ਼ੂਦ ਖੋਹ ਦਿੰਦਾ ਹੈ। ਜਦੋਂ ਵੀ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀਂ ਗੈਸ ਲਾਈਟਿੰਗ ਦਾ ਸ਼ਿਕਾਰ ਹੋ ਰਹੇ ਹੋ ਤਾਂ ਤੁਸੀਂ ਸੋਚ ਸਮਝ ਕੇ ਗੱਲ ਕਰੋ। ਆਪਣੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਰੱਖੋ। ਦ੍ਰਿੜ ਇੱਛਾ ਸ਼ਕਤੀ ਨਾਲ ਤੁਸੀਂ ਬਹੁਤ ਕੁੱਝ ਕਰ ਸਕਦੇ ਹੋ। ਆਪਣੀ ਕਮਾਂਡ ਕਿਸੇ ਨੂੰ ਵੀ ਨਾ ਦਿਓ ,ਜੋ ਵੀ ਤੁਸੀਂ ਫ਼ੈਸਲੇ ਲੈਣੇ ਹਨ ਆਪਣੀ ਮਰਜ਼ੀ ਨਾਲ ਲਵੋ। ਆਪਣੀ ਕਾਬਲੀਅਤ ਤੇ ਕਦੇ ਵੀ ਸ਼ੱਕ ਨਾ ਕਰੋ। ਹਰ ਇਨਸਾਨ ਨੂੰ ਕੁਦਰਤ ਨੇ ਬਹੁਤ ਗੁਣ ਦੇ ਕੇ ਨਿਵਾਜਿਆ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ,7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article** ਸਫ਼ਰ ਦੀ ਇੱਕ ਰਾਤ **
Next articleਐਸ ਡੀ ਕਾਲਜ ਫਾਰ ਵੂਮੈਨ ‘ਚ ਸ਼ਹੀਦੀ ਦਿਹਾੜਾ ਮਨਾਇਆ