(ਸਮਾਜ ਵੀਕਲੀ)- ਬਦਲਣਾ ਸਮੇਂ ਦਾ ਇੱਕ ਨਿਯਮ ਹੈ! ਇਹ ਸ੍ਰਿਸ਼ਟੀ ਵਿੱਚ ਸੰਸਾਰ ਕਦੋਂ ਹੋਂਦ ਵਿੱਚ ਆਇਆ ਹੋਵੇਗਾ ਅਤੇ ਜਦੋਂ ਤੋਂ ਇਹ ਸੰਸਾਰ ਬਣਿਆ ਤਾਂ ਉਦੋਂ ਤੋਂ ਇਸ ਵਿੱਚ ਕੀ ਪ੍ਰਵਿਰਤਨ ਆਏ ਇਹ ਪ੍ਰਵਿਰਤਨ ਕਿਊਂ ਆਏ ਕਦੋਂ ਆਏ। ਇਸ ਦੀ ਹੋਂਦ ਕਦੋਂ ਆਪਣੇ ਅੰਤਿਮ ਚਰਨ ਨੂੰ ਛੂਹ ਸਕੇਗੀ। ਇਹ ਕੋਈ ਨਹੀਂ ਜਾਣਦਾ। ਫੇਰ ਵੀ ਕਿਸੇ ਨਾ ਕਿਸੇ ਮੌੜ ਤੇ ਸਾਨੂੰ “ਆਦਿ” ਸ਼ਬਦ ਦੀ ਮੋਜੂਦਗੀ ਦਾ ਅਹਿਸਾਸ ਜਰੂਰ ਹੁੰਦਾ ਹੈ ਕਿ ਇਹ ਸੰਸਾਰ ਦਾ “ਆਦਿ” ਕਿਸੇ ਨਾ ਕਿਸੇ ਸਮੇਂ ਜਰੂਰ ਆਇਆ ਹੋਵੇਗਾ ਅਤੇ “ਅੰਤ” ਸ਼ਬਦ ਤੋਂ ਪ੍ਰਤੀਤ ਹੁੰਦਾ ਹੈ ਕਿ ਇਸ ਦਾ ਸੰਸਾਰ ਦਾ ਅੰਤ ਵੀ ਨਿਸ਼ਚਤ ਹੈ। ਜੇਕਰ ਹੋਰ ਵੀ ਗਹਿਰਾਈ ਨਾਲ ਸੋਚਿਆ ਜਾਵੇ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਇਹ ਦੋਵੇਂ ਸ਼ਬਦ ‘ਆਦਿ’ ਅਤੇ ‘ਅੰਤ’ ਇਤਿਹਾਸ ਵਿੱਚ ਕਈ ਵਾਰ ਆ ਚੁੱਕੇ ਹੋਣਗੇ।ਕਈ ਬਾਰ ਆਦਿ ਅਤੇ ਕਈ ਅੰਤ ਦੀ ਮਰਿਯਾਦਾ ਆਪਣੇ ਆਪ ਨੂੰ ਪਤਾ ਨਹੀ ਕਿੰਨੀ ਵਾਰ ਦੂਹਰਾ ਚੁੱਕੇ ਹੋਣਗੇ।ਜਿਵੇਂ ਸੰਸਾਰ ਨੂੰ ਨਾ ਤਾਂ ਪੁਖਤਾ ਸਬੂਤ “ਆਦਿ” ਬਾਰੇ ਮਿਲਦੇ ਹਨ ਅਤੇ ਨਾ ਅੰਤ ਬਾਰੇ, ਲੇਕਿਨ ਇਹ ਗੱਲ ਹਰ ਕੋਈ ਮੰਨ ਲੈਂਦਾ ਹੈ ਕਿ ਜਿਸ ਦਾ ਆਦਿ ਹੈ ਉਸ ਦਾ ਅੰਤ ਵੀ ਜਰੂਰ ਹੋਵੇਗਾ।
ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਆਉਣ ਵਾਲੀ 31 ਦਸਬੰਰ ਦੀ ਰਾਤ ਨੂੰ ਪੂਰੇ 12:00 ਵਜੇ ਸਮਾਪਤ ਹੋ ਜਾਵੇਗਾ ਅਤੇ ਇਹ ਵਰ੍ਹਾ ਵੀ ਜਾਣ ਸਮੇਂ ਸਾਡੇ ਨਾਲ ਆਪਣੀਆਂ ਬਹੁਤ ਸਾਰੀਆਂ ਕੋੜੀਆਂ ਯਾਦਾਂ ਛੱਡ ਜਾਵੇਗਾ। ਅਸੀਂ ਆਉਣ ਵਾਲੇ ਸਾਲ ਵਿੱਚ ਇਹੀ ਆਸ ਕਰਦੇ ਹਾਂ ਕਿ ਪਿਛਲੇ ਸਾਲ ਦੀਆਂ ਕੋੜੀਆਂ ਯਾਦਾਂ ਨੂੰ ਭੁਲਾਕੇ ਨਵੀਆਂ ਮਿੱਠੀਆਂ ਅਤੇ ਖੂਬਸੂਰਤ ਯਾਦਾਂ ਨੂੰ ਆਪਣੇ ਮਨ ਵਿੱਚ ਵਸਾ ਕੇ ਆਉਣ ਵਾਲੇ ਸਾਲ ਦਾ ਪੂਰੀਆਂ ਰੀਝਾਂ ਨਾਲ ਸਵਾਗਤ ਕਰਦੇ ਹਾਂ। ਲੇਕਿਨ ਸਮੇਂ ਦੀ ਚਾਲ ਬਾਰੇ ਕਿਸੇ ਨੂੰ ਨਹੀ ਪਤਾ ਕਿ ਆਉਣ ਵਾਲਾ ਸਾਲ ਕੀ ਗੁਲ ਖਿਲਾਉਣ ਵਾਲਾ ਹੈ।ਜੇਕਰ ਅਸੀਂ ਪਿਛਲੇ 2-3 ਸਾਲਾਂ ਵੱਲ ਝਾਤ ਮਾਰੀਏ ਤਾਂ ਸਾਡਾ ਇਹ ਵਹਿਮ ਆਪਣੇ ਆਪ ਭਲੀ ਭਾਂਤ ਦੂਰ ਹੋ ਜਾਂਦਾ ਹੈ, ਕਿਊਂਕਿ ਹਰ ਪੱਲ ਕਿਸੇ ਨਾ ਕਿਸੇ ਕੋੜੀ ਯਾਦ ਨੂੰ ਜਨਮ ਦੇ ਰਿਹਾ ਹੁੰਦਾ ਹੈ। ਕਿਸੇ ਨੂੰ ਕੀ ਪਤਾ ਸੀ ਕਿ ਸਾਲ 2019 ਦਾ 22 ਮਾਰਚ ਇੱਕ ਸਫਾ ਸਾਡੇ ਇਤਿਹਾਸ ਵਿੱਚ ਅਜਿਹਾ ਲਿੱਖ ਜਾਵੇਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਕਰੋਨਾ ਦਾ ਸਮਾਂ ਆਪਣੀ ਯਾਦ ਕਰਵਾਉਂਦਾਂ ਰਹੇਗਾ। ਪਰ ਗੱਲ ਓਹੀ ਜਿਥੋਂ ਸ਼ੁਰੂ ਕੀਤੀ ਗਈ ਸੀ ਕਿ ਬਦਲਾਅ ਸਮੇਂ ਦਾ ਨਿਯਮ ਹੈ!
ਉਸੇ ਆਸ ਨਾਲ ਕਹਿ ਲਈਏ ਜਾਂ ਫੇਰ ਇਹ ਕਹਿ ਲਈਏ ਕਿ ਸਾਡੀ ਮਾਨਸਿਕਤਾ ਇਹੋ ਜਹੀ ਹੈ ਕਿ ਆਉਣ ਵਾਲੇ ਸਾਲ ਦਾ ਅਸੀਂ ਪਲਕਾ ਵਿਛਾ ਕੇ ਸਵਾਗਤ ਕਰਦੇ ਹਾਂ ਅਤੇ ਇਕ ਸੋਚ ਵੀ ਮਨ ਵਿੱਚ ਹੁੰਦੀ ਹੈ ਕਿ ਇਹ ਸਾਲ ਸਾਡੇ ਲਈ ਖੂਸ਼ੀਆ ਭਰਿਆ ਹੋਵੇ। ਇਹ ਹੋਣਾ ਜਰੂਰੀ ਵੀ ਹੈ ਕਿਊਕਿ ਸ਼ਾਇਦ ਇਹੋਂ ਹੀ ਜਿੰਦਗੀ ਜੀਣ ਦਾ ਸਿਹਤਮੰਦ ਪਹਿਲੂ ਹੈ, ਕਿਊਕਿ ਦੁੱਖ ਦੀਆਂ ਯਾਦਾਂ ਨੂੰ ਭੁਲਾ ਕੇ ਹੀ ਸੁੱਖ ਦਾ ਅਹਿਸਾਨ ਮੁਮਕਿਨ ਹੁੰਦਾ ਹੈ। ਇਸ ਸਾਲ ਵਿੱਚ ਕੁੱਝ ਅਜਿਹੇ ਪੱਲ ਆਪਣੇ ਤੇ ਹਢਾਂਉਣੇ ਪਏ ਜੋ ਆਉੇਣ ਵਾਲੇ ਸਮੇਂ ਵਿੱਚ ਯਾਦ ਰੱਖੇ ਜਾਣਗੇ। ਚਾਹੇ ਉਹ ਅਸੀਂ ਕਿਸਾਨ ਅਦੋਲਨ ਦੀ ਗੱਲ ਕਰ ਲਈਏ ਕਿ 368 ਦਿਨ ਦਿੱਲੀ ਵਿੱਚ ਚੱਲਿਆ ਇਹ ਸ਼ੰਘਰਸ਼ ਜਿਥੇ ਜਿੱਤ ਦੀ ਖੂਸ਼ੀ ਵੀ ਦੇ ਕੇ ਗਿਆ ਉਥੇ ਸਾਡੀਆਂ ਸਰਾਕਰਾਂ ਦੀ ਗੰਦੀ ਨਿਤੀ ਨੂੰ ਖੁੱਲੇ ਤੌਰ ਤੇ ਉਜਾਗਰ ਕਰ ਕੇ ਗਿਆ।ਇਸੇ ਸੰਘਰਸ਼ ਵਿੱਚ 750 ਦੇ ਲੱਗਭਗ ਸੰਘਰਸ਼ੀ ਯੋਧੇ ਆਪਣੀਆਂ ਜਾਨਾ ਵਾਰ ਗਏ ਇਹ ਵੀ ਪੱਲ ਉਹ ਹਨ ਜੋ ਜਿੱਤ ਦੀ ਖੂਸ਼ੀ ਦੇ ਨਾਲ ਨਾਲ ਸਾਡੇ ਟੀਸ ਵੀ ਮਾਰਦੇ ਰਹਿਣਗੇ ਕਿ ਆਪਣੇ ਹੱਕ ਲੈਣ ਲਈ ਉਨ੍ਹਾ ਨੂੰ ਆਪਣੀਆ ਜਾਨਾ ਤੱਕ ਵਾਰਨੀਆਂ ਪਈਆ।ਇਸੇ ਸਾਲ ਕਰੋਨਾ ਦੀ ਦੂਜੀ ਲਹਿਰ ਨੇ ਵੀ ਮਨ ਨੂੰ ਕਾਫੀ ਵਿਚਲਤ ਕੀਤਾ।
ਇਨ੍ਹਾ ਘਟਨਾਵਾਂ ਦਾ ਦੁੱਖ ਸਾਨੂੰ ਕਿਤੇ ਨਾ ਕਿਤੇ ਸਾਨੂੰ 2022 ਵਿੱਚ ਵੀ ਦੁੱਖੀ ਕਰਦਾ ਰਹੇਗਾ।ਕਿਊਕਿ ਕਿੰਨੇ ਹੀ ਪਰਿਵਾਰ ਇਨ੍ਹਾਂ ਘਟਨਾਵਾਂ ਨਾਲ ਸਬੰਧਿਤ ਹੋਣਗੇ।ਉਨ੍ਹਾਂ ਨਾਲ ਕੀ ਬੀਤੇਗੀ?ਇਹ ਤਾਂ ਹਾਲੇ ਵੇਖਿਆ ਜਾਣਾ ਹੈ, ਪ੍ਰੰਤੂ ਕਹਿੰਦੇ ਹਨ ਕਿ ਸਮਾਂ ਹਰੇਕ ਦਰਦ ਦੀ ਦਵਾ ਹੈ ਸਮਾਂ ਇਨ੍ਹਾਂ ਜਖਮਾਂ ਤੇ ਮਲ੍ਹਮ ਲਗਾ ਹੀ ਦਿਏਗਾ ਤੇ ਅਸੀਂ ਇਨ੍ਹਾਂ ਘਟਨਾਵਾਂ ਨੂੰ ਹੋਰਨਾ ਘਟਨਾਵਾਂ ਵਾਂਗ ਭੁੱਲ ਜਾਵਾਂਗੇ।
ਦੋਸਤੋ ਇਸ ਨਵੇਂ ਵਰ੍ਹੇ ਦੀ ਆਮਦ ਨਾਲ ਆਪ ਸਭ ਨੂੰ ਰਾਜੀ ਖੁਸ਼ੀ ਦਾ ਅਹਿਸਾਸ ਜਰੂਰ ਹੋ ਰਿਹਾ ਹੋਵੇਗਾ।ਇਸ ਲਈ ਸਾਰੇ ਹੀ ਬੀਤੇ ਵਰ੍ਹੇ ਦੇ ਕੋਝੇ ਰੂਪ ਅਣਡਿੱਠ ਕਰਕੇ ਖੁਸ਼ੀ ਦੇ ਨਰੋਏ ਪਲਾਂ ਵਿੱਚ ਸ਼ਰੀਕ ਹੋਣਾ ਮਨਾਸਬ ਸਮਝ ਰਹੇ ਹਾਂ।ਕਿਊਕਿ ਅਸੀਂ ਨਹੀ ਜਾਣਦੇ, ਕਿ ਕਿਸ ਸਮੇਂ ਵਿੱਚ ਕਿਨ੍ਹਾਂ ਦੁੱਖ ਹੈ ਅਤੇ ਕਿੰਨ੍ਹਾਂ ਸੁੱਖ! ਸਮਾਂ ਹੀ ਕੇਵਲ ਵੇਖਦਾ ਹੈ, ਪ੍ਰੰਤੂ ਬੋਲਦਾ ਨਹੀ।
ਇਸ ਲਈ ਅਸੀਂ ਆਪਣੀਆ ਸੋਚਾ ਨੂੰ ਵਿਸ਼ਾਲ ਬਣਾ ਕੇ ਆਉਣ ਵਾਲੇ ਸਾਲ ਦਾ ਸਵਾਗਤ ਕਰੀਏ ਤੇ ਸੰਸਾਰ ਨੂੰ ਇਕ ਵਧੀਆ ਦੇਣ ਦਾਈਏ, ਤਾਂ ਜੋ ਇਸ ਸੰਸਾਰ ਤੇ ਕੇਵਲ ਪ੍ਰੀਤ, ਪਿਆਰ ਅਤੇ ਮਾਨਵਤਾ ਵਾਲੇ ਸੰਸਾਰ ਦੀ ਸਥਾਪਨਾ ਹੋਵੇ।ਜਿਸ ਨਾਲ ਸਾਨੂੰ ਇਸ ਤਰ੍ਹਾਂ ਲੱਗੇ ਕਿ ਸਾਡੀ ਜਿੰਦਗੀ ਦਾ ਹਰ ਪਲ ਨਵਾਂ ਹੈ, ਅਤੇ ਹਰ ਆਉਣ ਵਾਲੇ ਪਲ ਵਿੱਚ ਖੁਸ਼ੀਆਂ।
ਲੇਖਕ-ਸੰਦੀਪ ਰਾਣਾ ਬੁਢਲਾਡਾ
ਪਤਾ:-ਨੇੜੇ. ਬੀ.ਡੀ.ਪੀ.ਓ ਦਫਤਰ
ਬੁਢਲਾਡਾ(ਮਾਨਸਾ)
151502
ਮੋਬਾਇਲ ਨੰਬਰ:98884-58127
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly