ਪਾਣੀ ਦੇ ਰੰਗ

(ਸਮਾਜ ਵੀਕਲੀ)

ਨਾਜਰ ਦੀ ਦੋ ਕਿੱਲੇ ਨਰਮੇ ਦੀ ਫ਼ਸਲ ਤਾਂ ਪਹਿਲਾਂ ਹੀ ਗੁਲਾਬੀ ਸੁੰਡੀ ਨੇ ਖ਼ਰਾਬ ਕਰ ਦਿੱਤੀ।ਪਰ ਜਿਹੜੀ ਮਾੜੀ ਮੋਟੀ ਬਚੀ ਸੀ ਉਹ ਬੇਮੌਸਮੇ ਪਏ ਭਾਰੀ ਮੀਂਹ ਨੇ ਡੋਬ ਦਿੱਤੀ ਸੀ।ਸਾਲ ਭਰ ਦੀ ਕਮਾਈ ਪਾਣੀ ਵਿੱਚ ਡੁੱਬੀ ਹੋਣ ਕਰਕੇ ਨਾਜਰ ਹਰ ਵੇਲੇ ਚਿੰਤਾ ਵਿੱਚ ਡੁਬਿਆ ਰਹਿਣ ਲੱਗ ਪਿਆ ਸੀ। ਉੱਧਰ ਜਦੋਂ ਦੀ ਮੀਂਹ ਨੇ ਫ਼ਸਲ ਖ਼ਰਾਬ ਕੀਤੀ ਸੀ ਤਾਂ ਯੂਨੀਅਨ ਵਾਲੇ ਵੀ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ ਨੂੰ ਲਾਮਬੰਦ ਕਰ ਰਹੇ ਸਨ।

ਅੱਜ ਆਥਣੇ ਵੀ ਸਪੀਕਰ ‘ਚ ਵੀ ਬੋਲਿਆ ਗਿਆ ਸੀ ਕਿ ਕੱਲ੍ਹ ਨੂੰ ਸ਼ਹਿਰ ਵਾਲੇ ਚੌਂਕ ਵਿੱਚ ਸਰਕਾਰ ਵਿਰੁੱਧ ਧਰਨਾ ਦੇਣਾ ਹੈ। ਦੂਜੇ ਦਿਨ ਨਾਜਰ ਵੀ ਪਿੰਡ ਦੇ ਹੋਰ ਕਿਸਾਨਾਂ ਨਾਲ ਰਲ਼ ਕੇ ਸ਼ਹਿਰ ਧਰਨੇ ਵਿੱਚ ਚਲਾ ਗਿਆ ਸੀ। ਸ਼ਹਿਰ ਦੇ ਚੌਂਕ ਵਿੱਚ ਲੱਗੇ ਧਰਨੇ ਵਾਲੀ ਸਟੇਜ ਤੋਂ ਵਾਰੋ ਵਾਰੀ ਬੁਲਾਰੇ ਬੋਲ ਰਹੇ ਸਨ। ਕੋਈ ਕਹਿ ਰਿਹਾ ਸੀ ਕਿ ਅਸੀਂ ਵਰਲਡ ਬੈਂਕ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਵਰਲਡ ਬੈਂਕ ਇਨ੍ਹਾਂ ਸਰਕਾਰਾਂ ਜ਼ਰੀਏ ਸਾਡੇ ਪਾਣੀਆਂ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।

ਕੋਈ ਹੋਰ ਕਹਿ ਸੀ ਕਿ ਇਹ ਜੋ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਉਸਦਾ ਜ਼ਿੰਮੇਵਾਰ ਵੀ ਵਰਲਡ ਬੈਂਕ ਹੀ ਹੈ। ਬੁਲਾਰਿਆਂ ਦੀਆਂ ਗੱਲਾਂ ਨਾਜਰ ਨੂੰ ਸਮਝ ਨਹੀਂ ਲੱਗ ਰਹੀਆਂ ਸਨ ਇਸ ਲਈ ਉਸਨੇ ਆਪਣੇ ਕੋਲ ਬੈਠੇ ਮੇਜਰ ਨੂੰ ਕਿਹਾ,”ਮੇਜਰਾ ਇਹ ਕਿਹੜੇ ਪਾਣੀ ਦੀ ਗੱਲ ਕਰ ਰਹੇ ਹਨ ਜਿਹੜੇ ਤੇ ਵਰਡ ਬੈਂਕ ਕਬਜ਼ਾ ਕਰ ਰਿਹਾ ਹੈ”?

ਯਾਰ ਆਪਣੇ ਖੇਤਾਂ ਵਿੱਚ ਤਾਂ ਲੱਕ ਲੱਕ ਉੱਚਾ ਪਾਣੀ ਖੜ੍ਹਾ ਹੈ ਉਹਦੀ ਤਾਂ ਇਹ ਗੱਲ ਨਹੀਂ ਕਰ ਰਹੇ ਹਨ। ਬਾਕੀ ਯਾਰ ਆਹ ਵਰਲਡ ਬੈਂਕ ਵਾਲਿਆਂ ਨੂੰ ਆਪਾਂ ਸਾਰੇ ਕੱਠੇ ਹੋ ਕੇ ਮਿਲ ਲੈਂਦੇ ਹਾਂ ਕਿ ਉਹ ਕੀ ਚਾਹੁੰਦੇ ਹਨ ਉਹ ਕਿਉਂ ਕਿਸਾਨਾਂ ਨੂੰ ਬਰਬਾਦ ਕਰ ਰਹੇ ਹਨ?ਬਾਈ ਮੈਨੂੰ ਤਾਂ ਆਪ ਨੀ ਸਮਝ ਆ ਰਹੀ ਹੈ ਕਿ ਇਹ ਕੀ ਗੱਲਾਂ ਕਰ ਰਹੇ ਹਨ ਮੇਜਰ ਨੇ ਉਸ ਵੱਲ ਮੂੰਹ ਕਰਦਿਆਂ ਕਿਹਾ। ਚੰਗਾ ਚੱਲ ਯਾਰ ਚਾਹ ਪੀਂਦੇ ਹਾਂ ਦੋਵੇਂ ਜਣੇ ਉੱਠ ਕੇ ਧਰਨੇ ਦੇ ਪਿੱਛੇ ਲੱਗੇ ਚਾਹ ਦੇ ਲੰਗਰ ਵੱਲ ਤੁਰ ਪੈਂਦੇ ਹਨ।

ਮਨਜੀਤ ਮਾਨ
ਪਿੰਡ ਸਾਹਨੇਵਾਲੀ (ਮਾਨਸਾ)
ਮੋਬਾਈਲ 7009898044

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਮਾ ਧਰਮਾ ਭਾਈ ਭਾਈ
Next articleਜ਼ੋਨ ਨੰਬਰ-12 ਲੜਕੀਆਂ ਦੀਆਂ ਅਥਲੈਟਿਕਸ ਖੇਡਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਸਫਲਤਾ ਪੂਰਵਕ ਸੰਪੰਨ