ਵਿਜੀਲੈਂਸ ਵੱਲੋਂ ਟਰੱਸਟ ਦੇ ਸਾਬਕਾ ਚੇਅਰਮੈਨ ਦੇ ਘਰ ਛਾਪਾ

ਲੁਧਿਆਣਾ (ਸਮਾਜ ਵੀਕਲੀ): ਨਗਰ ਸੁਧਾਰ ਟਰੱਸਟ ਦੇ ਪਲਾਟ ਅਲਾਟਮੈਂਟ ਮਾਮਲੇ ’ਚ ਫਸੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਸਰਾਭਾ ਨਗਰ ਸਥਿਤ ਘਰ ’ਤੇ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ। ਮੁਹਾਲੀ ਤੋਂ ਆਈ ਟੀਮ ਨੇ ਲੁਧਿਆਣਾ ਟੀਮ ਨਾਲ ਮਿਲ ਕੇ ਅੱਜ ਸਵੇਰੇ ਸਾਬਕਾ ਚੇਅਰਮੈਨ ਦੇ ਘਰ ਦੋ ਘੰਟਿਆਂ ਤੱਕ ਚੈਕਿੰਗ ਕੀਤੀ। ਇਸ ਦੌਰਾਨ ਸਾਬਕਾ ਚੇਅਰਮੈਨ ਘਰ ਵਿੱਚ ਮੌਜੂਦ ਨਹੀਂ ਸਨ। ਇਸ ਜਾਂਚ ਦੌਰਾਨ ਟੀਮ ਵੱਲੋਂ ਕੁਝ ਦਸਤਾਵੇਜ਼ ਆਪਣੇ ਕਬਜ਼ੇ ਹੇਠ ਲਏ ਗਏ ਹਨ। ਇਸ ਤੋਂ ਬਿਨਾ ਟੀਮ ਵੱਲੋਂ ਸਾਰੇ ਘਰ ਦੀ ਪੈਮਾਇਸ਼ ਕਰਵਾਈ ਤੇ ਕੋਠੀ ਦਾ ਸਰਵੇਖਣ ਵੀ ਕੀਤਾ।

ਸੂਤਰਾਂ ਅਨੁਸਾਰ ਵਿਜੀਲੈਂਸ ਦੀ ਟੀਮ ਸਾਬਕਾ ਚੇਅਰਮੈਨ ਦੀ ਜਾਇਦਾਦ ਨੂੰ ਵੀ ਕੇਸ ਨਾਲ ਜੋੜਨ ਦੀ ਤਿਆਰੀ ਕਰ ਰਹੀ ਹੈ, ਜਿਸ ਤਹਿਤ ਅੱਜ ਸਾਬਕਾ ਚੇਅਰਮੈਨ ਦੇ ਘਰ ਦੀ ਪੈਮਾਇਸ਼ ਕੀਤੀ ਗਈ ਹੈ। ਕੋਠੀ ਦਾ ਮੁੱਲ ਪਵਾ ਕੇ ਪੂਰੀ ਰਿਪੋਰਟ ਉੱਚ ਅਧਿਕਾਰੀਆਂ ਤੇ ਅਦਾਲਤ ਸਾਹਮਣੇ ਪੇਸ਼ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਖ਼ਿਲਾਫ਼ ਵਿਜੀਲੈਂਸ ਈਓ ਵਿੰਗ ’ਚ ਕੇਸ ਦਰਜ ਕੀਤਾ ਗਿਆ ਸੀ, ਜਿਸ ਮਗਰੋਂ ਉਹ ਕਾਫ਼ੀ ਸਮੇਂ ਤੱਕ ਫ਼ਰਾਰ ਰਹੇ। ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਟੀਮ ਸਾਬਕਾ ਚੇਅਰਮੈਨ ਦੀ ਗ੍ਰਿਫ਼ਤਾਰੀ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਸਬੂਤ ਇਕੱਠੇ ਕਰ ਰਹੀ ਹੈ।

ਗ਼ੌਰਤਲਬ ਹੈ ਕਿ ਰਮਨ ਬਾਲਾ ਸੁਬਰਾਮਨੀਅਮ ਦੀ ਕੋਠੀ ਪਹਿਲਾਂ ਵੀ ਕਾਫ਼ੀ ਚਰਚਾ ’ਚ ਰਹੀ ਹੈ। ਇਸ ਕੋਠੀ ਨੂੰ ਰਮਨ ਬਾਲਾ ਸੁਬਰਾਮਨੀਅਮ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੇ ਅਹੁਦੇ ’ਤੇ ਰਹਿੰਦਿਆਂ ਬਣਵਾਉਣਾ ਸ਼ੁਰੂ ਕੀਤਾ ਸੀ ਤੇ ਕਰੀਬ ਦੋ ਸਾਲ ਲਾ ਕੇ ਇਹ ਕੋਠੀ ਮੁਕੰਮਲ ਤਿਆਰ ਕਰਵਾਈ ਗਈ ਸੀ। ਖ਼ਾਸ ਗੱਲ ਇਹ ਹੈ ਕਿ ਇਸ ਕੋਠੀ ਨਾਲ ਸਥਿਤ ਸਰਕਾਰੀ ਪਾਰਕ ਨੂੰ ਵੀ ਖ਼ਾਸ ਤੌਰ ’ਤੇ ਵਿਸ਼ੇਸ਼ ਗਰਿੱਲਾਂ, ਮਾਰਬਲ ਤੇ ਗੇਟ ਲਾ ਕੇ ਤਿਆਰ ਕਰਵਾਇਆ ਗਿਆ ਹੈ। ਹਾਲਾਂਕਿ ਨਗਰ ਸੁਧਾਰ ਟਰੱਸਟ ਦੇ ਹੋਰ ਕਿਸੇ ਵੀ ਸਰਕਾਰੀ ਪਾਰਕ ਵਿੱਚ ਉਕਤ ਸਾਮਾਨ ਨਹੀਂ ਲਗਾਇਆ ਗਿਆ ਹੈ। ਇਸ ਪਾਰਕ ਵਿੱਚ ਦਾਖ਼ਲ ਹੋਣ ਦਾ ਰਾਹ ਵੀ ਸਾਬਕਾ ਚੇਅਰਮੈਨ ਦੇ ਘਰ ਵਿੱਚੋਂ ਹੀ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸਰਕਾਰੀ ਖਰਚ ਨਾਲ ਚੌਰਾਹਿਆਂ ਤੇ ਲੈਂਡ ਸਕੇਪਿੰਗ ਕਰਵਾਈ ਗਈ। ਪਾਰਕ ’ਚ ਲੱਗੇ ਖਜੂਰ ਦੇ ਦਰੱਖ਼ਤ ਵੀ ਸਰਕਾਰੀ ਖਰਚੇ ’ਤੇ ਹੀ ਲਗਵਾਏ ਗਏ ਹਨ। ਵਿਜੀਲੈਂਸ ਦੀ ਟੈਕਨੀਕਲ ਟੀਮ ਇਸ ਗੱਲ ਦਾ ਮੁਲਾਂਕਣ ਕਰੇਗੀ ਕਿ ਕੋਠੀ ਬਣਵਾਉਣ ਵੇਲੇ ਕਿੰਨੇ ਥਾਂ ’ਤੇ ਕਿੰਨਾ ਖਰਚਾ ਕੀਤਾ ਗਿਆ ਹੈ ਤੇ ਕਿੰਨੇ ਖਰਚੇ ਦੇ ਬਿੱਲ ਦਿਖਾਏ ਗਏ ਹਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕੂਲ ਜਾ ਰਹੇ ਭੈਣ-ਭਰਾ ਦੀ ਹਾਦਸੇ ’ਚ ਮੌਤ, ਇੱਕ ਗੰਭੀਰ
Next articleਲੋਕਤੰਤਰ ਦੇ ਤਿੰਨੋਂ ਅੰਗ ਇੱਕ-ਦੂਜੇ ਵਿੱਚ ਦਖ਼ਲ ਨਾ ਦੇਣ: ਧਨਖੜ