ਉਡੀਕ

(ਸਮਾਜ ਵੀਕਲੀ)

ਰਾਣੋ ਦੇ ਚਿਹਰੇ ਤੇ ਅੱਜ ਖੁਸ਼ੀਆਂ ਦਾ ਸੈਲਾਬ ਠਾਠਾਂ ਮਾਰ ਰਿਹਾ ਸੀ…. ਖੁਸ਼ੀ ਹੋਵੇ ਵੀ ਕਿਉਂ ਨਾ? ਅੱਜ ਉਸਦਾ ਫ਼ੋਜੀ ਪੁੱਤਰ ਦਿਲਬਾਗ ਕਾਰਗਿਲ ਦੀ ਜੰਗ ਜਿੱਤਣ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ।

ਕਿਸੇ ਵਿਆਹ ਵਾਲੇ ਘਰ ਵਾਂਗ ਪੂਰੇ ਘਰ ਨੂੰ ਸਜਾਇਆ ਸੀ ਰਾਣੋ ਨੇ, ਕੱਚੇ ਵਿਹੜੇ ਵਿੱਚ ਮਿੱਟੀ ਤੇ ਗੋਹੇ ਦਾ ਸੁਮੇਲ ਕਰਕੇ ਢੱਲਦੀ ਉਮਰ ਵਿੱਚ ਖ਼ੁਦ ਪੋਚਾ ਲਗਾਇਆ ਸੀ ਰਾਣੋ ਨੇ, ਚੌਂਕੇ ਵਿੱਚ ਚੁੱਲ੍ਹੇ ਦੇ ਟੁੱਟੇ ਡੂਡਣਿਆਂ ਤੇ ਦੋਬਾਰਾ ਮਿੱਟੀ ਲਗਾ ਕੇ ਚੁੱਲ੍ਹੇ ਵਿੱਚ ਵੀ ਨਵੇਂ ਸਾਹ ਭਰ ਦਿੱਤੇ ਸਨ ਰਾਣੋ ਨੇ।

ਰਾਣੋ ਦਾ ਇੱਕੋ ਇੱਕ ਪੁੱਤਰ ਦਿਲਬਾਗ ਜਦੋਂ ਗੋਦੀ ਵਿੱਚ ਸੀ ਤਾਂ ਰਾਣੋ ਦਾ ਪਤੀ ਮੇਜਰ ਕਰਤਾਰ ਸਿੰਘ ਪਾਕਿਸਤਾਨ ਨਾਲ਼ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋ ਗਿਆ ਸੀ, ਰਾਣੋ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਰਾਣੋ ਭਰੀ ਜਵਾਨੀ ਵਿੱਚ ਆਪਣੇ ਪੁੱਤਰ ਦਿਲਬਾਗ ਨੂੰ ਛਾਤੀ ਨਾਲ ਘੁੱਟ ਕੇ ਧਾਂਹਾਂ ਮਾਰਕੇ ਰੋ ਰਹੀ ਸੀ…ਜੰਗ ਵਿੱਚ ਜਾਣ ਤੋਂ ਪਹਿਲਾਂ ਮੇਜ਼ਰ ਕਰਤਾਰ ਸਿੰਘ ਰਾਣੋ ਨੂੰ ਕਹਿ ਕੇ ਗਿਆ ਸੀ ਮੇਰੀ ਉਡੀਕ ਰੱਖੀਂ… ਵਾਹਿਗੁਰੂ ਜੀ ਨੇ ਚਾਹਿਆ ਤਾਂ ਦੁਸ਼ਮਣ ਦੇ ਛੱਕੇ ਛੁਡਾ ਕੇ ਜਲਦੀ ਹੀ ਘਰ ਵਾਪਸ ਆਵਾਂਗਾ ਫੇਰ ਆਪਾਂ ਸ੍ਰੀ ਹਰਿਮੰਦਰ ਸਾਹਿਬ ਜੀ ਨਤਮਸਤਕ ਹੋ ਕੇ ਪੁੱਤਰ ਦਿਲਬਾਗ ਦੀ ਸੁੱਖ ਲਾਹ ਕੇ ਆਵਾਂਗੇ… ਨਾਲ਼ੇ ਹਾਂ ਜੇ ਮੈਂ ਜਿਉਂਦਾ ਨਾ ਮੁੜਿਆ ਤਾਂ ਮੇਰੇ ਸ਼ਹੀਦ ਹੋਣ ਤੋਂ ਬਾਅਦ ਆਪਣੇ ਪੁੱਤਰ ਨੂੰ ਵੀ ਪੜ੍ਹਾ ਲਿਖਾ ਕੇ ਫੌਜ ਵਿੱਚ ਭਰਤੀ ਕਰਵਾ ਦੇਂਵੀ…. ਦੇਸ਼ ਦੀ ਸੇਵਾ ਕਰੇਗਾ।

ਰਾਣੋ ਆਪਣੇ ਪਤੀ ਦੀ ਉਡੀਕ ਕਰਦੀ ਅਕਸਰ ਰਾਤ ਨੂੰ ਸੋਚਦੀ ਸੋਚਦੀ ਡਰ ਜਾਂਦੀ ਸੀ…ਜੇ ਕਰਤਾਰ ਸਿੰਘ ਨਾ ਮੁੜਿਆ ਤਾਂ ਕੀ ਹੋਵੇਗਾ? ਮੇਰਾ ਪੁੱਤਰ ਪਿਤਾ ਦੀ ਮੌਤ ਤੋਂ ਬਾਅਦ ਤਾਂ ਅਨਾਥ ਹੋ ਜਾਵੇਗਾ… ਮੈਂ ਕਿਵੇਂ ਇੱਕਲੀ ਜਾਨ ਦਿਲਬਾਗ ਦੀ ਪਰਵਰਿਸ਼ ਕਰਾਂਗੀ… ਫੇਰ ਅੱਖਾਂ ਵਿੱਚ ਹੰਝੂ ਭਰ ਗੂੜ੍ਹੀ ਨੀਂਦ ਵਿੱਚ ਸੁੱਤੇ ਪਏ ਆਪਣੇ ਬਾਲ਼ ਨੂੰ ਛਾਤੀ ਨਾਲ ਘੁੱਟ ਲੈਂਦੀ ਸੀ…ਤੇ ਅਖੀਰੀ ਜੋ ਨਹੀਂ ਚਾਹਿਆ ਸੀ ਉਹ ਹੋਇਆ , ਸਵੇਰੇ ਸਵੇਰੇ ਹੀ ਰੇਡੀਓ ਦੀ ਪਹਿਲੀ ਖ਼ਬਰ ਸੁਣ ਪਿੰਡ ਦਾ ਸਰਪੰਚ ਆਪਣੇ ਪੰਚ ਸਾਥੀਆਂ ਨੂੰ ਨਾਲ ਲੈਕੇ ਰਾਣੋ ਦੇ ਘਰ ਆ ਪਹੁੰਚਿਆ ਸੀ , ਜਦੋਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਹੁਣ ਮੇਜ਼ਰ ਕਰਤਾਰ ਸਿੰਘ ਸਾਡੇ ਵਿੱਚ ਨਹੀਂ ਰਿਹਾ ਤਾਂ ਰਾਣੋ ਦੀਆਂ ਟੁੱਟੀਆਂ ਵੰਗਾਂ ਉਸਦੇ ਦੁੱਖ ਬਿਆਨ ਕਰ ਰਹੀਆਂ ਸਨ।

ਸਮਾਂ ਬੀਤਦਾ ਗਿਆ… ਰਾਣੋ ਨੇ ਆਪਣੇ ਆਪ ਨੂੰ ਸੰਭਾਲਿਆ, ਸ਼ਹੀਦ ਪਤੀ ਦੀ ਖ਼ਾਹਿਸ਼ ਨੂੰ ਪੂਰਾ ਕਰਨ ਲਈ ਪੜ੍ਹਾਈ ਦੇ ਨਾਲ-ਨਾਲ ਦਿਲਬਾਗ ਦੇ ਪਿਤਾ ਦਾ ਦੇਸ਼ ਪ੍ਰਤੀ ਕੁਰਬਾਨ ਹੋ ਜਾਣ ਦੇ ਜਜ਼ਬੇ ਨੂੰ ਦਿਲਬਾਗ ਵਿੱਚ ਕੁੱਟ ਕੁੱਟ ਕੇ ਭਰਿਆ, ਤੇ ਇੱਕ ਦਿਨ ਫੋਜ਼ ਦੀ ਭਰਤੀ ਖੁੱਲੀ ਦਿਲਬਾਗ ਦੇ ਪਿਤਾ ਦੀ ਸ਼ਹੀਦੀ ਨੂੰ ਪਹਿਲ ਦੇ ਆਧਾਰ ਤੇ ਦੇਖਦੇ ਹੋਏ ਫ਼ੌਜ ਦੇ ਕਰਨਲ ਨੇ ਦਿਲਬਾਗ ਨੂੰ ਫ਼ੌਜ ਵਿੱਚ ਭਰਤੀ ਕਰ ਲਿਆ। ਟ੍ਰੇਨਿੰਗ ਦੌਰਾਨ ਹੀ ਦਿਲਬਾਗ ਆਪਣੀ ਮਾਂ ਨੂੰ ਫੋਨ ਕਰ ਕੇ ਕਹਿੰਦਾ.. ਮਾਂ ਤੂੰ ਉਡੀਕ ਰੱਖੀਂ ਮੈਂ ਵੀ ਆਪਣੇ ਪਿਤਾ ਜੀ ਵਾਂਗ ਦੇਸ਼ ਲਈ ਜੰਗ ਲੜਣ ਜਾਵਾਂਗਾ ਤੇ ਜਿੱਤ ਕੇ ਘਰ ਪਰਤਾਂਗਾ ਫੇਰ ਆਪਾਂ ਦੋਵੇਂ ਪਿਤਾ ਜੀ ਦੀ ਮੇਰੇ ਲਈ ਸੁੱਖੀ ਹੋਈ ਸੁੱਖ ਨੂੰ ਪੂਰਾ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਜੀ ਮੱਥਾ ਟੇਕ ਕੇ ਪੂਰੀ ਕਰਾਂਗੇ।

ਤੇ ਹੁਣ ਉਹ ਘੜੀ ਵੀ ਆਈ ਜਦੋਂ ਦਿਲਬਾਗ ਅੱਜ ਘਰ ਵਾਪਸ ਪਰਤ ਰਿਹਾ ਸੀ… ਪਿੰਡ ਦੇ ਮੋਹਤਬਰ ਬੰਦਿਆਂ ਨੇ ਪਿੰਡ ਦੀ ਜੂਹ ਤੋਂ ਦਿਲਬਾਗ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ…. ਰਾਣੋ ਘਰ ਦੀ ਡਿਊੜੀ ਤੇ ਖੜ੍ਹੀ ਦੂਰੋਂ ਆਪਣੇ ਪੁੱਤਰ ਦਿਲਬਾਗ ਦਾ ਸਤਿਕਾਰ ਹੁੰਦਾ ਵੇਖ ਰਹੀ ਸੀ… ਅੱਖਾਂ ਵਿੱਚ ਹੰਝੂ ਅੱਜ ਵੀ ਸਨ ਪਰ ਅੱਜ ਇਹ ਹੰਝੂ ਖੁਸ਼ੀ ਦੇ ਸਨ…ਮਨ ਹੀ ਮਨ ਆਪਣੇ ਸ਼ਹੀਦ ਪਤੀ ਕਰਤਾਰ ਸਿੰਘ ਨਾਲ ਗੱਲਾਂ ਕਰ ਰਹੀ ਸੀ… ਦੇਖਿਆ ਅੱਜ ਤੁਹਾਡੇ ਪੁੱਤਰ ਨੇ ਤੁਹਾਡਾ ਨਾਮ ਹੋਰ ਚਮਕਾ ਦਿੱਤਾ ਹੈ… ਮੂਹਰੇ ਹੋ ਕੇ ਪਹਿਲੀ ਕਤਾਰ ਵਿੱਚ ਕਾਰਗਿਲ ਦੀ ਜੰਗ ਲੜਿਆ ਤੇ ਘਰ ਵਾਪਸ ਪਰਤਿਆ ਹੈ… ਤੁਸੀਂ ਵੀ ਅਸਮਾਨ ਵਿੱਚੋਂ ਫੁੱਲਾਂ ਦੀ ਵਰਖਾ ਕਰੋ।
ਦਿਲਬਾਗ ਨੇ ਨੇੜੇ ਪਹੁੰਚ ਮਾਂ ਰਾਣੋ ਦੇ ਪੈਂਰੀ ਹੱਥ ਲਗਾਏ… ਰਾਣੋ ਨੇ ਪੁੱਤਰ ਦਾ ਮੱਥਾ ਚੁੰਮਿਆ ਤੇ ਛਾਤੀ ਨਾਲ ਲਗਾ ਲਿਆ। ਅੱਜ ਰਾਣੋ ਦੀ ਉਡੀਕ ਖਤਮ ਹੋ ਗਈ ਸੀ।

ਦੂਜੇ ਦਿਨ ਤੜਕੇ ਹੀ ਪਹਿਲੀ ਬੱਸ ਵਿੱਚ ਬੈਠ ਦੋਹੇਂ ਮਾਂ- ਪੁੱਤਰ ਸ੍ਰੀ ਹਰਿਮੰਦਰ ਸਾਹਿਬ ਜੀ ਨਤਮਸਤਕ ਹੋਣ ਲਈ ਰਵਾਨਾ ਹੋ ਗਏ।

ਨਿਰਮਲ ਸਿੰਘ ਨਿੰਮਾ

(ਪ੍ਰਧਾਨ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ)

99147-21831

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਧੀ ਨਸ਼ਾ ਛੁਡਾਊ ਕੇਂਦਰ ਨਹੀਂ