ਜਦੋਂ “ਜੱਸੀ” ਹੋਰੀਂ ਗੀਤਾ ਗਿਆਨ ਤੋਂ ਬਾਂਝੇ ਰਹਿ ਗਏ !

(ਜਸਪਾਲ ਜੱਸੀ)
(ਸਮਾਜ ਵੀਕਲੀ) ਗੱਲ ਛੇ ਸਾਲ ਪੁਰਾਣੀ ਹੈ। ਮੇਰੀ ਪਤਨੀ ਦੇ ਮਾਮਾ ਜੀ ਸਾਨੂੰ ਮਿਲਣ ਦਿੱਲੀ ਤੋਂ ਬਠਿੰਡਾ ਆਏ। ਉਹਨਾਂ ਨੂੰ ਪਤਾ ਸੀ ਮੈਂ ਵੀ ਕਾਗ਼ਜ਼ਾਂ ‘ਤੇ ਝਰੀਟਾਂ ਮਾਰ ਲੈਂਦਾ ਹਾਂ। ਮੇਰੀਆਂ ਗੱਲਾਂ ਸੁਣ ਕੇ ਉਹ ਸ਼ਾਇਦ ਪ੍ਰਭਾਵਿਤ ਤਾਂ ਹੋਏ ਪਰ ਮੈਨੂੰ ਲੱਗਿਆ ਥੋੜ੍ਹਾ ਨਿਰਾਸ਼ ਵੀ ਹਨ।
ਉਹਨਾਂ ਆਪਣੇ ਲਹਿਜੇ ‘ਚ ਮੈਨੂੰ ਸਮਝਾਉਣ ਦੀ ਤਾਕੀਦ ਨਾਲ ਕਿਹਾ,” ਕਾਕਾ ! ਕੁਝ ਧਰਮ ਕਰਮ ਬਾਰੇ ਵੀ ਪੜ੍ਹ ਕੇ ਲਿਖਿਆ ਕਰ।”
ਮੈਂ ਉਹਨਾਂ ਨੂੰ ਇਸ ਖੇਤਰ ‘ਚ ਲਿਖਣ ਬਾਰੇ ਅਸਮਰੱਥਾ ਵੀ ਦੱਸੀ ਤੇ ਆਪਣੀ ਧਾਰਾ ਦੀ ਮਜ਼ਬੂਰੀ ਵੀ। ਉਹਨਾਂ ਮੈਨੂੰ “ਗੀਤਾ” ਪੜ੍ਹਨ ਬਾਰੇ ਕਿਹਾ। ਮੈਨੂੰ ਪਤਾ ਸੀ ਉਹ ਮੀਆਂ, ਬੀਵੀ ਸ਼੍ਰੀ ਕ੍ਰਿਸ਼ਨ ਜੀ ਦੇ ਭਗਤ ਹਨ ਤੇ ਐੱਸਕਾਨ ਸੰਸਥਾ ਦੇ ਲਾਈਫ਼ ਮੈਂਬਰ ਹਨ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਗੀਤਾ ਪੜ੍ਹਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਪੜ੍ਹ ਨਹੀਂ ਸਕਿਆ। ਜੇ ਤੁਸੀਂ ਮੈਨੂੰ ਪੰਜਾਬੀ ਵਿਚ ਲਿਖੀ ਗੀਤਾ,ਕਿਸੇ ਚੰਗੇ ਲੇਖਕ ਦੀ ਅਰੇਂਜ ਕਰ ਦੇਵੋਂ  ਸ਼ਾਇਦ ਮੈਂ ਕੁਝ ਪੜ੍ਹ ਕੇ ਲਿਖ ਸਕਾ।
ਉਹਨਾਂ ਕਿਹਾ,” ਮੈਂ ਜਦ ਵੀ ਦੁਬਾਰਾ ਬਠਿੰਡਾ ਆਵਾਂਗਾ, ਪੰਜਾਬੀ ਦੀ ਗੀਤਾ ਜ਼ਰੂਰ ਲੈ ਕੇ ਆਵਾਂਗਾ।
ਸੁਨੇਹਾ ਆ ਗਿਆ,” ਪੰਜਾਬੀ ਵਿਚ ਲਿਖੀ ਗੀਤਾ ਮਿਲ ਗਈ ਹੈ,ਅਸੀਂ ਅਗਲੇ ਹਫ਼ਤੇ ਬਠਿੰਡਾ ਆ ਰਹੇ ਹਾਂ।”
ਅਗਲੇ ਹਫ਼ਤੇ ਦੋਵੇਂ (ਮਾਮਾ, ਮਾਮੀ) ਦਿੱਲੀ ਤੋਂ ਬਠਿੰਡਾ ਲਈ ਮੇਲ ਗੱਡੀ ਵਿਚ ਸਵਾਰ ਹੋਏ ਤੇ ਆਪਣਾ ਸਾਰਾ ਸਮਾਨ, ਆਪਣੀ ਉੱਪਰ ਵਾਲੀ ਸੀਟ ‘ਤੇ ਰੱਖ ਦਿੱਤਾ। ਸ਼੍ਰੀ ਭਾਗਵਤ “ਗੀਤਾ” ਜੀ ਦੀ ਧਾਰਮਿਕ ਮਰਿਆਦਾ ਨੂੰ ਕਾਇਮ ਰੱਖਣ ਲਈ ਇੱਕ ਸੋਹਣੇ,ਸੁੰਦਰ ਬੈਗ ਵਿਚ ਅਲੱਗ ਤੋਂ ਸਾਂਭ ਕੇ, ਵੱਡੇ ਬੈਗ ਵਿਚ ਪਾਈ ਹੋਈ ਸੀ।
ਹਰਿਆਣਾ ਦਾ ਸਟੇਸ਼ਨ ਨਰਵਾਨਾ ਲੰਘਣ ਤੋਂ ਬਾਅਦ ਜਦੋਂ ਮਾਮਾ ਜੀ ਨੇ ਸਮਾਨ ਦੀ ਸੰਭਾਲ ਸ਼ੁਰੂ ਕੀਤੀ ਤਾਂ ਵੱਡੇ ਬੈਗ ਵਿਚੋਂ ਗੀਤਾ ਵਾਲਾ ਬੈਗ ਗਾਇਬ ਸੀ।
ਗੀਤਾ ਚੋਰੀ ਹੋ ਚੁੱਕੀ ਸੀ । ਮਾਮਾ ਜੀ ਦਾ ਮਨ ਬਹੁਤ ਖ਼ਰਾਬ ਹੋ ਚੁੱਕਿਆ ਸੀ। ਸਟੇਸ਼ਨ ‘ਤੇ ਉਹਨਾਂ ਮੇਰੇ ਨਾਲ ਕੋਈ ਜ਼ਿਆਦਾ ਗੱਲ ਨਾ ਕੀਤੀ।
ਘਰ ਆ ਕੇ ਚਾਹ ਪਾਣੀ ਤੋਂ ਬਾਅਦ ਉਹਨਾਂ ਬੁਝੇ ਹੋਏ ਮਨ ਨਾਲ ਸਾਰੀ ਕਹਾਣੀ ਸੁਣਾਈ ਕਿ ਕਿਵੇਂ ਮੈਂ ਪੰਜਾਬੀ ਦੀ ਗੀਤਾ ਤੇਰੇ ਲਈ ਵ੍ਰਿੰਦਾਵਨ ਤੋਂ ਲੈ ਕੇ ਆਇਆ ਸੀ ਪਰ ਉਹ ਰਾਸਤੇ ਵਿਚ ਚੋਰੀ ਹੋ ਗਈ। ਮੈਂ ਤੇ ਤੇਰੇ ਮਾਮੀ ਜੀ ਬਹੁਤ ਉਦਾਸ ਤੇ ਨਿਰਾਸ਼ ਹਾਂ। ਮਾਮਾ ਜੀ ਨੇ ਇਹ ਗੱਲ ਕਹਿ ਕੇ ਮੇਰੇ ਵੱਲ ਦੇਖਿਆ।।
ਮੈਂ ਉਹਨਾਂ ਦੀ ਇੱਕ ਲਾਈਨ ਵਿਚ ਹੀ ਤਸੱਲੀ ਕਰਵਾ ਦਿੱਤੀ । ਮੈਂ ਕਿਹਾ,” ਮਾਮਾ ਜੀ! ਮੇਰੇ ਨਾਲੋਂ ਗੀਤਾ ਦੇ ਗਿਆਨ ਦੀ ਚੋਰ ਨੂੰ ਜਿਆਦਾ ਜ਼ਰੂਰਤ ਸੀ। ਇਸ ਲਈ ਧਾਰਮਿਕ ਗ੍ਰੰਥਾਂ ਨੂੰ ਵੀ ਪਤਾ ਹੁੰਦੈ, ਮੈਂ ਕਿਸ ਕੋਲ ਰਹਿਣਾ ਹੈ।” ਮੇਰੀ ਗੱਲ ਸੁਣ ਕੇ ਉਹ ਕਦੇ ਮੇਰੇ ਵੱਲ ਦੇਖ ਰਹੇ ਸਨ ਤੇ ਕਦੇ ਮੇਰੀ ਪਤਨੀ ਵੱਲ। ਉਸ ਤੋਂ ਬਾਅਦ ਉਹਨਾਂ ਨਾਲ ਮਿਲਣ ਨਾ ਹੋਇਆ ਕਿਉਂਕਿ ਕੁਝ ਸਮੇਂ ਬਾਅਦ ਉਹ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਏ ਤੇ ਜੱਸੀ ਹੋਰੀਂ ਗੀਤਾ ਗਿਆਨ ਤੋਂ ਬਾਂਝੇ ਰਹਿ ਗਏ।
(ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਦੀ ਪਹਿਲੀ ਅਧਿਆਪਕਾਂ ਕ੍ਰਾਂਤੀ ਜੋਤ ਦਾਦੀ ਮਾਂ ਸਵਿੱਤਰੀ ਬਾਈ ਫੂਲੇ :- ਅਮਨਦੀਪ ਸਿੱਧੂ
Next articleਏਹੁ ਹਮਾਰਾ ਜੀਵਣਾ ਹੈ -377 /(ਅਧਿਆਪਕ ਦਿਵਸ ਮੌਕੇ)