ਔਰਤ ਨੂੰ ਬਣਦਾ ਸਤਿਕਾਰ ਕਦੋਂ ਮਿਲੇਗਾ?

(ਸਮਾਜਵੀਕਲੀ)
ਆਧੁਨਿਕ ਸਮੇਂ ਵਿੱਚ ਮਨੁੱਖ ਤਰੱਕੀ ਦੀਆਂ ਸਿਖਰਾਂ ਨੂੰ ਛੂਹ ਰਿਹਾ ਹੈ।ਸਮਾਜ ਬਹੁਤ ਸਾਰੀਆਂ ਆਧੁਨਿਕ ਕਦਰਾਂ ਕੀਮਤਾਂ ਅਪਣਾ ਰਿਹਾ ਹੈ। ਭਾਵੇਂ ਇਹ ਕਦਰਾਂ ਕੀਮਤਾਂ ਕਿੰਨਾ ਵੀ ਉੱਚ ਪਾਏ ਦੀਆਂ ਦੀਆਂ ਹੋਣ ਪਰ ਔਰਤਾਂ ਪ੍ਰਤੀ ਸਮਾਜਿਕ ਵਰਤਾਰਾ ਓਨਾ ਹੀ ਨੀਂਵਾਂ ਹੁੰਦਾ ਰਿਹਾ ਹੈ। ਸੱਚਾਈ ਇਹ ਹੈ ਕਿ ਔਰਤ ਨੇ ਅੱਜ ਜ਼ਿੰਦਗੀ ਦੇ ਹਰ ਖੇਤਰ ਵਿੱਚ ਨਾਮਣਾ ਖੱਟ ਕੇ ਆਪਣੀ ਪਹਿਚਾਣ ਬਣਾਈ ਹੈ। ਉਹ ਡਾਕਟਰ ਹੈ, ਇੰਜੀਨੀਅਰ ਹੈ,ਜੱਜ ਹੈ, ਫੌਜ ਤੇ ਪੁਲਿਸ ਵਿਚ ਉੱਚ ਆਹੁਦੇ ਤੇ ਬਿਰਾਜਮਾਨ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਹਰ ਖੇਤਰ ਵਿੱਚ ਸਫਲਤਾ ਦੇ ਝੰਡੇ ਗੱਡਣ ਵਾਲੀ ਦੇ ਵਜੂਦ ਨੂੰ ਹੀ ਖਤਮ ਕੀਤਾ ਜਾ ਰਿਹਾ ਹੈ। ਇਸ ਦੀਆਂ ਮੁਸ਼ਕਲਾਂ, ਮਜਬੂਰੀਆਂ ਅਤੇ ਬੇਵੱਸੀਆਂ ਘਟਣ ਦੀ ਬਜਾਏ ਦਿਨੋਂ ਦਿਨ ਵਧ ਰਹੀਆਂ ਹਨ। ਭਰੂਣ ਹੱਤਿਆ,ਰੇਪ, ਛੇੜਛਾੜ, ਤੇਜ਼ਾਬ ਸੁੱਟਣਾ, ਕਤਲ, ਬਲਾਤਕਾਰ ਤੇ ਘਰੇਲੂ ਹਿੰਸਾ ਦੀ ਸ਼ਿਕਾਰ ਅਜੋਕੀ ਨਾਰੀ ਸਫ਼ਲਤਾ ਦੀ ਪੌੜੀ ਹੈ ਜੋ ਹੇਠਾਂ ਡਿੱਗੀ ਜਾਪਦੀ ਹੈ। ਜੇ ਔਰਤ ਸਵੈ ਹੱਕਾਂ ਲਈ ਤੇ ਰੋਜ਼ੀ ਰੋਟੀ ਲਈ ਸੰਘਰਸ਼ ਕਰ ਰਹੀ ਹੈ ਤਾਂ ਭਾਰਤੀ ਸੁਰੱਖਿਆ ਕਾਨੂੰਨ ਉਸਦੀ ਸੁਰੱਖਿਆ ਨਹੀਂ ਕਰ ਪਾਉਂਦੇ।
       ਔਰਤ ਪ੍ਰਤੀ ਮਰਦ ਦੀਆਂ ਨਕਾਰਾਤਮਕ ਸੋਚ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਜੋ ਔਰਤ ਮਰਦ ਦੇ ਮਾਂ ਦੇ ਰੂਪ ਵਿੱਚ ਹੈ ਤਾਂ ਆਖਰੀ ਸਾਹਾਂ ਤੱਕ ਪੁੱਤਰ ਦੀ ਸੁੱਖ ਲੋਚਦੀ ਹੈ। ਜੇ ਭੈਣ ਦੇ ਰੂਪ ਵਿੱਚ ਹੈ ਤਾਂ ਸਦਾ ਹੀ ਭਾਈ ਭਤੀਜਿਆਂ ਦੇ ਵਾਰੇ ਵਾਰੇ ਜਾਂਦੀ ਹੈ। ਪਤਨੀ ਦੇ ਰੂਪ ਵਿੱਚ ਆਪਣਾ ਮਨ ਤਨ ਪਤੀ ਨੂੰ ਅਰਪਿਤ ਕਰਕੇ ਹਰ ਪਲ ਸੇਵਾ ਲਈ ਤਿਆਰ ਰਹਿੰਦੀ ਹੈ। ਸੱਚ ਤਾਂ ਇਹੀ ਹੈ ਕਿ ਮਰਦ ਨਾਲ ਬੱਝੇ ਹਰ ਰਿਸ਼ਤੇ ਵਿਚ, ਉਹ ਹਮੇਸ਼ਾਂ ਹੀ ਮਰਦ ਦਾ ਸਤਿਕਾਰ ਕਰਦੀ ਹੈ।ਉਸ ਤੋਂ ਸੌ ਸੌ ਵਾਰ ਵਾਰੀ ਜਾਂਦੀ ਹੈ।ਉਸ ਦੀਆਂ ਲੱਖਾਂ ਹੀ ਮੰਨਦੀ ਹੈ ਉਸ ਦਾ ਘਰ ਬਣਨ ਸੰਵਾਰਨ ਵਿੱਚ ਲੱਗੀ ਰਹਿੰਦੀ ਹੈ ਪਰ ਆਪਣਾ ਘਰ ਕਿਤੇ ਵੀ ਨਹੀਂ ਬਣਾਉਂਦੀ। ਪਹਾੜ ਜੇਡੀਆਂ ਜੇਡੀਆਂ ਗਲਤੀਆਂ ਨੂੰ ਵੀ ਮਾਮੂਲੀ ਸਮਝ ਕੇ ਮਾਫ਼ ਕਰ ਦਿੰਦੀ ਹੈ। ਕਿਸੇ ਵੀ ਕੀਮਤ ਤੇ ਉਸਦਾ ਕੁਝ ਨਹੀਂ ਵਿਗਾੜਦੀ।ਪਰ ਮਰਦ ਉਸਦੀ ਨਿੱਕੀ ਜਿਹੀ ਗਲਤੀ ਨੂੰ ਵੀ ਮੁਆਫ਼ ਕਰਨ ਦਾ ਜਿਗਰਾ ਨਹੀਂ ਰੱਖਦਾ, ਸਗੋਂ ਰਾਇ ਦਾ ਪਹਾੜ ਬਣਾ ਕੇ ਹਰ ਪਲ ਭੰਡਦਾ, ਨਿੰਦਦਾ ਤੇ ਜ਼ਲੀਲ ਕਰਦਾ ਰਹਿੰਦਾ ਹੈ। ਮਾਮੂਲੀ ਤਕਰਾਰ ਹੋਣ ਤੇ ਹੀ ਘਰ ਛੱਡਣ ਲਈ ਕਹਿ ਦਿੰਦਾ ਹੈ ਪਰ ਔਰਤ ਦਾ ਘਰ ਕਿਹੜਾ?
      ਸਵੇਰੇ ਚੁੱਲ੍ਹੇ ਤੋਂ ਸ਼ੁਰੂ ਹੋ ਕੇ ਰਾਤ ਬਿਸਤਰੇ ਤੇ ਪੈਣ ਤੱਕ ਵੀ ਕੰਮ ਨਹੀਂ ਮੁੱਕਦੇ, ਪ੍ਰੰਤੂ ਇਨ੍ਹਾਂ ਨੂੰ ਕੰਮ ਨਹੀਂ ਗਿਣਿਆ ਜਾਂਦਾ। ਇਹ ਨਿੱਕੇ ਨਿੱਕੇ ਤੇ ਵੱਖਰੇ ਵੱਖਰੇ ਕੰਮ ਔਰਤ ਨੂੰ ਕਿੰਨਾ ਥਕਾ ਦਿੰਦੇ ਨੇ,ਇਹ ਔਰਤ ਹੀ ਜਾਣਦੀ ਹੈ। ਬੱਚਿਆਂ ਨੂੰ ਜਨਮ ਦੇਣਾ, ਪਾਲਣਾ ਵੀ ਕੰਮ ਨਹੀਂ ਸਮਝਿਆ ਜਾਂਦਾ, ਸਗੋਂ ਜਾਪੇ ਵਿਚ ਪਈ ਨੂੰ ਵੀ ਮਰਦ ਕਹਿ ਦਿੰਦਾ ਏ ਕਿ “ਸਾਰਾ ਦਿਨ ਅੰਦਰ ਹੀ ਸੁੱਤੀ ਰਹਿਨੀ ਏਂ….” ਪਰ ਇਹ ਨਹੀਂ ਪੁੱਛਦਾ ਕਿ ਬੱਚੇ ਦੇ ਜਨਮ ਸਮੇਂ ਤੂੰ ਅਸਹਿ ਤੇ ਅਕਹਿ ਪੀੜਾਂ ਨੂੰ ਕਿੰਝ ਸਹਿਣ ਕੀਤੀਆਂ।ਅੱਧ ਤੋਂ ਵੱਧ ਔਰਤਾਂ ਮਰਦਾਂ ਦੁਆਰਾ ਗਾਲੀ ਗਲੋਚ, ਤਾਹਨੇ ਮਿਹਣੇ, ਤੇ ਮਾਰ ਕੁੱਟ ਦਾ ਸ਼ਿਕਾਰ ਹਨ। ਘਰੇਲੂ ਝਗੜਿਆਂ ਤੋਂ ਤੰਗ ਪ੍ਰੇਸ਼ਾਨ ਆ ਕੇ ਕਈ ਆਤਮ ਹੱਤਿਆ ਕਰ ਲੈਂਦੀਆਂ ਹਨ। ਬਹੁਤੀਆਂ ਇਨਸਾਫ਼ ਲਈ ਕੋਰਟਾਂ ਕਚਹਿਰੀਆਂ ਦੇ ਚੱਕਰ ਕੱਟਦੀਆਂ ਹੰਭ ਜਾਂਦੀਆਂ ਹਨ। ਬਹੁਤੀਆਂ ਲੋਕ ਲਾਜ ਦੇ ਪਰਦੇ ਹੇਠ ਸਿਸਕੀਆਂ ਭਰਦੀਆਂ ਰਹਿੰਦੀਆਂ ਹਨ। ਅਜਿਹੇ ਹਾਲਾਤਾਂ ਵਿਚ ਵਿਚਰਦੀ ਔਰਤ, ਔਰਤ ਹੋਣਾ ਹੀ ਗੁਨਾਹ ਸਮਝਦੀ ਹੈ।
   ਦਲੀਪ ਕੌਰ ਟਿਵਾਣਾ ਦਾ ਨਾਵਲ ਇਹ ਹਮਾਰਾ ਜੀਵਣਾ ਨਾਰੀ ਦੀ ਹੋਂਦ ਨੂੰ ਅਸਲੀ ਰੂਪ ਵਿੱਚ ਉਘਾੜਦਾ ਹੈ। ਜਿੱਥੇ ਮਰਦ ਪਰਾਈ ਔਰਤ ਨਾਲ ਹਰ ਤਰ੍ਹਾਂ ਦੀ ਖੁੱਲ੍ਹ ਵਰਤਣੀ ਚਾਹੁੰਦਾ ਹੈ, ਉੱਥੇ ਆਪਣੀ ਧੀ,ਭੈਣ, ਪਤਨੀ ਨੂੰ ਕਿਸੇ ਦੂਜੇ ਮਰਦ ਨਾਲ ਹੱਸ ਕੇ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਦਿੰਦਾ। ਅਣਖ ਖਾਤਿਰ ਕਤਲ ਕਰਨ ਤੇ ਉੱਤਰ ਆਉਂਦਾ ਹੈ,ਹਰ ਘਰ ਵਿੱਚ ਮਰਦਾਂ ਦੁਆਰਾ ਆਪਣੇ ਆਪਣੇ ਕਾਨੂੰਨ ਬਣਾਏ ਜਾਂਦੇ ਹਨ। ਕੁਝ ਕੁ ਔਰਤਾਂ ਆਪਣੀ ਆਜ਼ਾਦੀ ਦੀ ਦੁਰਵਰਤੋਂ ਕਰਦੀਆਂ, ਪੱਛਮੀ ਸੱਭਿਆਚਾਰ ਦੇ ਮਾੜੇ ਪ੍ਰਭਾਵ ਹੇਠਾਂ ਆ ਕੇ ਬਹੁਤ ਘੱਟ ਕੱਪੜੇ ਪਹਿਨਣੇ,ਅੰਗ ਪ੍ਰਦਰਸ਼ਨ ਕਰਨਾ,ਗੈਰ ਮਰਦਾਂ ਨਾਲ ਘੁੰਮਣਾ ਫਿਰਨਾ ਆਦਿ ਨੂੰ ਆਪਣੀ ਆਜ਼ਾਦੀ ਸਮਝਦੀਆਂ ਹਨ।ਸੋ ਲੋੜ ਹੈ ਕਿ ਔਰਤ ਸਨਮਾਨ ਸਤਿਕਾਰ ਪਾਉਣ ਲਈ ਖੁਦ ਜਾਗਰੂਕ ਹੋਵੇ, ਆਪਣੇ ਉੱਪਰ ਹੋ ਰਹੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰੇ।
ਰਾਜਿੰਦਰ ਰਾਣੀ ਗੰਢੂਆਂ

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरूस-उक्रेन युद्ध: क्यों कारगर नहीं होते नागरिक प्रतिरोध?
Next articleਰਾਸ਼ਟਰੀ ਵਿਗਿਆਨ ਦਿਵਸ ਨੂੰ ਸਮਰਪਿਤ ਮਿੱਠੜਾ ਕਾਲਜ ਵਿੱਚ ਵੱਖ ਵੱਖ ਮੁਕਾਬਲੇ ਕਰਵਾਏ ਗਏ