HOME ਕੀ ਵਿਦਿਆਰਥੀਆਂ ਦੀ ਮਿਹਨਤ ਹੁਣ ਮਜ਼ਾਕ ਬਣ ਗਈ ਹੈ?

ਕੀ ਵਿਦਿਆਰਥੀਆਂ ਦੀ ਮਿਹਨਤ ਹੁਣ ਮਜ਼ਾਕ ਬਣ ਗਈ ਹੈ?

5
ਮੰਜੂ ਰਾਇਕਾ

 (ਸਮਾਜ ਵੀਕਲੀ)    (ਮੰਜੂ ਰਾਇਕਾ )  ਭਾਰਤ ਦੇ ਇਤਿਹਾਸ ਵਿੱਚ ਜਦੋਂ ਵੀ ਸਿੱਖਿਆ ਪ੍ਰਣਾਲੀ ਦੀ ਗੱਲ ਹੋਵੇਗੀ, ਸਾਲ 2024-26 ਦੇ “ਨਿਟ ਪੇਪਰ ਵਿਵਾਦ” ਨੂੰ ਇੱਕ ਕਾਲੇ ਅਧਿਆਇ ਵਜੋਂ ਯਾਦ ਕੀਤਾ ਜਾਵੇਗਾ। ਉਹ ਨੀਟ ਪ੍ਰੀਖਿਆ, ਜਿਸ ਨੂੰ ਦੇਸ਼ ਦੇ ਸਭ ਤੋਂ ਇਮਾਨਦਾਰ ਅਤੇ ਪ੍ਰਤੀਯੋਗੀ ਇਮਤਿਹਾਨਾਂ ਵਿੱਚ ਗਿਣਿਆ ਜਾਂਦਾ ਸੀ, ਅੱਜ ਸ਼ੱਕਾਂ, ਘਪਲਿਆਂ, ਲੀਕਾਂ ਅਤੇ ਸਿਆਸੀ ਬਹਿਸਾਂ ਦੇ ਵਿਚਕਾਰ ਖੜ੍ਹੀ ਹੈ। ਸਵਾਲ ਕੇਵਲ ਇੱਕ ਪੇਪਰ ਦਾ ਨਹੀਂ, ਸਵਾਲ ਉਹਨਾਂ ਬਾਈ ਲੱਖ ਤੋਂ ਵੱਧ ਵਿਦਿਆਰਥੀਆਂ ਦੇ ਭਵਿੱਖ ਦਾ ਹੈ, ਜਿਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਡਾਕਟਰ ਬਣਨ ਦੇ ਸੁਪਨੇ ਦੇਖੇ ਸਨ।

ਕਿਸੇ ਨੇ ਖੇਤਾਂ ਵਿੱਚ ਮਿਹਨਤ ਕਰਦੇ ਪਿਤਾ ਦੇ ਹੱਥਾਂ ਦੀਆਂ ਲਕੀਰਾਂ ਵੇਖ ਕੇ ਕਿਤਾਬਾਂ ਚੁੱਕੀਆਂ, ਕਿਸੇ ਮਾਂ ਨੇ ਆਪਣੇ ਗਹਿਣੇ ਵੇਚ ਕੇ ਕੋਚਿੰਗ ਦੀ ਫੀਸ ਭਰੀ, ਕਿਸੇ ਨੇ ਛੋਟੇ ਜਿਹੇ ਕਮਰੇ ਵਿੱਚ ਬੈਠ ਕੇ ਲੱਖਾਂ ਸਵਾਲ ਹੱਲ ਕੀਤੇ। ਪਰ ਜਦੋਂ ਨਤੀਜੇ ਆਏ ਤਾਂ ਦੇਸ਼ ਹੈਰਾਨ ਰਹਿ ਗਿਆ। ਇੱਕੋ ਕੇਂਦਰ ਤੋਂ ਦਰਜਨਾਂ ਟੌਪਰ, ਅਸਧਾਰਣ ਅੰਕ, ਗ੍ਰੇਸ ਮਾਰਕਾਂ ਦੀ ਬਾਰਿਸ਼ ਅਤੇ ਪੇਪਰ ਲੀਕ ਦੇ ਦੋਸ਼ ਇਹ ਸਭ ਕੁਝ ਉਸ ਪ੍ਰਣਾਲੀ ਦੇ ਮੂੰਹ ‘ਤੇ ਚਪੇੜ ਸੀ ਜੋ ਆਪਣੇ ਆਪ ਨੂੰ “ਪਾਰਦਰਸ਼ੀ” ਕਹਿੰਦੀ ਸੀ।ਵਿਦਿਆਰਥੀਆਂ ਦਾ ਗੁੱਸਾ ਇਸ ਲਈ ਵੀ ਜਾਇਜ਼ ਹੈ ਕਿਉਂਕਿ ਨੀਟ ਸਿਰਫ਼ ਇੱਕ ਪਰੀਖਿਆ ਨਹੀਂ, ਇਹ ਉਹ ਦਰਵਾਜ਼ਾ ਹੈ ਜਿਸ ਤੋਂ ਲੰਘ ਕੇ ਇੱਕ ਗਰੀਬ ਘਰ ਦਾ ਬੱਚਾ ਡਾਕਟਰ ਬਣ ਸਕਦਾ ਹੈ। ਪਰ ਜਦੋਂ ਉਸ ਦਰਵਾਜ਼ੇ ਦੀ ਚਾਬੀ ਹੀ ਪੈਸੇ, ਸਿਫ਼ਾਰਸ਼ਾਂ ਅਤੇ ਮਾਫੀਆ ਦੇ ਹੱਥ ਚਲੀ ਜਾਵੇ ਤਾਂ ਫਿਰ ਮਿਹਨਤ ਕਰਨ ਵਾਲਾ ਵਿਦਿਆਰਥੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਹੈ।
ਇਹ ਕੋਈ ਪਹਿਲੀ ਵਾਰ ਨਹੀਂ ਕਿ ਭਾਰਤ ਦੀਆਂ ਭਰਤੀ ਜਾਂ ਪ੍ਰਤੀਯੋਗੀ ਪ੍ਰੀਖਿਆਵਾਂ ਸਵਾਲਾਂ ਦੇ ਘੇਰੇ ਵਿੱਚ ਆਈਆਂ ਹੋਣ। ਕਦੇ ਪਟਵਾਰੀ ਭਰਤੀ, ਕਦੇ ਪੁਲਿਸ ਭਰਤੀ, ਕਦੇ ਅਧਿਆਪਕ ਭਰਤੀ ਅਤੇ ਹੁਣ ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਦਾਖਲਾ ਪ੍ਰੀਖਿਆ। ਇਹ ਇੱਕ ਅਜਿਹੀ ਬਿਮਾਰੀ ਬਣ ਚੁੱਕੀ ਹੈ ਜਿਸ ਨੇ ਪ੍ਰਣਾਲੀ ਨੂੰ ਅੰਦਰੋਂ ਖੋਕਲਾ ਕਰ ਦਿੱਤਾ ਹੈ। ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਹਰ ਵਾਰ ਜਾਂਚ ਦੇ ਭਰੋਸੇ ਦਿੱਤੇ ਜਾਂਦੇ ਹਨ, ਵੱਡੇ-ਵੱਡੇ ਬਿਆਨ ਆਉਂਦੇ ਹਨ, ਪਰ ਆਖ਼ਰ ਵਿੱਚ ਵਿਦਿਆਰਥੀ ਹੀ ਨਿਰਾਸ਼ ਰਹਿ ਜਾਂਦਾ ਹੈ।
ਬਾਈ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਦਿੱਤੀ। ਇਹ ਗਿਣਤੀ ਕਈ ਦੇਸ਼ਾਂ ਦੀ ਕੁੱਲ ਆਬਾਦੀ ਤੋਂ ਵੀ ਵੱਧ ਹੈ। ਇਹ ਉਹ ਨੌਜਵਾਨ ਹਨ ਜੋ ਆਪਣੇ ਘਰਾਂ ਦੀ ਉਮੀਦ ਹਨ। ਕੋਈ ਦੋ ਸਾਲ ਤੋਂ ਕੋਚਿੰਗ ਕਰ ਰਿਹਾ ਸੀ, ਕੋਈ ਪੰਜ ਸਾਲਾਂ ਤੋਂ ਡਰੌਪ ਲੈ ਕੇ ਤਿਆਰੀ ਕਰ ਰਿਹਾ ਸੀ। ਕਈ ਵਿਦਿਆਰਥੀਆਂ ਨੇ ਮਾਨਸਿਕ ਤਣਾਅ, ਡਿਪ੍ਰੈਸ਼ਨ ਅਤੇ ਸਮਾਜਕ ਦਬਾਅ ਨੂੰ ਸਹਿੰਦੇ ਹੋਏ ਆਪਣੀ ਪੜ੍ਹਾਈ ਜਾਰੀ ਰੱਖੀ। ਪਰ ਜਦੋਂ ਉਹਨਾਂ ਨੂੰ ਲੱਗੇ ਕਿ ਇਮਤਿਹਾਨ ਤੋਂ ਪਹਿਲਾਂ ਹੀ ਕੁਝ ਲੋਕ ਪੇਪਰ ਖਰੀਦ ਚੁੱਕੇ ਸਨ, ਤਾਂ ਇਹ ਸਿਰਫ਼ ਇੱਕ ਘਪਲਾ ਨਹੀਂ ਰਹਿੰਦਾ ਇਹ ਉਹਨਾਂ ਦੀਆਂ ਉਮੀਦਾਂ ਦਾ ਕਤਲ ਬਣ ਜਾਂਦਾ ਹੈ।
ਅੱਜ ਦੇਸ਼ ਦਾ ਹਰ ਵਿਦਿਆਰਥੀ ਇੱਕੋ ਸਵਾਲ ਪੁੱਛ ਰਿਹਾ ਹੈ
“ਜੇ ਮਿਹਨਤ ਨਾਲ ਕੁਝ ਨਹੀਂ ਮਿਲਣਾ, ਤਾਂ ਫਿਰ ਅਸੀਂ ਕਿਤਾਬਾਂ ਕਿਉਂ ਖੋਲ੍ਹੀਏ?”ਇਹ ਸਵਾਲ ਬਹੁਤ ਖਤਰਨਾਕ ਹੈ। ਜਦੋਂ ਨੌਜਵਾਨਾਂ ਦਾ ਵਿਸ਼ਵਾਸ ਟੁੱਟਦਾ ਹੈ ਤਾਂ ਦੇਸ਼ ਦੀ ਰੀੜ੍ਹ ਦੀ ਹੱਡੀ ਕਮਜ਼ੋਰ ਹੋ ਜਾਂਦੀ ਹੈ। ਸਿੱਖਿਆ ਕਿਸੇ ਵੀ ਰਾਸ਼ਟਰ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ, ਪਰ ਜੇ ਉਸੇ ਸਿੱਖਿਆ ਵਿੱਚ ਭ੍ਰਿਸ਼ਟਾਚਾਰ ਘੁੱਸ ਜਾਵੇ ਤਾਂ ਫਿਰ ਦੇਸ਼ ਤਰੱਕੀ ਨਹੀਂ ਕਰਦਾ, ਡਿੱਗਣਾ ਸ਼ੁਰੂ ਕਰਦਾ ਹੈ।ਇਸ ਮਾਮਲੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਨਾਂ ਸੰਸਥਾਵਾਂ ਦੀ ਹੈ ਜੋ ਪ੍ਰੀਖਿਆ ਕਰਵਾਉਂਦੀਆਂ ਹਨ। ਇੱਕ ਪਾਸੇ ਵਿਦਿਆਰਥੀਆਂ ਨੂੰ ਮਿੰਟ ਦੀ ਦੇਰੀ ‘ਤੇ ਕੇਂਦਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ, ਦੂਜੇ ਪਾਸੇ ਪੇਪਰ ਲੀਕ ਕਰਨ ਵਾਲੇ ਗਿਰੋਹ ਸਾਲਾਂ ਤੋਂ ਸਿਸਟਮ ਨੂੰ ਚੁਨੌਤੀ ਦੇ ਰਹੇ ਹਨ। ਕੀ ਇਹ ਸਿਰਫ਼ ਲਾਪਰਵਾਹੀ ਹੈ? ਜਾਂ ਫਿਰ ਇਸ ਦੇ ਪਿੱਛੇ ਕੋਈ ਵੱਡਾ ਗਠਜੋੜ ਕੰਮ ਕਰ ਰਿਹਾ ਹੈ?
ਅਸਲ ਦਰਦ ਤਾਂ ਉਹਨਾਂ ਮਾਪਿਆਂ ਦਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਕਮਾਈ ਬੱਚਿਆਂ ਦੀ ਪੜ੍ਹਾਈ ‘ਤੇ ਲਗਾ ਦਿੱਤੀ। ਇੱਕ ਮਜ਼ਦੂਰ ਪਿਤਾ ਜਦੋਂ ਆਪਣੇ ਪੁੱਤਰ ਨੂੰ ਕੋਚਿੰਗ ਲਈ ਸ਼ਹਿਰ ਭੇਜਦਾ ਹੈ ਤਾਂ ਉਹ ਆਪਣੇ ਸੁਪਨੇ ਵੀ ਨਾਲ ਭੇਜਦਾ ਹੈ। ਪਰ ਜਦੋਂ ਉਹੀ ਪੁੱਤਰ ਨਤੀਜੇ ਦੇਖ ਕੇ ਟੁੱਟ ਜਾਂਦਾ ਹੈ ਤਾਂ ਘਰਾਂ ਦੇ ਚੂਲ੍ਹੇ ਵੀ ਸੁੰਨੇ ਹੋ ਜਾਂਦੇ ਹਨ।ਇਹ ਮਾਮਲਾ ਸਿਰਫ਼ ਦੁਬਾਰਾ ਪੇਪਰ ਕਰਵਾਉਣ ਜਾਂ ਜਾਂਚ ਕਮੇਟੀ ਬਣਾਉਣ ਨਾਲ ਖਤਮ ਨਹੀਂ ਹੋਵੇਗਾ। ਲੋੜ ਹੈ ਇੱਕ ਐਸੀ ਕੜੀ ਨੀਤੀ ਦੀ ਜੋ ਸਿੱਖਿਆ ਮਾਫੀਆ ਦੀ ਜੜ੍ਹ ਹੀ ਕੱਟ ਦੇਵੇ। ਪੇਪਰ ਲੀਕ ਕਰਨ ਵਾਲਿਆਂ ਲਈ ਸਿਰਫ਼ ਗ੍ਰਿਫ਼ਤਾਰੀ ਨਹੀਂ, ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ। ਜਦ ਤੱਕ ਦੋਸ਼ੀਆਂ ਨੂੰ ਉਦਾਹਰਨ ਨਹੀਂ ਬਣਾਇਆ ਜਾਵੇਗਾ, ਤਦ ਤੱਕ ਹਰ ਸਾਲ ਕਿਸੇ ਨਾ ਕਿਸੇ ਇਮਤਿਹਾਨ ਦਾ ਭਵਿੱਖ ਇਉਂ ਹੀ ਦਾਅ ‘ਤੇ ਲੱਗਦਾ ਰਹੇਗਾ।
ਅੱਜ ਦੇਸ਼ ਦਾ ਵਿਦਿਆਰਥੀ ਸੜਕਾਂ ‘ਤੇ ਹੈ। ਕੋਈ ਇਨਸਾਫ਼ ਮੰਗ ਰਿਹਾ ਹੈ, ਕੋਈ ਦੁਬਾਰਾ ਪ੍ਰੀਖਿਆ ਦੀ ਮੰਗ ਕਰ ਰਿਹਾ ਹੈ, ਕੋਈ ਸਿਸਟਮ ‘ਤੇ ਸਵਾਲ ਉਠਾ ਰਿਹਾ ਹੈ। ਪਰ ਅਸਲ ਵਿੱਚ ਇਹ ਸਾਰੇ ਨੌਜਵਾਨ ਆਪਣੇ ਭਵਿੱਖ ਲਈ ਲੜ ਰਹੇ ਹਨ। ਇਹ ਲੜਾਈ ਸਿਰਫ਼ ਨੀਟ ਦੀ ਨਹੀਂ, ਇਹ ਉਸ ਭਾਰਤ ਦੀ ਲੜਾਈ ਹੈ ਜਿੱਥੇ ਮਿਹਨਤ ਨੂੰ ਸਨਮਾਨ ਮਿਲੇ, ਨਾ ਕਿ ਪੈਸੇ ਅਤੇ ਪਹੁੰਚ ਨੂੰ।ਜੇ ਅੱਜ ਵੀ ਦੇਸ਼ ਦੀਆਂ ਸਰਕਾਰਾਂ ਅਤੇ ਸੰਸਥਾਵਾਂ ਨਹੀਂ ਜਾਗੀਆਂ ਤਾਂ ਕੱਲ੍ਹ ਦਾ ਨੌਜਵਾਨ ਕਿਤਾਬਾਂ ਤੋਂ ਵਿਸ਼ਵਾਸ ਖੋ ਬੈਠੇਗਾ। ਅਤੇ ਜਿਸ ਦਿਨ ਨੌਜਵਾਨਾਂ ਦਾ ਵਿਸ਼ਵਾਸ ਮਰ ਗਿਆ, ਉਸ ਦਿਨ ਕਿਸੇ ਵੀ ਦੇਸ਼ ਦੀ ਤਰੱਕੀ ਦੇ ਦਰਵਾਜ਼ੇ ਆਪਣੇ ਆਪ ਬੰਦ ਹੋ ਜਾਣਗੇ।ਨੀਟ ਵਿਵਾਦ ਨੇ ਇੱਕ ਗੱਲ ਸਾਫ਼ ਕਰ ਦਿੱਤੀ ਹੈ ਭਾਰਤ ਦਾ ਵਿਦਿਆਰਥੀ ਕਮਜ਼ੋਰ ਨਹੀਂ, ਪਰ ਪ੍ਰਣਾਲੀ ਬਿਮਾਰ ਹੈ।ਅਤੇ ਜੇ ਇਸ ਬਿਮਾਰੀ ਦਾ ਇਲਾਜ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਨੇ ਅੱਪਰਾ ਇਲਾਕੇ ‘ਚ ਪਹੁੰਚ ਕੇ ਵੱਖ ਵੱਖ ਬਸਪਾ ਲੀਡਰਾਂ ਤੇ ਸਮਰਥਕਾਂ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
Next articleਆਪਣੀ ਹੋਂਦ ਨੂੰ ਮਹਿਸੂਸ ਕਰਨ ਦੀ ਲੋੜ