HOME ਪਾਣੀ ਲਈ ਯੁੱਧ ਨਹੀ, ਬੁੱਧ ਫੂਲੇ ਰਵਿਦਾਸ ਅੰਬੇਡਕਰ ਦਾ ਰਾਹ ਅਪਨਾਉਣ ਦੀ...

ਪਾਣੀ ਲਈ ਯੁੱਧ ਨਹੀ, ਬੁੱਧ ਫੂਲੇ ਰਵਿਦਾਸ ਅੰਬੇਡਕਰ ਦਾ ਰਾਹ ਅਪਨਾਉਣ ਦੀ ਲੋੜ

2
ਐਸ ਐਲ ਵਿਰਦੀ ਐਡਵੋਕੇਟ 
ਐਸ ਐਲ ਵਿਰਦੀ ਐਡਵੋਕੇਟ 
   (ਸਮਾਜ ਵੀਕਲੀ)    ਪਾਣੀ ਕੁਦਰਤ ਦਾ ਇਕ ਮਹੱਤਵਪੂਰਨ ਉਪਕਾਰ ਸਾਧਨ ਹੈ। ਪ੍ਰਾਣੀ ਜੀਵਨ, ਚਾਹੇ ਉਹ ਮਨੁੱਖ, ਬਨਸਪਤੀ, ਜਾਨਵਰ ਤੇ ਜਨੌਰ ਹੋਵੇ ਲਈ ਇਕ ਜਰੂਰੀ ਤੱਤ ਹੈ। ਧਰਤੀ ਦਾ 71 ਪ੍ਰਤੀਸ਼ਤ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ। ਮਨੁੱਖੀ ਸਰੀਰ ਦੇ ਕੁੱਲ ਭਾਰ ਦਾ 60 ਪ੍ਰੀਸ਼ਤ ਭਾਗ ਪਾਣੀ ਹੈ। ਪਾਣੀ-ਪੀਣ, ਖਾਣਾ ਬਨਾਉਣ, ਨਹਾਉਣ, ਕੱਪੜੇ ਧੋਣ, ਬਰਤਨ ਧੋਣ, ਬਨਸਪਤੀ,ਫਸਲਾਂ ਨੂੰ ਪਾਲਣ, ਬਿਲਡਗਾਂ ਨੂੰ ਬਨਾਉਣ ਆਦਿ ਸੈਂਕੜੇ ਕੰਮਾਂ ਵਿਚ ਵਰਤਿਆ ਜਾਂਦਾ ਹੈ। ਕਿਉਕਿ ਪਾਣੀ ਜੀਵਨ ਲਈ ਜਰੂਰੀ ਹੈ ਇਸ ਲਈ ਪਾਣੀ ਲਈ ਪ੍ਰਾਚੀਨ ਕਾਲ ਤੋਂ ਹੀ ਜੰਗਾਂ ਤੇ ਯੁੱਧ ਹੁੰਦੇ ਆਏ ਹਨ।
ਭਾਰਤ ਵਿਚ ਇਕ ਸ਼ਾਕਯ ਵੰਸ ਦਾ ਰਾਜਾ ਸਿਸੋਧਨ ਸੀ, ਸ਼ਾਕਯ ਰਾਜ ਦੇ ਨਾਲ ਹੀ ਕੋਲੀਆ ਵੰਸ਼ ਦਾ ਰਾਜ ਲਗਦਾ ਸੀ। ਰੋਹਿਣੀ ਨਾਂ ਦੀ ਨਦੀ, ਦੋਹਾਂ ਰਾਜਾਂ ਦੇ ਵਿਚਕਾਰ ਦੀ ਵਹਿੰਦੀ ਸੀ। ਨਦੀ ਦੇ ਪਾਣੀ ਦੀ ਵੰਡ ਤੋਂ ਹਰ ਫਸਲ ਉਤੇ ਦੋਹਾਂ ਰਾਜਾਂ ਦਾ ਝਗੜਾ ਹੁੰਦਾ ਕਿ ਪਾਣੀ ਦਾ ਪਹਿਲਾਂ ਕੌਣ ਤੇ ਕਿੰਨਾ ਇਸਤੇਮਾਲ ਕਰੇਗਾ। ਇਕ ਵਾਰ ਇਹ ਝਗੜਾ ਗੰਭੀਰ ਰੂਪ ਧਾਰ ਗਿਆ। ਦੋਹਾਂ ਰਾਜਾਂ ਨੇ ਇਹ ਫੈਸਲਾ ਕਰ ਲਿਆ ਕਿ ਹਰ ਸਾਲ ਦਾ ਇਹ ਝਗੜਾ ਕਿਉਂ ਨਾ ਯੁੱਧ ਰਾਹੀਂ ਸਦਾ ਵਾਸਤੇ ਹੱਲ ਕਰ ਲਿਆ ਜਾਵੇ।
ਸ਼ਾਕਯ ਦੇ ਸੈਨਾਪਤੀ ਨੇ ਕੋਲੀਆਂ ਦੇ ਖਿਲਾਫ ਯੁੱਧ ਛੇੜਨ ਦਾ ਮਤਾ ਪਾਸ ਕਰਾਉਣ ਲਈ, ਸ਼ਾਕਯ ਸੰਘ (ਪਾਰਲੀਮੈਂ) ਦੀ ਇਕ ਮੀਟਿੰਗ ਬੁਲਾਈ। ਸੈਨਾਪਤੀ ਨੇ ਯੁੱਧ ਛੇੜਨ ਦਾ ਮਤਾ ਰੱਖਿਆ। ਰਾਜਾ ਸਿਸੋਧਨ ਦੇ ਪੁੱਤਰ ਸਿਧਾਰਥ ਗੌਤਮ ਨੇ ਯੁੱਧ ਦੇ ਮਤੇ   ਦਾ ਵਿਰੋਧ ਕੀਤਾ। ਉਸ ਕਿਹਾ ਕਿ ਪਾਣੀ ਦਾ ਮਾਮਲਾ ਦੋਹਾਂ ਧਿਰਾਂ ਦੁਆਰਾ ਸਲਾਹ ਮਸ਼ਵਰੇ ਰਾਹੀਂ ਹੱਲ ਹੋਣਾ ਚਾਹੀਦਾ ਹੈ। ਸਿਧਾਰਥ ਗੌਤਮ ਨੇ ਸੁਝਾਅ ਦਿੱਤਾ ਕਿ ਇਕ ਪੰਜ ਮੈਂਬਰੀ ਪੰਚਾਇਤ ਬਣਾ ਕੇ ਕੋਲੀਆਂ ਨਾਲ ਪਾਣੀ ਦੇ ਝਗੜੇ ਦਾ ਨਿਪਟਾਰਾ ਕਰ ਲਿਆ ਜਾਵੇ ਕਿਉਕਿ ਸ਼ਾਕਯ ਤੇ ਕੋਲੀਆਂ ਆਪਸ ਵਿਚ ਨਜ਼ਦੀਕੀ ਰਿਸ਼ਤੇਦਾਰ ਹਨ। ਇਸੀ ਲਈ ਯੁੱਧ ਕਰਕੇ ਖੂਨ ਖਰਾਬਾ ਕਰਨਾ ਕੋਈ ਸਿਆਣਪ ਨਹੀਂ ਹੈ।
ਸੈਨਾਪਤੀ ਨੇ ਕਿਹਾ, ‘‘ਕਸ਼ੱਤਰੀ ਦਾ ਧਰਮ, ਯੁੱਧ ਕਰਨਾ ਹੈ, ਇਹ ਸ਼ਾਸ਼ਤਰਾਂ ਦੀ ਆਗਿਆ ਹੈ।’’ ਸਿਧਾਰਥ ਕਿਹਾ, ‘‘ਧਰਮ ਤਾਂ ਇਸ ਗੱਲ ਵਿੱਚ ਹੈ ਕਿ ਵੈਰ ਕਦੇ ਵੈਰ ਨਾਲ ਖਤਮ ਨਹੀਂ ਹੁੰਦਾ, ਇਹ ਤਾਂ ਮਿਤ੍ਰਤਾ ਨਾਲ ਹੀ ਖਤਮ ਹੁੰਦਾ ਹੈ।’’ ਸੈਨਾਪਤੀ ਨੇ ਡਟ ਕੇ ਸਿਧਾਰਥ ਦਾ ਵਿਰੋਧ ਕਰਦਿਆਂ ਕਿਹਾ, ‘‘ਯੁੱਧ ਵਿਚ ਕਸ਼ੱਤਰੀਆਂ ਲਈ ਕੋਈ ਆਪਣਾ ਪਰਾਇਆ ਨਹੀਂ। ਆਪਣੇ ਹੱਕ ਲਈ ਲੜਨਾ ਹੀ ਕਸ਼ੱਤਰੀਆਂ ਦਾ ਧਰਮ ਹੈ।’’
ਮਤੇ ਦੇ ਪੱਖ ਅਤੇ ਵਿਰੋਧ ਵਿਚ ਵੋਟਾਂ ਪਈਆਂ। ਬਹੁ-ਗਿਣਤੀ ਵੋਟ ਯੁੱਧ ਛੇੜਨ ਦੇ ਹੱਕ ਵਿਚ ਪਏ। ਪਰ ਸਿਧਾਰਥ ਗੌਤਮ  ਯੁੱਧ ਦੇ ਵਿਰੋਧ ਵਿਚ ਅੜੇ ਰਹੇ। ਸੈਨਾਪਤੀ ਨੇ ਸ਼ਾਕਯ ਸੰਘ (ਪਾਰਲੀਮੈਂਟ) ਦੇ ਨੇਮਾਂ ਦਾ ਉਲੰਘਣ ਕਰਨ ਦੇ ਦੋਸ਼ ਵਿਚ, ਸਿਧਾਰਥ ਨੂੰ ਸਜ਼ਾ ਦੇਣ ਲਈ ਤਿੰਨ ਸਜਾਵਾਂ ਰੱਖਦਿਆ ਕਿਹਾ, ‘‘1. ਸਿਧਾਰਥ ਯੁੱਧ ਵਿਚ ਹਿੱਸਾ ਲੈ ਸਕਦਾ ਹੈ। 2.ਸਿਧਾਰਥ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਸਮਾਜਿਕ ਬਾਈਕਾਟ ਤੇ ਜਾਇਦਾਦ ਜਬਤ ਕਰਾਵਾ ਸਕਦਾ ਹੈ। 3. ਸਿਧਾਰਥ ਫਾਂਸੀ ਤੇ ਲਟਕਣਾ ਜਾਂ ਦੇਸ਼ ਨਿਕਾਲਾ ਕਬੂਲ ਕਰ ਸਕਦਾ ਹੈ। ਸੈਨਾਪਤੀ ਨੇ ਸਿਧਾਰਥ ਨੂੰ ਇਨ੍ਹਾਂ ਤਿੰਨਾਂ ਵਿਚੋਂ ਕੋਈ ਇਕ ਸਜਾ ਕਬੂਲ ਕਰਨ ਲਈ ਕਿਹਾ।’’
ਪ੍ਰਵਾਰਿਕ ਸਬੰਧੀਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸਿਧਾਰਥ ਨੇ ਦੇਸ਼ ਤੋਂ ਬਾਹਰ ਜਾਣਾ ਇਸ ਲਈ ਕਬੂਲ ਕਰ ਲਿਆ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਖਾਤਰ ਉਨ੍ਹਾਂ ਦੇ ਪਰਿਵਾਰ ਦਾ ਸਮਾਜਿਕ ਬਾਈਕਾਟ ਹੋਵੇ, ਜਾਂ ਉਨ੍ਹਾਂ ਦੇ ਪਰਿਵਾਰ ਦੇ ਖੇਤ ਜਾਇਦਾਦ ਜਬਤ ਹੋਣ ਤੇ ਪਰਿਵਾਰ ਰੋਟੀ-ਰੋਜ਼ੀ ਤੋਂ ਜਾਂਦਾ ਰਹੇ। ਯੁੱਧ ਕਰਨ ਤੋਂ ਉਹ ਪਹਿਲਾਂ ਹੀ ਇਨਕਾਰ ਕਰ ਚੁੱਕੇ ਸਨ ਕਿ ਮਰ ਗਏ ਤਾਂ ਪਰਲੋ! ਇਸ ਲਈ ਸਜ਼ਾ ਵਜੋਂ ਸਿਧਾਰਥ ਨੇ ਦੇਸ਼ ਛੱਡ ਦਿੱਤਾ।
ਸਿਧਾਰਥ ਦੇਸ਼ ਤਿਆਗਣ ਤੋ ਬਾਅਦ ਖੋਜ਼ ਵਿਚ ਲੱਗ ਗਏ ਕਿ ਕਿਹੜੀ ਗੱਲ ਹੈ ਜੋ ਭਰਾ, ਭਰਾ ਨੂੰ ਇਕ ਦੂਜੇ ਦੇ ਖੂਨ ਦਾ ਪਿਆਸਾ ਬਣਾ ਦਿੰਦੀ ਹੈ। ਉਨ੍ਹਾਂ ਲਗਾਤਾਰ 6 ਸਾਲ ਤੱਕ ਜੀਵਨ ਦਾ ਵਿਸਲੇਸ਼ਣ ਕੀਤਾ, ਪਿੱਪਲ ਦੇ ਦਰਖਤ ਥੱਲੇ ਸਿਧਾਰਥ ਅਜੇ ਖੋਜ਼ ਵਿਚ ਮਗਨ ਸੀ ਕਿ ਸੁਜਾਤਾ ਨਾਂ ਦੀ ਇਸਤ੍ਰੀ ਖੀਰ ਦਾ ਥਾਲ ਲੈ ਕੇ ਉਸ ਦਰਖਤ ਵਲ੍ਹ ਆਈ ਜਿਥੇ ਸਿਧਾਰਥ ਬੈਠਾ ਸੁੱਕ ਕੇ ਤੀਲਾ ਹੋ ਗਿਆ ਸੀ। ਸੁਜਾਤਾ ਨੇ ਖੀਰ ਸਿਧਾਰਥ ਦੇ ਮੂੰਹ ਵਿਚ ਪਾਈ। ਸਿਧਾਰਥ ਨੇ ਖੀਰ ਨੂੰ ਗ੍ਰਹਿਣ ਕੀਤਾ। ਭੋਜਨ ਪਾਉਣ ਤੋਂ ਬਾਅਦ ਸਿਧਾਰਥ ਪੂਰੇ ਹੋਸ਼ ਹਵਾਸ ਵਿੱਚ ਆ ਗਏ। ਸਿਧਾਰਥ ਨੂੰ ਗਿਆਨ ਹੋਇਆ ਕਿ ਸੁਜਾਤਾ ਉਸ ਦੇ ਮੂੰਹ ਵਿੱਚ ਖੁਰਾਕ ਨਾ ਪਾਉਂਦੀ ਤਾਂ ਉਸ ਮਰ ਜਾਣਾ ਸੀ ਤੇ ਆਪ ਮਰੇ-ਜਗ ਪਰਲੋ। ਇਸ ਲਈ ਬੰਦਾ ਹੀ ਬੰਦੇ ਦਾ ਦਾਰੂ ਹੈ। ਮਾਨਵ ਹੀ ਸੱਚ ਹੈ, ਸਭ ਕੁੱਝ ਮਾਨਵ ਵਿਚ ਹੈ ਤੇ ਸਭ ਕੁੱਝ ਮਾਨਵ ਲਈ ਹੈ। ਬੱਸ! ਪਾਣੀ ਤੋਂ ਪੈਦਾ ਹੋਏ ਯੁੱਧ ਤੇ ਯੁੱਧ ਤੋਂ ਪੈਦਾ ਹੋਏ ਵਿਵਾਦ ਨੇ ਹੀ ਸਿਧਾਰਥ ਗੌਤਮ ਨੂੰ ਮਹਾਨ ਤਥਾਗਤ ਬੁੱਧ ਬਣਾ ਦਿੱਤਾ, ਜੋ ਏਸ਼ੀਆ ਦਾ ਚਾਨਣ ਹੀ ਨਹੀ, ਅੱਜ ਸੰਸਾਰ ਦਾ ਸੂਰਜ ਬਣ ਸਮੁੱਚੀ ਮਨੁੱਖਤਾ ਨੂੰ ਚਾਨਣ ਵਿਖੇਰ ਰਿਹਾ ਹੈ। ਤੀਜੀ ਸੰਸਾਰ ਜੰਗ ਨਾ ਹੋਵੇ, ਇਸ ਲਈ ਯੂ.ਐਨ. ਓ. ਨੇ ਬੁੱਧ ਦੇ ਪੰਚਸ਼ੀਲ ਮੱਧਅਮ ਮਾਰਗ ਨੂੰ ਅਪਣਾਇਆ ਹੋਇਆ ਹੈ।
ਗੁਰੂ ਰਵਿਦਾਸ ਜੀ ਇਕ ਵਾਰ ਕੁੰਭ ਮੇਲੇ ਮੌਕੇ ਗੰਗਾ ਨਦੀ ਉੱਤੇ ਸਾਥੀਆਂ ਨੂੰ ਸਾਥ ਲੈ ਇਸ਼ਨਾਨ ਕਰਨ ਗਏ। ਗੰਗਾ ਨਦੀ ਕਿਨਾਰੇ ਜਦ ਗੁਰੂ ਜੀ ਪ੍ਰਵਚਨ ਕਰ ਰਹੇ ਸੀ ਤਾਂ ਪ੍ਰੇਹਿਤਾਂ ਨੇ ਆ ਕੇ ਹੂ-ਹੱਲਾ ਮਚਾ ਦਿੱਤਾ ਕਿ ਇੱਕ ਅਛੂਤ ਚੰਡਾਲ ਸਤਸੰਗ ਨਹੀਂ ਕਰ ਸਕਦਾ? ਉਹ ਵੀ ਗੰਗਾ ਘਾਟ ਉੱਤੇ ਤਾਂ ਹਰਗਿਜ ਨਹੀ ਹੋ ਸਕਦਾ? ਗੁੱਸੇ ’ਚ ਪ੍ਰੇਹਿਤ ਮੁਖੀ ਨੇ ਕਿਹਾ, ‘‘ਰਵਿਦਾਸ ਅਛੂਤ ਚੰਡਾਲਾ! ਤੂੰ ਗੰਗਾ ਮਾਤਾ ਨੂੰ ਅਪਵਿੱਤਰ ਕੀਤਾ ਹੈ, ਇਸ ਦੀ ਤੈਨੂੰ ਸਜ਼ਾ ਜਰੂਰ ਮਿਲੇਗੀ।’’
ਗੁਰੂ ਰਵਿਦਾਸ ਜੀ ਨੇ ਪੁੱਛਿਆ, ‘‘ਪੰਡਿਤ ਜੀ, ਇਹ ਗੰਗਾਂ ਤੁਹਾਡੀ ਆ?’’ ‘‘ਹਾਂ ਸਾਡੀ ਆ’’ ‘‘ਤੁਸੀ ਗੰਗਾਂ ਨੂੰ ਪੈਦਾ ਕੀਤਾ ਹੈ?’’ ਪ੍ਰੇਹਿਤ ਕੋਈ ਜਵਾਬ ਨਾ ਦੇ ਸਕਿਆ। ‘‘ਪੰਡਿਤ ਜੀ, ਇਹ ਸਾਰੀ ਸਰਿਸ਼ਟੀ ਪ੍ਰਾਕਿਰਤਕ ਹੈ। ਸਰਿਸ਼ਟੀ ਦੀ ਸਿਰਜਨਾ ਅਤੇੇ ਵਿਕਾਸ ਵਿੱਚ ਪਾਣੀ ਦਾ ਮੁੱਖ ਯੋਗਦਾਨ ਹੈ। ਸਮੁੱਚੀ ਬਨਸਪਤੀ ਪਾਣੀ ਦੀ ਪੈਦਾਵਾਰ ਹੈ। ਪਾਣੀ ਤੋਂ ਬਿਨਾਂ ਇਹ ਜੀਵ ਜੰਤੂ, ਪੇੜ ਪੌਦੇ ਜਿੰਦਾ ਨਹੀਂ ਰਹਿ ਸਕਦੇ? ਪਾਣੀ ਦੇ ਪ੍ਰਤਾਪ ਕਾਰਨ ਹੀ ਇਹ ਸਰਿਸ਼ਟੀ ਹਰੀ ਭਰੀ ਹੋਈ ਹੈ।
ਪਾਣੀ ਦੀ ਪੂਰਤੀ ਲਈ ਮਨੁੱਖ ਤੇ ਹੋਰ ਪ੍ਰਾਣੀ, ਪਾਣੀ ਦੇ ਨਜ਼ਦੀਕ ਰਹਿੰਦੇ ਹਨ। ਪੁਰਾਣੇ ਸ਼ਹਿਰਾਂ ਦਾ ਦਰਿਆਵਾਂ ਦੇ ਕੰਢੇ ਵਸੇ ਹੋਣ ਦਾ ਕਾਰਣ ਵੀ ਪਾਣੀ ਹੀ ਹੈ। ਕਾਸ਼ੀ ਬਨਾਰਸ ਅਤੇ ਹੋਰ ਸਭ ਨਗਰ ਪਾਣੀ ਲਈ ਹੀ ਗੰਗਾ ਦਰਿਆ ’ਤੇ ਵਸੇ ਹੋਏ ਹਨ। ਸਾਰੇ ਨਾਗਰਿਕ ਹੀ ਨਹੀ, ਜਾਨਵਰ ਜਨੌਰ ਵੀ ਗੰਗਾ ਤੋਂ ਹੀ ਪਾਣੀ ਪੀਦੇਂ ਹਨ। ਫਿਰ ਦਲਿਤਾਂ ਨੂੰ  ਗੰਗਾ ਤੋਂ ਪਾਣੀ ਪੀਣ ਤੋਂ ਪ੍ਰਹਿਤ ਕਿਵੇਂ ਰੋਕ ਸਕਦੇ ਹਨ? ਤੁਸੀ ਦਲਿਤਾਂ ਨੂੰ ਛੱਪੜਾਂ, ਢਾਬਾ ਵਿੱਚੋਂ ਗੰਦਾ ਪਾਣੀ ਪੀਣ ਲਈ ਕਿਉ ਪਾਬੰਦ ਕਰਦੇ ਹੋ, ਕੁਦਰਤ ਕਿਸੇ ਉਤੇ ਕੋਈ ਪਾਬੰਦੀ ਨਹੀ ਲਾਉਂਦੀ? ਸੂਰਜ ਕਿਸੇ ਨੂੰ ਧੁੱਪ ਲੈਣ ਤੋਂ ਨਹੀ ਰੋਕਦਾ। ਚੰਦਰਮਾ ਕਿਸੇ ਨੂੰ ਰੋਸ਼ਨੀ ਤੋਂ ਨਹੀ ਰੋਕਦਾ। ਹਵਾ ਕਿਸੇ ਨੂੰ ਸਾਹ ਲੈਣ ਤੋਂ ਨਹੀ ਰੋਕਦੀ। ਧਰਤੀ ਕਿਸੇ ਨੂੰ ਆਣ-ਜਾਣ ਤੋਂ ਨਹੀ ਰੋਕਦੀ। ਇਹ ਸਭ ਦਰਿਆ, ਚਸ਼ਮੇ ਗੰਗਾਂ ਵੀ ਕੁਦਰਤ ਦਾ ਹੀ ਵਰਦਾਨ ਹਨ। ਕੁਦਰਤ ਕਿਸੇ ਨੂੰ ਪਾਣੀ ਪੀਣ ਜਾਂ ਨਹਾਉਣ ਤੋਂ ਨਹੀ ਰੋਕਦੀ। ਫਿਰ ਗੰਗਾ ਦਲਿਤਾਂ ਦੇ ਇਸ਼ਨਾਨ ਕਰਨ ਨਾਲ ਭਿੱਟ ਕਿਵੇਂ ਹੋ ਗਈ, ਇਹ ਸਭ ਪ੍ਰੋਹਿਤਾਂ ਦੀਆਂ ਮਿੱਥਾਂ ਹਨ।’’
ਪ੍ਰੋਹਿਤ, ਗੁਰੂ ਰਵਿਦਾਸ ਜੀ ਦੇ ਸੱਚ ਦਾ ਸਾਹਮਣਾ ਨਾ ਕਰ ਸਕੇ। ਪ੍ਰੋਹਿਤ ਨੀਵੀਆਂ ਪਾ ਉਂਥੋਂ ਵਾਪਸ ਚਲੇ ਗਏ। ਗੰਗਾਂ ਤੋਂ ਦਲਿਤਾਂ ਨੂੰ ਪਾਣੀ ਪੀਣ ਦਾ ਅਧਿਕਾਰ ਦਿਵਾਉਣ ਤੇ ਗੁਰੂ ਜੀ ਬੇਗ਼ਮਪੁਰਾ ਦੇ ਸਿਰਜਨਹਾਰੇ ਬਣ ਗਏ।
ਮਹਾਂਰਾਸ਼ਟਰ ਰਾਜ ਵਿਚ ਅਪ੍ਰੈਲ-ਮਈ, ਮਹੀਨੇ ਸਖ਼ਤ ਗਰਮੀ ਨਾਲ ਦਲਿਤਾਂ ਦੇ ਖੂਹ ਸੁੱਕ ਜਾਂਦੇ ਹਨ। ਇਕ ਵਾਰ 1868 ਦੀ ਗੱਲ ਆ ਕਿ ਦਲਿਤਾਂ ਦੇ ਖੀਹ ਸੁਕ ਗਏ, ਪਾਣੀ ਖੁਣੋ ਉਨ੍ਹਾਂ ਦੇ ਜਾਨਵਰ ਮਰਨ ਲੱਗ ਪਏ। ਪਿਆਸ ਬੁਝਾਉਣ ਤੇ ਖਾਣਾਂ ਬਣਾਉਣ ਲਈ ਦਲਿਤ ਪਾਣੀ ਲਈ ਥਾਂ ਥਾਂ ਉਤੇ ਵਿਲਕਦੇ ਫਿਰਨ, ਉਚਜਾਤੀਆਂ ਅੱਗੇ ਲੇਲ੍ਹੜੀਆਂ ਕੱਢਣ, ਪਰ ਉਚਜਾਤੀਏ  ਡਾਂਗਾਂ ਉਠਾ ਦਲਿਤਾਂ ਭਜਾ ਦੇਣ।
ਜੋਤੀ ਰਾਓ ਫੂਲੇ ਦੇ ਸਾਥੀ ਨਾਮਦੇਵ ਤੋਂ ਅੱਖੀ ਵੇਖ ਇਹ ਦੁਖਾਂਤ ਜਰਿਆ ਨਾ ਗਿਆ। ਉਸ ਫੂਲੇ ਨੂੰ ਕਿਹਾ, ‘‘ਇਸ ਵਾਰ ਬਰਸਾਤ ਲੇਟ ਹੋਣ ਕਾਰਨ ਮੀਂਹ ਨਹੀ ਪਏ, ਦਲਿਤਾਂ ਦੇ ਖੂਹ ਸੁੱਕ ਗਏ ਹਨ। ਉਨ੍ਹਾਂ ਦੇ ਜਾਨਵਰ ਪਾਣੀ ਖੁਣੋਂ ਮਰ ਰਹੇ ਹਨ, ਦਲਿਤ ਪਾਣੀ ਲਈ ਤਰਾਹ-ਤਰਾਹ ਤੜਫ਼ਦੇ ਹਨ। ਫੂਲੇ ਜੀ, ਦਲਿਤਾਂ ਦੀ ਦਾਸਤਾਨ ਦਾ ਕੋਈ ਹਲ ਲੱਭੋ? ਕੋਈ ਅੰਦੋਲਨ ਕਰੋ। ਸਵਿਤਰੀ ਬਾਈ ੇ ਨੇ ਵਿੱਚੋਂ ਹੀ, ਗੱਲ ਨੂੰ ਕੱਟਦਿਆਂ ਕਿਹਾ, ‘‘ਜੀ, ਆਹ ਆਪਣਾ ਖੂਹ ਆ, ਚਲੋਂ ਆਪਾਂ ਦਲਿਤਾਂ ਨੂੰ ਪਾਣੀ ਲੈਣ ਲਈ ਸੱਦਕੇ ਲਿਆਈੲ।’’
‘‘ਹਾਂ ਨਾਮਦੇਵ, ਅੰਦੋਲਨ ਲੰਬਾ ਕੰਮ ਹੈ। ਦਲਿਤਾਂ ਨੂੰ ਪਾਣੀ ਦੀ ਹੁਣੇ ਲੋੜ ਹੈ। ਫੂਲੇ, ਨਾਮਦੇਵ, ਸਵਿਤਰੀ ਦਲਿਤ ਬਸਤੀ ਵਿੱਚ ਗਏ, ਸਵਿਤਰੀ ਬਾਈ ਕਿਹਾ, ‘‘ਬਾਪੂ ਜੀ, ਅਸੀਂ ਤੁਹਾਨੂੰ ਆਪਣੇ ਖੂਹ ਤੋਂ ਪਾਣੀ ਭਰਨ ਲਈ ਲੈਣ ਆਏ ਹਾਂ, ਚਲੋ ਸਾਡੇ ਸਾਥ।’’ ਫੂਲੇ ਨੇ ਆਪਣੇ ਘਰ ਦੇ ਖੂਹ ਤੋਂ ਦਲਿਤਾਂ ਨੂੰ ਪਾਣੀ ਭਰਨ ਦੇਣ ਲਈ ਇੱਕ ਅਪਾਹਜ਼ ਬੱਚੇ ਨੂੰ ਕੁੱਛੜ ਚੁੱਕ ਘਰ ਨੂੰ ਵਾਪਸ ਤੁਰ ਪਏ। ਜੋਤੀਬਾ-ਸਵਿਤਰੀ ਫ਼ੂਲੇ ਨੇ ਆਪਣਾ ਖੂਹ ਦਲਿਤਾਂ ਲਈ ਖੋਲ੍ਹ ਦਿੱਤਾ। ਦਲਿਤ ਸਾਫ਼ ਪਾਣੀ ਪੀ ਪੀ ਕੇ ਪਾਣੀ…ਪਾਣੀ…ਬੋਲ ਖੁਸ਼ੀ ’ਚ ਨੱਚਣ-ਗਾਉਣ ਲੱਗ ਪਏ।
ਮਹਾਨ ਮਾਤਾ ਸਵਿਤਰੀ ਕਿਹਾ, ‘‘ਭੈਣੋ ਤੇ ਭਰਾਵੋਂ, ਇਹ ਖੂਹ ਹੁਣ ਸਭ ਦਾ ਹੈ। ਬਿਨਾ ਝਿਜ਼ਕ ਜਦੋਂ ਮਰਜ਼ੀ ਇਥੇ ਆ ਕੇ ਪਾਣੀ ਭਰਦੇ ਰਹਿਣਾ।’’ ਨਾਹਰੇ-ਜੋਤੀ ਰਾਓ-ਸਵਿਤਰੀ ਜੋੜੀ-ਜਿੰਦਾਬਾਦ! ਜਿੰਦਾਬਾਦ!
ਦਲਿਤ-ਔਰਤਾਂ ਦੇ ਮਸੀਹਾ-ਜੋਤੀ ਰਾਓ-ਸਵਿਤਰੀ ਬਾਈ-ਜਿੰਦਾਬਾਦ! ਜਿੰਦਾਬਾਦ!!
ਦਲਿਤਾਂ ਨੂੰ ਪਾਣੀ ਪਿਆਉਣ ਨੇ ਜੋਤੀ ਰਾਓ ਫੁੂਲੇ ਤੇ ਸਵਿਤਰੀ ਬਾਈ ਨੂੰ ਭਾਰਤ ਦੇ ਰਾਸ਼ਟਰ ਨਿਰਮਾਤਾ ਬਣਾ ਦਿੱਤਾ।
ਮਹਾਂਰਾਸ਼ਟਰ ਦੇ ਸ਼ਹਿਰ ਮਹਾਡ ਵਿਖੇ ‘ਆਮ ਚੌਦਾਰ ਤਲਾਬ’ ਤੋਂ ਦਲਿਤਾਂ ਦੇ ਪਾਣੀ ਪੀਣ ਦੀ ਮਨਾਹੀ ਸੀ। ਦਲਿਤਾਂ ਨੂੰ ਛੱਪੜਾਂ ’ਚੋਂ ਗੰਦਾ ਪਾਣੀ ਪੀਣ ਲਈ ਮਜ਼ਬੂਰ ਕੀਤਾ ਜਾਂਦਾ, ਜਦ ਕਿ ਕੁੁੱਤੇ, ਬਿੱਲੇ, ਪੰਛੀ ਆਮ ਚੌਦਾਰ ਤਲਾਬ ਤੋਂ ਸਾਫ਼ ਪਾਣੀ ਪੀ ਸਕਦੇ, ਤੇ ਤਲਾਬ ਵਿਚ ਨਹਾਅ ਸਕਦੇ ਸਨ। ਇਸ ਅਮਾਨਵੀ ਵਰਤਾਰੇ ਵਿਰੁੱਧ ਡਾ. ਅੰਬੇਡਕਰ ਨੇ 20 ਮਾਰਚ 1927 ਨੂੰ 10 ਹਜਾਰ ਤੋਂ ਵੱਧ ਦਲਿਤਾਂ ਨੂੰ ਸਾਥ ਲੈ ਅੇੰਦੋਲਨ ਸ਼ੁਰੂ ਕਰ ਦਿੱਤਾ। ਮੋਰਚੇ ’ਚ ਸ਼ਾਮਲ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਅੰਬੇਡਕਰ ਨੇ ਕਿਹਾ, ‘‘ਸਾਥੀਓ, ਮੈਂ ਮਹਾਡ ਤਲਾਬ’ ਤੋਂ ਦਲਿਤਾਂ ਦੇ ਪਾਣੀ ਪੀਣ ਲਈ ਬੰਬਈ ਕੌਂਸਲ ਵੱਲੋਂ ਮਤਾ ਪਾਸ ਕਰਵਾ ਲਿਆ ਹੈ। ਆਮ ਚੌਦਾਰ ਤਲਾਬ ਤੋਂ ਸਾਫ਼ ਪਾਣੀ ਨਾ ਪੀਣ ਦੀ ਦਲਿਤਾਂ ਉਤੇਂ ਲੱਗੀ ਪਾਬੰਦੀ ਹਟਵਾ ਦਿੱਤੀ ਹੈ, ਆਪਾਂ ਹੁਣ ਉਥੋਂ ਸਾਫ ਪਾਣੀ ਪੀ ਸਕਦੇ ਹਾਂ। ਪਰ ਆਪਾਂ ਨੂੰ ਉਚ ਜਾਤੀਆਂ ਨੇ ਪਾਣੀ ਪੀਣ ਨਹੀ ਦੇਣਾ, ਪਾਣੀ ਪੀਣ ਲਈ ਆਪਾਂ ਨੂੰ ਸੰਘਰਸ਼ ਕਰਨਾ ਪੈਣਾ ਹੈ। ’’
ਉਨ੍ਹਾਂ ਦਲਿਤਾਂ ਨੂੰ ਹਲੂਣ ਦਿਆ ਕਿਹਾ, ‘‘ਭਰਾਵੋ, ਤੁੁਸੀਂ ਸਦੀਆਂ ਤੋਂ ਜੁਲਮਾਂ ਦੀ ਚੱਕੀ ’ਚ ਪਿਸ ਰਹੇ ਹੋ, ਤੁਸੀ ਵੀ ਇਨਸਾਨਾਂ ਵਰਗੇ ਇਨਸਾਨ ਹੋ, ਕੁੱਲੀ, ਗੁੱਲੀ, ਜੁੱਲੀ ਤੁੁਹਾਡਾ ਵੀ ਜਨਮ-ਸਿੱਧ ਅਧਿਕਾਰ ਹੈ। ਤੁਸੀ  ਸ਼ੇਰ ਬਣੋ। ਬਲੀ ਤਾਂ ਕੇਵਲ ਭੇਡਾਂ ਬਕਰੀਆਂ ਦੀ ਦਿੱਤੀ ਜਾਂਦੀ ਹੈ, ਸ਼ੇਰਾਂ ਦੀ ਨਹੀਂ। ਅਜਿਹਾ ਨਹੀਂ, ਕਿ ਚੌਦੁਆਰ ਤਲਾਬ ਤੋਂ ਜੇ ਅਸੀਂ ਪਾਣੀ ਨਾ ਪੀਤਾ ਤਾਂ ਖਵਰੇ ਅਸੀਂ ਮਰ ਜਾਵਾਂਗੇ। ਭਰਾਵੋ, ਮੋਰਚਾ ਇਸ ਲਈ ਹੈ ਕਿ ਏਥੋਂ ਪਾਣੀ ਪੀਣ ਦਾ ਦਲਿਤਾਂ ਦਾ ਵੀ ਬਰਾਬਰ ਅਧਿਕਾਰ ਹੈ। ਅਸੀਂ ਹੁਣ ਇਸ ਥਾਂ ਤੋਂ ਚੌਦੁਆਰ ਤਲਾਬ ਤੱਕ ਮਾਰਚ ਕਰਾਂਗੇ। ਤਲਾਬ ਉਤੋਂ ਪਾਣੀ ਪੀਵਾਂਗੇ ਪਰ ਸਭ ਨੇ ਸ਼ਾਂਤ ਰਹਿਣਾ ਹੈ। ਕੋਈ ਕੁਝ ਆਖੇ, ਤੁਸੀਂ ਸ਼ਾਂਤ ਰਹਿਣਾ ਹੈ। ਅਸੀਂ ਸ਼ਾਂਤ ਰਹਿ ਕੇ ਇੱਥੇ ਤਲਾਬ ਤੋਂ ਪਾਣੀ ਪੀ ਕੇ ਜਾਵਾਂਗੇ।’’
‘‘ਭਰਾਵੋ, ਜੇਕਰ ਤੁੁਸੀਂ ਇੱਜ਼ਤ ਦਾ ਜੀਵਨ ਜਿਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਪਮਾਨ, ਲੁੱਟ ਅਤੇ ਦਮਨ ਵਿਰੁੱਧ ਸੰਘਰਸ਼ ਕਰਨਾ ਹੋਵੇਗਾ। ਭਰਾਵੋ, ਅਜ਼ਾਦੀ ਮੰਗਿਆਂ ਨਹੀਂ ਮਿਲਦੀ। ਅਪਮਾਨ ਭਰਿਆ ਜੀਵਨ ਜਿਉਣ ਨਾਲੋਂ ਮਰ ਜਾਣਾ ਹੀ ਚੰਗਾ ਹੈ। ਪਰ ਹਰ ਮਨੁੱਖ ਨੂੰ ਕੁਝ ਨਾ ਕੁੱਝ ਕਰਕੇ ਹੀ ਮਰਨਾ ਚਾਹੀਦਾ ਹੈ।’’
ਇਕ ਦਲਿਤ ਨੇ ਅੱਗੇ ਵਧ ਲਲਕਾਰਾ ਮਾਰਿਆਂ, ਸਾਫ਼ ਪਾਣੀ ਪੀਣਾ ਸਾਡਾ ਜਨਮ ਸਿੱਧ ਅਧਿਕਾਰ ਹੈ। ਅਸੀਂ ਤਲਾਬ ਤੋਂ ਪਾਣੀ-ਪੀ ਕੇ ਰਹਾਂਗੇ। ਪਾਣੀ-ਪੀ ਕੇ ਰਹਾਂਗੇ। ਆਪਣਾ ਅਧਿਕਾਰ-ਲੈ ਕੇ ਰਹਾਂਗੇ! ਲੈ ਕੇ ਰਹਾਂਗੇ!
ਦਲਿਤਾਂ ਦਾ ਸਮਾਨ ਅਧਿਕਾਰ ਅੰਦੋਲਨ ਦਾ ਕਾਫਲਾ ਅਮਨ ਅਮਾਨ ਨਾਲ ਚੌਦੁਆਰ ਤਲਾਬ ਉਤੇ ਪੁੱਜ ਗਿਆ। ਲੋਕ ਦੌੜ ਦੌੜ ਕੇ ਚੌਦੁਆਰ ਤਲਾਬ ਦੇ ਚਾਰੇ ਪਾਸਿਆਂ ਉਤੇ ਛਾਅ ਗਏ। ਡਾ, ਅੰਬੇਡਕਰ ਹੌਲੀ ਹੌਲੀ ਤਲਾਬ ਦੇ ਹੇਠਾ ਉਤਰੇ, ਉਨ੍ਹਾਂ ਨੇ ਨੀਵੇਂ ਹੋ ਕੇ ਚੌਦੁਆਰ ਤਲਾਬ ਵਿੱਚੋਂ ਪਾਣੀ ਦਾ ਬੁੱਕ ਭਰ ਕੇ ਆਪਣੇ ਮੂੰਹ ਨੂੰ ਲਾਇਆ ਤਾਂ ਲੋਕਾਂ ਨੇ ਨਾਹਰੇ ਮਾਰਨੇ ਸ਼ੁਰੂ ਕਰ ਦਿੱਤੇ-ਸਾਫ਼ ਪਾਣੀ ਪੀਣਾ ਸਾਡਾ ਜਨਮ ਸਿੱਧ ਅਧਿਕਾਰ ਹੈ। ਡਾ. ਅੰਬੇਡਕਰ ਸੰਘਰਸ਼ ਕਰੋ-ਅਸੀਂ ਤੁਹਾਡੇ ਨਾਲ ਹਾਂ।
ਫਿਰ ਕਿਨਾਰਿਆਂ ਉਤੇ ਖੜ੍ਹੇ ਦਲਿਤ ਇੱਕ ਦਮ ਪਾਣੀ ਲਈ ਥੱਲੇ ਨੂੰ ਉਤਰੇ। ਲੋਕ ਬੁੱਕ ਭਰ ਭਰ ਕੇ ਪਾਣੀ ਪੀਣ ਲੱਗੇ। ਕਈ ਪਾਣੀ ਪੀ ਕੇ ਹੱਸਦੇ ਹੋਏ ਉਚੀ ਉਚੀ ਨਾਹਰੇ ਮਾਰਨ ਕਿਉਂਕਿ ਉਨ੍ਹਾਂ ਨੂੰ ਸਾਫ ਪਾਣੀ ਪਹਿਲੀ ਵਾਰ ਮਿਲਿਆ ਸੀ। ਕਈਆਂ ਨੇ ਪਾਣੀ ਦੇ ਬੁੱਕ ਭਰ ਭਰਕੇ ਆਪਣੇ ਉਪਰ ਵੀ ਸੁੱਟੇ।
ਡਾ. ਅੰਬੇਡਕਰ ਤੇ ਉਨ੍ਹਾਂ ਦੇ ਸਾਥੀ ਪਾਣੀ ਪੀ ਕੇ ਚੌਦੁਆਰ ਤਲਾਬ ਤੋਂ ਬਾਹਰ ਆ ਵਾਪਸ ਪੰਡਾਲ ਵੱਲ੍ਹ ਤੁਰ ਪਏ, ਲੋਕ ਵੀ ਉਨ੍ਹਾਂ ਦੇ ਪਿੱਛੇ ਤੁਰ ਪਏ। ਪਿੱਛੋਂ ਉਚਜਾਤੀ ਮਨੂੰਵਾਦੀਆਂ ਨੇ ਲਾਠੀਆਂ ਨਾਲ ਦਲਿਤ ਨਿਹੱਥਿਆਂ ’ਤੇ ਹਮਲਾ ਕਰ ਦਿੱਤਾ। ਕਈਆਂ ਦੇ ਬਹੁਤ ਸੱਟਾਂ ਲੱਗੀਆਂ। ਦਲਿਤਾਂ ਜਿੱਥੇ ਆਪਣੇ ਲੋਕਾਂ ਵਾਸਤੇ ਖਾਣਾ ਤਿਆਰ ਕੀਤਾ ਸੀ ,ਉਥੇ ਕੁੱਝ ਆਦਮੀ ਡਾਂਗਾਂ ਲੈ ਕੇ ਆਏ ਤੇ ਉਨ੍ਹਾਂ ਦਲਿਤਾਂ ਦੀ ਕੁੱਟ ਮਾਰ ਕੀਤੀ, ਫਿਰ ਦਾਲਾਂ ਵਿੱਚ ਮਿੱਟੀ ਪਾ ਦਿੱਤੀ, ਰੋਟੀਆਂ ਖਿਲਾਰ ਦਿੱਤੀਆਂ। ਡਾਂਗਾਂ ਨਾਲ ਭਾਂਡੇ ਭੰਨ ਦਿੱਤੇ ਤੇ ਉਹ ਜੈਕਾਰੇ ਮਾਰਦੇ ਵਾਪਸ ਭੱਜ ਗਏ!
ਡਾ. ਅੰਬੇਡਕਰ ਖੁੱਦ ਜ਼ਖ਼ਮੀ ਹੋ ਗਏ। ਇਸ ਦੇ ਬਾਵਜੂਦ ਵੀ ਉਨ੍ਹਾਂ ਦਲਿਤਾਂ ਨੂੰ ‘ਆਮ ਚੌਦਾਰ ਤਲਾਬ’ ਵਿਚੋਂ ਸਾਫ਼ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ। ਦਲਿਤਾਂ ਨੂੰ ਸਾਫ਼ ਪਾਣੀ ਪੀਣ ਦੇ ਅਧਿਕਾਰ ਨੇ ਡਾ. ਅੰਬੇਡਕਰ ਨੂੰ ਮਨੁੱਖਤਾ ਦੇ ਮਸੀਹਾ ਬਣਾ ਦਿੱਤਾ।
ਮੋ. 98145 17499 
ਜੀ ਟੀ ਰੋਡ, ਸਿਵਲ ਕੋਰਟਸ, ਫਗਵਾੜਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਿਤਲੀ ਅਤੇ ਖਰਗੋਸ਼
Next article,,,ਗਰਮੀ ਦੀ ਰੁੱਤ,,,,