(ਸਮਾਜ ਵੀਕਲੀ) ਇਸ ਧਰਤੀ ਤੇ ਜੰਮੀ ਹਰ ਇਕ ਕੁੜੀ ਆਪਣੇ ਅੰਦਰ ਇੱਕ ਅਣਮੋਲ ਕਹਾਣੀ ਲੈ ਕੇ ਆਉਂਦੀ ਹੈ। ਉਹ ਸਿਰਫ਼ ਕਿਸੇ ਦੀ ਧੀ, ਭੈਣ ਜਾਂ ਦੋਸਤ ਨਹੀਂ ਹੁੰਦੀ ਉਹ ਆਪਣੀ ਹੀ ਪਛਾਣ ਬਣਾਉਣ ਵਾਲੀ ਇੱਕ ਤਾਕਤ ਹੁੰਦੀ ਹੈ। ਸਮਾਜ ਨੇ ਕਈ ਵਾਰ ਉਸਦੇ ਰਸਤੇ ਰੋਕੇ, ਉਸਦੇ ਸੁਪਨਿਆਂ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਹਰ ਵਾਰੀ ਆਪਣੀ ਹਿੰਮਤ ਨਾਲ ਖੜੀ ਹੋਈ ਹੈ ਕੁੜੀ ਹੋਣਾ ਕਦੇ ਵੀ ਕਮਜ਼ੋਰੀ ਨਹੀਂ ਹੁੰਦੀ। ਇਹ ਇਕ ਅਜਿਹੀ ਤਾਕਤ ਹੈ ਜੋ ਦਰਦ ਨੂੰ ਵੀ ਮੁਸਕਾਨ ਵਿੱਚ ਬਦਲ ਸਕਦੀ ਹੈ। ਉਹ ਘਰ ਦੀ ਰੌਣਕ ਵੀ ਹੈ ਤੇ ਸਮਾਜ ਦੀ ਰੀੜ੍ਹ ਦੀ ਹੱਡੀ ਵੀ। ਜਦੋਂ ਉਹ ਪੜ੍ਹਦੀ ਹੈ, ਤਾਂ ਸਿਰਫ਼ ਆਪਣੇ ਲਈ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਲਈ ਰੋਸ਼ਨੀ ਬਣਦੀ ਹੈ। ਅੱਜ ਦੇ ਸਮੇਂ ਵਿੱਚ ਲੋੜ ਹੈ ਕਿ ਹਰ ਕੁੜੀ ਆਪਣੇ ਅੰਦਰ ਦੀ ਆਵਾਜ਼ ਸੁਣੇ। ਉਹ ਆਪਣੀ ਕਾਬਲਿਯਤ ਨੂੰ ਪਛਾਣੇ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੱਗੇ ਵਧੇ। ਕਿਸੇ ਦੀਆਂ ਗੱਲਾਂ ਜਾਂ ਰੁਕਾਵਟਾਂ ਨੂੰ ਆਪਣੇ ਹੌਸਲੇ ਤੋਂ ਵੱਡਾ ਨਾ ਬਣਾਏ। ਜੇ ਉਹ ਖੁਦ ‘ਤੇ ਵਿਸ਼ਵਾਸ ਕਰ ਲਵੇ, ਤਾਂ ਕੋਈ ਵੀ ਚੀਜ਼ ਉਸਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ ਸਮਾਜ ਨੂੰ ਵੀ ਇਹ ਸਮਝਣਾ ਪਵੇਗਾ ਕਿ ਕੁੜੀਆਂ ਨੂੰ ਮੌਕਾ ਦੇਣਾ, ਉਨ੍ਹਾਂ ਦੀ ਆਜ਼ਾਦੀ ਦੀ ਇੱਜ਼ਤ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਇੱਕ ਕੁੜੀ ਉੱਡਦੀ ਹੈ, ਤਾਂ ਸਿਰਫ਼ ਉਹ ਨਹੀਂ, ਪੂਰਾ ਸਮਾਜ ਉੱਚਾ ਚੜ੍ਹਦਾ ਹੈ।ਉਸ ਨੂੰ ਇਹ ਵਿਸ਼ਵਾਸ ਦਿਵਾਇਆ ਜਾਵੇ ਤੂੰ ਕਿਸੇ ਤੋਂ ਘੱਟ ਨਹੀਂ। ਆਪਣੇ ਸੁਪਨਿਆਂ ਨੂੰ ਜਿਉਂਦਾ ਰੱਖ, ਆਪਣੇ ਹੌਸਲੇ ਨੂੰ ਕਦੇ ਮਰਨ ਨਾ ਦੇ। ਦੁਨੀਆ ਤੈਨੂੰ ਰੋਕਣ ਦੀ ਕੋਸ਼ਿਸ਼ ਕਰੇਗੀ, ਪਰ ਤੂੰ ਆਪਣੇ ਰਾਹ ਖੁਦ ਬਣਾਉਣ ਵਾਲੀ ਬਣ। ਕਿਉਂਕਿ ਜਦੋਂ ਇੱਕ ਕੁੜੀ ਆਪਣੇ ਆਪ ਨੂੰ ਪਛਾਣ ਲੈਂਦੀ ਹੈ, ਉਹ ਦੁਨੀਆ ਬਦਲ ਸਕਦੀ ਹੈ।
ਮੰਜੂ ਰਾਇਕਾ ਭਿੰਡਰਾਂ ਸੰਗਰੂਰ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



