(ਸਮਾਜ ਵੀਕਲੀ)
ਜੰਗ ਨਹੀਂ ਅਮਨ…..
ਜੰਗ ਨਹੀਂ ਅਮਨ ਚਾਹੁੰਦੇ ਨੇ…
ਹਰ ਦੇਸ਼ ਦੇ ਨਾਗਰਿਕ ਸੱਜਣਾ..!
ਜੰਗ ਨਹੀਂ… ਅਮਨ ਚਾਹੁੰਦੇ ਨੇ
ਨਾ ਦਹਿਸ਼ਤਗਰਦਾਂ ਦੁਖ ਸਹਿਣੇ ਨੇ
ਨਾ ਨੇਤਾਵਾਂ ਦੇ ਵਾਲ ਵਿੰਗੇ ਹੋਣੇ ਨੇ
ਅਮੀਰਾਂ ਤੇ ਰਜਵਾੜਿਆਂ ਦੇ ਉੱਤੇ ਵੀ
ਇਹਨਾਂ ਜੰਗਾਂ ਦੇ ਅਸਰ ਨਹੀਂ ਹੋਣੇ ਨੇ
ਸਭ ਦੇ ਬਿਜ਼ਨਸ ਚੱਲਣੇ ਨੇ
ਮਹਿੰਗਾਈ ਨੇ ਲੋਕ ਮਿਧਣੇ ਨੇ
ਸਾਡੇ ਹੀ ਘਰ ਕੁਲੇ ਢਹਿਣੇ ਨੇ
ਸਾਡੇ ਹੀ ਬਾਲ ਪਿਆਰੇ ਰੁਲਣੇ ਨੇ
ਸਾਡੇ ਹੀ ਰੁਜ਼ਗਾਰ ਖੁਸਣੇ ਨੇ
ਇੱਥੇ ਜੰਗ ਨਹੀਂ ਅਮਨ ਚਾਹੁੰਦੇ ਨੇ……
ਇਧਰ ਤੇ ਉਧਰ ਦੇ ਜੋ ਆਮ ਲੋਕੀਂ ਨੇ
ਉਹ ਤਾਂ ਜੰਗ ਦੇ ਨਾ ਹੱਕ ਵਿੱਚ ਨੇ
ਲੋਕਾਂ ਦੀਆਂ ਮੁਸ਼ਕਿਲਾਂ ਇੱਕੋ ਨੇ
ਸਭ ਲੋਕਾਂ ਦੇ ਦਿਲ ਸਾਫ਼ ਸੁਥਰੇ ਨੇ
ਇੱਕ ਦੂਜੇ ਨੂੰ ਮੁਹੱਬਤ ਕਰਦੇ ਨੇ
ਇਹ ਗੋਲੀਆਂ ਤੋਂ ਡਰਦੇ ਨੇ
ਆਪਣਿਆਂ ਦੀਆਂ ਲਾਸ਼ਾਂ ਵੇਖ ਕੇ
ਇਹ ਜਿਉਂਦੇ ਲਾਸ਼ਾਂ ਬਣ ਜਾਣੇ ਨੇ
ਮਸਾਂ ਹੀ ਦੁੱਖ ਚੋਂ ਉਠੇ ਨੇ
ਅਜੇ ਤਾਂ 47 ਵੀ ਨਹੀਂ ਭੁੱਲੇ ਨੇ
65-71 ਦੇ ਜ਼ਖ਼ਮ ਵੀ ਤਾਂ ਅੱਲ੍ਹੇ ਨੇ
ਵੰਡੀਆਂ ਪੈ ਜਾਂਦੀਆਂ ਸਾਡੀਆਂ ਨੇ
ਸਾਡੇ ਹੀ ਘਰ ਉਜੜਦੇ ਨੇ
ਇੱਥੇ ਜੰਗ ਨਹੀਂ ਅਮਨ ਚਾਹੁੰਦੇ ਨੇ……
ਰਾਜ ਕਰਨ ਲਈ ਹਾਕਮ ਨੇ
ਸਾਡੇ ਦਰਦ ਕਿਸੇ ਨਾ ਜਾਣੇ ਨੇ
ਇੱਥੇ ਹਉਮੈਂ ਦੇ ਸਭ ਤਾਣੇ ਬਾਣੇ ਨੇ
ਧਰਤੀ ਸਾਡਾ ਹੀ ਖ਼ੂਨ ਕਿਉਂ ਮੰਗਦੀ ਹੈ
ਸਾਡੇ ਘਰਾਂ ‘ਤੇ ਹੀ ਕਿਉਂ ਡਾਕੇ ਪੈਂਦੇ ਨੇ?
ਸਾਫ਼ ਤੇ ਕਿਰਤੀ ਲੋਕਾਂ ਨੂੰ
ਦਰਦ ਕਿਉਂ ਸਹਿਣੇ ਪੈਂਦੇ ਨੇ?
ਇੱਥੇ ਜੰਗ ਨਹੀਂ ਅਮਨ ਚਾਹੁੰਦੇ ਨੇ…..
ਸਾਡੇ ਵੀ ਕੁਝ ਕੁ ਸੁਪਨੇ ਨੇ
ਜੋ ਅਕਸਰ ਹੀ ਰੁਲ ਜਾਂਦੇ ਨੇ
ਵਿਸ਼ਵ ਸ਼ਾਂਤੀ ਸੰਗਠਨ ਵੀ ਬਣਾਏ ਨੇ
ਕੋਈ ਵੀ ਲੋਕਾਂ ਦੇ ਹੱਕ ਵਿੱਚ ਨਾ ਆਏ ਨੇ
ਇਹ ਸਭ ਦਿਖਾਵੇ ਕਿਉਂ ਕਰਦੇ ਨੇ?
ਜੇ ਆਮ ਲੋਕੀਂ ਹੀ ਮਰਨੇ ਨੇ….
ਪੰਜ ਤਾਰਾ ਹੋਟਲਾਂ ਵਿੱਚ ਕੁਰਸੀਆਂ ‘ਤੇ ਬਹਿ ਕੇ
ਕਦ ਆਮ ਲੋਕਾਂ ਦੇ ਹੱਕ ਵਿੱਚ ਫ਼ੈਸਲੇ ਹੁੰਦੇ ਨੇ
ਇਹਨਾਂ ਦੀਆਂ ਮੁਸ਼ਕਿਲਾਂ ਕੋਈ ਨਾ ਸੁਣਦੇ ਨੇ
ਇਧਰ ਮਰਨੇ ਜਾਂ ਉਧਰ ਮਰਨੇ ਨੇ…
ਘਰ ਸਾਡੇ ਹੀ ਤਾਂ ਸੜਨੇ ਨੇ
ਉ ਬੰਦ ਕਰੋ ਹਾਕਮੋ ਇਹਨਾਂ ਜੰਗਾਂ ਨੂੰ
ਇੱਥੇ ਜੰਗ ਨਹੀਂ ਅਮਨ ਚਾਹੁੰਦੇ ਨੇ।
ਇੱਥੇ ਜੰਗ ਨਹੀਂ ਅਮਨ ਚਾਹੁੰਦੇ ਨੇ।
ਪਰਵੀਨ ਕੌਰ ਸਿੱਧੂ



