ਖ਼ੂਨੀ ਡੋਰ ਦਾ ਅੰਤ ਕਦੋਂ ਹੋਵੇਗਾ…?

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)  ਪੰਜਾਬ ਵਿੱਚ ਸਰਦੀਆਂ ਦੇ ਸ਼ੁਰੂ ਹੁੰਦਿਆਂ ਹੀ ਬੱਚੇ ਛੱਤਾਂ ‘ਤੇ ਚੜ੍ਹਕੇ ਪਤੰਗ ਚੜ੍ਹਾਉਂਦੇ ਨਜ਼ਰ ਆਉਣ ਲੱਗਦੇ ਹਨ। ਜਿਹੜੇ ਇਲਾਕਿਆਂ ਵਿੱਚ ਪਤੰਗਬਾਜ਼ੀ ਦਾ ਜ਼ਿਆਦਾ ਜ਼ੋਰ ਹੁੰਦਾ ਹੈ ਉੱਥੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਗਲ਼ੀਆਂ ਵਿੱਚ ਟੋਲੀਆਂ ਬਣਾ ਕੇ ਪਤੰਗ ਲੁੱਟਦੇ ਨਜ਼ਰ ਆਉਂਦੇ ਹਨ, ਉਹਨਾਂ ਦੇ ਹੱਥ ਵਿੱਚ ਲੁੱਟ ਕੇ ਕਈ ਕਈ ਪਤੰਗ ਫ਼ੜੇ ਨਜ਼ਰ ਆਉਂਦੇ ਹਨ। ਉਹਨਾਂ ਨੂੰ ਕਦੇ ਪਤੰਗ ਚੜ੍ਹਾਉਂਦੇ ਤਾਂ ਨਹੀਂ ਦੇਖਿਆ ਜਾਂਦਾ ਪਰ ਉਹ ਪਤੰਗ ਲੁੱਟ ਕੇ ਉਸ ਨਾਲ਼ ਲੱਗੀ ਵਾਧੂ ਡੋਰ ਨੂੰ ਤੋੜ ਕੇ ਉਸੇ ਤਰ੍ਹਾਂ ਗਲ਼ੀਆਂ ਵਿੱਚ ਛੱਡ ਦਿੰਦੇ ਹਨ ਜੋ ਪੈਦਲ ਜਾਂ ਦੋ ਪਹੀਆ ਵਾਹਨਾਂ ਵਾਲੇ ਰਾਹਗੀਰਾਂ ਲਈ ਮੁਸੀਬਤ ਬਣਦੀ ਹੈ, ਇੱਥੋਂ ਤੱਕ ਕਿ ਕਈਆਂ ਦੀ ਤਾਂ ਜਾਨ ਤੇ ਵੀ ਭਾਰੂ ਪੈ ਜਾਂਦੀ ਹੈ। ਬਿਜਲੀ ਦੇ ਖੰਭਿਆਂ ਅਤੇ ਤਾਰਾਂ ਤੇ ਲਟਕਦੀ ਪਲਾਸਟਿਕ ਡੋਰ ਪਸ਼ੂ – ਪੰਛੀਆਂ ਅਤੇ ਬੇਜ਼ੁਬਾਨਾਂ ਦੀਆਂ ਜ਼ਿੰਦਗੀਆਂ ਉੱਪਰ ਵੀ ਭਾਰੂ ਪੈਂਦੀ ਨਜ਼ਰ ਆ ਰਹੀ ਹੈ । ਪਹਿਲਾਂ ਡੋਰ ਸੂਤੀ ਧਾਗੇ ਨਾਲ ਤਿਆਰ ਹੁੰਦੀ ਸੀ । ਪਰ ਬੀਤੇ ਕੁਝ ਵਰ੍ਹਿਆਂ ਤੋਂ ਹੋਂਦ ਵਿੱਚ ਆਈ ਇਹ ਪਲਾਸਟਿਕ ਡੋਰ ਬੱਚਿਆਂ ਅਤੇ ਵੱਡਿਆਂ ਦੀ ਪਹਿਲੀ ਪਸੰਦ ਬਣ ਗਈ ਹੈ।ਇਹ ਡੋਰ ਮਨੁੱਖੀ ਜੀਵਨ ਅਤੇ ਪਸ਼ੂ – ਪੰਛੀਆਂ ਲਈ ਕਾਲ ਬਣਦੀ ਜਾ ਰਹੀ ਹੈ । ਇਸ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਜਿੱਥੇ ਹਰ ਸਾਲ ਕੀਮਤੀ ਜ਼ਿੰਦਗੀਆਂ ਖ਼ਤਮ ਹੁੰਦੀਆਂ ਹਨ ਉੱਥੇ ਵੱਡੇ ਪੱਧਰ ‘ਤੇ ਮਾਸੂਮ ਤੇ ਲਾਚਾਰ ਪਸ਼ੂ – ਪੰਛੀ ਵੀ ਕਾਲ ਦੇ ਮੂੰਹ ਵਿੱਚ ਚਲੇ ਜਾਂਦੇ ਹਨ । ਅਕਸਰ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਜਾਂ ਖੰਭਿਆਂ ਜਾਂ ਉੱਚੇ ਉੱਚੇ ਦਰਖਤਾਂ ਵਿੱਚ ਫਸੀ ਇਸ ਡੋਰ ਵਿੱਚ ਸਾਡੀ ਕੁਦਰਤ ਦਾ ਅਨਮੋਲ ਖ਼ਜ਼ਾਨਾ ਕਬੂਤਰ, ਕਾਂ, ਘੁੱਗੀਆਂ,ਚਿੜੀਆਂ ਭਾਵ ਪੰਛੀ ਫ਼ਸ ਕੇ ਤੜਪ ਤੜਪ ਕੇ ਮਰ ਜਾਂਦੇ ਹਨ। ਪਸ਼ੂਆਂ ਦੀਆਂ ਅੱਖਾਂ ਜਾਂ ਗਰਦਨਾਂ ਤੇ ਵੱਡੇ ਕੱਟ ਲੱਗ ਕੇ ਖ਼ੂਨ ਵਹਿ ਵਹਿ ਕੇ ਤੜਫਦੇ ਨਜ਼ਰ ਆਉਂਦੇ ਹਨ। ਪੈਦਲ ਜਾਂਦੇ ਲੋਕਾਂ ਦੇ ਪੈਰਾਂ ਵਿੱਚ ਪਲਾਸਟਿਕ ਡੋਰ ਫਸਦੀ ਹੈ ਤਾਂ ਕਿੰਨਾ ਕਿੰਨਾ ਚਿਰ ਉਸ ਵਿੱਚ ਉਲ਼ਝੇ ਨਜ਼ਰ ਆਉਂਦੇ ਹਨ । ਹੁਣ ਤੱਕ ਕਈ ਦੋ ਪਹੀਆ ਵਾਹਨਾਂ ਵਾਲੇ ਲੋਕਾਂ ਦੇ ਗਰਦਨ ਵਿੱਚ ਫਸਕੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਚੁੱਕੀ ਹੈ।

ਭਾਵੇਂ ਹਰ ਸਾਲ  ਸਰਕਾਰਾਂ ਵੱਲੋਂ ਹੁਕਮ ਜਾਰੀ ਕਰ ਕੇ ਸੂਬੇ ਭਰ ਅੰਦਰ ਇਸ ਪਲਾਸਟਿਕ ਡੋਰ ਦੀ ਵਿਕਰੀ ਅਤੇ ਸਪਲਾਈ ‘ ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਤੇ ਦੱਸਿਆ ਜਾਂਦਾ ਹੈ ਕਿ ਪਤੰਗਬਾਜ਼ੀ ਲਈ ਧਾਗੇ , ਕੱਚ ਜਾਂ ਕਿਸੇ ਧਾਤ ਰਾਹੀਂ ਤਿੱਖੀ ਬਣਾਈ ਅਤੇ ਸਿੰਥੈਟਿਕ ਧਾਗੇ ਨਾਲ ਪਤੰਗਬਾਜ਼ੀ ਕਰਨਾ ਕਾਨੂੰਨੀ ਜੁਰਮ ਹੈ ਪਰ ਫਿਰ ਵੀ ਹਰ ਸਾਲ ਹੀ ਇਸ ਦੀ ਵਿਕਰੀ ਜ਼ੋਰਾਂ ਸ਼ੋਰਾਂ ਤੇ ਹੋ ਕੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਇਸ ਕਿਸਮ ਦੀਆਂ ਡੋਰਾਂ ਦੀ ਵਰਤੋਂ ਨਾਲ ਧਰਤੀ ਦਾ ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਨਾਲ ਜਿੱਥੇ ਇਨਸਾਨਾਂ ਅਤੇ ਪਸ਼ੂਆਂ – ਪੰਛੀਆਂ ਨੂੰ ਭਾਰੀ ਨੁਕਸਾਨ ਹੁੰਦਾ ਹੈ ਉੱਥੇ ਹੀ ਇਹ ਡੋਰ ਵਰਤਣ ਵਾਲੇ ਲੋਕਾਂ ਵੱਲੋਂ ਨੈਤਿਕ ਕਦਰਾਂ ਕੀਮਤਾਂ ਦੀ ਘਾਟ ਵੀ ਝਲਕਦੀ ਹੈ। ਉਹਨਾਂ ਦੀ ਆਪਣੇ ਸਮਾਜ ਪ੍ਰਤੀ ਫ਼ਰਜ਼ਾਂ ਨੂੰ ਵੀ ਅਣਗੌਲਿਆਂ ਕਰਨ ਅਤੇ ਲਾਪਰਵਾਹੀ ਦੀ ਗੱਲ ਸਾਹਮਣੇ ਆਉਂਦੀ ਹੈ।ਇਸ ਡੋਰ ਦੀ ਵਿਕਰੀ ਅਤੇ ਵਰਤੋਂ ਕਰਨ ਵਾਲੇ ਲੋਕ ਇਹ ਭੁੱਲ ਜਾਂਦੇ ਹਨ ਕਿ ਇਸ ਡੋਰ ਦੇ ਆਤੰਕ ਦਾ ਅਗਲਾ ਨਿਸ਼ਾਨਾ ਉਹ ਜਾਂ ਉਹਨਾਂ ਦਾ ਆਪਣਾ ਵੀ ਕੋਈ ਹੋ ਸਕਦਾ ਹੈ।

ਹਰ ਸਾਲ ਜ਼ਿਲ੍ਹਾ ਪੱਧਰ ‘ਤੇ ਪ੍ਰਸ਼ਾਸਨ ਸਰਕਾਰੀ ਹੁਕਮਾਂ ਦੀ ਪਾਲਣਾ ਕਰਵਾਉਣ ਵਿਚ ਕੋਈ ਵੱਡੀ ਸਫ਼ਲਤਾ ਹਾਸਿਲ ਨਹੀਂ ਕਰ ਸਕਿਆ ਹੈ। ਪਲਾਸਟਿਕ ਅਤੇ ਕੱਚ ਲੱਗੀ ਡੋਰ ਦੀ ਵਰਤੋਂ ਹਰ ਵਰ੍ਹੇ ਵਧਦੀ ਹੀ ਜਾ ਰਹੀ ਹੈ ,ਹਜੇ ਸਰਦੀ ਦੀ ਸ਼ੁਰੂਆਤ ਹੀ ਹੈ , ਹੁਣੇ ਤੋਂ ਹੀ ਇਸ ਦੇ ਭਿਆਨਕ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਚਾਹੇ ਬਹੁਤੀਆਂ ਸਮਾਜ ਸੇਵੀ ਸੰਸਥਾਵਾਂ, ਵਾਤਾਵਰਨ ਪ੍ਰੇਮੀਆਂ, ਜਗਿਆਸੂਆਂ ਅਤੇ ਕਈ ਵੈਲਫੇਅਰ ਸੁਸਾਇਟੀਆਂ ਨਾਲ ਜੁੜੇ ਲੋਕਾਂ ਵੱਲੋਂ ਸਕੂਲਾਂ – ਕਾਲਜਾਂ ਵਿੱਚ ਜਾ ਕੇ ਇਸ ਡੋਰ ਦੇ ਨੁਕਸਾਨ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ।ਇਸ ਤਰ੍ਹਾਂ ਕਰਨਾ ਇੱਕ ਚੰਗਾ ਸੰਕੇਤ ਤਾਂ ਹੈ ਪਰ ਇਸ ਨੂੰ ਅਮਲੀ ਰੂਪ ਵਿੱਚ ਕਿੰਨੇ ਕੁ ਲੋਕਾਂ ਵੱਲੋਂ ਅਪਣਾਇਆ ਜਾਂਦਾ ਹੈ,ਇਹ ਵੀ ਝਾਤੀ ਮਾਰਨ ਦੀ ਲੋੜ ਹੈ ਅਤੇ ਇਸ ਨੂੰ ਹਰ ਹੀਲੇ ਲਾਗੂ ਕਰਵਾਉਣਾ ਵੀ ਇੱਕ ਵੱਡੀ ਚੁਣੌਤੀ ਹੈ।                   ਹਰ ਆਮ ਨਾਗਰਿਕ ਦਾ ਇਸ ਪ੍ਰਤੀ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਇਸ ਡੋਰ ਦਾ ਆਪ ਮੁਕੰਮਲ ਤੌਰ ਤੇ ਬਾਈਕਾਟ ਕਰਕੇ ਅਤੇ ਦੂਜਿਆਂ ਨੂੰ ਵੀ ਬਾਈਕਾਟ ਕਰਨ ਲਈ ਪ੍ਰੇਰਿਤ ਕਰੇ । ਇਹ ਸ਼ੁਰੂਆਤ ਪਹਿਲਾਂ ਖ਼ੁਦ ਦੇ ਘਰ ਤੋਂ ਕਰਨੀ ਹੋਵੇਗੀ ਕਿਉਂਕਿ ਜੇ ਆਪਣੇ ਬੱਚਿਆਂ ਨੂੰ ਇਸ ਡੋਰ ਦੇ ਬੁਰੇ ਪ੍ਰਭਾਵ ਤੋਂ ਜਾਣੂ ਕਰਵਾਉਣ ਵਿੱਚ ਸਫ਼ਲ ਹੋ ਗਏ ਤਾਂ ਇਸ ਜਾਨਲੇਵਾ ਡੋਰ ਦਾ ਅੰਤ ਕਰਕੇ ਅਨੇਕਾਂ ਕੀਮਤੀ ਮਨੁੱਖੀ ਅਤੇ ਪਸ਼ੂ – ਪੰਛੀਆਂ ਦੀਆਂ ਜਾਨਾਂ ਬਚਾਉਣ ਵਿਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਾਂ । ਇਸ ਲਈ ਆਪਣੇ ਬੱਚਿਆਂ ਨੂੰ ਇਸ ਪਲਾਸਟਿਕ ਡੋਰ ਨਾਲ ਪਿਛਲੇ ਲੰਬੇ ਅਰਸੇ ਤੋਂ ਹੁੰਦੇ ਆ ਰਹੇ ਹਾਦਸਿਆਂ ਤੋਂ ਜਾਣੂੰ ਕਰਵਾਇਆ ਜਾਵੇ ਤਾਂ ਜੋ ਬੱਚਿਆਂ ਵੱਲੋਂ ਜਾਣ ਬੁੱਝ ਕੇ ਖਰੀਦੀ ਇਸ ਡੋਰ ਤੋਂ ਜਾਣੇ ਅਤੇ ਅਣਜਾਣੇ ਵਿੱਚ ਹੋਣ ਵਾਲੇ ਗੁਨਾਹਾਂ ਬਾਰੇ ਉਹਨਾਂ ਨੂੰ ਸਮਝਾਇਆ ਜਾ ਸਕੇ।

ਚਾਹੇ ਸਾਡੀ ਸਰਕਾਰ ਵਲੋਂ ਇਸ ਪਲਾਸਟਿਕ ਡੋਰ ਤੇ ਪਾਬੰਦੀ ਲਗਾਈ ਹੋਈ ਹੈ। ਪਰ ਫਿਰ ਵੀ ਦੁਕਾਨਦਾਰਾਂ ਵੱਲੋਂ ਇਹ ਡੋਰ ਦੁਕਾਨ ਤੇ ਨਾ ਰੱਖ ਕੇ ਕਿਤੇ ਹੋਰ ਗੁਪਤ ਜਗ੍ਹਾ ਤੇ ਰੱਖ ਕੇ ਇਸ ਦੀ ਗੈਰਕਨੂੰਨੀ ਤਰੀਕੇ ਨਾਲ ਵਿਕਰੀ ਕੀਤੀ ਜਾਂਦੀ ਹੈ। ਜਦ ਵੀ ਪੁਲਿਸ ਵੱਲੋਂ ਦਕਾਨਾਂ ਤੇ ਛਾਪਾ ਮਾਰਿਆ ਜਾਂਦਾ ਹੈ ਤਾਂ ਪੁਲਿਸ ਦੇ ਹੱਥ ਪੱਲੇ ਕੁੁਝ ਨਹੀਂ ਪੈਂਦਾ। ਸੋਚਣ ਦੀ ਗੱਲ ਤਾਂ ਇਹ ਹੈ ਕਿ ਜੇ ਇਸ ਡੋਰ ਨੂੰ ਸਪਲਾਈ ਕਰਨ ਵਾਲਿਆਂ ਤੇ ਨਕੇਲ ਪਾਈ ਜਾਏ ਤਾਂ ਉਹ ਮਾਰਕੀਟ ਵਿੱਚ ਕਿਵੇਂ ਆ ਜਾਵੇਗੀ? ਇਸ ਦੇ ਲਈ ਪਤੰਗਬਾਜ਼ੀ ਕਰਨ ਵਾਲਿਆਂ ਤੇ ਜੇ ਸਬੰਧਤ ਥਾਣਿਆਂ ਵੱਲੋਂ ਮੁਹੱਲਿਆਂ ਜਾਂ ਸੁਸਾਇਟੀਆਂ ਨੂੰ ਸਖ਼ਤ ਨਿਰਦੇਸ਼ ਦੇ ਕੇ ਇਮਾਨਦਾਰੀ ਨਾਲ ਕਾਰਵਾਈਆਂ ਕੀਤੀਆਂ ਜਾਣ ਤਾਂ ਇਸ ਖ਼ੂਨੀ ਡੋਰ ਦੇ ਆਤੰਕ ਦਾ ਅੰਤ ਆਸਾਨੀ ਨਾਲ ਕੀਤਾ ਜਾ ਸਕਦਾ ਹੈ।

ਜੇ ਆਪਾਂ ਹੁਣ ਦੀ ਗੱਲ ਕਰੀਏ ਤਾਂ ਆਪਣੇ ਆਲ਼ੇ ਦੁਆਲ਼ੇ ਜਾਂ ਰਸਤਿਆਂ ਵਿੱਚ ਜਾਂਦਿਆਂ ਝਾਤ ਮਾਰੀਏ ਤਾਂ ਬੱਚੇ ਹੁਣ ਤੋਂ ਹੀ ਛੱਤਾਂ ਤੇ ਚੜ੍ਹਕੇ ਪਤੰਗਬਾਜ਼ੀ ਕਰਦੇ ਨਜ਼ਰ ਆ ਰਹੇ ਹਨ ,ਕੀ ਉਹਨਾਂ ਵੱਲੋਂ ਵਰਤੀ ਜਾ ਰਹੀ ਡੋਰ ਚੈੱਕ ਕਰਨ ਲਈ ਕੋਈ ਗੁਆਂਢੀ, ਪ੍ਰਧਾਨ ਜਾਂ ਕਾਨੂੰਨ ਆਇਆ ਹੈ ?  ਉਹੀ ਮਾਂ ਬਾਪ ਹਨ ਜੋ ਉਹਨਾਂ ਨੂੰ ਇਹ ਜਾਨਲੇਵਾ ਡੋਰ ਖ਼ਰੀਦ ਕੇ ਦਿੰਦੇ ਹਨ। ਅੱਜ ਵੀ ਗਲ਼ੀਆਂ ਜਾਂ ਛੱਤਾਂ ਉੱਤੇ ਇਹ ਡੋਰ ਆਮ ਹੀ ਪੈਰਾਂ ਵਿੱਚ ਫ਼ਸ ਰਹੀ ਹੈ ਪਰ ਹਜੇ ਤੱਕ ਇਹਨਾਂ ਉੱਤੇ ਕੋਈ ਕਾਰਵਾਈ ਹੁੰਦੀ ਨਹੀਂ ਦੇਖੀ ਜਾ ਰਹੀ। ਸੰਘਣੇ ਕੋਹਰੇ ਨਾਲ ਗਿੱਲੀ ਹੋਈ ਪਲਾਸਟਿਕ ਦੀ ਡੋਰ ਬਿਜਲੀ ਦੇ ਖੰਭਿਆਂ ਤੇ ਤਾਰਾਂ ਨਾਲ ਜੁੜ ਕੇ ਚੰਗਿਆੜੇ ਛੱਡਦੀ ਨਜ਼ਰ ਆਉਂਦੀ ਹੈ ਤੇ ਉਹੀ ਡੋਰ ਲਮਕਦੀ ਹੋਈ ਰਾਹਗੀਰਾਂ ਲਈ ਵੀ ਮੌਤ ਦਾ ਕਾਰਨ ਬਣ ਸਕਦੀ ਹੈ। ਜੇ ਕੋਈ ਭੱਦਰ ਪੁਰਸ਼ ਐਧਰ ਓਧਰ ਲਮਕਦੀਆਂ ਡੋਰਾਂ ਨੂੰ ਹਟਾਉਣ ਦਾ ਕੰਮ ਕਰਨਾ ਵੀ ਚਾਹੇ ਤਾਂ ਉਹ ਚਾਹ ਕੇ ਵੀ ਨਹੀਂ ਕਰ ਸਕਦਾ ਕਿਉਂਕਿ ਹਾਈਵੋਲਟੇਜ ਤਾਰਾਂ ਨੂੰ ਛੂਹੰਦੀਆਂ ਡੋਰਾਂ ਨੂੰ ਹੱਥ ਲਾਉਣਾ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ। ਚਾਹੇ ਸਰਕਾਰਾਂ ਜਾਂ ਕਾਨੂੰਨ ਵੱਲੋਂ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਉਹਨਾਂ ਤੇ ਅਮਲ ਕਿੰਨਾ ਹੁੰਦਾ ਹੈ ਹੁਣ ਇਹ ਵੇਖਣ ਵਾਲ਼ੀ ਗੱਲ ਹੋਵੇਗੀ ਕਿਉਂਕਿ ਆਮ ਛੋਟੇ ਮੁਹੱਲਿਆਂ ਵਿੱਚ ਹੁਣ ਤੋਂ ਹੀ ਬੱਚੇ ਇਸ ਡੋਰ ਦਾ ਇਸਤੇਮਾਲ ਕਰਕੇ ਕਾਨੂੰਨ ਨੂੰ ਦੰਦੀਆਂ ਚਿੜਾਉਂਦੇ ਨਜ਼ਰ ਆ ਰਹੇ ਹਨ। ਅੱਜ ਵੀ ਜਦ ਛੱਤਾਂ ਤੇ ਡਿੱਗੀ ਜਾਂ ਬੂਹੇ ਵਿੱਚ ਪੈਰਾਂ ਵਿੱਚ ਫਸਦੀ ਡੋਰ ਨੂੰ ਸਮੇਟਦੀ ਹਾਂ ਤਾਂ ਮਨ ਵਿੱਚ ਸਵਾਲ ਜ਼ਰੂਰ ਉੱਠਦਾ ਹੈ ਕਿ ਖ਼ੂਨੀ ਡੋਰ ਦੀ ਵਿਕਰੀ ਅਤੇ ਵਰਤੋਂ ਤੇ ਕਦੋਂ ਨੱਥ ਪਏਗੀ ?

ਬਰਜਿੰਦਰ ਕੌਰ ਬਿਸਰਾਓ…

9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  

Previous articleਮਹਾਨ ਅਰਥਸ਼ਾਸ਼ਤਰੀ ਸ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ-ਸੋਮ ਦੱਤ ਸੋਮੀ
Next articleਕੀ ਗੰਗੂ ਸੱਚਮੁੱਚ ਰਸੋਈਆ ਸੀ ?