(ਸਮਾਜ ਵੀਕਲੀ)- ਪੰਜਾਬ ਦੀ ਸਿਆਸਤ ਬਹੁਤ ਗਰਮਾਈ ਹੋਈ ਹੈ ਕਿਉਂਕਿ ਚੋਣਾਂ ਦਾ ਮੌਸਮ ਹੈ।ਸਾਰੇ ਸਿਆਸੀ ਆਗੂ ਬਰਸਾਤੀ ਡੱਡੂਆਂ ਵਾਂਗ ਟੈਂ ਟੈਂ ਕਰਦੇ ਫਿਰਦੇ ਹਨ । ਅਰਜਨ ਦੀ ਅੱਖ ਵਾਂਗੂੰ ਨਿਸ਼ਾਨਾ ਸਿਰਫ ਵੋਟਾਂ ਤੇ ਹੈ। ਜਿੱਤ ਨਿਸ਼ਚਿਤ ਕਰਨ ਲਈ ਸਿਆਸੀ ਨੇਤਾਵਾਂ ਵੱਲੋਂ ਹਰ ਹੀਲੇ ਵੱਧ ਤੋਂ ਵੱਧ ਵੋਟਾਂ ਬਟੋਰਨਾ ਹੀ ਇੱਕੋ ਇੱਕ ਮਕਸਦ ਹੈ। ਅੱਜ ਕੱਲ੍ਹ ਤਾਂ ਨੇਤਾਵਾਂ ਅੰਦਰ ਨਿਮਰਤਾ ਅਤੇ ਮਿਠਾਸ ਐਨੀ ਭਰੀ ਪਈ ਹੈ ਮਾਨੋ ਰੱਬ ਕੋਲੋਂ ਇਹਨਾਂ ਉੱਤੇ ਮਿੱਠੇ ਦਾ ਟੱਬ ਹੀ ਰੁੜ ਗਿਆ ਹੋਵੇ। ਕੁਛ ਲੋਕ ਪ੍ਰਭਾਵਿਤ ਹੋ ਕੇ, ਕੁਛ ਆਪਣੀ ਸੋਚ ਅਨੁਸਾਰ ਅਤੇ ਕਈ ਕਿਸੇ ਨਾ ਕਿਸੇ ਦੇ ਪ੍ਰਭਾਵ ਹੇਠ ਆ ਕੇ ਆਪਣੀ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ। ਵੋਟਾਂ ਵੇਲੇ ਬਾਬਿਆਂ ਜਾਂ ਡੇਰਿਆਂ ਦਾ ਕੀ ਯੋਗਦਾਨ ਹੁੰਦਾ ਹੈ ਇਸ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ।
ਸਾਡੇ ਦੇਸ਼ ਵਿੱਚ ਭਗਤੀ ਤੋਂ ਵੱਧ ਅੰਧਭਗਤੀ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਰੱਬ ਨਾਲੋਂ ਜ਼ਿਆਦਾ ਰੱਬ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਨੂੰ ਜ਼ਿਆਦਾ ਮੱਥੇ ਟੇਕੇ ਜਾਂਦੇ ਹਨ। ਵੋਟਾਂ ਦੇ ਸਮੇਂ ਇਹਨਾਂ ਦੀ ਅਹਿਮੀਅਤ ਬਹੁਤ ਵਧ ਜਾਂਦੀ ਹੈ। ਜਿੰਨੇ ਇਹਨਾਂ ਦੇ ਭਗਤ ਹੁੰਦੇ ਹਨ,ਉਹ ਸਾਰੇ ਇੱਕ ਵੋਟ ਬੈਂਕ ਵਿੱਚ ਤਬਦੀਲ ਹੋ ਜਾਂਦੇ ਹਨ। ਜਿਹੜੇ ਨੇਤਾ ਜੀ ਦੇ ਉੱਪਰ ਉਹਨਾਂ ਦੇ ਬਾਬਾ ਜੀ ਵੱਲੋਂ ਥਾਪੜਾ ਦੇ ਦਿੱਤਾ ਜਾਂਦਾ ਹੈ ਸਾਰੇ ਭਗਤ ਉਸੇ ਨੂੰ ਵੋਟ ਪਾਉਂਦੇ ਹਨ।ਇਹ ਵੀ ਲੋਕਾਂ ਦੀ ਅੰਨ੍ਹੀ ਭਗਤੀ ਦਾ ਨਮੂਨਾ ਹੁੰਦਾ ਹੈ। ਲੋਕਾਂ ਦੀ ਇਸ ਬੇਸਮਝੀ ਦਾ ਨਤੀਜਾ ਵੀ ਲੋਕ ਆਪ ਹੀ ਭੁਗਤਦੇ ਹਨ। ਕਈ ਡੇਰਿਆਂ ਦੇ ਮੁਖੀਆਂ ਉੱਪਰ ਬਲਾਤਕਾਰ ਅਤੇ ਕਤਲ ਵਰਗੇ ਭਿਆਨਕ ਇਲਜ਼ਾਮ ਲੱਗੇ ਹੁੰਦੇ ਹਨ। ਜਿਸ ਲਈ ਕਈ ਸਜ਼ਾਵਾਂ ਕੱਟ ਰਹੇ ਹਨ ਅਤੇ ਕਈਆਂ ਉੱਤੇ ਕੇਸ ਚੱਲ ਰਹੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਐਨੇ ਸਭ ਕੁਛ ਦੇ ਬਾਵਜੂਦ ਔਰਤਾਂ ਬਹੁਗਿਣਤੀ ਵਿੱਚ ਇਹਨਾਂ ਦੀਆਂ ਭਗਤ ਹੁੰਦੀਆਂ ਹਨ। ਉਹਨਾਂ ਦੀ ਇਹਨਾਂ ਪ੍ਰਤੀ ਆਸਥਾ ਐਨੀ ਪੱਕੀ ਹੁੰਦੀ ਹੈ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰ ਵੋਟਾਂ ਬਾਬਾ ਜੀ ਦੇ ਆਸ਼ੀਰਵਾਦ ਅਨੁਸਾਰ ਹੀ ਪਾਉਂਦੇ ਹਨ। ਚੋਣਾਂ ਦੇ ਦਿਨਾਂ ਵਿੱਚ ਵੱਖ-ਵੱਖ ਨੇਤਾਵਾਂ ਨੂੰ ਵੱਖ-ਵੱਖ ਬਾਬਿਆਂ ਦੇ ਡੇਰਿਆਂ ਵਿੱਚ ਚੱਕਰ ਲਾਉਂਦੇ ਦੇਖੇ ਜਾ ਸਕਦੇ ਹਨ। ਡੇਰਿਆਂ ਦੇ ਮੁਖੀਆਂ ਵੱਲੋਂ ਆਪਣੇ ਆਪਣੇ ਵੱਲੋਂ ਪਾਰਟੀਆਂ ਨੂੰ ਦਿੱਤੇ ਜਾਣ ਵਾਲੇ ਸਮਰਥਨ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਇਹੀ ਵੋਟ ਬੈਂਕ ਬਟੋਰਨ ਲਈ ਸਾਰੇ ਲੀਡਰਾਂ ਦਾ ਆਪਣੇ ਆਪਣੇ ਹਲਕੇ ਦੇ ਡੇਰਿਆਂ ਦੇ ਮੁਖੀਆਂ ਨਾਲ ਸਹਿਚਾਰ ਰੱਖਣਾ ਜ਼ਰੂਰੀ ਹੁੰਦਾ ਹੈ। ਇਸੇ ਕਾਰਨ ਸਾਡੇ ਦੇਸ਼ ਵਿੱਚ ਡੇਰਿਆਂ ਦੀ ਚਾਂਦੀ ਹੋਈ ਪਈ ਹੈ। ਸਿਆਸਤ ਅਤੇ ਡੇਰਿਆਂ ਦੇ ਰਿਸ਼ਤਿਆਂ ਨੂੰ ਨਕਾਰਿਆ ਨਹੀਂ ਜਾ ਸਕਦਾ। ਸਿਆਸਤ ਡੇਰਿਆਂ ਅਤੇ ਡੇਰੇ ਸਿਆਸਤਾਂ ਦੇ ਪ੍ਰਭਾਵ ਨਾਲ ਚੱਲ ਰਹੇ ਹਨ ਇਸ ਵਿੱਚ ਕੋਈ ਦੋ ਰਾਇ ਨਹੀਂ ਹੈ।ਆਗਾਮੀ ਪੰਜਾਬ ਦੀਆਂ ਚੋਣਾਂ ਵਿੱਚ ਵੀ ਡੇਰੇ ਅਹਿਮ ਰੋਲ ਅਦਾ ਕਰਨਗੇ ਅਤੇ ਕਈ ਸੀਟਾਂ ‘ਤੇ ਉਮੀਦਵਾਰਾਂ ਦੀ ਜਿੱਤ ਜਾਂ ਹਾਰ ਵਿੱਚ ਡੇਰਿਆਂ ਦੀ ਅਹਿਮ ਭੂਮਿਕਾ ਹੋਵੇਗੀ।
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly