ਕਰਮਾ ਧਰਮਾ ਭਾਈ ਭਾਈ

(ਸਮਾਜ ਵੀਕਲੀ)

ਇਕ ਪਿੰਡ ਵਿੱਚ ਦੋ ਭਰਾ ਕਰਮਾ ਅਤੇ ਧਰਮਾ ਰਹਿੰਦੇ ਸਨ । ਦੋਵਾਂ ਦਾ ਸੁਭਾਹ ਬਿਲਕੁਲ ਅੱਡੋ ਅੱਡ ਸੀ । ਕਰਮਾ ਧਰਮੀ ਹੋਣ ਦਾ ਢੋਂਗ ਕਰਦਾ ਸੀ ਤੇ ਧਰਮਾ ਅਸਲ ਧਰਮੀ ਹੋਣ ਦਾ ਪੂਰਾ ਕਰਤੱਵ ਨਿਭਾਉਂਦਾ ਸੀ । ਕਰਮਾ ਸਮਾਜ ਵਿੱਚ ਚੱਲਦੀ ਹਰ ਧਾਰਮਿਕ ਕੁਰੀਤੀ ਦੇ ਪੂਰਾ ਹੱਕ ਵਿੱਚ ਸੀ ਤੇ ਧਰਮਾ ਪੂਰਾ ਖ਼ਿਲਾਫ਼ ਸੀ। ਕਰਮਾ ਸ਼ਹਿਰ ਵਿੱਚ ਅਫਸਰ ਸੀ ਤੇ ਧਰਮਾ ਉਸਦੇ ਹੀ ਦਫ਼ਤਰ ਵਿੱਚ ਭੰਗੀ ਸੀ । ਦਫ਼ਤਰ ਸਮੇਂ ਹਰ ਵਕਤ ਕਰਮਾ ਧਰਮੇ ਉੱਤੇ ਰੋਹਬ ਪਾਉਂਦਾ ਸੀ ਤੇ ਹਰ ਵਕਤ ਨੀਵਾਂ ਦਿਖਾਉਣਾ ਚਾਹੁੰਦਾ ਸੀ।

ਧਰਮਾ ਕੰਮ ਭਾਵੇ ਭੰਗੀ ਦਾ ਕਰਦਾ ਸੀ ਪਰ ਉਹ ਬਹੁਤ ਨੇਕ ਤੇ ਸ਼ਾਤ ਸੁਭਾਅ ਵਾਲਾ ਇਨਸਾਨ ਸੀ। ਕਰਮਾ ਅਕਸਰ ਧਰਮੇ ਦੇ ਕੰਮ ਵਿੱਚ ਨੁਕਤਾਚੀਨੀ ਕਰਦਾ ਤੇ ਬਾਕੀ ਅਧਿਕਾਰੀਆਂ ਸਾਹਮਣੇ ਪੂਰੀ ਕੁੱਤੇ-ਖਾਣੀ ਵੀ ਕਰ ਦਿੰਦਾ । ਧਰਮਾ “ਜੀ ਸਾਹਿਬ” “ਜੀ ਸਾਹਿਬ” ਕਹਿ ਕੇ ਗੱਲ ਕਰਦਾ ਤੇ ਕਦੇ ਵੀ ਕਰਮੇ ਦੇ ਕਹੇ ਬੋਲਾ ਦਾ ਗ਼ੁੱਸਾ ਨਾ ਕਰਦਾ। ਦਫ਼ਤਰ ਵਿੱਚ ਬਹੁਤੇ ਕਰਮਚਾਰੀਆਂ ਨੂੰ ਪਤਾ ਵੀ ਨਹੀਂ ਸੀ ਕਿ ਉਹ ਦੋਵੇਂ ਸਕੇ ਭਰਾ ਹਨ ।

ਸ਼ਾਮ ਨੂੰ ਨੋਕਰੀ ਤੋਂ ਬਾਅਦ ਕਰਮਾ ਮਹਿੰਗੀ ਕਾਰ ਵਿੱਚ ਘਰ ਆਉਂਦਾ ਤੇ ਧਰਮਾ ਸਾਈਕਲ ਤੇ। ਸਵੇਰੇ ਕੰਮ ਤੇ ਜਾਣ ਵੇਲੇ ਧਰਮਾ ਪਹਿਲਾ ਘਰੋਂ ਜਾਂਦਾ ਕਿਉਂਕਿ ਉਸਨੇ ਜਾ ਕੇ ਸਾਰੀ ਸਫਾਈ ਕਰਨੀ ਹੁੰਦੀ ਸੀ। ਇੱਕ ਦਿਨ ਰਸਤੇ ਵਿੱਚ ਮੀਂਹ ਬਹੁਤ ਪੈਣ ਲੱਗ ਜਾਂਦਾ ਹੈ ਤੇ ਧਰਮਾ ਰਸਤੇ ਵਿੱਚ ਖੜੋ ਕੇ ਮੀਂਹ ਰੁਕ ਜਾਣ ਦੀ ਉਡੀਕ ਕਰਦਾ। ਕੁਝ ਹੀ ਪਲਾ ਬਾਅਦ ਮੀਂਹ ਹੱਟ ਜਾਣ ਤੇ ਧਰਮਾ ਫੇਰ ਸਾਈਕਲ ਤੇ ਨਿਕਲ ਪੈਦਾ । ਕਰਮੇ ਨੇ ਇਸ ਦਿਨ ਬੈਂਕ ਜਾਣਾ ਸੀ ਅੱਜ ਉਹ ਵੀ ਅੱਧਾ ਕੁ ਘੰਟਾ ਪਹਿਲੇ ਘਰੋਂ ਨਿਕਲੀਆਂ ਸੀ ।

ਰਸਤੇ ਵਿੱਚ ਜਾਂਦੇ ਧਰਮੇ ਨੂੰ ਦੇਖ ਕਰਮੇ ਨੇ ਗੱਡੀ ਹੋਰ ਤੇਜ਼ ਕਰ ਲਈ ਤੇ ਚਿੱਕੜ ਵਾਲੇ ਪਾਸੇ ਨੂੰ ਦਬਾ ਦਿੱਤੀ ਤਾਂ ਕਿ ਧਰਮੇ ਦੇ ਕੱਪੜੇ ਖਰਾਬ ਹੋ ਜਾਣ ਤੇ ਉਹ ਸਮੇਂ ਸਿਰ ਕੰਮ ਤੇ ਨਾ ਉੱਪੜ ਸਕੇ । ਧਰਮੇ ਦੇ ਕੱਪੜੇ ਤਾਂ ਬਹੁਤੇ ਖਰਾਬ ਨਾ ਹੋਏ ਪਰ ਉਸ ਚਿੱਕੜ ਵਿੱਚੋ ਉਗੜ ਕੇ ਇੱਕ ਪੱਥਰ ਉੱਪਰ ਉਛਲਿਆ ਤੇ ਕਰਮੇ ਦੀ ਗੱਡੀ ਦਾ ਮੋਹਰਲਾ ਸ਼ੀਸ਼ਾ ਟੁੱਟ ਕੇ ਗੱਡੀ ਦੇ ਅੰਦਰ ਵੱਲ ਡਿਗਦਾ ਹੋਈਆ ਚਕਨਾਚੂਰ ਹੋ ਗਿਆ । ਸ਼ੀਸ਼ਾ ਲੱਗਣ ਨਾਲ ਕਰਮਾ ਲਹੂ ਲੁਹਾਣ ਹੋ ਗਿਆ ਤੇ ਗੱਡੀ ਸਾਂਭ ਨਾ ਹੋਈ, ਗੱਡੀ ਬਹੁਤ ਤੇਜ਼ੀ ਨਾਲ ਜਾ ਕੇ ਪਿੱਪਲ਼ ਨਾਲ ਟਕਰਾਈ। ਧਰਮਾ ਪੂਰੀ ਤਰਾਂ ਡਰ ਗਿਆ ਉਹ ਰੱਬ ਨੂੰ ਯਾਦ ਕਰਦਾ ਹੋਈਆ ਆਪਣੇ ਭਰਾ ਨੂੰ ਇੱਕ ਮੋਢੇ ਤੇ ਚੁੱਕ ਇੱਕ ਹੱਥ ਨਾਲ ਸਾਂਭਦਾ ਹੋਈਆ , ਦੂਜੇ ਹੱਥ ਨਾਲ ਸਾਈਕਲ ਸਾਂਭਦਾ ਹੋਈਆ ਨੇੜੇ ਦੇ ਹਸਪਤਾਲ ਵਿੱਚ ਲੈ ਗਿਆ।

ਡਾਕਟਰ ਨੇ ਇਲਾਜ ਕੀਤਾ ਤੇ ਚਾਰ ਪੰਜ ਦਿਨਾ ਬਾਅਦ ਕਰਮਾ ਠੀਕ ਹੋ ਗਿਆ। ਕਰਮੇ ਨੂੰ ਕੁਝ ਪਤਾ ਨਹੀਂ ਸੀ ਕੋਣ ਉਸਨੂੰ ਹਸਪਤਾਲ ਲੈ ਕੇ ਆਈਆ ਤੇ ਕਿਸ ਨੇ ਡਾਕਟਰ ਦੇ ਪੈਸੇ ਭਰੇ। ਕਰਮੇ ਦਾ ਦਿਲ ਬੇਈਮਾਨੀ ਤੇ ਹੰਕਾਰ ਨਾਲ ਭਰਿਆ ਰਹਿੰਦਾ ਸੀ ਪਰ ਅੱਜ ਉਸ ਨੇ ਡਾਕਟਰ ਨੂੰ ਦਾਖਲ ਕਰਾਉਣ ਵਾਲੇ ਦਾ ਨਾਮ ਪਤਾ ਪੁੱਛਿਆ ਤਾਂ ਡਾਕਟਰ ਦੇ ਦੱਸਣ ਉਪਰੰਤ ਉਸਦਾ ਸਾਰਾ ਹੰਕਾਰ ਨਿਮਰਤਾ ਵਿੱਚ ਬਦਲ ਗਿਆ। ਅੱਜ ਕਰਮਾ ਦਯਾ ਦੇ ਘਰ ਵੜ ਚੁੱਕਾ ਸੀ ਉਹ ਜਲਦੀ ਨਾਲ ਭਾਈ ਧਰਮੇ ਕੋਲ ਗਿਆ ਤੇ ਪੈਰੀਂ ਪੈ ਰੋਣ ਲੱਗਿਆ।

ਧਰਮੇ ਨੇ ਪੈਰਾ ਚੋਂ ਚੁੱਕ ਕੇ ਭਰਾ ਨੂੰ ਗਲ਼ਵੱਕੜੀ ਪਾਈ ਤੇ ਕਿਹਾ ਵੀਰੇ ਬਚਪਨ ਵਾਲੇ ਪਿਆਰ ਵਿੱਚ ਆ ਜਾ, ਕੁਝ ਨੀ ਰੱਖਿਆ ਨਫ਼ਰਤਾਂ ਤੇ ਹੰਕਾਰਾਂ ਵਿੱਚ, ਜੋ ਰੱਖਿਆ ਜੋ ਪਾਉਣਾ ਉਹ ਪਿਆਰ ਤੇ ਨਿਮਰਤਾ, ਨੇਕੀ ਵਿੱਚ ਰਹਿਕੇ ਮਿਲਣਾ, ਚਾਹੇ ਉਹ ਘਰ ਪਰਿਵਾਰ ਦੇ ਕਿਸੇ ਜੀਵ ਦਾ ਪਿਆਰ ਹੈ ਜਾ ਫੇਰ ਉਹ ਕਾਇਨਾਤ ਸਾਜਣ ਵਾਲੇ ਉਸ ਮਾਲਕ ਦਾ ਪਿਆਰ ਹੈ।

ਅਗਲੇ ਦਿਨ ਕਰਮਾ ਧਰਮਾ ਦੋਵੇਂ ਗੱਡੀ ਵਿੱਚ ਦਫ਼ਤਰ ਪਹੁੰਚੇ। ਕਰਮੇ ਨੇ ਮੁੜ ਭਾਈ ਨੂੰ ਭੰਗੀ ਨਹੀਂ ਸਗੋਂ ਵੱਡੇ ਭਾਈ ਦਾ ਦਰਜਾ ਦਿੱਤਾ। ਦਫ਼ਤਰ ਵਿੱਚ ਸਾਰੇ ਅਧਿਕਾਰੀ ਅੱਜ ਕਈ ਸਾਲਾ ਬਾਅਦ ਵੀ ਕਰਮਾ ਧਰਮਾ ਭਾਈ ਭਾਈ ਦੇ ਪਿਆਰ ਨੂੰ ਸਲਾਮ ਕਰਦੇ ਹਨ। ਉਹ ਮਾਲਕ ਬਹੁਤ ਬੇਅੰਤ ਹੈ ਜੇ ਕੋਈ ਕਿਸੇ ਲਈ ਖੱਡਾ ਪੁੱਟਦਾ ਹੈ ਤਾਂ ਉਹ ਉਸਨੂੰ ਹੀ ਪੁੱਟੇ ਹੋਏ ਖੱਡੇ ਵਿੱਚ ਸੁੱਟ ਦਿੰਦਾ ਹੈ। ਹੰਕਾਰ ਬੁਰਾ ਹੈ। ਹੰਕਾਰ ਹਮੇਸ਼ਾ ਹਾਰਦਾ ਹੈ । ਨਿਮਰਤਾ, ਸੱਚ ਤੇ ਨੇਕੀ ਹਮੇਸ਼ਾ ਜਿੱਤਦੀ ਹੈ ਅਤੇ ਵਧਦੀ ਫੁਲਦੀ ਵੀ ਹੈ।

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਬਲਾਕ ਧੂਰੀ ਵੱਲੋਂ IVEP ਪ੍ਰੋਗਰਾਮ ਵਿਖੇ ਕਰਵਾਇਆ ਗਿਆ
Next articleਪਾਣੀ ਦੇ ਰੰਗ