HOME ਅਧਿਆਪਕਾਂ ਦੀ ਘਾਟ/ ਮਿੰਨੀ ਕਹਾਣੀ

ਅਧਿਆਪਕਾਂ ਦੀ ਘਾਟ/ ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ

  (ਸਮਾਜ ਵੀਕਲੀ)   ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਦੋ ਅਧਿਆਪਕ ਪਿਛਲੇ ਸਾਲ ਸੇਵਾ ਮੁਕਤ ਹੋ ਗਏ ਸਨ ਅਤੇ ਦੋ ਅਧਿਆਪਕ ਪਦ ਉੱਨਤ ਹੋ ਕੇ ਸਕੂਲ ਵਿੱਚੋਂ ਚਲੇ ਗਏ ਸਨ। ਇਸ ਤਰ੍ਹਾਂ ਸਕੂਲ ਵਿੱਚ ਚਾਰ ਅਧਿਆਪਕਾਂ ਦੀਆਂ ਪੋਸਟਾਂ ਪਿਛਲੇ ਸਾਲ ਤੋਂ ਖਾਲੀ ਪਈਆਂ ਸਨ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸਕੂਲ ਮੁਖੀ ਨੇ ਪਿੰਡ ਦੇ ਐੱਨ.ਆਰ. ਆਈ. ਵੇਦ ਪ੍ਰਕਾਸ਼ ਨੂੰ ਆਪਣੇ ਦਫਤਰ ਵਿੱਚ ਸੱਦਿਆ, ਜੋ ਕਿ ਕੁਝ ਦਿਨ ਪਹਿਲਾਂ ਇੰਗਲੈਂਡ ਤੋਂ ਆਇਆ ਸੀ। ਦੋ ਸਾਲ ਪਹਿਲਾਂ ਉਸ ਨੇ ਸਕੂਲ ਦੇ ਬੱਚਿਆਂ ਲਈ ਦੋ ਯੂਰਿਨਲਜ਼ ਅਤੇ ਇਕ ਕਲਾਸ ਰੂਮ ਬਣਵਾ ਕੇ ਦਿੱਤੇ ਸਨ। ਸਕੂਲ ਮੁਖੀ ਨੇ ਪਿੰਡ ਦੇ ਸਰਪੰਚ ਹਰਦੀਪ ਸਿੰਘ ਅਤੇ ਆਪਣੇ ਸਕੂਲ ਦੇ ਅਧਿਆਪਕ ਬਲਦੇਵ ਕ੍ਰਿਸ਼ਨ ਨੂੰ ਵੀ ਆਪਣੇ ਦਫਤਰ ਵਿੱਚ ਸੱਦ ਲਿਆ ਤਾਂ ਜੋ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਸੋਚ, ਵਿਚਾਰ ਕੀਤੀ ਜਾ ਸਕੇ। ਐੱਨ.ਆਰ.ਆਈ.ਵੇਦ ਪ੍ਰਕਾਸ਼ ਨੇ ਸਕੂਲ ਮੁਖੀ ਨੂੰ ਆਖਿਆ,” ਤੁਸੀਂ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਦੋ ਅਧਿਆਪਕ ਰੱਖ ਲਓ। ਮੈਂ ਉਨ੍ਹਾਂ ਲਈ ਹਰ ਮਹੀਨੇ ਬਾਰਾਂ, ਬਾਰਾਂ ਹਜ਼ਾਰ ਰੁਪਏ ਤੁਹਾਨੂੰ ਭੇਜ ਦਿਆ ਕਰਾਂਗਾ।” ਸਰਪੰਚ ਹਰਦੀਪ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਖਿਆ,” ਵੇਦ ਪ੍ਰਕਾਸ਼ ਜੀ, ਉਨ੍ਹਾਂ ਅਧਿਆਪਕਾਂ ਦਾ ਕੀ ਕਰੀਏ ਜਿਹੜੇ ਕਿਸੇ ਨਾ ਕਿਸੇ ਬਹਾਨੇ ਰੋਜ਼ ਛੁੱਟੀ ਤੇ ਰਹਿੰਦੇ ਆ। ਜੇ ਸਕੂਲੇ ਆ ਜਾਂਦੇ ਆ, ਤਾਂm ਕਲਾਸਾਂ ਛੱਡ ਕੇ ਟੈਲੀਫੋਨ ਸੁਣੀ ਜਾਂਦੇ ਆ। ਬੱਚਿਆਂ ਨੂੰ ਕੋਈ ਅੱਖਰ ਪੜ੍ਹਾ ਕੇ ਰਾਜ਼ੀ ਹੀ ਨਹੀਂ।” ਅਧਿਆਪਕ ਬਲਦੇਵ ਕ੍ਰਿਸ਼ਨ ਨੂੰ ਸਰਪੰਚ ਹਰਦੀਪ ਸਿੰਘ ਦੀਆਂ ਇਹ ਗੱਲਾਂ ਬੜੀਆਂ ਚੁਭੀਆਂ। ਉਹ ਤੁਰੰਤ ਬੋਲ ਉੱਠਿਆ,” ਦੇਖੋ ਜੀ,ਮੈਂ ਆਪਣੀ ਛੁੱਟੀ ਲੈਨਾਂ। ਫਰਲੋ ਤੇ ਨ੍ਹੀ ਜਾਂਦਾ।”  ” ਛੁੱਟੀ ਤਾਂ ਤੁਸੀਂ ਆਪਣੀ ਲੈਂਦੇ ਹੋ, ਪਰ ਜਿਹੜਾ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ, ਉਸ ਨੂੰ ਕੌਣ ਪੂਰਾ ਕਰੇ? ਆਪਣੇ ਬੱਚੇ ਤੁਸੀਂ ਪਬਲਿਕ ਸਕੂਲਾਂ ਵਿੱਚ ਲਾਏ ਹੋਏ ਆ। ਦੂਜੇ ਪਾਸੇ ਸਰਕਾਰ ਨੇ ਅਧਿਆਪਕਾਂ ਦੀਆਂ ਤਨਖਾਹਾਂ ਕਵੱਲੀਆਂ ਵਧਾ ਦਿੱਤੀਆਂ ਆਂ।” ਅਧਿਆਪਕ ਬਲਦੇਵ ਕ੍ਰਿਸ਼ਨ ਨੂੰ ਸਰਪੰਚ ਹਰਦੀਪ ਸਿੰਘ ਦੀਆਂ ਇਨ੍ਹਾਂ ਗੱਲਾਂ ਦਾ ਕੋਈ ਜਵਾਬ ਨਾ ਆਇਆ ਤੇ ਉਹ ਚੁੱਪ ਕਰਕੇ  ਸਰਪੰਚ ਹਰਦੀਪ ਸਿੰਘ ਦੇ ਮੂੰਹ ਵੱਲ ਵੇਖਦਾ ਰਿਹਾ।

ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ ਕੇਨਾਲ ਰੋਡ ਨਵਾਂ ਸ਼ਹਿਰ-144514
ਫੋਨ    -9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੰਗ ਨਹੀਂ ਅਮਨ…..
Next articleਪੰਜਾਬ ਜੰਗ ਨਹੀਂ ਚਾਹੁੰਦਾ ਜੰਗ ਗੁਜਰਾਤ ਬਾਰਡਰ ਉੱਤੇ ਲੜੀ ਜਾਵੇ-ਸਿਮਰਨਜੀਤ ਸਿੰਘ ਮਾਨ