ਕੀ ਤੇ ਕਿਵੇਂ

(ਸਮਾਜ ਵੀਕਲੀ)

ਰੋਜ-ਰੋਜ ਵੇਖਣ-ਵਿਖਾਉਣ ਦੀ ਚੱਕਰਾਂ ਤੋਂ ਤੰਗ ਆਈ ਨੇ ਫੋਨ ਤੋਂ ਨੰਬਰ ਪੜਿਆ ਅਤੇ ਅਗਲੇ ਦਿਨ ਉਸਨੂੰ ਵੇਖਣ ਆਉਣ ਵਾਲਿਆਂ ਦੇ ਘਰ ਨੰਬਰ ਮਿਲਾ ਦਿੱਤਾ!

ਅੱਗੋਂ ਕਿਸੇ ਨੇ ਫੋਨ ਚੁੱਕਿਆ ਤਾਂ ਬੇਬਾਕ ਜਿਹੀ ਹੋ ਕੇ ਪੁੱਛਣ ਲੱਗੀ..”ਜੀ ਜਸਦੀਪ ਨਾਲ ਗੱਲ ਹੋ ਸਕਦੀ ਏ”?

“ਹਾਂ ਜੀ ਜਸਦੀਪ..ਮੈਂ ਜਸਦੀਪ ਹੀ ਬੋਲ ਰਿਹਾ ਹਾਂ..ਪਰ ਤੁਸੀਂ ਕੌਣ”?

“ਮੈਂ ਨਵਪ੍ਰੀਤ..ਨਵਪ੍ਰੀਤ ਕੌਰ..ਤੁਸੀਂ ਕੱਲ ਮੈਨੂੰ ਮੇਰੇ ਘਰ ਵੇਖਣ ਆ ਰਹੇ ਓ..ਇਸ ਤੋਂ ਪਹਿਲਾਂ ਕੇ ਤੁਸੀਂ ਅਸਾਡੇ ਘਰ ਆ ਕੇ ਮੇਰੇ ਮਾਪਿਆਂ ਨੂੰ ਖੇਚਲ ਪਾਵੋ..ਕੁਝ ਗੱਲਾਂ ਮੈਂ ਤੁਹਾਨੂੰ ਫੋਨ ਤੇ ਹੀ ਦੱਸ ਦੇਣੀਆਂ ਜਰੂਰੀ ਸਮਝਦੀ ਹਾਂ”

“ਰੰਗ ਬਹੁਤ ਗੋਰਾ ਨਹੀਂ ਬੱਸ ਕਣਕ-ਵੰਨਾ ਈ ਏ..ਕਦ ਪੰਜ ਫੁੱਟ ਦੋ ਇੰਚ..ਅਗਲੇ ਮਹੀਨੇ ਅਠਾਈ ਵਰ੍ਹਿਆਂ ਦੀ ਹੋ ਜਾਵਾਂਗੀ..ਲੋਕਲ ਡੀ.ਸੀ ਆਫਿਸ ਜੂਨੀਅਰ ਡਿਵੀਜਨ ਕਲਰਕ ਦੀ ਨੌਂ ਤੋਂ ਪੰਜ ਵਾਲੀ ਨੌਕਰੀ ਤੇ ਹਾਂ..ਬਾਈ ਹਜਾਰ ਤਨਖਾਹ ਏ..!

ਕੱਲ ਜਾਮਨੀ ਰੰਗ ਦੇ ਸੂਟ ਵਿਚ ਤਿੰਨ ਨੰਬਰ ਕਾਊਂਟਰ ਤੇ ਬੈਠੀ ਹੋਵਾਂਗੀ..ਆ ਕੇ ਦੂਰੋਂ ਝਾਤੀ ਮਾਰ ਲੈਣਾ ਤੇ ਫੇਰ ਸਲਾਹ ਕਰ ਲੈਣੀ ਕੇ ਸਾਡੇ ਘਰੇ ਆਉਣਾ ਕੇ ਨਹੀਂ..ਤੁਹਾਡੇ ਜਾਣ ਮਗਰੋਂ ਮੇਰੇ ਮਾਪੇ ਹਰੇਕ ਐਰੇ-ਗੈਰੇ ਨੂੰ ਸਫਾਈਆਂ ਦਿੰਦੇ ਫਿਰਨ..ਇਹ ਮੈਥੋਂ ਸਹਿਣ ਨਹੀਂ ਹੋਵੇਗਾ..ਹਾਂ ਇੱਕ ਹੋਰ ਗੱਲ..ਅਵਵਲ ਤੇ ਮੈਨੂੰ ਪਤਾ ਏ ਕੇ ਏਨਾ ਕੁਝ ਸੁਣਨ ਮਗਰੋਂ ਤੁਸੀਂ ਕੱਲ ਆਵੋਗੇ ਹੀ ਨਹੀਂ ਤੇ ਜੇ ਆ ਵੀ ਗਏ ਤੇ ਪਸੰਦ-ਨਾਪਸੰਦ ਦਾ ਹੱਕ ਸਿਰਫ ਤੁਹਾਨੂੰ ਹੀ ਨਹੀਂ..ਦੋਵੇਂ ਧਿਰਾਂ ਨੂੰ ਬਰੋਬਰ ਦਾ ਹੋਵੇਗਾ”

ਉਸਨੇ ਮਗਰੋਂ ਲੰਮਾ ਸਾਰਾ ਸਾਹ ਲਿਆ ਤੇ ਛੇਤੀ ਨਾਲ ਫੋਨ ਥੱਲੇ ਪਟਕ ਦਿਤਾ!

ਅਗਲੇ ਦਿਨ ਸ਼ਾਮੀਂ ਕੰਮ ਤੋਂ ਘਰ ਮੁੜੀ ਤਾਂ ਮਾਂ ਆਖਣ ਲੱਗੀ ਕੇ ਓਹਨਾ ਨਹੀਂ ਆਉਣਾ..ਸਿੱਧਾ ਸੁਨੇਹਾ ਹੀ ਭੇਜ ਦਿੱਤਾ ਕੇ ਸਾਨੂੰ ਕੁੜੀ ਪਸੰਦ ਏ..ਜੇ ਤੁਹਾਡੀ ਹਾਂ ਏ ਤਾਂ ਸਿੱਧਾ ਮੰਗਣੀ ਦੀਂ ਤਰੀਕ ਮਿਥ ਲਵਾਂਗੇ”

ਏਨੀ ਗੱਲ ਦੱਸਦੀ ਹੋਈ ਮਾਂ ਹੈਰਾਨ ਸੀ..ਭਲਾ ਕੋਈ ਬਿਨਾ ਵੇਖਿਆ ਕਿੱਦਾਂ ਪਸੰਦ ਕਰ ਸਕਦਾ..!

ਪਰ ਸਕੂਟੀ ਸਟੈਂਡ ਤੇ ਲਾਉਂਦੀ ਹੋਈ ਉਹ ਅੰਦਰੋਂ ਅੰਦਰ ਮੁਸਕੁਰਾ ਰਹੀ ਸੀ ਤੇ ਯਾਦ ਕਰ ਰਹੀ ਸੀ ਕੇ ਕਿੱਦਾਂ ਅੱਜ ਕਿਸੇ ਨੇ ਦੁਪਹਿਰ ਵੇਲੇ ਕਾਊਂਟਰ ਤੇ ਕੰਮ ਕਰਦੀ ਕੋਲ ਆ ਕੇ ਖੰਗੂੜਾ ਮਾਰਿਆਂ..!

ਜਦੋਂ ਪੁੱਛਿਆ ਕੇ ਦੱਸੋ ਕੀ ਕੰਮ ਏ ਤਾਂ ਚਿੱਟਾ ਕੁੜਤਾ ਪਜਾਮਾਂ ਪਾਈ ਜੁਆਨ ਜਿਹਾ ਉਹ ਮੁੰਡਾ ਅੱਗੋਂ ਆਖਣ ਲੱਗਾ ਜੀ ਮੈਂ ਜਸਦੀਪ..”

“ਅੱਛਾ ਤੇ ਮੈਨੂੰ ਦੇਖਣ ਆਏ ਹੋ”?

“ਨਹੀਂ ਜੀ ਆਪਣੇ ਆਪ ਨੂੰ ਦਿਖਾਉਣ ਆਇਆ ਹਾਂ..ਕਿਸੇ ਨੇ ਕੱਲ ਸਖਤ ਸੁਨੇਹਾ ਘੱਲਿਆ ਸੀ ਕੇ ਪਸੰਦ-ਨਾਪਸੰਦ ਦਾ ਹੱਕ ਦੋਨੋ ਪਾਸਿਆਂ ਨੂੰ ਬਰੋਬਰ ਦਾ ਹੋਵੇਗਾ”

ਮਗਰੋਂ ਕੰਟੀਨ ਵਿਚ ਉਸਦੇ ਸਾਮਣੇ ਬੈਠੀ ਹੋਈ ਨੂੰ ਪਤਾ ਹੀ ਨਹੀਂ ਲੱਗਾ..ਘੜੀ ਕੂ ਪਹਿਲਾਂ ਹੀ ਕਾਊਂਟਰ ਤੇ ਮਿਲਣ ਆਇਆ ਲੰਮਾ ਜਿਹਾ ਉਹ “ਜਸਦੀਪ ਸਿੰਘ” ਕਦੋਂ “ਤੁਸੀਂ” ਤੋਂ “ਤੂੰ” ਹੋ ਗਿਆ..!

ਹਰਪ੍ਰੀਤ ਸਿੰਘ ਜਵੰਦਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਸਿਜ਼ਦਾ ਕਾਲਜ ਨੂੰ