ਪੁਸਤਕ ਦਾ ਨਾਂ – ਕਾਣੀ -ਵੰਡ (ਕਹਾਣੀ ਸੰਗ੍ਰਹਿ)
ਕਹਾਣੀਕਾਰ – ਅਸ਼ਵਨੀ ਕੁਮਾਰ ਸਾਵਨ
ਪੰਨੇ – 120 ਕੀਮਤ – 300/- ਰੁਪਏ
ਪ੍ਰਕਾਸ਼ਕ – ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ।
ਰਿਵਿਊਕਾਰ – ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਅਜੋਕੀ ਕਹਾਣੀ ਦਾ ਬਿਰਤਾਂਤ ਹੁਣ ਪਹਿਲੀ ਦੀ ਕਹਾਣੀ ਦੇ ਬਿਰਤਾਂਤ ਤੋਂ ਬਹੁਤ ਅੱਗੇ ਲੰਘ ਗਿਆ ਹੈ। ਪ੍ਰੇਮ ਵਿਚ ਗੜੁੱਚ ਕਹਾਣੀਆਂ ਦੀ ਥਾਂ ਹੁਣ ਵਰਤਮਾਨ ਸਥਿਤੀਆਂ ਨੂੰ ਪ੍ਰਦਰਸ਼ਿਤ ਕਰਦੀਆਂ ਕਹਾਣੀਆਂ ਜਿਵੇਂ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਧਾਰਮਿਕ ਸਥਿਤੀਆਂ ਵਿੱਚੋ ਗੁਜਰਦੇ ਮਨੁੱਖ ਦੀ ਤ੍ਰਾਸਦੀ ਪੇਸ਼ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਅੱਜ ਦੇ ਕਿਸੇ ਵੀ ਕਹਾਣੀਕਾਰ ਦੀ ਕਹਾਣੀ ਦਾ ਅਧਿਐਨ ਕਰੀਏ ਤਾਂ ਅਜਿਹੀਆਂ ਪ੍ਰਵਿਰਤੀਆਂ ਸਾਹਮਣੇ ਆਉਂਦੀਆਂ ਹਨ। ਅਜਿਹੀਆਂ ਵਿਸੰਗਤੀਆਂ ਨੂੰ ਰੂਪਮਾਨ ਕਰਦੀ ਪੁਸਤਕ ਹੈ ਕਾਣੀ – ਵੰਡ। ਅੱਜ ਦੇ ਸਮੇਂ ਸਾਡੇ ਸਮਾਜ ਵਿਚ ਲੋਕਾਂ ਦੇ ਹਿੱਤਾਂ ਨੂੰ ਛੱਡ ਕੇ ਸਵਾਰਥਪਣ ਹਾਵੀ ਹੁੰਦਾ ਜਾ ਰਿਹਾ ਹੈ।
ਅਸ਼ਵਨੀ ਕੁਮਾਰ ਸਾਵਨ ਦਾ ਹਥਲਾ ਦੂਜਾ ਕਹਾਣੀ ਸੰਗ੍ਰਹਿ ਹੈ ਕਾਣੀ – ਵੰਡ। ਉੰਝ ਮੌਲਿਕ ਤੌਰ ਤੇ ਸਾਵਨ ਨਾਟਕ ਰਚੇਤਾ ਹੈ ਜਿਸ ਨੇ ਸਮਾਜਿਕ ਵਿਸੰਗਤੀਆਂ ਨੂੰ ਪੂਰੇ ਨਾਟਕ, ਸੋਲੋ ਨਾਟਕ, ਨੁੱਕੜ ਨਾਟਕਾਂ ਰਾਹੀਂ ਆਪਣੇ ਹਾਵ ਭਾਵ ਪੇਸ਼ ਕੀਤੇ ਹਨ। ਉਸ ਦੀ ਹਥਲੀ ਪੁਸਤਕ ਤੋਂ ਪਹਿਲਾਂ ਇਕ ਕਹਾਣੀ ਸੰਗ੍ਰਹਿ ਇਹ ਕਿਹੋ ਜਿਹੇ ਰਿਸ਼ਤੇ 2013 ਵਿਚ ਛਪਿਆ ਤੇ ਹੁਣ ਤੇਰਾਂ ਸਾਲ ਬਾਅਦ ਉਹ ਦੂਜਾ ਕਹਾਣੀ ਸੰਗ੍ਰਹਿ ਲੈਕੇ ਪਾਠਕਾਂ ਦੀ ਸੱਥ ਵਿੱਚ ਹਾਜਰ ਹੁੰਦਿਆਂ ਹੋਈ ਦੇਰੀ ਲਈ ਖਿਮਾ ਯਾਚਕ ਹੈ। ਵੱਖ ਵੱਖ ਸਖਸ਼ੀਅਤਾਂ ਨੂੰ ਸਮਰਪਿਤ ਇਹ ਕਹਾਣੀ ਸੰਗ੍ਰਹਿ ਆਪਣਾ ਨਾਟਕੀ ਪ੍ਰਭਾਵ ਵੀ ਦਿਖਾਉਂਦਾ ਹੈ। ਉਸ ਦੇ ਆਪਣੇ ਕਥਨ ਮੁਤਾਬਿਕ ਉਹ ਕਹਾਣੀ ਸੁਣਾਉਣਾ ਜਾਂ ਪੜ੍ਹਾਉਣਾ ਨਹੀਂ ਸਗੋਂ ਪਾਠਕਾਂ ਦੀਆਂ ਅੱਖਾਂ ਸਾਹਮਣੇ ਘਟਦੀ ਦਿਖਾਉਂਦਾ ਹਾਂ। ਹਥਲੀ ਪੁਸਤਕ ਵਿਚ ਇਕ ਦਰਜਨ ਕਹਾਣੀਆਂ ਦਰਜ ਹਨ।
ਇਸ ਪੁਸਤਕ ਦੀਆਂ ਕਹਾਣੀਆਂ ਦੀ ਗੱਲ ਕਰੀਏ ਤਾਂ ਪਹਿਲੀ ਕਹਾਣੀ ਨਵਾਂ ਸੱਭਿਆਚਾਰ ਵੱਖ ਵੱਖ ਥਾਵਾਂ ਦੇ ਸੱਭਿਆਚਾਰ ਬਾਰੇ ਜਾਣਕਾਰੀ ਦਿੰਦੀ ਹੈ। ਪਿੰਡਾਂ ਦਾ ਅਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਸੱਭਿਆਚਾਰ ਵਿੱਚ ਕਿੰਨਾ ਫਰਕ ਹੈ। ਕਹਾਣੀ ਦਾ ਨਾਇਕ ਬਲਵਿੰਦਰ ਸਿੰਘ ਸਿੱਧੂ ਮੂਲ ਰੂਪ ਵਿੱਚ ਪੇਂਡੂ ਹੈ ਪਰ ਉਹ ਦਿੱਲੀ ਜਾ ਕੇ ਵੀ ਉਸ ਸੱਭਿਆਚਾਰ ਵਿੱਚ ਢਲ ਨਹੀਂ ਸਕਿਆ। ਲੋਕਾਂ ਦੇ ਸੁਭਾਅ, ਰਹਿਣ ਸਹਿਣ, ਰਸਮੋ ਰਿਵਾਜ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਕਹਾਣੀ ਰਾਤ ਗਈ ਬਾਤ ਗਈ ਸਮਾਜ ਵਿਚਲੇ ਕੋਹੜ ਨਸ਼ਾ ਅਤੇ ਦਰਖਤਾਂ ਦੇ ਪੁੱਟਣ ਨੂੰ ਆਧਾਰ ਬਣਾਉਦੀ ਹੈ। ਪਾਰਕ ਵਿਚ ਸੈਰ ਲਈ ਆਏ ਵਿਅਕਤੀਆਂ ਦੇ ਚੇਹਰੇ ਮੋਹਰੇ, ਸਰੀਰਕ ਬਣਤਰ, ਚਾਲ ਢਾਲ, ਬੋਲ ਬਾਣੀ ਤੋਂ ਉਹਨਾਂ ਦੇ ਨਾਮਕਰਨ ਪੁਲਸ ਵਾਲਾ, ਸ਼ੁਤਰ ਮੁਰਗ, ਮਗਨ, ਤੇਜ਼ ਚਾਲ ਆਦਿ ਤਸਵਰ ਕੀਤੇ ਗਏ ਹਨ। ਲੋਕ – ਸੇਵਾ ਅਤੇ ਖੂਹ – ਖਾਤਾ ਕਹਾਣੀਆਂ ਕੋਰੋਨਾ ਕਾਲ ਸਮੇਂ ਲੋਕਾਂ ਦੀ ਸਥਿਤੀ ਦੇ ਨਾਲ ਨਾਲ ਉਸ ਬੰਦੇ ਦੀ ਕਹਾਣੀ ਦੱਸਦੀ ਹੈ ਜਿਹੜਾ ਲਾਕ ਡਾਉਨ ਦੀ ਪਰਵਾਹ ਕੀਤੇ ਬਿਨਾਂ ਆਪਣੀ ਬੋਸੀ ਘੋਟਦੇ ਸਲਾਹ ਦਿੰਦੇ ਹਨ।
ਸਰਕਾਰੀ ਜ਼ਮੀਨਾਂ ਤੇ ਹੁੰਦੇ ਗੈਰ ਕਾਨੂੰਨੀ ਕਬਜ਼ਿਆਂ ਤੇ ਪ੍ਰਸ਼ਾਸ਼ਨ ਵਿਚ ਰਾਜਨੀਤਕ ਦਖਲ ਅੰਦਾਜੀ ਨੂੰ ਬਿਆਨ ਕਰਦੀ ਕਹਾਣੀ ਵੋਟ ਦੀ ਤਾਕਤ ਜਿਸ ਵਿਚ ਝੁੱਗੀਆਂ ਵਾਲਿਆਂ ਅਤੇ ਹੋਰਾਂ ਵੱਲੋਂ ਸਰਕਾਰੀ ਜ਼ਮੀਨਾਂ ਤੇ ਹੋਏ ਕਬਜ਼ਿਆਂ ਨੂੰ ਹਟਾਉਣ ਲਈ ਆਏ ਗਵਰਨਰ ਦੇ ਹੁਕਮਾਂ ਦੀ ਤਾਮੀਲ ਕਰ ਰਹੇ ਪ੍ਰਸ਼ਾਸ਼ਨ ਨੂੰ ਕੇਂਦਰ ਵਲੋਂ ਗਵਰਨਰ ਨੂੰ ਬਦਲ ਕੇ ਗੈਰ ਕਾਨੂੰਨੀ ਕਬਜ਼ਿਆਂ ਦੇ ਹੱਕ ਵਿਚ ਸਿਆਸਤ ਦਾ ਸ਼ੀਸ਼ਾ ਪੇਸ਼ ਕੀਤਾ ਹੈ। ਵਿਚਾਰਾ ਇੰਫੋਰਸਮੈਂਟ ਇੰਸਪੈਕਟਰ ਲਲਿਤ ਕੁਮਾਰ ਪ੍ਰਭਾਕਰ ਸਰਕਾਰ ਅਤੇ ਸੀਨੀਅਰਾਂ ਦੇ ਹੁਕਮਾਂ ਵਿੱਚ ਉਲਝਿਆ ਰਹਿੰਦਾ ਹੈ। ਦੂਜੇ ਪਾਸੇ ਕੁਝ ਸਮੇਂ ਬਾਅਦ ਲਲਿਤ ਕੁਮਾਰ ਨੂੰ ਅਸਟੇਟ ਅਫਸਰ ਵਲੋ ਸੋਂਪੀ ਗਈ ਫਾਈਲ ਉਸ ਵਲੋਂ ਆਪਣੇ ਸਹਾਇਕ ਨੂੰ ਕਾਰਵਾਈ ਲਈ ਦਿੱਤੀ ਜਾਂਦੀ ਹੈ ਪਰ ਇਹ ਕਿਸ ਇਲਾਕੇ ਦੇ ਕਬਜ਼ੇ ਹਟਾਉਣ ਵਾਲੀ ਫਾਈਲ ਹੈ, ਕੁਝ ਨਹੀਂ ਦੱਸਿਆ।
ਕਹਾਣੀ ਜਾਨ ਹੈ ਜਹਾਨ ਹੈ ਜਿਹੜੀ ਪ੍ਰਵੇਸ਼ ਸੇਠੀ ਨੂੰ ਸਮਰਪਿਤ ਹੈ ਅਤੇ ਨਾਟਕ ਨਹੀਂ ਬਣ ਸਕੀ। ਇਹ ਕਹਾਣੀ ਹਰ ਵਿਅਕਤੀ ਨੂੰ ਕਾਰਜਸ਼ੀਲ ਰਹਿਣ ਲਈ ਪ੍ਰੇਰਦੀ ਹੈ ਭਾਵੇਂ ਕੋਈ ਸੇਵਾ ਮੁਕਤ ਵਿਅਕਤੀ ਹੀ ਕਿਉੰ ਨਾ ਹੋਵੇ। ਕਹਾਣੀ ਦੇ ਪਾਤਰਾਂ ਭਨੋਟ ਅਤੇ ਮਹਿਰਾ ਦੀ ਸੋਚ ਵੱਖ ਵੱਖ ਹੋਣ ਤੇ ਵੀ ਉਹ ਭਨੋਟ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਕਹਾਣੀ ਵਿਚ ਭਨੋਟ ਦੇ ਵਿਹਲੇ ਰਹਿਣ ਅਤੇ ਦਾਰੂ ਪੀਣ ਨਾਲ ਮੌਤ ਦਿਖਾਈ ਗਈ ਹੈ ਪਰ ਉਸ ਦੀ ਉਮਰ ਦਾ ਤਕਾਜ਼ਾ ਵੀ ਰਿਹਾ ਹੈ। ਫਿਰ ਭਨੋਟ ਦੀ ਮੌਤ ਤੋਂ ਬਾਅਦ ਮਹਿਰਾ ਮੁੜ ਘਰ ਦੀਆਂ ਜਿੰਮੇਵਾਰੀਆਂ ਵਿਚ ਵਿਅਸਤ ਹੁੰਦਾ ਹੈ।
ਪੁਸਤਕ ਦੀ ਸਿਰਲੇਖਤ ਕਹਾਣੀ ਕਾਣੀ – ਵੰਡ ਸਾਡੇ ਸਮਾਜ ਵਿਚ ਪੈਦਾ ਹੋਏ ਭੇਦ ਭਾਵ ਦੀ ਖੂਬਸੂਰਤ ਤਸਵੀਰ ਸਿਰਜਦੀ ਹੈ। ਨੋਟ ਬੰਦੀ ਦਾ ਆਮ ਲੋਕਾਂ ਤੇ ਪਏ ਪ੍ਰਭਾਵ ਨੂੰ ਦਰਸਾਉਂਦੀ ਹੈ। ਇਕ ਪਾਸੇ ਰੁਲਦੂ ਨੂੰ ਆਪਣੀ ਧੀ ਦੇ ਵਿਆਹ ਲਈ ਪੈਸੇ ਨਹੀਂ ਮਿਲਦੇ ਜਿਸ ਕਾਰਨ ਉਸ ਦੀ ਲੇੜਕੀ ਆਤਮ ਹੱਤਿਆ ਕਰਦੀ ਹੈ ਤੇ ਦੂਜੇ ਪਾਸੇ ਮੇਅਰ ਦੇ ਮੁੰਡੇ ਦੇ ਵਿਆਹ ਲਈ ਨੋਟਾਂ ਦੇ ਖੁੱਲ੍ਹੇ ਗੱਫੇ ਜਿਹੜੇ ਜੰਞ ਉਤੇ ਸੁੱਟੇ ਜਾਂਦੇ ਹਨ। ਖੇਡ ਕਾਰਡ ਦੀ ਤੋਂ ਬਣੀ ਅਗਲੀ ਕਹਾਣੀ ਜੀਵਨ – ਜਾਚ, ਕਹਾਣੀ ਦੇ ਪਾਤਰ ਰਮਿੰਦਰਜੀਤ ਗਿੱਲ ਨੂੰ ਸਮਰਪਿਤ ਕੀਤੀ ਹੈ ਜਿਹੜਾ ਆਸਟ੍ਰੇਲੀਆ ਤੋਂ ਆਪਣੇ ਮ੍ਰਿਤਕ ਮਿੱਤਰ ਸੁਖਦੀਪ ਦੀਆਂ ਯਾਦਾਂ ਸਮੋਈ ਉਸ ਦੇ ਭੋਗ ਤੇ ਆਉਂਦਾ ਹੈ।
ਪੁਸਤਕ ਦੀਆਂ ਹੋਰ ਕਹਾਣੀਆਂ ਖ਼ਾਨਾ ਬਦੋਸ਼ ਆਪਣੇ ਪੁਰਖਿਆਂ ਦੇ ਸਥਾਨ ਬਦਲੀ ਕਰਕੇ ਇਕ ਥਾਂ ਦਾ ਪੱਕਾ ਵਸਨੀਕ ਨਹੀਂ ਮੰਨਦਾ ਪਾਤਰ ਰਣਵੀਰ। ਕਹਾਣੀ ਬਰਸਾਤੀ ਡੱਡੂ ਉਹਨਾਂ ਲੋਕਾਂ ਦੀ ਗੱਲ ਕਰਦੀ ਹੈ ਜਿਹੜੇ ਮਤਲਬ ਦੇ ਹੁੰਦੇ ਹਨ ਪਰ ਮੁੜ ਕਹਾਣੀਕਾਰ ਖੁਦ ਸਰੀਰਕ ਤੌਰ ਤੇ ਠੀਕ ਨਾ ਹੋਣ ਕਰਕੇ ਆਪਣੇ ਆਪ ਨੂੰ ਵੀ ਬਰਸਾਤੀ ਡੱਡੂ ਮੰਨਣ ਲੱਗ ਪੈਂਦਾ ਹੈ। ਕਹਾਣੀ ਅਸ਼ੀਰਵਾਦ ਆਸਥਾ ਨਾਲ ਲਬਰੇਜ਼ ਹੈ। ਇਸੇ ਤਰ੍ਹਾਂ ਪੁਸਤਕ ਦੀ ਆਖਰੀ ਕਹਾਣੀ ਰੁਤਬੇ ਦੇ ਰੰਗ ਢੰਗ ਕੁਰਸੀ ਨੂੰ ਸਲਾਮ ਜਾਂ ਚੜ੍ਹਦੇ ਸੂਰਜ ਨੂੰ ਸਲਾਮ ਦੀ ਗੱਲ ਕਰਦੀ ਹੈ। ਕਹਾਣੀ ਦੇ ਪਾਤਰ ਬਤਰਾ ਸੇਵਾ ਮੁਕਤੀ ਤੋਂ ਬਾਅਦ ਚੱਲੇ ਹੋਏ ਕਾਰਤੂਸ ਵਾਂਗ ਸਿੱਧ ਹੁੰਦੇ ਹਨ।
ਪੁਸਤਕ ਦੀਆਂ ਕਹਾਣੀਆਂ ਸਰਲ ਭਾਸ਼ਾ ਅਤੇ ਚਲੰਤ ਵਿਸ਼ਿਆਂ ਤੇ ਅਧਾਰਤ ਹਨ। ਪੁਸਤਕ ਵਿਚ ਸ਼ਬਦ ਜੋੜ ਅਤੇ ਪਰੂਫ ਰਿਡਿੰਗ ਦੀ ਘਾਟ ਮਹਿਸੂਸ ਹੋਈ ਹੈ। ਫਿਰ ਵੀ ਕਹਾਣੀਆਂ ਨੇ ਆਪਣੀ ਦਿਲਚਸਪੀ ਬਣਾਈ ਰੱਖੀ। ਇਸ ਪੁਸਤਕ ਦਾ ਪੰਜਾਬੀ ਸਾਹਿਤ ਵਿਚ ਸਵਾਗਤ ਕਰਦਿਆਂ ਲੇਖਕ ਤੋਂ ਹੋਰ ਚੰਗੇਰੀਆਂ ਕਹਾਣੀਆਂ ਦੀ ਉਮੀਦ ਹੈ।
https://play.google.com/store/apps/details?id=in.yourhost.samajweekly






